ਪਰਧਾਨ ਮੰਤਰੀ ਮੋਦੀ ਨੂੰ ਬੰਨੀ ਕਈਆਂ ਨੇ ਰੱਖੜੀ
ਲੁਧਿਆਣਾ: 26 ਅਗਸਤ 2018: (ਪੰਜਾਬ ਸਕਰੀਨ ਬਿਊਰੋ):: ਭੈਣਾਂ ਨੇ ਵੀ ਭਰਾਵਾਂ ਲਈ ਕੋਈ ਘੱਟ ਕੁਰਬਾਨੀਆਂ ਨਹੀਂ ਕੀਤੀਆਂ। ਅੱਜ ਰੱਖੜੀ ਦੀ ਗੱਲ ਕਰਦਿਆਂ ਅਸੀਂ ਇਹਨਾਂ ਕੁਰਬਾਨੀਆਂ ਦਾ ਵੀ ਜ਼ਿਕਰ ਕਰਾਂਗੇ।
ਰੱਖੜੀ ਦਾ ਤਿਓਹਾਰ ਕਿਹੜੇ ਧਰਮ ਦਾ ਹੈ ਅਤੇ ਕਿਹੜੇ ਦਾ ਨਹੀਂ ਇਸ ਬਾਰੇ ਅਕਸਰ ਵਿਵਾਦ ਹੁੰਦਾ ਰਹਿੰਦਾ ਹੈ ਲੇਕਿਨ ਹਰ ਵਾਰ ਰੱਖੜੀ ਦਾ ਤਿਓਹਾਰ ਹਿੰਦੂਆਂ-ਸਿੱਖਾਂ ਦੋਹਾਂ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਜਿਸ ਭੈਣ ਦਾ ਭਰਾ ਨਹੀਂ--ਉਸਨੂੰ ਪੁਛੋ ਉਸ ਲਈ ਰੱਖੜੀ ਦਾ ਦਿਨ ਕਿਵੇਂ ਬੀਤਦਾ ਹੈ! ਜਿਸ ਭਰਾ ਦੀ ਭੈਣ ਨਹੀਂ ਉਸਨੂੰ ਵੀ ਪੁੱਛੋਂ ਉਸ ਲਈ ਇਹ ਦਿਨ ਕਿੰਨਾ ਉਦਾਸ ਹੁੰਦਾ ਹੈ। ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਪਾਕ ਪਵਿੱਤਰ ਰਿਸ਼ਤੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ। ਆਪਣੀ ਭੈਣ ਨੂੰ ਦੇਖ ਕੇ ਦੂਸਰੇ ਦੀ ਭੈਣ ਵੀ ਆਪਣੀ ਆਪਣੀ ਲੱਗਦੀ ਹੈ। ਉਸਦੀ ਇਜ਼ੱਤ ਦਾ ਖਿਆਲ ਵੀ ਮਨ ਵਿੱਚ ਪੈਦਾ ਹੁੰਦਾ ਹੈ। ਅਜਿਹੇ ਤਿਓਹਾਰਾਂ ਅਤੇ ਰੀਤੀ ਰਿਵਾਜਾਂ ਨਾਲ ਸਮਾਜ ਦੇ ਆਪਸੀ ਸਿਹਤਮੰਦ ਰਿਸ਼ਤੇ ਹੋਰ ਮਜ਼ਬੂਤ ਹੁੰਦੇ ਹਨ। ਇਹਨਾਂ ਦਾ ਵਿਰੋਧ ਕਰਨ ਵਾਲੇ ਜਾਣੇ ਅਣਜਾਣੇ ਉਹਨਾਂ ਖੁੱਲਾਂ ਦਾ ਸਮਰਥਨ ਕਰ ਰਹੇ ਹਨ ਜਿਹੜੀਆਂ ਪੱਛਮੀ ਹਵਾਵਾਂ ਨਾਲ ਅੱਜ ਸਾਡੇ ਦਿਲਾਂ ਦਿਮਾਗਾਂ ਵਿੱਚ ਘਰ ਕਰ ਚੁੱਕੀਆਂ ਹਨ ਅਤੇ ਸਮਾਜ ਦੇ ਢਾਂਚੇ ਨੂੰ ਤਬਾਹ ਕਰ ਰਹੀਆਂ ਹਨ।
ਰੱਖੜੀ ਦੇ ਪਾਕ ਪਵਿੱਤਰ ਰਿਸ਼ਤੇ ਮੌਕੇ ਬਹੁਤ ਸਾਰੀਆਂ ਔਰਤਾਂ ਨੂੰ ਪਰਧਾਨ ਮੰਤਰੀ ਕੋਲ ਜਾਣ ਅਤੇ ਉਹਨਾਂ ਨੂੰ ਰੱਖੜੀ ਬੰਨਣ ਦਾ ਵੀ ਮੌਕਾ ਮਿਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਹੀ ਪਿਆਰ ਅਤੇ ਸ਼ਰਧਾ ਨਾਲ ਉਹਨਾਂ ਕੋਲੋਂ ਰੱਖੜੀ ਬੰਨਵਾਈ।
ਇਸ ਮੌਕੇ ਦੇਸ਼ ਦੇ ਬਾਕੀ ਹਿਸਿਆਂ ਵਿੱਚ ਵੀ ਰੱਖਦੀ ਦਾ ਤਿਓਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ .ਬਾਜ਼ਾਰਾਂ ਵਿੱਚ ਸਵੇਰੇ ਸਵੇਰੇ ਰੌਣਕਾਂ ਲਗੀਆਂ ਰਹੀਆਂ। ਮਹੂਰਤ ਦੇ ਮੁਤਾਬਿਕ ਰੱਖੜੀਆਂ ਬੰਨ ਕੇ ਭੈਣਾਂ ਭਰਾਵਾਂ ਨੇ ਇੱਕ ਦੂਜੇ ਦੇ ਮੂੰਹ ਮਿੱਠੇ ਕਰਵਾਏ। ਜ਼ਿੰਦਗੀ ਵਿੱਚ ਕਦਮ ਕਦਮ ਉੱਤੇ ਆਉਂਦੀਆਂ ਮੁਸੀਬਤਾਂ ਵੇਲੇ ਇੱਕ ਦੂਜੇ ਦੇ ਕੰਮ ਆਉਣ ਦੇ ਵਾਅਦੇ ਵੀ ਦੁਹਰਾਏ ਗਏ। ਇਸ ਵਾਰ ਇੱਕ ਨਵਾਂ ਰੁਝਾਣ ਵੀ ਦੇਖਿਆ ਗਿਆ ਕਿ ਬਹੁਤ ਸਾਰੀਆਂ ਭੈਣਾਂ ਨੇ ਆਪਣੇ ਛੋਟੇ ਭਰਾਵਾਂ ਨੂੰ ਪੜ੍ਹਾਉਣ ਲਿਖਾਉਣ ਅਤੇ ਇੱਕ ਸ਼ਕਤੀਸ਼ਾਲੀ ਇਨਸਾਨ ਬਣਾਉਣ ਦਾ ਸੰਕਲਪ ਵੀ ਲਿਆ। ਇਹਨਾਂ ਲੁਦੀਆਂ ਅਤੇ ਔਰਤਾਂ ਨੇ ਦੱਸਿਆ ਕਿ ਕਿਵੇਂ ਇਹਨਾਂ ਨੇ ਆਪਣੇ ਭਰਾਵਾਂ ਦੀ ਜ਼ਿੰਦਗੀ ਬਣਾਉਣ ਲਈ ਆਪਣੀ ਜ਼ਿੰਦਗੀ ਦੇ ਸਾਰੇ ਸੁੱਖ ਕੁਰਬਾਨ ਕਰ ਦਿੱਤੇ।
ਕਿਸੇ ਭੈਣ ਨੇ ਆਪਣੇ ਭਰਾ ਲਈ ਕਈ ਕਈ ਤਰਾਂ ਦੀ ਨੌਕਰੀ ਕੀਤੀ। ਕਿਸੇ ਨੇ ਆਪਣੇ ਵਿਆਹ ਤੱਕ ਦਾ ਖਿਆਲ ਵੀ ਛੱਡ ਦਿੱਤਾ। ਕਿਸੇ ਨੇ ਆਪਣੇ ਭਰਾ ਨੂੰ ਇੱਕ ਮਜ਼ਬੂਤ ਇਨਸਾਨ ਬਣਾਉਣ ਆਪਣੇ ਸਹੁਰਿਆਂ ਵਿੱਚ ਰਹਿ ਕੇ ਵੀ ਇਸ ਗੱਲ ਦਾ ਪੂਰਾ ਪੂਰਾ ਖਿਆਲ ਰੱਖਿਆ। ਇਹ ਸਾਰੀਆਂ ਭੈਣਾਂ ਜਿੱਥੇ ਆਪਣੇ ਸਹੁਰੇ ਪਰਿਵਾਰ ਦੇ ਫਰਜ਼ ਨਿਭਾਉਂਦਿਆਂ ਰਹੀਆਂ ਉੱਥੇ ਆਪਣੇ ਭਰਾਵਾਂ ਦਾ ਵੀ ਵੀ ਉਚੇਚ ਨਾਲ ਖਿਆਲ ਰੱਖਦੀਆਂ ਰਹੀਆਂ। ਇਹਨਾਂ ਭੈਣਾਂ ਨੇ ਸਾਬਿਤ ਕੀਤਾ ਕਿ ਸਿਰਫ ਮੁੰਡੇ ਹੀ ਨਹੀਂ ਕੁੜੀਆਂ ਵੀ ਰਕਸ਼ਾ ਬੰਧਨ ਦਾ ਫਰਜ਼ ਆਖ਼ਿਰੀ ਸਾਹਾਂ ਤੀਕ ਨਿਭਾਉਂਦੀਆਂ ਹਨ। ਮੋਹਾਲੀ ਦੀ ਇੱਕ ਔਰਤ ਨੇ ਲੁਧਿਆਣਾ ਦੇ ਇੱਕ ਸਰਕਾਰੀ ਦਫਤਰ ਵਿਛਕ ਗੈਰ ਰਸਮੀ ਮੁਲਾਕਾਤ ਦੌਰਾਨ ਦਸਿਆ ਕਿ ਉਸਨੇ ਆਪਣੀ ਮਾਂ ਅਤੇ ਦੋਹਾਂ ਭਰਾਵਾਂ ਦੀ ਜ਼ਿੰਦਗੀ ਬਣਾਉਣ ਲਈ ਖੁਦ ਵਿਆਹ ਤੱਕ ਨਹੀਂ ਕੀਤਾ। ਹੁਣ ਵਿਆਹ ਦੀ ਉਮਰ ਵੀ ਨਿਕਲ ਗਈ ਹੈ। ਹਾਈ ਬੀਪੀ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਵੀ ਲੱਗ ਗਈਆਂ ਹਨ। ਦੂਜੇ ਪਾਸੇ ਜਿਹਨਾਂ ਭਰਾਵਾਂ ਲਈ ਸਭ ਕੁਝ ਕੀਤਾ ਉਹ ਹੁਣ ਕਦੇ ਹਾਲ ਪੁੱਛਣ ਵੀ ਨਹੀਂ ਆਉਂਦੇ ਕਿ ਭੈਣ ਜਿਊਂਦੀ ਹੈ ਜਾਂ ਮਰ ਗਈ ਕਿਓਂਕਿ ਹੁਣ ਉਹਨਾਂ ਦੇ ਆਪਣੇ ਘਰ ਵੱਸ ਗਏ ਹਨ।
ਕਿਸੇ ਭੈਣ ਨੇ ਭਰਾਵਾਂ ਦੀ ਜ਼ਿੰਦਗੀ ਬਣਾਉਣ ਲਈ ਆਪਣੇ ਵਿਆਹ ਲਈ ਰੱਖੇ ਗਹਿਣੇ ਵੇਚ ਦਿੱਤੇ ਅਤੇ ਕਿਸੇ ਨੇ ਆਪਣੇ ਹਿੱਸੇ ਆਈ ਜ਼ਮੀਨ ਭਰਾਵਾਂ ਲਈ ਵੇਚ ਦਿੱਤੀ। ਕਿਸੇ ਨੇ ਖਤਰੇ ਮੁੱਲ ਲੈ ਕੇ ਆਪਣੇ ਭਰਾਵਾਂ ਨੂੰ ਦੁਸ਼ਮਣਾਂ ਤੋਂ ਬਚਾਇਆ। ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਜਿਹੜੀਆਂ ਅਕਸਰ ਪੁਰਸ਼ ਪ੍ਰਧਾਨ ਸਮਾਜ ਵਿੱਚ ਦੱਬ ਜਾਂਦੀਆਂ ਹਨ।