Thursday, May 19, 2011

ਜਦ ਵੀ ਪੰਜਾਬ ਦੀ ਧਰਤੀ ਉੱਤੇ ਜੰਗ ਦੇ ਬੱਦਲ ਛਾ ਜਾਂਦੇ ਹਨ


اج آکھاں امرتا پریتم نوں
ਅੱਜ ਆਖਾਂ ਅੰਮ੍ਰਿਤਾ ਪ੍ਰੀਤਮ ਨੂੰ
  
ਜਸਟਿਸ ਆਸਿਫ਼ ਸ਼ਾਹਕਾਰ
  
ਅੰਮ੍ਰਿਤਾ ਜੀ ! ਜਦ ਵੀ ਪੰਜਾਬ ਦੀ ਧਰਤੀ ਉੱਤੇ ਜੰਗ ਦੇ ਬੱਦਲ ਛਾ ਜਾਂਦੇ ਹਨ ਤੇ ਦਿਲ  ਕੰਬਣ ਲੱਗ ਪੈਂਦਾ ਏ ਕਿ ਕਿਧਰੇ ਇਹਨਾਂ ਬੱਦਲਾਂ ਵਿਚੋਂ ਕੋਈ ਚਿਣਗ ਫੁੱਟ ਕੇ ਪਾਕਿਸਤਾਨ ਤੇ ਹਿੰਦੁਸਤਾਨ ਦੇ ਐਟਮ ਬੰਬਾਂ ਦੇ ਫੀਤਿਆਂਨੂੰ ਅੱਗ ਨਾ ਲਾ ਦੇਵੇ ਤੇ ਫੇਰ ਅੱਖਾਂ ਅੱਗੇ ਏਸ ਦੀਆਂ ਕਈ ਭਿਆਨਕ ਤੇ ਡਰਾਉਣੀਆਂ ਸ਼ਕਲਾਂ ਸਾਹਮਣੇ ਆ ਜਾਂਦੀਆਂ ਹਨ ਤੇ ਫੇਰ ਮੇਨੂੰ 1947 ਦੀ ਕਹਾਣੀ ਦੁਹਰਾਈ ਜਾਂਦੀ ਦਿਸਣ ਲੱਗ ਪੈਂਦੀ ਏ ।
ਅੰਮ੍ਰਿਤਾ ਜੀ ਇਹ ਕੱਲ੍ਹ ਦੀ ਗੱਲ ਏ ਸਾਰੀ ਦੁਨੀਆ ਸਾਹਮਣੇ civilization ਦੇ ਗਹਿਣੇ  ਪਈ ਖਲੋਤੀ ਸਾਡੀ ਏਸ ਧਰਤੀ ਉੱਤੇ ਇਨਸਾਨ ਦੀ ਜ਼ਾਤ ਇੱਕ ਜ਼ਹਿਰੀ ਤੇ ਵਾਧੂ ਜੜੀ ਬੂਟੀ ਵਾਂਗੂ ਬਣ ਗਈ ਤੇ ਉਹਦਾ ਮੂਲ ਮੁਕਾਵਣ ਲਈ ਸਭ ਧਰਮਾਂ ਦੇ ਮੰਨਣ ਵਾਲੇ ਤੇ ਉਚੇ ਉਚੇ ਆਦਰਸ਼ਾਂ ਦਾ ਪਰਚਾਰ ਕਰਨ ਇਨਸਾਨ ਏਸ ਕੰਮ ਵਿੱਚ ਇੱਕ ਇਬਾਦਤ ਤੇ ਤੱਪਸਿਆ ਵਾਂਗੂ ਰੁਝ ਗਏ । ਇਨਸਾਨ ਤੇ ਇਨਸਾਨੀਅਤ ਦੀ ਪਛਾਣ ਦੇ ਸਭ ਸਬਕ ਭੁੱਲ ਗਏ । ਇੱਕ ਬਿਲਕੁਲ ਨਵਾਂ ਥੀਏਟਰ ਸਜਾਇਆ ਗਿਆ । ਏਸ ਥੀਏਟਰ ਦੀ ਸਟੇਜ ਉੱਤੇ ਤਾਰੀਖ ਦੀ ਨਵੇਕਲੀ ਖੇਡ ਸ਼ੁਰੂ ਹੋਈ । ਤੜਫਦੇ ਇਨਸਾਨਾਂ ਦੀਆਂ ਲੋਥਾਂ ਜ਼ਿੰਦਗੀ ਨੂੰ ਫੜਨ ਉਠਦੀਆਂ ਤੇ ਫੇਰ ਡਿਗ ਪੈਂਦੀਆਂ । ਉਹਨਾਂ ਦੀ ਤੜਫ ਚੋਂ ਜੰਮਦੀ ਜ਼ਿੰਦਗੀ ਨੂੰ ਫੜਨ ਦੀ ਆਸ ਤੇ ਜਤਨ ਨੂੰ ਉਹਨਾਂ ਦੇ ਫੱਟੜ ਸਰੀਰ ਚੋਂ ਨੁਚੜਦਾ ਲਹੂ ਹਰਾ ਦਿੰਦਾ ਤੇ ਅੱਖਾਂ ਦਾ  ਚਾਨਣ ਧੋਖਾ ਦੇ ਜਾਂਦਾ । ਸਹਿਕਦੇ ਬਾਲਾਂ ਨੂੰ ਕੋਈ ਮੌਤ ਦੇਣ ਨੂੰ ਵੀ ਤਿਆਰ ਨਹੀਂ ਸੀ ਹੁੰਦਾ ਸਗੋਂ ਉਹਨਾਂ ਦਾ  ਸਹਿਕ ਸਹਿਕ ਕੇ ਮਰਨਾ ਈ ਏਸ ਸੀਨ ਦਾ ਹੁਸਨ ਤੇ ਖੂਬਸੂਰਤੀ ਸੀ । ਔਰਤ ਦੇ ਤਮਾਮ ਨਾਵਾਂ ਮਾਂ , ਭੈਣ , ਧੀ , ਤੇ ਨੂੰਹ ਉੱਤੇ ਗੂਹੜਾ ਕਾਲਾ ਰੰਗ ਫੇਰ ਉਹਨਾਂ ਨੂੰ ਮਿਟਾ ਦਿੱਤਾ ਗਿਆ ਤੇ ਉਹ ਇੱਕ ਖੇਡ ਸੀ ਜੇਸ ਦੇ ਵਜੂਦ ਦਾ ਸਿਰਫ ਇੱਕੋ ਮਕਸਦ ਸੀ । ਮਰਦ ਦੇ ਸਰੀਰ ਨੂੰ ਸਵਾਦ ਦੇਣਾ । ਏਸ ਸਵਾਦ ਦੇਣ ਦੀ ਕਾਮਯਾਬੀ ਦਾ ਸਰਟੀਫਿਕੇਟ ਉਹਨੂੰ ਕਈ ਤਰ੍ਹਾਂ ਮਿਲਦਾ ਸੀ ਕਦੇ ਤੇ ਉਹ ਨੂੰ ਲਾੜਿਆਂ ਦੀ ਇੱਕ ਪੂਰੀ ਕਤਾਰ ਨੂੰ ਵੱਖੋ ਵੱਖ ਢੰਗਾਂ ਨਾਲ ਖੁਸ਼ ਕਰ ਕੇ ਮਿਲਦਾ ਸੀ ਤੇ ਉਹਦੇ ਸਾਹਾਂ  ਦੀ ਮੁਦਤ ਉਤਨਾ ਚਿਰ ਹੋਰ ਲੰਮੀ ਹੋ ਜਾਂਦੀ ਸੀ ਜਦੋਂ ਤੀਕ ਕਿ ਲਾੜਿਆਂ ਦੀ ਇਹ ਕਤਾਰ ਮੌਜੂਦ ਹੁੰਦੀ ਸੀ ਤੇ ਉਹਨਾਂ ਦੇ ਸਵਾਦ ਦੀ ਗਾਰੰਟੀ ਵੀ ਏਸ ਔਰਤ ਕੋਲ ਮੌਜੂਦ ਹੁੰਦੀ । ਕਦੇ ਮਰਦ ਦੇ ਸਵਾਦ ਦੇ ਪੂਰੇ ਹੋਣ ਨਾਲ ਉਹਦੇ ਸਾਹ ਵੀ ਪੂਰੇ ਹੋ ਜਾਂਦੇ ਸਨ । ਹਵਾਲੇ ਆਪਣੀ ਪਛਾਣ ਬੱਦਲ ਗਏ । ਜੰਮਣ ਥਾਵਾਂ ਚੁੜੇਲਾਂ ਵਾਂਗੂ ਖੂਨ ਪੀਣ ਟੂਰ ਪਈਆਂ । ਨਾਲ ਜੰਮੇ ਤੇ ਪਲੇ ਰੁੱਖ ਖੌਫ਼ ਦੀ ਛਾਂ ਤੇ ਮੌਤ ਦਾ ਫਲ ਦੇਣ ਲੱਗ ਪਏ । ਹਸਦੀਂਆ ਖੇਡਦੀਆਂ ਗਲੀਆਂ ਵਿਚ ਗਿੱਟੇ ਗਿੱਟੇ ਲਹੂ ਦਾ ਚਿੱਕੜ ਸੀ । ਅੰਮ੍ਰਿਤ ਲੈ ਕੇ ਵਗਦੇ ਦਰਿਆਵਾਂ ਤੇ ਨਹਿਰਾਂ ਵਿਚ ਗਲੱਆਂ ਸੜੀਆਂ ਤੇ ਕੀੜੇ ਪਈਆਂ ਲਾਸ਼ਾਂ ਖਾ ਖਾ ਕੇ ਫਿੱਟੇ ਹੋਏ ਕੁੱਤੇ ਤੇ ਗਿਰਝਾਂ ਇਹਨਾਂ ਬਾਗਾਂ ਦੀ ਸਜਾਵਟ ਬਣ ਗਏ । ਹਰ ਚੱਪਾ ਇੱਕ ਕਬਰਸਤਾਨ ਤੇ ਸਿਵਾ ਬਣ ਗਏ ਤੇ ਪੁਰਾਣੇ ਕਬਰਸਤਾਨ ਤੇ ਸਿਵੇ ਉਜੜ ਗਏ । ਏਸ ਥੀਏਟਰ ਵਿਚ ਹਰ ਕੋਈ ਹਿੱਸੇਦਾਰ ਸੀ । ਕੁੱਝ ਸਟੇਜ ਦੇ ਉੱਤੇ ਸਨ ਤੇ ਕੁਝ ਏਸ ਖੇਡ ਨੂੰ ਵੇਖਣ ਵਾਲੇ ਤਮਾਸ਼ਬੀਨ ਸਨ । ਇਹਨਾਂ ਤਮਾਸ਼ਬੀਨਾਂ ਵਿਚ ਸਿਰਫ ਸਿਆਸਤਦਾਨ ਹੀ ਨਹੀਂ ਸਨ ਸਗੋਂ ਸਾਰੇ ਵੱਡੇ – ਵੱਡੇ ਆਲਮ ਵਿਦਵਾਨ ਧਰਮੀ ਆਗੂ ਡਾਕਟਰ ਸ਼ਾਇਰ ਗਾਇਕ ਤੇ ਚਿਤਰ ਕਾਰ ਸਨ । ਸਭ ਆਪਣੇ ਆਪਣੇ ਧਰਮ ਤੇ ਸਿਆਸੀ ਧੜੇ ਦਾ ਨਕਾਬ ਪਾ ਕੇ ਏਸ ਖੇਡ ਦਾ ਸਵਾਦ ਲੈ ਕੇ ਤਾੜੀਆਂ ਮਾਰ ਰਹੇ ਸਨ । ਏਸ ਥੀਏਟਰ ਦੀ ਥਾਂ ਬਦਲਦੀ ਰਹਿੰਦੀ ਸੀ ਕਦੇ ਲੀਕ ਦੇ ਇੱਕ ਪਾਸੇ ਇਹ ਤਮਾਸ਼ਬੀਨ ਹੁੰਦੇ ਸਨ ਤੇ ਫੇਰ  ਦੂਜੇ ਪਲ ਲੀਕ ਦੇ ਦੂਜੇ ਪਾਸੇ ਏਹੋ ਤਮਾਸ਼ਬੀਨ ਐਕਟਰ ਹੁੰਦੇ ਸਨ ।
ਏਸ ਥੀਏਟਰ ਦੇ ਬਾਹਰ ਖਲੋ ਕੇ ਇੱਕ ਬੰਦੇ ਨੇ ਵੈਣ ਪਾਇਆ ਸੀ ।
ਅੱਜ ਆਖਾਂ ਵਾਰਸ਼ ਸ਼ਾਹ ਨੂੰ ।
ਏਸ ਖੇਡ ਵਿਚ ਰੁਝੇ ਲੋਕਾਂ ਨੀਂ ਇਹ ਵੈਣ ਸੁਣਿਆਂ ਈ ਨਹੀਂ ਸੀ । ਜੇਕਰ ਕਿਸੇ ਸੁਣਿਆ ਵੀ ਤੇ ਉਹਨੇ ਆਖਿਆ ਕੋਈ ਝੱਲਾ ਮਾਨਸ ਹਵਾ ਨਾਲ ਗੱਲਾਂ ਕਰਦਾ ਏ ।
ਅੰਮ੍ਰਿਤਾ ਜੀ ਤੁਹਾਨੂੰ ਯਾਦ ਏ ਏਸ ਥੀਏਟਰ ਤੇ ਇਹ ਖੇਡ ਕਦੋਂ ਖੇਡੀ ਗਈ ਸੀ । ਜਦ ਇਹ ਵੱਡਾ ਥੀਏਟਰ ਕੁਝ ਠੰਡਾ ਹੋਇਆ ਤੇ ਏਸ ਪਿਛੋਂ ਇਹ ਖੇਡ ਵਕਫੇ -ਵਕਫੇ ਨਾਲ ਕਦੇ – ਕਦੇ ਫੇਰ ਵੀ ਖੇਡੀ ਜਾਂਦੀ ਰਹੀ ਏ ਪਰ ਏਸ ਖੇਡ ਦਾ ਸਟੇਜ ਹਮੇਸ਼ਾ ਨਿੱਕਾ ਰਿਹਾ ਤੇ ਏਸ ਖੇਡ ਦਾ ਵੇਲਾ ਵੀ ਘੱਟ ਹੁੰਦਾ ਸੀ । ਇੰਜ ਲੱਗਦਾ ਏ ਜਿਵੇਂ ਏਸ ਵੱਡੇ ਥੀਏਟਰ ਦਾ ਪਰਬੰਧ ਕਰਨ ਵਾਲਿਆਂ ਨੂੰ ਨਿੱਕੇ ਨਿੱਕੇ ਥੀਏਟਰਾਂ ਦਾ ਸਵਾਦ ਨਹੀਂ ਆਇਆ ਤੇ ਉਹਨਾਂ ਦੇ ਮਨ ਵਿਚ ਉੰਨੀ ਸੌ ਸੰਤਾਲੀ ਤੋਂ ਵੀ ਵੱਡੀ ਸਟੇਜ ਉੱਤੇ ਇੱਕ ਬਹੁਤ ਵੱਡਾ ਸ਼ੋ ਕਰਨ ਦੀ ਹਮੇਸ਼ ਸਿੱਕ ਰਹੀ ਏ ।
1947  ਤੋਂ ਪਹਿਲਾਂ ਏਸ ਤਰ੍ਹਾਂ ਦਾ ਇਕ ਥੀਏਟਰ ਅਮਰੀਕੀ ਜੰਗ ਬਾਜਾਂ ਹੀਰੋਸ਼ੀਮਾ ਤੇ ਨਾਗਾਸੀਕਾ ਵਿਚ ਲਾਇਆ ਸੀ । ਏਸ ਖੇਡ ਵਿਚ ਲੱਖਾਂ ਜੀਂਦੇ ਇਨਸਾਨ ਬੱਸ
ਕੁੱਝ ਪਲਾਂ ਵਿੱਚ ਧੂੰ ਦਾ ਗੋਲਾ ਬਣ ਗਏ ਤੇ ਏਸ ਖੇਡ ਦੀ ਬੱਲੇ ਬੱਲੇ ਸਾਰੀ ਦੁਨੀਆ ਵਿੱਚ ਹੋਈ ਸੀ ਤੇ ਹਾਲੇ ਤੀਕ ਹੀਰੋਸ਼ੀਮਾ ਤੇ ਨਾਗਾਸਾਕੀ ਦੀ ਜ਼ਮੀਨ ਵਿਚ ਰਚਿਆ ਜ਼ਹਿਰ ਏਸ ਖੇਡ ਦੀ ਨਿੱਕੀ ਜਿਹੀ ਝਾਕੀ ਵਿਖਾਂਦਾ ਰਹਿੰਦਾ ਏ ।
1947  ਦੀ ਖੇਡ ਦਾ ਬੰਦੋਬਸਤ ਕਰਨ ਵਾਲਿਆਂ ਨੂੰ ਹੀਰੋਸ਼ੀਮਾ ਤੇ ਨਾਗਾਸਾਕੀ ਦੀ ਏਸ ਸੁਪਰ ਖੇਡ ਦੀ ਕਾਮਯਾਬੀ ਦੀ ਸਾਰ ਸੀ ਤੇ ਉਹਨਾਂ ਦੀ ਖ਼ਾਹਸ਼ ਰਹੀ ਏ ਕਿ ਇੱਕ ਦਿਨ ਉਹ ਵੀ ਏਸ ਤੋਂ ਵੱਡੀ ਖੇਡ ਦਾ ਪਰਬੰਧ ਕਰਕੇ ਅਮਰੀਕੀਆਂ ਨੂੰ ਸੱਦਾ  ਘੱਲਣਗੇ ਕਿ ਆਓ ਸਾਡਾ ਵੀ ਸ਼ੋ ਆਕੇ ਵੇਖੋ ਜੇਕਰ ਤੁਹਾਡੇ  ਸ਼ੋ ਤੋਂ ਵੱਧ ਨਾ ਹੋਇਆ ਤੇ ਸਾਡਾ ਨਾਂ ਬਦਲਾ ਦੇਣਾ । ਏਸ ਖ਼ਾਹਸ਼ ਨੂੰ ਬੰਦਾ ਇੰਜ ਵੀ ਆਖ ਸਕਦਾ ਏ ਕਿ ਜਦ ਇੱਕ ਫਿਲਮ ਬਣਾਵਣ ਵਾਲਾ ਆਪਣੀ ਫਿਲਮ ਦੀ ਸਿਲਵਰ ਜੁਬਲੀ ਹੁੰਦੀ ਵੇਖਦਾ ਏ ਤੇ ਉਹਦੇ ਅੰਦਰ ਇੱਕ ਖਵਾਬ ਜੰਮਦਾ ਏ ਇੱਕ ਦਿਨ ਉਹ ਇੱਕ ਗੋਲਡਨ ਜੁਬਲੀ ਫਿਲਮ ਬਣਾਏਗਾ ।
ਏਸ ਥਿਏਟਰ ਦਾ ਪਰਬੰਧ ਕਰਨ ਵਾਲੇ ਵਧਾਈ ਦੇ ਹੱਕਦਾਰ ਹਨ ਕਿ ਉਹਨਾਂ ਦੀ ਪੰਜਾਹ ਸਾਲ ਦੀ ਮਿਹਨਤ ਤੇ ਸਾਬਤ ਕਦਮੀ ਨੇ ਉਹਨਾਂ ਦੀ ਏਸ ਖ਼ਾਹਸ਼ ਦੇ ਬੂਟੇ ਵਿੱਚ ਪਹਿਲਾਂ ਫਲ ਲਾ ਦਿੱਤਾ । ਸਾਰੀ ਦੁਨੀਆਂ ਨੂੰ ਏਸ ਥੀਏਟਰ ਦੀ ਇੱਕ ਨਿੱਕੀ ਜੇਹੀ ਝਲਕੀ ਰਾਜਸਥਾਨ ਤੇ ਬਲੋਚਿਸਤਾਨ ਦੇ ਵੱਡੇ  ਆਰਜ਼ੀ ਥੀਏਟਰ ਤੇ ਵਿਖਾਈ ਗਈ, ਏਸ ਕਾਮਯਾਬੀ ਤੇ ਏਸ ਖੇਡ ਦਾ ਪਰਬੰਧ ਕਰਨ ਵਾਲਿਆਂ ਨੂੰ ਵਧਾਈਆਂ ਤੇ ਸ਼ਾਬਾਸ ਦੇਣ ਲਈ ਲੋਕ ਸੜਕਾਂ ਤੇ ਆਕੇ ਨੱਚੇ ਤੇ ਉਹਨਾਂ ਮਿਠਾਈਆਂ ਵੰਡੀਆਂ । ਸਭ ਸਿਆਸੀ ਪਾਰਟੀਆਂ ਜੋ ਜੀਂਦੇ ਇਨਸਾਨਾਂ ਦੇ ਹੱਕਾਂ ਦੀ ਰਾਖੀ ਕਰਨ ਤੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਮਿਸ਼ਨ ਦਾ ਮੋਹਰੀ ਹੋਣ ਦਾ ਦਾਅਵਾ ਕਰਦੀਆਂ ਹਨ । ਉਹਨਾਂ ਏਸ ਝਲਕੀ ਦਾ ਆਹਰ ਕਰਨ ਵਾਲਿਆਂ ਨੂੰ ਮੁਬਾਰਕਾਂ ਘੱਲੀਆਂ ਤੇ ਆਪਣੀ ਹਮਾਇਤ ਦਾ ਯਕੀਨ ਦਵਾਇਆ । ਆਖਿਆ ਜਾਂਦਾ ਏ ਕਿ ਇਹ ਪਾਰਟੀਆਂ ਵੱਖੋ ਵੱਖ ਤਰ੍ਹਾਂ ਦੇ ਲੋਕਾਂ ਦੀਆਂ ਮੋਹਰੀ ਹਨ । ਇਹਨਾਂ ਪਾਰਟੀਆਂ ਵਿੱਚ ਲਿਖਾਰੀ ਵੀ ਹੋਣਗੇ ਤੇ ਕੁੱਝ ਕਲਾਕਾਰ ਵੀ  ਜ਼ਰੂਰ ਹੋਣਗੇ । ਇਨਸਾਨੀ ਜ਼ਿੰਦਗੀ ਨੂੰ ਬਚਾਵਣ ਵਾਲੇ ਡਾਕਟਰ ਵੀ ਹੋਣਗੇ ਤੇ ਔਰਤ ਦੇ ਮਾਂ , ਭੈਣ , ਤੇ ਧੀ ਦੇ ਰੂਪ ਵਾਲੀਆਂ ਔਰਤਾਂ ਵੀ ਹੋਣਗੀਆਂ ।
ਅੰਮ੍ਰਿਤਾ ਜੀ ਜਦ ਅਸੀਂ 1947 ਦੀ ਕਿਤਾਬ ਨੂੰ ਖੋਲਦੇ ਆਂ ਤੇ ਸਾਨੂੰ ਏਸ ਕਿਤਾਬ ਵਿੱਚ ਕਈ ਬਾਬ ਅਜੇ ਵਾਂਗੂ ਲਭਦੇ ਹਨ । ਇਨਸਾਨੀ ਜ਼ਿੰਦਗੀ ਨੂੰ ਖੇਡ ਬਣਾਵਣ ਦੀ ਤਿਆਰੀ ਕਰਦੇ ਦੂਜੇ ਮਜ਼ਹਬ ਜਾਂ ਧਰਮ ਦੇ ਲੋਕ ਨਜ਼ਰ ਆਓਂਦੇ ਹਨ । ਏਸ ਤਿਆਰੀ ਪਿੱਛੇ ਵਿਦਿਆ , ਕਲਾ ਤੇ ਤਖਲੀਕ ਵੀ ਝਾਕਦੀ ਦਿਸਦੀ ਏ ।
ਏਸ ਸਾਰੀ ਤਿਆਰੀ ਪਿੱਛੇ ਜੋ ਚੀਜ਼ ਇੱਕ ਤੂਫਾਨ ਵਾਂਗੂ ਡੱਕੀ ਹੋਈ ਦਿਸਦੀ ਏ । ਉਹ ਹੈ ਇਨਸਾਨੀ ਨਫਰਤ । ਇਕ ਅਜੀਬ ਨਫਰਤ । ਨਫਰਤ ਕਰਨ ਵਾਲੇ ਨੇ ਆਪਣੀ ਨਫਰਤ ਦੇ ਨਿਸ਼ਾਨੇ ਨੂੰ ਕਦੇ ਨਹੀਂ ਵੇਖਿਆ । ਏਸ ਧਰਮ ਤੇ ਰਹਤਲ ਦਾ ਲੇਬਲ ਲੱਗੇ ਇਨਸਾਨ ਨੇ ਨਫਰਤ ਕਰਨ ਵਾਲੇ ਦੂਜੇ ਇਨਸਾਨ ਦਾ ਕੁਝ ਨਹੀਂ ਵਿਗਾੜਿਆ । ਉਸ ਉੱਤੇ ਏਸ ਧਰਮ ਤੇ ਰਹਤਲ ਦਾ ਲੇਬਲ ਵੀ ਉਹਦੀ ਮਰਜ਼ੀ ਨਾਲ ਨਹੀਂ ਲੱਗਾ । ਉਸ ਦਾ ਕਸੂਰ ਸਿਰਫ ਇਹ ਹੈ ਕਿ ਉਹ ਜ਼ਮੀਨ ਦੇ ਇੱਕ ਹੋਰ ਟੋਟੇ ‘ਤੇ ਜੰਮਿਆ ਏ । ਉਹਦੇ ਜੰਮਣ ਦਾ ਇਹ ਅਮਲ ਉਸ ਦੇ ਆਪਣੇ ਵਸ ਵਿਚ ਨਹੀਂ ਸੀ । ਨਾ ਉਹ ਆਪਣੀ ਮਰਜ਼ੀ ਨਾਲ ਜੰਮਿਆ ਤੇ ਨਾ ਈ ਉਹਨੇ ਜੰਮਣ ਥਾਂ ਦੀ ਚੋਣ ਕੀਤੀ ਏ । ਆਪਣੇ ਜੰਮਣ ਮਗਰੋਂ ਉਹ ਸਮਝ ਰਿਹਾ ਏ ਕਿ ਉਹਨੂੰ ਮਰਜ਼ੀ ਨਾਲ ਜੀਣ ਦਾ ਹੱਕ ਜ਼ਰੂਰ ਏ ਪਰ ਉਹਦੇ ਏਸ ਹੱਕ ਦਾ ਦਾਅਵਾ ਉਸ ਨਾਲ ਫੇਰ ਧੋਖਾ ਏ ਕਿਓਂ ਜੇ ਉਸ ਤੋਂ ਇਹ ਹੱਕ ਖੋਹਣ ਦੀ ਤਿਆਰੀ ਜ਼ਮੀਨ ਦੇ ਇੱਕ ਹੋਰ ਟੋਟੇ ਤੇ ਬੈਠਾ ਬਿਲਕੁਲ ਉਹਦੇ ਵਰਗਾ ਇੱਕ ਹੋਰ ਇਨਸਾਨ ਕਰਕੇ ਬੈਠਾ ਏ  ।
ਅੰਮ੍ਰਿਤਾ ਜੀ ਹਰ ਇਨਸਾਨ ਦਾ ਜੰਮਣਾ ਇੱਕ ਨਿੱਕਾ ਜੇਹਾ ਮੁਅਜਜ਼ਾ ਹੁੰਦਾ ਏ । ਇਹ ਜਨਮ ਕਿਸੇ ਵਪਾਰੀ ਜਾਂ ਵਰਤਣ ਵਾਲੇ ਦੇ ਆਡਰ ਤੇ ਕੋਈ ਮਸ਼ੀਨ ਬਣਾ ਕੇ ਸਾਹਮਣੇ ਨਹੀਂ ਧਰ ਦਿੰਦੀ ਸਗੋਂ ਫ਼ਿਤਰਤ ਦਾ ਇੱਕ ਵਡਮੁੱਲਾ ਤੋਹਫ਼ਾ ਏ । ਹਰ ਇਨਸਾਨ ਦੀ ਹੋਂਦ ਤੇ ਵਜੂਦ ਉਹਦਾ ਸਭ ਤੋਂ ਕੀਮਤੀ ਅਸ਼ਾਸ਼ਾ ਜਾਂ ਕੁੱਲ ਖੱਟਿਆ ਪੁੱਟਿਆ ਏ । ਏਹੋ ਹੋਂਦ ਤੇ ਵਜੂਦ ਈ ਸਾਂਝਾਂ ਦੇ ਰੁੱਖ ਦਾ ਮੁੱਢ ਏ । ਏਸ ਸਾਂਝ ਦੀਆਂ ਪੌੜੀਆਂ ਆਪਣੀ ਹੋਂਦ ਤੋਂ ਸ਼ੁਰੂ ਹੋ ਕੇ ਖ਼ਾਨਦਾਨ ਦੀ ਪੌੜੀ ਤੋਂ ਉਤਾਂਹ ਚੜ੍ਹਦੀਆਂ ਚੜ੍ਹਦੀਆਂ ਦੇਸ ਤੇ ਸੰਸਾਰ ਤੀਕ ਅੱਪੜਦੀਆਂ ਹਨ । ਜਦ ਇਹ ਪਹਿਲੀ ਪੌੜੀ ਡਿਗਦੀ ਏ ਤੇ ਇੱਕ ਪੂਰਾ ਸੰਸਾਰ ਡਿਗ ਪੈਂਦਾ ਏ । ਜਦ ਇਕ ਇਨਸਾਨ ਦੀ ਮੌਤ ਹੁੰਦੀ ਏ ਤੇ ਭਾਵੇਂ ਏਸ ਮੌਤ ਦਾ ਮੋਜਬ ਜੋ ਵੀ ਹੋਵੇ ਇਹ ਇੱਕ ਪੂਰੇ ਸੰਸਾਰ ਦੀ ਮੌਤ ਹੁੰਦੀ ਏ ਤੇ ਏਸ ਮੌਤ ਦਾ ਦੁੱਖ ਪੂਰੇ ਜਹਾਨ ਦੇ ਗਵਾਚ ਜਾਣ ਦੇ ਦੁੱਖ ਬਰਾਬਰ ਹੁੰਦਾ ਏ । ਜਦ ਫਿਤਰਤ ਕਿਸੇ ਬਹਾਨੇ ਕਿਸੇ ਆਸਮਾਨੀ ਆਫਤ ਰਾਹੀਂ ਇੱਕ ਇਨਸਾਨ ਜਾਂ ਬਹੁਤ ਸਾਰੇ ਇਨਸਾਨਾਂ ਦਾ ਸੰਸਾਰ ਮੁਕਾ ਦਿੰਦੀ ਏ ਤੇ ਬਾਕੀ ਬਚੇ ਇਨਸਾਨ ਜਦ ਉਹਨਾਂ ਦੀ ਵਿਛੜਨ ਤੇ ਰੋਂਦੇ ਹਨ ਤੇ ਤੇ ਏਸ ਰੋਣ ਦੇ ਪਿਛੇ ਉਹਨਾਂ ਦੀ ਬੇਵਸੀ ਬੋਲ ਰਹੀ ਹੁੰਦੀ ਏ ਕਿ ਉਹ ਫਿਤਰਤ ਸਾਹਮਣੇ ਖਲੋ ਕੇ ਸੰਸਾਰ ਦੀ ਏਸ ਵੀਰਾਨੀ ਨੂੰ ਕੌਣ ਰੋਕ ਨਾ ਸਕੇ । ਇਕ ਇਨਸਾਨ ਦੀ ਫਿਤਰਤ ਦੇ ਸਾਹਮਣੇ ਨਾ ਖਲੋ ਸਕਣ ਦੀ ਬੇਵਸੀ ਦੀ ਸਮਝ ਤੇ ਲੱਗਦੀ ਏ ਪਰ ਇਹ ਗੱਲ ਸਮਝ ਨਹੀਂ ਲੱਗਦੀ ਕਿ ਏਸ ਜ਼ਮੀਨ ਤੇ ਵਸਦੇ ਇਨਸਾਨਾਂ ਦਾ ਇੱਕ ਜੱਥਾ ਜਦ ਦੂਜੇ ਇਨਸਾਨਾਂ ਦੇ ਸੰਸਾਰ ਨੂੰ ਉਜਾੜਨ ਦਾ ਮਤਾ ਪਕਾਉਂਦਾ ਤੇ ਇਹ ਮਤਾ ਕੋਈ ਫ਼ਿਤਰਤ ਦੀ ਆਫ਼ਤ ਜਾਂ ਅਜ਼ਾਬ ਨਹੀਂ ਏ ਜੇ ਇਨਸਾਨ ਇਹਦੇ ਸਾਹਮਣੇ ਬੇਵਸ ਹੋਵੇ ਸਗੋਂ ਏਸ ਨੂੰ ਰੋਕਣ ਦੀ ਇਨਸਾਨ ਕੋਲ ਤਾਕਤ ਏ ਪਰ ਇਹਨੂੰ ਫੇਰ ਵੀ ਨਹੀਂ ਰੋਕਿਆ ਜਾਂਦਾ । ਕਿਓਂ ?
ਅੱਜ ਦਾ ਇਨਸਾਨ ਜਦ ਕੱਲ੍ਹ ਵਿਗਾਰ ਕੈਂਪਾਂ ਵਿਚ ਗੈਸ ਚੈਂਬਰਾਂ ਰਾਹੀਂ ਅਨਗਨਿਤ ਯਹੂਦੀਆਂ ਤੇ ਪਖੀਵਾਸਾਂ ਦੀ ਮੌਤ ਦੀਆਂ ਕਹਾਣੀਆਂ ਸੁਣਾਉਂਦਾ ਅਤੇ ਕੰਬੋਡੀਆ ਵਿਚ ਇਨਸਾਨੀ ਖੋਪੜੀਆਂ ਦੇ ਢੇਰਾਂ ਦਾ ਵਿਖਾਲਾ ਕਰਕੇ ਰੋਂਦਾ ਤੇ ਵੈਣ ਪਾਉਂਦੇ ਤੇ ਇਹ ਇਨਸਾਨ ਸੱਚਾ ਨਹੀਂ ਲੱਗਦਾ ਸਗੋਂ ਉਹ ਝੂਠਾ  ਤੇ ਮੁਨਾਫ਼ਕ ਏ । ਕਿਓਂ ਜੇ ਇਹ ਯਹੂਦੀ ਤੇ ਕੰਬੋਡੀ ਲੋਕ ਬੇਕਸੂਰ ਸਨ ਤੇ ਦੂਜੇ ਸਾਰੇ ਇਨਸਾਨ ਕਸੂਰ ਵਾਰ ਹਨ ਜੇਹਨਾਂ ਦੇ ਸਾਹਮਣੇ ਇਹ ਮਤਾ ਪਕਾਇਆ ਗਿਆ ਤੇ ਇਹਨੂੰ ਨਾ ਰੋਕਿਆ ਗਿਆ । ਏਸ ਝੂਠ ਦੇ ਸਭ ਤੋਂ  ਵੱਧ ਜੁੰਮੇਵਾਰ ਕਲਾਕਾਰ ਹਨ ।
ਕਲਾ ਦੀਆਂ ਬੇਅੰਤ ਤਾਰੀਫਾਂ ਹਨ । ਪਰ ਹਰ ਤਾਰੀਫ਼ ਵਿਚ ਇੱਕ ਲਾਜ਼ਮੀ ਹਿੱਸਾ ਏ ‘ ਕਲਾ ਇਨਸਾਨ ਦੀ ਹੋਂਦ ਦੇ ਹੱਕ ਦੀ ਆਵਾਜ਼ ਏ ‘ । ਪਰ ਜਦ ਅਸੀਂ ਤਾਰੀਖ ਨੂੰ ਫਰੋਲਦੇ ਆਂ ਤੇ ਸਾਨੂੰ ਅਸਲੀ ਕਲਾਕਾਰ ਬਹੁਤ ਥੋੜੇ ਦਿਸਦੇ ਹਨ ।
ਬਾਕੀ ਸਾਰੀ ਲਿਸਟ ਬਹਿਰੂਪੀਆਂ ਨਾਲ ਭਰੀ ਹੁੰਦੀ ਏ । ਕਿਓਂ ? ਏਸ ਦੀ ਇੱਕ ਵੱਡੀ ਵਜਾਹ ਇਹ ਹੈ ਕਿ ਜਦ ਕਲਾਕਾਰ ਦਾ ਸਾਹਮਣਾ ਇਨਸਾਨ ਦੁਸ਼ਮਨ  ਤਾਕਤ ਨਾਲ  ਹੋਇਆ ਤੇ ਇਹ ਕਲਾਕਾਰ ਆਪਣਾ ਅਸਲੀ ਰੋਲ ਤੇ ਆਪਣੇ ਹੱਕੀ ਪਛਾਣ ਨੂੰ ਭੁੱਲ ਕੇ ਤਾਕਤ ਦਾ ਢੰਡੋਰਾ ਦੇਣ ਵਾਲਾ ਬਣ ਗਿਆ । ਕੁੱਝ ਕਲਾਕਾਰ ਏਸ ਤਾਕਤ ਦੇ ਵਿਖਾਲੇ ਦਾ ਸਾਹਮਣੇ ਨਾ ਕਰ ਸਕੇ ਤੇ ਅੱਗੋਂ ਬੋਲਣ ਦੀ ਥਾਂ ਦੜ ਵੱਟ ਗਏ ਤੇ ਸਗੋਂ ਆਖਣ ਲੱਗੇ ਪਈ ਫਿਕਰ ਵਾਲੀ ਕੋਈ ਗੱਲ ਨਹੀਂ ਏ । ਕੋਈ ਖਤਰਾ ਨਹੀਂ ਏ ਅਤੇ ਕੁਝ ਨਹੀਂ ਹੋਣਾ । ਦੂਜੀ ਵੱਡੀ ਲਾਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਜੇਹੇ ਦੜ ਵੱਟਣ ਵਾਲੇ ਕਲਾਕਾਰਾਂ ਦੀ ਵੱਡੀ ਗਿਣਤੀ ਵਿਚ ਜਰਮਨੀ ਤੋਂ ਬਾਹਰ ਵਸਦੇ ਕਲਾਕਾਰ ਵੀ ਸਨ । ਰੂਸ ਤੇ ਚੀਨ ਦੇ ਵਗਾਰ ਕੈਂਪਾਂ ਦੇ ਕੀਰਨੇ ਪਾਉਣ ਵਾਲਿਆਂ ਚੋਂ ਕੰਬੋਡੀਆ ਦੇ ਇਨਸਾਨੀ ਬੁੱਚੜ ਖ਼ਾਨੇ ਤੇ ਕੋਈ ਨਹੀਂ ਸੀ ਬੋਲਿਆ ।
ਅੰਮ੍ਰਿਤਾ ਜੀ ਅੱਜ ਤਾਰੀਖ ਇੱਕ ਹੋਰ ਗੇੜਾ ਕੱਢ ਕੇ ਕਰੋੜਾਂ ਇਨਸਾਨਾਂ ਤੋਂ ਉਹਨਾਂ ਦੀ ਹੋਂਦ ਖੋਹ ਲੈਣ ਦਾ ਮਤਾ ਪਕਾ ਕੇ ਸਾਡੇ ਸਾਹਮਣੇ ਫੇਰ ਆ ਖਲੋਤੀ ਏ ਤੇ ਇਹ ਕਲਾਕਾਰ ਤੋਂ ਪੁੱਛ ਰਹੀ ਏ । ਤੇਰੇ ਖਲੋਣ ਦੀ ਥਾਂ ਕੇਹੜੀ ਏ ?
ਸੁਫਨਿਆਂ ਦਾ ਸਵਾਦ ਗੁਆਚਾ ।
ਮੇਨੂੰ ਆਪਣੇ ਮਾਸ ਦੇ ਸੜਨ ਦੀ ਬੋ ਆਓਂਦੀ ਏ ।
ਹੱਡੀਆਂ ਪੰਘਰ ਤੇਲ ਹੋਈਆਂ ਹਨ ।
ਜੀਂਦੀਆਂ ਜੀਂਦੀਆਂ ਸਾਹਵਾਂ ।
ਇੱਕ  ਭੱਠੀ ਦਾ ਝੁਲਕਾ ।
ਇਹ ਭੱਠੀ ਇੱਕ ਧੂੰ ਦਾ ਗੋਲਾ ਬਣਾ ਸੰਘਾਰ ਕੇ
ਫਿਤਰਤ ਦੇ ਮਰਘਟ ਤੇ
ਨਾਚ ਕਰਨ ਲਈ ਘੱਲ ਦੇਂਦੀ ਏ
ਸੁਫਨਿਆਂ ਦਾ ਸਵਾਦ ਗਵਾਚਾ ।
ਮੇਨੂੰ ਆਪਣੇ ਮਾਸ ਦੇ ਸੜਨ ਦੀ ਬੋ ਆਓਂਦੀ ਏ ।

No comments: