29th September 2021 at 8:29 PM
ਗੁਰਮੀਤ ਰਾਮ ਰਹੀਮ ਜਾਂ ਕਿਸੇ ਵੀ ਹੋਰ ਨੂੰ ਨਹੀਂ ਦਿੱਤੀ ਕੋਈ ਕਲੀਨ ਚਿੱਟ
ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ਼ ਦੀ ਗੱਲ ਲੰਮੇ ਸਮੇਂ ਤੋਂ ਊਂਠ ਦਾ ਬੁੱਲ੍ਹ ਬਣੀ ਹੋਇਆ ਹੈ। ਸਿਸਟਮ ਦੀਆਂ ਘੁੰਮਣਘੇਰੀਆਂ ਅਤੇ ਕਾਨੂਨ ਦੀਆਂ ਪੇਚੀਦਗੀਆਂ ਇਸਦਾ ਕੁਝ ਵੀ ਥਹੁਪਤਾ ਨਹੀਂ ਲੱਗਣ ਦੇਂਦੀਆਂ। ਬੇਅਦਬੀ ਦੇ ਮਾਮਲਿਆਂ ਵਿੱਚ ਕਦੇ ਇਨਸਾਫ਼ ਵੀ ਹੋਏਗਾ ਇਹ ਗੱਲ ਸ਼ੱਕ ਵਿੱਚ ਬਦਲਦੀ ਜਾ ਰਹੀ ਸੀ। ਜਦੋਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਏਜੰਡੇ ਦੀ ਗੱਲ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ ਤਾਂ ਇਸ ਮਾਮਲੇ ਵਿੱਚ ਵੀ ਇਨਸਾਫ ਦੀਆਂ ਉਮੀਦਾਂ ਤੇਜ਼ੀ ਨਾਲ ਵੱਧ ਗਈਆਂ। ਲੋਕ ਉਤਸੁਕ ਵੀ ਹੋ ਗਏ ਅਤੇ ਉਤਸ਼ਾਹਿਤ ਵੀ। ਉਦਾਸੀ ਵਾਲਾ ਮੋੜ ਉਦੋਂ ਆਇਆ ਜਦੋਂ ਪੰਜਾਬ ਦੀ ਚੰਨੀ ਸਰਕਾਰ ਨੇ ਨਵੀਂ ਕੈਬਨਿਟ ਦੇ ਗਠਨ ਮਗਰੋਂ ਨਵੀਂਆਂ ਨਿਯੁਕਤੀਆਂ ਵੀ ਸ਼ੁਰੂ ਕੀਤੀਆਂ। ਏ ਜੀ ਅਤੇ ਦੀ ਜੀ ਪੀ ਦੀ ਨਿਯੁਕਤੀ ਤੇ ਵਿਵਾਦ ਉੱਠਣਾ ਸ਼ੁਰੂ ਹੋਇਆ। ਆਮ ਆਦਮੀ ਪਾਰਟੀ ਨੇ ਵੀ ਤਿੱਖਾ ਇਤਰਾਜ਼ ਕੀਤਾ ਅਤੇ ਖੁਦ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਵਾਲੇ ਅਹੁਦੇ ਤੋਂ ਹੀ ਅਸਤੀਫਾ ਦੇ ਦਿੱਤਾ। ਇਸ ਅਸਤੀਫੇ ਨਾਲ ਇਹ ਗੱਲ ਸਪਸ਼ਟ ਹੋ ਕੇ ਸਾਹਮਣੇ ਆਈ ਕਿ ਪੰਜਾਬ ਏਜੰਡੇ ਨੂੰ ਅਪਣਾਏ ਬਿਨਾ ਗੱਲ ਨਹੀਂ ਬਣਨ ਵਾਲੀ। ਪੰਜਾਬ ਪੁਲਿਸ ਦੇ ਅਧਿਕਾਰਤ ਬੁਲਾਰੇ ਨੇ ਅੱਜ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਲੀਨ ਚਿੱਟ ਦੇਣ ਸਬੰਧੀ ਸਾਰੇ ਦੋਸ਼ਾਂ ਨੂੰ ਕੋਰਾ ਝੂਠ ਅਤੇ ਬੇਬੁਨਿਆਦ ਕਹਿ ਕੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।
ਇਹ ਬਿਆਨ ਉਸ ਵੇਲੇ ਜਾਰੀ ਕੀਤਾ ਗਿਆ ਹੈ ਜਦੋਂ ਇਕਬਾਲ ਪ੍ਰੀਤ ਸਿੰਘ ਸਹੋਤਾ, ਜਿਨ੍ਹਾਂ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ, ਵੱਲੋਂ 2015 ਵਿੱਚ ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਵਿੱਚ ਐਸ.ਆਈ.ਟੀ. ਦੀ ਅਗਵਾਈ ਕਰਦਿਆਂ ਗੁਰਮੀਤ ਰਾਮ ਰਹੀਮ ਨੂੰ ਕਲੀਨ ਚਿੱਟ ਦੇਣ ਦੀਆਂ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਹਨ।
ਜ਼ਿਕਰਯੋਗ ਹੈ ਕਿ 12 ਅਕਤੂਬਰ 2015 ਨੂੰ ਪਿੰਡ ਬਰਗਾੜੀ ਵਿੱਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿੱਲਰੇ ਹੋਏ ਪਾਏ ਗਏ ਸਨ ਅਤੇ ਪੁਲਿਸ ਸਟੇਸ਼ਨ ਬਾਜਾਖਾਨਾ ਵਿਖੇ ਆਈਪੀਸੀ ਦੀ ਧਾਰਾ 295, 120-ਬੀ ਦੇ ਤਹਿਤ ਐਫਆਈਆਰ ਨੰਬਰ 128 ਮਿਤੀ 12.10.2015 ਦਰਜ ਕੀਤੀ ਗਈ ਸੀ। ਪਿੰਡ ਬਰਗਾੜੀ ਵਿਖੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਲਈ ਇਕਬਾਲ ਪ੍ਰੀਤ ਸਿੰਘ ਸਹੋਤਾ, ਜੋ ਉਸ ਵੇਲੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ (ਬੀਓਆਈ) ਸਨ, ਦੀ ਅਗਵਾਈ ਵਿੱਚ ਇੱਕ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਸੀ।
ਬੁਲਾਰੇ ਨੇ ਸਪੱਸ਼ਟ ਕੀਤਾ ਕਿ ਐਸਆਈਟੀ ਨੇ ਸਿਰਫ 20 ਦਿਨਾਂ (14 ਅਕਤੂਬਰ 2015 ਤੋਂ 2 ਨਵੰਬਰ 2015) ਤੱਕ ਕੰਮ ਕੀਤਾ ਸੀ, ਜਿਸ ਤੋਂ ਬਾਅਦ ਕੇਸ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤਾ ਗਿਆ ਸੀ।
ਬੁਲਾਰੇ ਨੇ ਕਿਹਾ, "ਪੂਰੀ ਜਾਂਚ ਸੀਬੀਆਈ ਵੱਲੋਂ ਕੀਤੀ ਗਈ ਸੀ ਨਾ ਕਿ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਐਸ.ਆਈ.ਟੀ. ਵੱਲੋਂ।" ਉਨ੍ਹਾਂ ਇਹ ਵੀ ਕਿਹਾ ਕਿ ਗੁਰਮੀਤ ਰਾਮ ਰਹੀਮ ਜਾਂ ਕਿਸੇ ਹੋਰ ਵਿਅਕਤੀ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਗਈ।