Showing posts with label Prithipal Singh Randhawa. Show all posts
Showing posts with label Prithipal Singh Randhawa. Show all posts

Sunday, July 24, 2016

ਸਿੱਖਿਆ ਦੇ ਨਿੱਜੀਕਰਨ ਦਾ ਵਰਤਾਰਾ ਭਾਰਤ ਵਿੱਚ 1947 ਤੋਂ ਹੀ ਮੌਜੂਦ ਰਿਹਾ

Sun, Jul 24, 2016 at 5:34 PM
ਮੋਦੀ ਸਰਕਾਰ ਦੇ ਆਉਣ ਮਗਰੋਂ ਸਿੱਖਿਆ ਦੇ ਭਗਵੇਂਕਰਨ ਦੀਆਂ ਕੋਸ਼ਿਸ਼ਾਂ ਤੇਜ਼
ਗੁਰਸ਼ਰਨ ਕਲਾ ਭਵਨਮੁੱਲਾਂਪੁਰ, ਜਿਲਾ ਲੁਧਿਆਣਾ: 24 ਜੁਲਾਈ 2016: (ਪੰਜਾਬ ਸਕਰੀਨ ਬਿਊਰੋ)
ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾਂ ਦੇ ਸ਼ਹੀਦੀ ਦਿਵਸ (18 ਜੁਲਾਈ) ਨੂੰ ਸਮਰਪਿਤ ਇੱਕ ਵਿਚਾਰ ਗੋਸ਼ਟੀ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾਂ ਯਾਦਗਾਰੀ ਕਮੇਟੀ ਵੱਲੋਂ ਗੁਰਸ਼ਰਨ ਕਲਾ ਭਵਨ, ਮੁੱਲਾਂਪੁਰ, ਜਿਲਾ ਲੁਧਿਆਣਾ ਵਿਖੇ ਕੀਤੀ ਗਈ। ਇਹ ਵਿਚਾਰ ਗੋਸ਼ਟੀ ‘ਨੌਜਵਾਨ ਵਿਦਿਆਰਥੀ ਲਹਿਰ ਨੂੰ ਦਰਪੇਸ਼ ਚੁਣੌਤੀਆਂ ਤੇ ਜਿੰਮੇਵਾਰੀਆਂ’ ਅਤੇ ‘ਨੌਜਵਾਨ-ਵਿਦਿਆਰਥੀ ਲਹਿਰ ਦਾ ਇਤਿਹਾਸ’ ਵਿਸ਼ਿਆਂ ‘ਤੇ ਕਰਵਾਈ ਗਈ। ਪਹਿਲੇ ਵਿਸ਼ੇ ਬਾਰੇ ਮੁੱਖ ਬੁਲਾਰੇ ਵਜੋਂ ‘ਪ੍ਰਤੀਬੱਧ’ ਦੇ ਸੰਪਾਦਕ ਸੁਖਵਿੰਦਰ ਅਤੇ ਦੂਜੇ ਵਿਸ਼ੇ ਬਾਰੇ ਮੁੱਖ ਬੁਲਾਰੇ ਵਜੋਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਵਿਚਾਰ ਪੇਸ਼ ਕੀਤੇ।
ਵਿਚਾਰ ਗੋਸ਼ਟੀ ਦੀ ਸ਼ੁਰੂਆਤ ਯਾਦਗਾਰੀ ਕਮੇਟੀ ਦੇ ਮੈਂਬਰਾਂ ਵੱਲੋਂ ਸ਼ਹੀਦ ਰੰਧਾਵਾ ਦੀ ਤਸਵੀਰ ਤੇ ਫੁੱਲ ਭੇਂਟ ਕਰਨ ਅਤੇ ਇਨਕਲਾਬੀ ਨਾਅਰਿਆਂ ਨਾਲ਼ ਕੀਤੀ ਗਈ। ਇਨਕਲਾਬੀ ਸਭਿਆਚਾਰਕ ਮੰਚ ‘ਦਸਤਕ’ ਦੇ ਸਾਥੀਆਂ ਕੁਲਵਿੰਦਰ ਤੇ ਸਤਿਆ ਨੇ ‘ਉਹਨਾਂ ਮਿੱਤਰਾਂ ਦੀ ਯਾਦ ਪਿਆਰੀ’ ਅਤੇ ‘ਅਸੀਂ ਨੀ ਮੰਨਦੇ ਓਸ ਰੱਬ ਨੂੰ’ ਗੀਤ ਪੇਸ਼ ਕੀਤੇ।
‘ਨੌਜਵਾਨ ਵਿਦਿਆਰਥੀ ਲਹਿਰ ਨੂੰ ਦਰਪੇਸ਼ ਚੁਣੌਤੀਆਂ ਤੇ ਜਿੰਮੇਵਾਰੀਆਂ’ ਵਿਸ਼ੇ ਤੇ ਬੋਲਦਿਆਂ ਸਾਥੀ ਸੁਖਵਿੰਦਰ ਨੇ ਕਿਹਾ ਕਿ ਜਦੋਂ ਅਸੀਂ ਨੌਜਵਾਨ-ਵਿਦਿਆਰਥੀ ਲਹਿਰ ਨੂੰ ਸੰਬੋਧਿਤ ਹੁੰਦੇ ਹਾਂ ਤਾਂ ਸਾਡੀ ਮੁਰਾਦ ਕਿਰਤੀ ਜਮਾਤਾਂ ਦੇ ਨੌਜਵਾਨਾਂ-ਵਿਦਿਆਰਥੀਆਂ ਦੀ ਲਹਿਰ ਤੋਂ ਹੁੰਦੀ ਹੈ ਨਾ ਕਿ ਲੋਟੂ-ਧਨਾਢ ਜਮਾਤਾਂ ਦੇ ਨੌਜਵਾਨਾਂ-ਵਿਦਿਆਰਥੀਆਂ ਤੋਂ। ਉਹਨਾਂ ਕਿਹਾ ਸੱਤਰਵਿਆਂ ਦੀ ਨੌਜਵਾਨ-ਵਿਦਿਆਰਥੀ ਲਹਿਰ ਦੇ ਮੁਕਾਬਲੇ ਮੋਜੂਦਾ ਸਮੇਂ ਵਿੱਚ ਵੱਡੀਆਂ ਤੇ ਗੰਭੀਰ ਚੁਣੌਤੀਆਂ ਹਨ। ਉਹਨਾਂ ਕਿਹਾ ਕਿ ਨੌਜਵਾਨ-ਵਿਦਿਆਰਥੀ ਲਹਿਰ ਅੱਗੇ ਸਿੱਖਿਆ ਦਾ ਨਿੱਜੀਕਰਨ, ਮੰਹਿਗੀ ਹੁੰਦੀ ਸਿੱਖਿਆ, ਇਸਦਾ ਭਗਵਾਂਕਰਨ, ਸਿੱਖਿਆ ਕੈਂਪਸਾ ‘ਚ ਜਮਹੂਰੀਅਤ ਦਾ ਘਟਦਾ ਘੇਰਾ, ਕਾਲਜਾਂ-ਯੂਨੀਵਰਸਿਟੀਆਂ ਦਾ ਕੁਲੀਨੀਕਰਨ, ਬੇਰੁਜਗਾਰੀ, ਗੁੰਡਾਗਰਦੀ, ਆਦਿ ਗੰਭੀਰ ਚੁਣੌਤੀਆਂ ਹਨ। ਉਹਨਾਂ ਕਿਹਾ ਕਿ ‘ਸਭ ਨੂੰ ਸਿੱਖਿਆ ਸਭ ਨੂੰ ਰੁਜਗਾਰ’ ਨੌਜਵਾਨ-ਵਿਦਿਆਰਥੀਆਂ ਲਹਿਰ ਦਾ ਮੁੱਖ ਨਾਅਰਾ ਹੋਣਾ ਚਾਹੀਦਾ ਹੈ। ਨੌਜਵਾਨ-ਵਿਦਿਆਰਥੀ ਲਹਿਰ ਕਿਰਤੀ ਲੋਕਾਂ ਦੀ ਪ੍ਰਬੰਧ ਵਿਰੋਧੀ ਲਹਿਰ ਨਾਲੋਂ, ਲੋਕ ਸੰਘਰਸ਼ਾਂ ਨਾਲੋਂ ਨਿੱਖਡ਼ਵੇਂ ਰੂਪ ਵਿੱਚ ਅੱਗੇ ਨਹੀਂ ਵੱਧ ਸਕਦੀ। ਕਿਰਤੀ ਲੋਕਾਂ ਦੀਆਂ ਲਹਿਰਾਂ ਨਾਲ਼ ਏਕਾ ਕਾਇਮ ਕਰਨਾ ਵੀ ਇਸਦਾ ਅਹਿਮ ਜਿੰਮੇਵਾਰੀ ਹੈ। ਉਹਨਾਂ ਤੱਥਾਂ ਸਹਿਤ ਦੱਸਿਆ ਕਿ ਕਿਸ ਤਰਾਂ ਸਿੱਖਿਆ ਦੇ ਨਿੱਜੀਕਰਨ ਦਾ ਵਰਤਾਰਾ ਭਾਰਤ ਵਿੱਚ 1947 ਤੋਂ ਹੀ ਮੌਜੂਦ ਰਿਹਾ ਹੈ। 1986 ਤੋਂ ਬਾਅਦ ਖਾਸਕਰ 1991 ਤੋਂ ਬਾਅਦ ਸਿੱਖਿਆ ਦੇ ਨਿੱਜੀਕਰਨ ਵਿੱਚ ਕਾਫੀ ਤੇਜੀ ਆ ਗਈ। ਉਹਨਾਂ ਕਿਹਾ ਕਿ ਬੇਰੁਜ਼ਗਾਰੀ ਮੌਜੂਦਾ ਪ੍ਰਬੰਧ ਦਾ ਅਨਿੱਖੜਵਾਂ ਅੰਗ ਹੈ ਪਰ ਇਸ ਸਮੇਂ ਸੰਸਾਰ ਪੱਧਰ ‘ਤੇ ਜਿਸ ਆਰਥਿਕ ਸੰਕਟ ਦੇ ਬੱਦਲ ਛਾਏ ਹੋਏ ਹਨ ਉਹ ਜਲਦ ਹੀ ਫਿਸਫੋਟਕ ਰੂਪ ਧਾਰਨ ਕਰਨ ਜਾ ਰਿਹਾ ਹੈ ਜਿਸ ਕਾਰਨ ਸੰਸਾਰ ਦੇ ਹੋਰ ਮੁਲਕਾਂ ਵਾਂਗ ਭਾਰਤ ਵਿੱਚ ਬੇਰੁਜ਼ਗਾਰੀ ਵੀ ਵਿਸਫੋਟਕ ਰੂਪ ਧਾਰਨ ਕਰਨ ਜਾ ਰਹੀ ਹੈ। ਮੋਦੀ ਸਰਕਾਰ ਦੇ ਆਉਣ ਤੋਂ ਸਿੱਖਿਆ ਦੇ ਭਗਵੇਂਕਰਨ ਦੀਆਂ ਕੋਸ਼ਿਸ਼ਾਂ ਬਹੁਤ ਤੇਜ਼ ਹੋ ਗਈਆਂ ਹਨ। ਇਤਿਹਾਸ ਨੂੰ ਫਿਰਕੂ ਢੰਗ ਨਾਲ਼ ਤੋੜਿਆ-ਮਰੋੜਿਆ ਜਾ ਰਿਹਾ ਹੈ।
‘ਨੌਜਵਾਨ-ਵਿਦਿਆਰਥੀ ਲਹਿਰ ਦੇ ਇਤਿਹਾਸ’ ਬਾਰੇ ਬੋਲਦਿਆਂ ਸਾਥੀ ਕੰਵਲਜੀਤ ਖੰਨਾ ਨੇ ਕਿਹਾ ਕਿ ਸੱਤਰਵਿਆਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਨੂੰ ਪੰਜਾਬ ਦੇ ਵਿਦਿਆਰਥੀਆਂ ਨੇ ਸਮੇਂ ਦੇ ਹਾਕਮਾਂ ਖਿਲਾਫ਼ ਜੋਰਦਾਰ ਸੰਘਰਸ਼ ਚਲਾਇਆ ਸੀ। ਉਹਨਾਂ ਮੋਗਾ ਘੋਲ, ਬਸ ਕਿਰਾਇਆ ਆਦਿ ਘੋਲਾਂ ਬਾਰੇ ਗੱਲ ਕਰਦਿਆਂ ਸਰੋਤਿਆਂ ਨੂੰ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਪੀ.ਐਸ.ਯੂ. ਨੇ ਪੰਜਾਬ ਦੀ ਕਿਰਤੀ ਲਹਿਰ ਨੂੰ ਅਨੇਕਾਂ ਆਗੂ ਦਿੱਤੇ ਹਨ ਜਿਹਨਾਂ ਚੋਂ ਅੱਜ ਵੀ ਬਹੁਤ ਸਾਰੇ ਸਰਗਰਮ ਹਨ। ਵਿਦਿਆਰਥੀਆਂ-ਨੌਜਵਾਨਾਂ ਨੇ ਅਨੇਕਾਂ ਮੌਕਿਆਂ ‘ਤੇ ਮਜ਼ਦੂਰਾਂ-ਕਿਸਾਨਾਂ ਤੇ ਹੋਰ ਕਿਰਤੀ ਲੋਕਾਂ ਦੇ ਹੱਕੀ ਘੋਲਾਂ ਦੌਰਾਨ ਉਹਨਾਂ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਆਪਣੀ ਜਿੰਮੇਵਾਰੀ ਨਿਭਾਈ ਹੈ। ਉਹਨਾਂ ਕਿਹਾ ਕਿ ਇਸ ਸ਼ਾਨਾਮੱਤੇ ਵਿਰਸੇ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਕਿ ਅੱਜ ਭਾਵੇਂ ਪੰਜਾਬ ਦੀ ਨੌਜਵਾਨ-ਵਿਦਿਆਰਥੀ ਲਹਿਰ ਸੱਤਰਵਿਆਂ ਵਾਲੇ ਮੁਕਾਮ ਤੋਂ ਕਾਫੀ ਹੇਠਾਂ ਹੈ ਪਰ ਲਹਿਰ ਦਾ ਭਵਿੱਖ ਕਾਫੀ ਰੋਸ਼ਨ ਹੈ। ਉਹਨਾਂ ਕਿਹਾ ਕਿ ਅੱਜ ਪੀ.ਐਸ.ਯੂ., ਪੀ.ਐਸ.ਯੂ. (ਲਲਕਾਰ), ਪੀ.ਐਸ.ਯੂ. (ਰੰਧਾਵਾ), ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਆਦਿ ਜੱਥੇਬੰਦੀਆਂ ਨੌਜਵਾਨਾਂ ਵਿਚਕਾਰ ਕੰਮ ਕਰ ਰਹੀਆਂ ਹਨ। ਉਨਹਾਂ ਕਿਹਾ ਕਿ ਇਹਨਾਂ ਵਿੱਚ ਅਨੇਕਾਂ ਮੁੱਦਿਆਂ ਤੇ ਮਤਭੇਦ ਹੋ ਸਕਦੇ ਹਨ ਪਰ ਇਹਨਾਂ ਨੂੰ ਵੱਖ-ਵੱਖ ਮੁੱਦਿਆਂ ਕੇ ਇਕਮੁੱਠ ਹੋ ਕੇ ਸਰਗਰਮੀ ਕਰਨੀ ਚਾਹੀਦੀ ਹੈ ਤਾਂ ਕਿ ਗੰਭੀਰ ਚੁਣੌਤੀਆਂ ਦਾ ਟਾਕਰਾ ਕੀਤਾ ਜਾ ਸਕੇ।
ਇਹਨਾਂ ਤੋਂ ਇਲਾਵਾ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਆਗੂ ਕਸਤੂਰੀ ਲਾਲ, ਮੁਬੰਈ ਤੋਂ ਆਏ ਜਮਹੂਰੀ ਅਧਿਕਾਰ ਕਾਰਕੁੰਨ ਹਰਸ਼ ਕੁਮਾਰ ਠਾਕੁਰ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਅਨੇਕਾਂ ਸਾਥੀਆਂ ਨੇ ਲਿਖਿਤ ਰੂਪ ਵਿੱਚ ਸਵਾਲ ਪੁੱਛੇ। ਕੁੱਲ ਮਿਲਾ ਕੇ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਯਾਦਗਾਰੀ ਕਮੇਟੀ ਅੱਜ ਇੱਕ ਚੰਗੀ ਵਿਚਾਰ-ਚਰਚਾ ਆਯੋਜਿਤ ਕਰਨ ਵਿੱਚ ਸਫਲ ਰਹੀ। ਮੰਚ ਸੰਚਾਲਕ ਗੁਰਦੀਪ ਬਾਸੀ ਨੇ ਕੀਤਾ। ਪ੍ਰਧਾਨਗੀ ਮੰਡਲ ਵਿੱਚ ਪਲਸ ਮੰਚ ਵੱਲੋਂ ਕਸਤੂਰੀ ਲਾਲ, ਨੌਜਵਾਨ ਭਾਰਤ ਸਭਾ ਵੱਲੋਂ ਬਲਜੀਤ, ਇਨਕਲਾਬੀ ਕੇਂਦਰ ਪੰਜਾਬ ਵੱਲੋਂ ਜਸਵੰਤ ਜੀਰਖ, ਜਮਹੂਰੀ ਅਧਿਕਾਰ ਸਭਾ ਵੱਲੋਂ ਸਤੀਸ਼ ਸਚਦੇਵਾ, ਡੈਮੋਕ੍ਰੇਟਿਕ ਇੰਪਲਾਈਜ ਫਰੰਟ ਵੱਲੋਂ ਰਮਨਜੀਤ ਸੰਧੂ ਸ਼ਾਮਲ ਸਨ।
ਇਸ ਦੇ ਨਾਲ਼ ਹੀ, ਵਿਚਾਰ ਗੋਸ਼ਟੀ ਤੋਂ ਬਾਅਦ ਗੁਜਰਾਤ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਦਲਿਤਾਂ ਤੇ ਮੁਸਲਮਾਨਾਂ ‘ਤੇ ਹਿੰਦੂਤਵਵਾਦੀ ਆਰ.ਐਸ.ਐਸ. ਦੇ ਫਿਰਕੂ-ਫਾਸ਼ੀ ਗੁੰਡਾ ਟੋਲਿਆਂ ਵੱਲੋਂ ਹੋ ਰਹੇ ਜੁਲਮਾਂ ਖਿਲਾਫ਼ ਤੇ ਉਹਨਾਂ ਦੇ ਹੱਕੀ ਘੋਲਾਂ ਦੇ ਹੱਕ ਵਿੱਚ  ਗੁਰਸ਼ਰਨ ਕਲਾ ਭਵਨ ਤੋਂ ਲੈ ਕੇ ਬਸ ਅੱਡੇ ਤੱਕ ਪੈਦਲ ਮਾਰਚ ਕੀਤਾ ਗਿਆ ਤੇ ਬੱਸ ਅੱਡੇ ਤੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ। 

Friday, July 18, 2014

ਸ਼ਹੀਦ ਪ੍ਰਿਥੀਪਾਲ ਰੰਧਾਵਾ:18 ਜੁਲਾਈ ਨੂੰ ਸ਼ਹੀਦੀ ਦਿਵਸ ਮੌਕੇ ਵਿਸ਼ੇਸ਼

ਜਿਉਣ-ਮਰਨ ਦੀ ਸ਼ਾਨਦਾਰ ਰਵਾਇਤ!
''ਸਾਰੇ ਬੰਦਿਆਂ ਨੇ ਮਰ ਹੀ ਜਾਣਾ ਹੈ, ਪਰ ਮਹੱਤਤਾ ਪੱਖੋਂ ਮੌਤ ਮੌਤ ਵਿੱਚ ਫਰਕ ਹੋ ਸਕਦਾ ਹੈ। ਪਰਾਚੀਨ ਚੀਨੀ ਲਿਖਾਰੀ ਜ਼ੂਮਾ ਚੀਅਨ ਨੇ ਕਿਹਾ ਸੀ, ''ਭਾਵੇਂ ਸਾਰੇ ਬੰਦਿਆਂ ਨੂੰ ਇੱਕੋ ਜਿਹੀ ਮੌਤ ਆਉਂਦੀ ਹੈ, ਪਰ ਇਹ ਤਾਈ ਪਰਬਤ ਤੋਂ ਭਾਰੀ ਵੀ ਹੋ ਸਕਦੀ ਹੈ ਜਾਂ ਫੰਘ ਤੋਂ ਹੌਲੀ ਵੀ'' ਲੋਕਾਂ ਵਾਸਤੇ ਮਰਨਾ ਤਾਈ ਪਰਬਤ ਤੋਂ ਭਾਰੀ ਹੈ ਪਰ ਫਾਸ਼ਿਸਟਾਂ ਵਾਸਤੇ ਕੰਮ ਕਰਨਾ ਅਤੇ ਲੁਟੇਰਿਆਂ ਤੇ ਜਾਬਰਾਂ ਵਾਸਤੇ ਮਰ ਜਾਣਾ ਫੰਘ ਤੋਂ ਹੌਲਾ ਹੈ।''  -ਮਾਓ-ਜ਼ੇ-ਤੁੰਗ
ਅੱਜ ਤੋਂ 33 ਵਰ੍ਹੇ ਪਹਿਲਾਂ ਪੰਜਾਬ ਦੇ ਵਿਦਿਆਰਥੀਆਂ ਨੌਜਵਾਨਾਂ ਦਾ ਸਭ ਤੋਂ ਸਤਿਕਾਰਿਆ ਜਾਣ ਵਾਲਾ ਆਗੂ ਪ੍ਰਿਥੀਪਾਲ ਸਿੰਘ ਰੰਧਾਵਾ ਅਜਿਹੀ ਹੀ ਪਰਬਤੋਂ ਭਾਰੀ ਮੌਤ ਦੇ ਗਲ ਜਾ ਲੱਗਿਆ। ਮੌਤ! ਜਿਹੜੀ ਲੁੱਟ ਅਤੇ ਦਾਬੇ ਵਿਰੁੱਧ ਲੋਕਾਂ ਦੀ ਮੁਕਤੀ ਦੇ ਕਾਜ਼ ਲਈ ਜੂਝਦੇ ਹਜ਼ਾਰਾਂ ਜੁਝਾਰੂਆਂ ਦੇ ਮਨਾਂ ਅੰਦਰਲੀ ਜਮਾਤੀ ਨਫਰਤ ਨੂੰ ਪਰਚੰਡ ਕਰਨ ਵਾਲਾ ਪ੍ਰੇਰਨਾ ਸਰੋਤ ਬਣ ਗਈ। 
18 ਜੁਲਾਈ 1979, (ਜਿਸ ਦਿਨ ਲੋਕ ਦੁਸ਼ਮਣ ਤਾਕਤਾਂ ਦੇ ਸ਼ਿਸ਼ਕਾਰੇ ਹੋਏ ਜ਼ਰਖਰੀਦ ਗੁੰਡਿਆਂ ਨੇ ਇਸ ਹੋਣਹਾਰ ਸਖਸ਼ੀਅਤ ਨੂੰ ਨਿਗਲਿਆ ਸੀ) ਜਿੱਥੇ ਆਏ ਵਰ੍ਹੇ ਪੰਜਾਬ ਦੀ ਇਨਕਲਾਬੀ ਜਨਤਕ ਲਹਿਰ ਲਈ, ਇਸ ਸੁਘੜ ਜਨਤਕ ਆਗੂ ਦੀ ਅਣਹੋਂਦ ਦਾ ਦਿਲ ਵਿੰਨ੍ਹਵਾਂ ਅਹਿਸਾਸ ਲੈ ਕੇ ਆਉਂਦੀ ਹੈ, ਉਥੇ ਨਾਲ ਹੀ ਪ੍ਰਿਥੀ ਦੇ ਸ਼ਾਨਦਾਰ ਇਨਕਲਾਬੀ ਜੀਵਨ ਅਤੇ ਉਸਦੀ ਸੂਰਬੀਰਤਾ ਭਰੀ ਮੌਤ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਦਾ ਸੰਦੇਸ਼ ਲੈ ਕੇ ਆਉਂਦੀ ਹੈ। 
ਪ੍ਰਿਥੀ ਨੇ ਪੰਜਾਬ ਅੰਦਰ ਇਨਕਲਾਬੀ ਜਨਤਕ ਲਹਿਰ ਦੀ ਉਸਾਰੀ ਵਿੱਚ ਇੱਕ ਜਨਤਕ ਆਗੂ ਵਜੋਂ ਸਭ ਤੋਂ ਉੱਘੜਵਾਂ ਰੋਲ ਨਿਭਾਇਆ। ਉਸਦੀ ਅਗਵਾਈ ਵਿੱਚ ਉੱਸਰੀ ਪੰਜਾਬ ਸਟੂਡੈਂਟਸ ਯੂਨੀਅਨ ਨਾ ਸਿਰਫ ਪੰਜਾਬ ਦੇ ਵਿਦਿਆਰਥੀਆਂ ਦੀ ਮਾਣ-ਤਾਣ ਵਾਲੀ ਲੜਾਕੂ ਜਥੇਬੰਦੀ ਵਜੋਂ ਉੱਭਰੀ ਸਗੋਂ ਇਸਨੇ ਪੰਜਾਬੀ ਦੀ ਇਨਕਲਾਬੀ ਜਮਹੂਰੀ ਲਹਿਰ ਅੰਦਰ ਚੇਤਨ ਅਤੇ ਖਾੜਕੂ ਜੱਦੋਜਹਿਦਾਂ ਦੀਆਂ ਸ਼ਾਨਦਾਰ ਰਵਾਇਤਾਂ ਦੀ ਸਿਰਜਣਾ ਵਿੱਚ ਮੋਹਰੀ ਰੋਲ ਅਦਾ ਕੀਤਾ। ਦਰੁਸਤ ਕਮਿਊਨਿਸਟ ਇਨਕਲਾਬੀ ਸਿਆਸਤ ਤੋਂ ਅਗਵਾਈ ਅਤੇ ਪ੍ਰੇਰਨਾ ਲੈਣ ਅਤੇ ਇਸਨੂੰ ਜਨਤਕ ਸਰਗਰਮੀ ਦੇ ਖੇਤਰ ਵਿੱਚ ਲਾਗੂ ਕਰਨ ਦੀ ਆਪਣੀ ਯੋਗਤਾ ਸਦਕਾ ਪਿਰਥੀ ਨੇ ਪੰਜਾਬ ਅੰਦਰ ਜਬਰਦਸਤ ਖਾੜਕੂ ਇਨਕਲਾਬੀ ਜਨਤਕ ਲਹਿਰ ਨੂੰ ਜਥੇਬੰਦ ਕਰਨ ਅਤੇ ਅਗਵਾਈ ਦੇਣ ਵਿੱਚ ਉੱਭਰਵਾਂ ਰੋਲ ਅਦਾ ਕੀਤਾ। ਇਹ ਦਰੁਸਤ ਇਨਕਲਾਬੀ ਸਿਆਸਤ ਵਿੱਚ ਉਸਦੀ ਅਡੋਲ ਨਿਹਚਾ ਕਰਕੇ ਹੀ ਸੀ ਕਿ ਉਸਨੇ 1970-71 ਦੇ ਉਸ ਦੌਰ ਵਿੱਚ ਖਿੰਡੀ ਹੋਈ ਇਨਕਲਾਬੀ ਵਿਦਿਆਰਥੀ ਜਥੇਬੰਦੀ ਨੂੰ ਮੁੜ ਜਥੇਬੰਦ ਕਰਨ ਦਾ ਬੀੜਾ ਚੁੱਕਿਆ ਜਦੋਂ ਕਮਿਊਨਿਸਟ ਇਨਕਲਾਬੀ ਲਹਿਰ ਅੰਦਰਲਾ ਮਾਅਰਕੇਬਾਜ਼ ਰੁਝਾਨ ਚੜ੍ਹਤ ਵਿੱਚ ਸੀ। ਜਦੋਂ ਇਨਕਲਾਬੀ ਜਨਤਕ ਲੀਹ ਵਿੱਚ ਅਡੋਲ ਨਿਹਚਾ ਦੇ ਬਗੈਰ- ਇਹ ਵਿਸ਼ਵਾਸ਼ ਕਰਨਾ ਸੰਭਵ ਨਹੀਂ ਸੀ ਕਿ ਹਾਕਮ ਜਮਾਤਾਂ ਦੇ ਭਿਆਨਕ ਜਬਰ ਦੇ ਬਾਵਜੂਦ ਜਨਤਕ ਜਥੇਬੰਦੀਆਂ ਉਸਾਰੀਆਂ ਅਤੇ ਕਾਇਮ ਰੱਖੀਆਂ ਜਾ ਸਕਦੀਆਂ ਹਨ। ਪਿਰਥੀ ਦੀ ਅਗਵਾਈ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਨੇ ਇਨਕਲਾਬੀ ਜਨਤਕ ਲੀਹ ਦੀ ਖਰੀ ਝੰਡਾਬਰਦਾਰ ਵਜੋਂ ਮਾਅਰਕੇਬਾਜ਼ ਅਤੇ ਸੋਧਵਾਦੀ ਰੁਝਾਨਾਂ ਵਿਰੁੱਧ ਡਟਵੀਂ ਲੜਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਵਿਸ਼ਾਲ ਹਿੱਸਿਆਂ ਨੂੰ ਇਹਨਾਂ ਰੁਝਾਨਾਂ ਤੋਂ ਮੁਕਤ ਰੱਖਿਆ। 
ਰੰਧਾਵਾ ਦੀ ਅਗਵਾਈ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵੱਖ ਵੱਖ ਤਬਕਿਆਂ ਦੀ ਸਾਂਝੀ ਜਨਤਕ ਲਹਿਰ ਦੀ ਉਸਾਰੀ ਕਰਨ ਅਤੇ ਲੋਕਾਂ ਅੰਦਰ ਜਮਹੂਰੀ ਹੱਕਾਂ ਦੀ ਸੋਝੀ ਦਾ ਪਸਾਰਾ ਕਰਨ ਵਿੱਚ ਨਿਭਾਏ ਵਿਲੱਖਣ ਰੋਲ ਨੇ ਵਿਦਿਆਰਥੀਆਂ-ਨੌਜੁਆਨਾਂ ਤੋਂ ਇਲਾਵਾ ਲੋਕਾਂ ਦੇ ਹੋਰਨਾਂ ਜੁਝਾਰ ਹਿੱਸਿਆਂ ਦੇ ਮਨਾਂ ਵਿੱਚ ਵੀ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪਿਰਥੀਪਾਲ ਰੰਧਾਵਾ ਦੀ ਵਿਸ਼ੇਸ਼ ਥਾਂ ਬਣਾ ਦਿੱਤੀ ਸੀ। ਇਸੇ ਕਰਕੇ ਪਿਰਥੀ ਦਾ ਨਕਸ਼ਾ ਇੱਕ ਹਰਮਨ ਪਿਆਰੇ ਵਿਦਿਆਰਥੀ ਆਗੂ ਤੋਂ ਅੱਗੇ ਵਧ ਕੇ ਆਮ ਲੋਕਾਂ ਦੇ ਇੱਕ ਆਗੂ ਵਿੱਚ ਵਟਦਾ ਜਾ ਰਿਹਾ ਸੀ। 
ਪ੍ਰਿਥੀ ਦੀ ਸਖਸ਼ੀਅਤ ਇੱਕ ਵਧੀਆ ਕਮਿਊਨਿਸਟ ਵਾਲੇ ਸ਼ਾਨਦਾਰ ਗੁਣਾਂ ਦੀ ਮਾਲਕ ਸੀ। ਵਿਦਿਆਰਥੀਆਂ ਅਤੇ ਹੋਰਨਾਂ ਲੋਕਾਂ ਵਿੱਚ ਬਣੇ ਉਸਦੇ ਮਾਣ ਤਾਣ ਵਾਲੇ ਰੁਤਬੇ ਨੇ ਉਸਨੂੰ ਕਦੇ ਵੀ ਫਤੂਰ ਨਹੀਂ ਚਾੜ੍ਹਿਆ। ਆਪਣੇ ਸਮੁੱਚੇ ਇਨਕਲਾਬੀ ਜੀਵਨ ਦੌਰਾਨ ਉਸਨੇ ਇਨਕਲਾਬੀ ਜਥੇਬੰਦੀ ਦੀ ਸਮੁਹਿਕ ਇੱਛਾ  ਸਾਹਮਣੇ ਚੇਤਨ ਆਪਾ ਸਮਰਪਣ  ਦੀ ਸ਼ਾਨਦਾਰ ਰਵਾਇਤ ਨੂੰ ਉੱਚੀ ਚੁੱਕਿਆ। ਵਿਦਿਆਰਥੀਆਂ ਅਤੇ ਲੋਕਾਂ ਲਈ ਗਹਿਰੇ ਨਿੱਘ ਅਤੇ ਸਤਿਕਾਰ ਦੀਆਂ ਭਾਵਨਾਵਾਂ ਨਾਲ ਭਰੇ ਇਸ ਆਗੂ ਦੀ ਸਖਸ਼ੀਅਤ ਲਈ ਛੋਟਾਪਣ ਅਤੇ ਤੰਗਨਜ਼ਰੀ ਬਿਲਕੁੱਲ ਓਪਰੇ ਸਨ। ਮਾਅਰਕੇਬਾਜ਼ ਅਤੇ ਸੋਧਵਾਦੀ ਸਿਆਸਤ ਦੇ ਪੈਰੋਕਾਰਾਂ ਵੱਲੋਂ ਸਮੇਂ ਸਮੇਂ ਉਸਦੀ ਸਖਸ਼ੀਅਤ ਉੱਤੇ ਘਟੀਆ ਨਿੱਜੀ ਤੋਹਮਤਬਾਜ਼ੀ ਨਾਲ ਭਰੇ ਜ਼ਹਿਰੀਲੇ ਹਮਲੇ ਹੁੰਦੇ ਰਹੇ। ਪਰ ਉਸ ਨੇ ਨਾ ਹੀ ਇਹਨਾਂ ਦੀ ਕਦੇ ਪ੍ਰਵਾਹ ਕੀਤੀ ਅਤੇ ਨਾ ਹੀ ਆਪਣੇ ਆਪ ਨੂੰ, ਸਿਆਸੀ ਵਿਰੋਧੀਆਂ ਨਾਲ ਵਿਚਾਰਧਾਰਕ ਲੜਾਈ ਰਾਹੀਂ ਨਜਿੱਠਣ ਦੇ ਮਿਆਰ ਤੋਂ ਨੀਵਾਂ ਡਿਗਣ ਦਿੱਤਾ। ਆਪਣੇ ਗੰਭੀਰ, ਵਿਚਾਰਸ਼ੀਲ ਅਤੇ ਨਿੱਘੇ ਸੁਭਾਅ ਕਰਕੇ ਉਹ ਉਹਨਾਂ ਸਾਰੇ ਲੋਕਾਂ ਨੂੰ ਪਿਆਰਾ ਲੱਗਣ ਲੱਗ ਪਿਆ ਸੀ, ਜਿਹੜੇ ਵੀ ਉਸਦੀ ਪ੍ਰਭਾਵਸ਼ਾਲੀ ਸਖਸ਼ੀਅਤ ਦੇ ਵਾਹ ਵਿੱਚ ਆਏ। 
ਬਹੁਤ ਹੀ ਹਰਮਨ ਪਿਆਰਾ ਅਤੇ ਸਤਿਕਾਰਿਆ ਇਨਕਲਾਬੀ ਘੁਲਾਟੀਆ ਹੋਣ ਕਰਕੇ ਅਤੇ ਇੱਕ ਵਿਲੱਖਣ ਇਨਕਲਾਬੀ ਜਨਤਕ ਆਗੂ ਵਾਲੇ ਗੁਣਾਂ ਦਾ ਮਾਲਕ ਹੋਣ ਕਰਕੇ ਪਿਰਥੀ ਦੀ ਸਖਸ਼ੀਅਤ ਇਸ ਲੁਟੇਰੇ ਸਮਾਜਿਕ ਪ੍ਰਬੰਧ ਲਈ ਖਤਰਾ ਬਣ ਕੇ ਉੱਭਰ ਰਹੀ ਸੀ। ਪਿਰਥੀ ਦੀ ਸ਼ਹੀਦੀ ਨਾਲ ਵੀ ਲੋਕ ਦੁਸ਼ਮਣ ਤਾਕਤਾਂ ਇਸ ਖਤਰੇ ਤੋਂ ਸੁਰਖਰੂ ਨਹੀਂ ਹੋ ਸਕੀਆਂ। ਉਸਦੇ ਕਤਲ ਵਿਰੁੱਧ ਚੱਲੀ ਲੋਕਾਂ ਦੀ ਜਬਰਦਸਤ ਵਿਰੋਧ ਲਹਿਰ ਲੋਕ ਮਨਾਂ ਅੰਦਰ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪਿਰਥੀਪਾਲ ਰੰਧਾਵਾ ਦੀ ਸਖਸ਼ੀਅਤ ਦੇ ਡੂੰਘੇ ਅਸਰ ਦਾ ਬੱਝਵਾਂ ਪ੍ਰਗਟਾਵਾ ਸੀ। ਰੰਧਾਵਾ ਘੋਲ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਵੱਲੋਂ ਇੱਕ ਦਹਾਕੇ ਵਿੱਚ ਸਿਰਜੀਆਂ ਉਹਨਾਂ ਸ਼ਾਨਦਾਰ ਰਵਾਇਤਾਂ ਦਾ ਪ੍ਰਤੀਕ ਸੀ- ਜਿਹਨਾਂ ਨੂੰ ਪ੍ਰਫੁੱਲਤ ਕਰਨ ਵਿੱਚ ਪਿਰਥੀ ਨੇ ਉੱਭਰਵਾਂ ਰੋਲ ਨਿਭਾਇਆ। ਇਨਕਲਾਬੀ ਜਨਤਕ ਲਹਿਰ ਨੂੰ ਹੁਲਾਰਾ ਦੇ ਕੇ ਅਤੇ ਹਾਕਮ ਜਮਾਤਾਂ ਵਿਰੁੱਧ ਲੋਕਾਂ ਦੀ ਜਮਾਤੀ ਨਫਰਤ ਨੂੰ ਹੋਰ ਪਰਚੰਡ ਕਰਕੇ ਇਸ ਘੋਲ ਨੇ ਵਿਖਾ ਦਿੱਤਾ ਕਿ ਲੋਕ ਆਗੂਆਂ ਦੇ ਕਤਲਾਂ ਰਾਹੀਂ ਹਾਕਮ ਜਮਾਤਾਂ ਇਨਕਲਾਬੀ ਸ਼ਕਤੀਆਂ ਹੱਥੋਂ ਆਪਣੀ ਮੌਤ ਦੇ ਖਤਰੇ ਤੋਂ 'ਸੁਰਖਰੂ' ਨਹੀਂ ਹੋ ਸਕਦੀਆਂ।
ਪ੍ਰਿਥੀ ਦੀ ਜ਼ਿੰਦਗੀ ਅਤੇ ਮੌਤ ਇਨਕਲਾਬੀ ਲਹਿਰ ਦੇ ਕਾਜ ਅੰਦਰ ਦ੍ਰਿੜ੍ਹ ਵਿਸ਼ਵਾਸ਼ ਵਾਲੇ ਇਨਕਲਾਬੀ ਹੌਂਸਲੇ ਅਤੇ ਕੁਰਬਾਨੀ ਦੀ ਸ਼ਾਨਦਾਰ ਕਮਿਊਨਿਸਟ ਰਵਾਇਤ ਦੀ ਤਰਜਮਾਨ ਸੀ। ਅੱਜ ਪਿਰਥੀ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਅਰਥ ਉਸਦੀ ਜ਼ਿੰਦਗੀ ਅਤੇ ਮੌਤ ਤੋਂ ਪ੍ਰੇਰਨਾ ਲੈਂਦਿਆਂ ਉਸ ਦਰੁਸਤ ਇਨਕਲਾਬੀ ਲੀਹ ਦੀ ਰਾਖੀ ਅਤੇ ਵਧਾਰੇ ਲਈ ਡਟਣਾ ਹੈ, ਜੀਹਦੇ 'ਤੇ ਪਿਰਥੀ ਅੰਤਲੇ ਸਾਹਾਂ ਤੱਕ ਡਟਿਆ ਰਿਹਾ।  (ਸੁਰਖ ਰੇਖਾ ਚੋਂ ਧੰਨਵਾਦ ਸਹਿਤ)

ਪ੍ਰੇਰਨਾਮਈ ਹੈ ਪ੍ਰਿਥੀ ਦਾ ਜੀਵਨ ਤੇ ਕੁਰਬਾਨੀ

Thursday, July 17, 2014

ਪ੍ਰੇਰਨਾਮਈ ਹੈ ਪ੍ਰਿਥੀ ਦਾ ਜੀਵਨ ਤੇ ਕੁਰਬਾਨੀ

18 ਜੁਲਾਈ ਸ਼ਹੀਦੀ ਦਿਵਸ 'ਤੇ                          ਸਾਡੇ ਸੱਜਰੇ ਇਤਿਹਾਸ ਦੇ ਪੰਨੇ

ਅੱਜ ਪ੍ਰਿਥੀਪਾਲ ਰੰਧਾਵਾ ਦੀ ਸ਼ਹਾਦਤ ਨੂੰ 31 ਵਰ੍ਹੇ (ਹੁਣ 33) ਹੋ ਗਏ ਹਨ। ਉਹਦੀ ਸ਼ਹਾਦਤ ਦੀ ਖਬਰ ਪੰਜਾਬ ਦੇ ਵਿਦਿਆਰਥੀ ਜਗਤ ਤੇ ਹੋਰਨਾਂ ਮਿਹਨਤਕਸ਼ ਲੋਕਾਂ ਲਈ ਵੱਡਾ ਝੰਜੋੜਾ ਲੈ ਕੇ ਆਈ ਸੀ। ਪ੍ਰਿਥੀ 70ਵਿਆਂ ਦੀ ਉਸ ਵਿਦਿਆਰਥੀ ਲਹਿਰ ਦਾ ਮਾਣ ਤੇ ਸ਼ਾਨ ਸੀ ਜੀਹਨੇ ਪੰਜਾਬ ਦੀ ਜਵਾਨੀ ਨੂੰ ਜ਼ਿੰਦਗੀ ਜਿਉਣ ਦਾ ਪਾਠ ਪੜ੍ਹਾਇਆ। ਉਸਨੇ ਲੱਗਭਗ 7 ਵਰ੍ਹੇ ਪੀ.ਐਸ.ਯੂ. ਦੇ ਜਨਰਲ ਸਕੱਤਰ ਵਜੋਂ ਵਿਦਿਆਰਥੀ ਵਰਗ ਦੀ ਅਗਵਾਈ ਕੀਤੀ।
ਪ੍ਰਿਥੀ ਦੀ ਜਵਾਨੀ ਦਾ ਉਹ ਦਹਾਕਾ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਲਹਿਰ ਦਾ ਉਹ ਸੁਨਹਿਰੀ ਪੰਨਾ ਹੈ ਜਿਹੜਾ ਸਾਨੂੰ ਭਾਵੇਂ ਕਿਧਰੇ ਕਿਤਾਬਾਂ 'ਚੋਂ ਨਹੀਂ ਮਿਲਦਾ ਪਰ ਪੰਜਾਬ ਦੇ ਕਾਲਜਾਂ ਦੀਆਂ ਕੰਧਾਂ ਤੇ ਉਹਦੀ ਪੀੜ੍ਹੀ ਦੇ ਲੋਕਾ ਦੇ ਚੇਤਿਆਂ 'ਤੇ ਉਕਰਿਆ ਦਿਖਦਾ ਹੈ। ਆਪਣੀ ਵਿਦਿਆਰਥੀ ਸਰਗਰਮੀ ਦੌਰਾਨ ਮੈਂ ਬਹੁਤ ਸਾਰੇ ਅਧਿਆਪਕਾਂ, ਪ੍ਰਿੰਸੀਪਲਾਂ, ਪੱਤਰਕਾਰਾਂ ਤੇ ਵੱਖ-2 ਜਥੇਬੰਦੀਆਂ 'ਚ ਸਰਗਰਮ ਵਿਅਕਤੀਆਂ ਦੇ ਸੰਪਰਕ 'ਚ ਆਇਆ ਹਾਂ, ਸਭਨਾਂ ਦੀਆਂ ਗੱਲਾਂ 'ਚ ਪ੍ਰਿਥੀ ਦਾ ਜ਼ਿਕਰ ਜ਼ਰੂਰ ਛਿੜ ਪੈਂਦਾ ਹੈ, ਜੀਹਦੇ 'ਚ ਓਹਦੀ ਸ਼ਹਾਦਤ ਤੇ ਜੀਵਨ ਘਾਲਣਾ ਲਈ ਸ਼ਰਧਾ ਤੇ ਸਨਮਾਨ ਦਾ ਭਾਵ ਤਾਂ ਦਿਖਦਾ ਹੀ ਹੈ ਸਗੋਂ ਉਹਦੇ ਸਮਕਾਲੀ ਹੋਣ ਦਾ ਮਾਣ ਵੀ ਝਲਕਦਾ ਹੈ।
ਪੰਜਾਬ ਦੇ ਲੋਕਾਂ ਖਾਸ ਕਰ ਨੌਜਵਾਨਾਂ ਤੇ ਵਿਦਿਆਰਥੀਆਂ 'ਚ ਪ੍ਰਿਥੀ ਦੇ ਪਿਆਰੇ ਤੇ ਸਤਿਕਾਰੇ ਜਾਣ ਦਾ ਅੰਦਾਜ਼ਾ ਉਹਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੀ ਧਰਤੀ 'ਤੇ ਚੱਲੀ ਵਿਸ਼ਾਲ ਰੋਸ ਲਹਿਰ ਦੇ ਝਲਕਾਰਿਆਂ ਤੋਂ ਲੱਗਦਾ ਹੈ। ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਪੂਰੇ ਦੇਸ਼ ਅੰਦਰ ਜਨਤਕ ਰੋਹ ਦੇ ਸੇਕ ਨੇ ਅੰਗਰੇਜ਼ ਹਾਕਮਾਂ ਨੂੰ ਲੂਹ ਸੁੱਟਿਆ ਸੀ। ਉਸ ਤੋਂ ਬਾਅਦ ਕਿਸੇ ਜਨਤਕ ਆਗੂ ਦੀ ਸ਼ਹਾਦਤ ਨੇ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਹਲੂਣਾ ਦਿੱਤਾ ਤਾਂ ਉਹ ਪ੍ਰਿਥੀਪਾਲ ਰੰਧਾਵਾ ਦੀ ਸ਼ਹਾਦਤ ਸੀ।
ਪ੍ਰਿਥੀ 19 ਵਰ੍ਹਿਆਂ ਦਾ ਸੀ ਜਦੋਂ ਪੀ.ਏ.ਯੂ. ਲੁਧਿਆਣੇ 'ਚ ਆਪਣੇ ਸੰਗੀਆਂ ਦੀ ਛੋਟੀ ਟੁਕੜੀ ਨਾਲ ਰਲ ਕੇ ਕਦੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਬਣਾਈ ਪੰਜਾਬ ਸਟੂਡੈਂਟ ਯੂਨੀਅਨ ਦੇ ਨਾਂ ਹੇਠ ਵਿਦਿਆਰਥੀਆਂ ਨੂੰ ਚੇਤਨ ਕਰਨ ਤੇ ਜਥੇਬੰਦ ਕਰਨ 'ਚ ਜੁਟ ਗਿਆ ਸੀ। ਅਜਿਹੇ ਸਮਿਆਂ 'ਚ ਜਦੋਂ ਹੱਕ ਸੱਚ ਦੀ ਗੱਲ ਕਰਨ ਦੀ ਕੀਮਤ ਕਾਲਜ 'ਚੋਂ ਕੱਢੇ ਜਾਣ ਤੋਂ ਲੈ ਕੇ ਜਾਨ ਤੱਕ ਹੋ ਸਕਦੀ ਸੀ । ਪਰ ਪ੍ਰਿਥੀ ਨੇ ਇਹਨਾਂ ਬੇਹੱਦ ਔਖੀਆਂ ਹਾਲਤਾਂ 'ਚ ਵੱਡੇ ਹੌਂਸਲੇ ਤੇ ਲੋਹੜੇ ਦੇ ਸਬਰ ਨਾਲ, ਹੱਕ ਸੱਚ ਦਾ ਪਰਚਮ ਬੁਲੰਦ ਰੱਖਣ ਦੀਆਂ ਅਜਿਹੀਆਂ ਰਵਾਇਤਾਂ ਸਿਰਜੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਰੁਸ਼ਨਾਉਂਦੀਆਂ ਰਹਿਣਗੀਆਂ।
ਜਦੋਂ ਅਕਤੂਬਰ 1972 'ਚ ਮੋਗੇ ਦੇ ਰੀਗਲ ਸਿਨੇਮੇ ਦੇ ਮਾਲਕਾਂ ਦੀ ਗੁੰਡਾਗਰਦੀ ਤੇ ਹਕੂਮਤੀ ਧੱਕੇਸ਼ਾਹੀ ਖਿਲਾਫ਼ ਪੰਜਾਬ ਦੇ ਵਿਦਿਆਰਥੀਆਂ ਨੇ ਪ੍ਰਿਥੀ ਦੀ ਅਗਵਾਈ 'ਚ ਸ਼ਾਨਾਮੱਤਾ ਸੰਗਰਾਮ ਲੜਿਆ ਤਾਂ ਪੀ.ਐਸ.ਯੂ. ਹਰ ਸਕੂਲ/ਕਾਲਜ ਤੱਕ ਫੈਲ਼ ਗਈ। ਵਿਦਿਆਰਥੀ ਨਿਆਸਰੇ ਨਾ ਰਹੇ ਸਗੋਂ ਇਕ ਚੇਤਨ ਤੇ ਜਥੇਬੰਦ ਤਾਕਤ ਬਣ ਗਏ। ਵਿਦਿਅਕ ਪ੍ਰਬੰਧਾਂ ਦੇ ਵਿਗਾੜਾਂ ਖਿਲਾਫ਼ ਅਤੇ ਵਿਦਿਅਕ ਸੰਸਥਾਵਾਂ 'ਚ ਜਮਹੂਰੀ ਮਾਹੌਲ ਦੀ ਸਥਾਪਤੀ ਲਈ ਜੂਝਦੇ ਵਿਦਿਆਰਥੀਆਂ ਦੇ ਜੋਸ਼ੀਲੇ ਤੇ ਜ਼ਬਤਬੱਧ ਕਾਫ਼ਲੇ ਹੋਰਨਾਂ ਮਿਹਤਨਕਸ਼ਲ ਤਬਕਿਆਂ ਲਈ ਵੀ ਜਥੇਬੰਦ ਹੋਣ ਤੇ ਜੂਝਣ ਦੀ ਪ੍ਰੇਰਨਾ ਬਣਨ ਲੱਗੇ। ਇਹ ਪ੍ਰਿਥੀਪਾਲ ਰੰਧਾਵੇ ਦੀ ਅਗਵਾਈ ਹੀ ਸੀ ਕਿ ਜੇਕਰ 1974 'ਚ ਦੇਸ਼ ਅੰਦਰ ਜੇ.ਪੀ. ਲਹਿਰ ਚੱਲੀ ਤਾਂ ਪੀ.ਐਸ.ਯੂ. ਨੇ ਲੋਕਾਂ ਨੂੰ ਭਟਕਾਊ ਨਾਅਰਿਆਂ ਤੋਂ ਸੁਚੇਤ ਕੀਤਾ ਅਤੇ ਆਪਣੇ ਸਮਾਜਿਕ ਰੋਲ ਨੂੰ ਪਹਿਚਾਣਦਿਆਂ ਸਿਰਫ ਵਿਦਿਆਰਥੀ ਮਸਲਿਆਂ ਤੱਕ ਸੀਮਤ ਨਾ ਰਹਿ ਕੇ ਵੱਡੀ ਜ਼ਿੰਮੇਵਾਰੀ ਨਿਭਾਉਦਿਆਂ, ਮੋਗੇ 'ਚ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਦੀ ਵੱਡੀ ਸੰਗਰਾਮ ਰੈਲੀ ਜਥੇਬੰਦ ਕੀਤੀ ਤੇ ਕੌਮ ਲਈ ਕਲਿਆਣ ਦਾ ਮਾਰਗ ਪੇਸ਼ ਕੀਤਾ। ਜੂਨ 75 'ਚ ਦੇਸ਼ ਅੰਦਰ ਐਮਰਜੈਂਸੀ ਲੱਗੀ। ਵੱਡੀਆਂ-2 ਸਿਆਸੀ ਪਾਰਟੀਆਂ ਬੇ-ਅਸਰ ਹੋ ਗਈਆਂ ਪਰ ਪ੍ਰਿਥੀ ਦੀ ਅਗਵਾਈ 'ਚ ਪੀ.ਐਸ.ਯੂ. ਨੇ ਜਮਹੂਰੀ ਹੱਕਾਂ ਦਾ ਪਰਚਮ ਲਹਿਰਾਉਂਦਾ ਰੱਖਿਆ, ਐਮਰਜੈਂਸੀ ਦਾ ਸਰਗਰਮ ਵਿਰੋਧ ਕੀਤਾ। ਇਹ ਅਜਿਹਾ ਮੌਕਾ ਸੀ ਜਦੋਂ ਚਾਰੇ ਪਾਸੇ ਪਸਰੀ ਚੁੱਪ 'ਚ ਪੰਜਾਬ ਦੇ ਕਾਲਜਾਂ 'ਚ 'ਅਸੀਂ ਜਿਉਂਦੇ-ਅਸੀਂ ਜਾਗਦੇ' ਦੀਆਂ ਅਵਾਜ਼ਾਂ ਉਚੀਆਂ ਹੋ ਰਹੀਆਂ ਸਨ। ਰੰਧਾਵੇ ਨੇ ਗਿਰਫਤਾਰੀ ਦਿੱਤੀ ਅਤੇ ਅੰਮ੍ਰਿਤਸਰ ਦੇ ਤਸੀਹਾ ਕੇਂਦਰ 'ਚ ਕਹਿਰਾਂ ਦੇ ਤਸ਼ਦੱਦ ਦਾ ਸਿਦਕਦਿਲੀ ਨਾਲ ਸਾਹਮਣਾ ਕਰਦਿਆਂ ਲੋਕਾ ਹਿਤਾਂ ਲਈ ਆਪਣੀ ਵਫ਼ਾਦਾਰੀ ਦੀ ਰੌਸ਼ਨ ਮਿਸਾਲ ਪੇਸ਼ ਕੀਤੀ। ਪ੍ਰਿਥੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਹਰ ਮਿਹਨਤਕਸ਼ ਤਬਕੇ ਨੂੰ ਸਹਿਯੋਗੀ ਮੋਢਾ ਲਾਇਆ ਤੇ ਸਭਨਾਂ ਸੰਘਰਸ਼ਸ਼ੀਲ ਕਾਫਲਿਆਂ 'ਚ ਆਪਸੀ ਸਾਂਝ ਦਾ ਸੰਚਾਰ ਕੀਤਾ।
ਪੰਜਾਬ ਦੀ ਨੌਜਵਾਨ-ਵਿਦਿਆਰਥੀ ਲਹਿਰ ਦੇ ਇਤਿਹਾਸ ਦਾ ਇਹ ਉਹ ਦੌਰ ਹੈ ਜਦੋਂ ਨੌਜਵਾਨਾਂ 'ਚ ਤੇਜ਼ੀ ਨਾਲ ਸਮਾਜਿਕ ਚੇਤਨਾ ਤੇ ਜਮਹੂਰੀ ਸੋਝੀ ਦਾ ਪਸਾਰਾ ਹੋਇਆ। ਪ੍ਰਿਥੀ ਪਾਲ ਰੰਧਾਵੇ ਤੇ ਉਹਦੇ ਸਾਥੀਆਂ ਦੀ ਘਾਲਣਾ ਦਾ ਸਿੱਟਾ ਹੀ ਸੀ ਕਿ ਉਹਨਾਂ ਸਮਿਆਂ 'ਚ ਪੰਜਾਬ ਦੇ ਕਾਲਜਾਂ 'ਚ ਬਹੁਤ ਗੰਭੀਰ ਤੇ ਸਿਹਤਮੰਦ-ਉਸਾਰੂ ਮਹੌਲ ਦੀ ਸਥਾਪਨਾ ਹੋਈ। ਵਿਦਿਅਕ ਸੰਸਥਾਵਾਂ ਐਸ਼ਪ੍ਰਸਤੀ, ਗੈਰ-ਇਖਲਾਕੀ, ਮਰਨਊ ਤੇ ਢਾਹੂ ਰੁਚੀਆਂ ਦੇ ਸੰਚਾਰ ਦਾ ਸਾਧਨ ਬਣਨ ਦੀ ਥਾਂ ਅਗਾਂਹ-ਵਧੂ ਸਭਿਆਚਾਰਕ ਤੇ ਸਾਹਿਤਕ ਗਤੀਵਿਧੀਆਂ ਦਾ ਕੇਂਦਰ ਬਣੀਆਂ। ਕਾਲਜਾਂ ਦੇ ਦਮਘੋਟੂ ਮਾਹੌਲ ਖਿਲਾਫ਼ ਜਦੋਜਹਿਦ ਕਰਕੇ ਸਿਰਜੇ ਗਏ ਜਮਹੂਰੀ ਮਾਹੌਲ 'ਚ ਵਿਦਿਆਰਥੀਆਂ ਨੇ ਆਪ ਸਿਰਜੀ ਜਮਹੂਰੀਅਤ ਨੂੰ ਮਾਣਿਆ। ਵਿਦਿਆਰਥੀਆਂ 'ਚ ਸਮਾਜਿਕ ਤੇ ਰਾਜਨੀਤਕ ਸਰੋਕਾਰਾਂ ਪੱਖੋਂ ਹਾਲਤ ਇੱਥੋਂ ਤੱਕ ਪਹੁੰਚੀ ਕਿ ਰੂਸ ਵੱਲੋਂ ਅਫਗਾਨਿਸਤਾਨ 'ਤੇ ਨਿਹੱਕੇ ਹਮਲੇ ਖਿਲਾਫ਼ ਵੀ ਪੰਜਾਬ ਦੇ ਵਿਦਿਆਰਥੀ ਸੜਕਾਂ 'ਤੇ ਨਿਤਰਦੇ ਰਹੇ।
ਆਪਣੇ ਵਿਦਿਅਕ ਜੀਵਨ ਦੀ ਸਮਾਪਤੀ ਤੋਂ ਬਾਅਦ, ਆਪਣੇ ਅੰਤਲੇ ਦਿਨਾਂ 'ਚ ਰੰਧਾਵੇ ਨੇ ਜਮਹੂਰੀ ਹੱਕਾਂ ਦੀ ਜਥੇਬੰਦੀ ਖੜੀ ਕਰਨ ਲਈ ਯਤਨ ਜੁਟਾਏ ਤੇ ਸਿੱਟੇ ਵਜੋਂ ਜਮਹੂਰੀ ਅਧਿਕਾਰ ਸਭਾ ਦੀ ਸਥਾਪਨਾ ਹੋਈ। 18 ਜੁਲਾਈ 1979 ਨੂੰ ਪੀ.ਏ.ਯੂ. ਦੇ ਸਿਆਸੀ ਸਰਪ੍ਰਸਤੀ ਵਾਲੇ ਗੁੰਡਾ ਟੋਲੇ ਵੱਲੋਂ ਪ੍ਰਿਥੀ ਨੂੰ ਅਗਵਾ ਕਰਕੇ, ਕੋਹ ਕੋਹ ਕੇ ਸ਼ਹੀਦ ਕਰ ਦਿੱਤਾ। ਪ੍ਰਿਥੀ ਦੇ ਵਾਰਸਾਂ ਨੇ ਮਹੀਨਿਆਂ ਬੱਧੀ ਵੱਡਾ ਸੰਗਰਾਮ ਲੜ ਕੇ ਉਹਨੂੰ ਸੰਗਰਾਮੀ ਸ਼ਰਧਾਂਜਲੀ ਭੇਂਟ ਕੀਤੀ। ਉਹਦੀ ਸ਼ਹਾਦਤ ਤੇ ਉਘੇ ਕਵੀ ਪਾਸ਼ ਨੇ ਕਵਿਤਾ ਰਾਹੀਂ ਸਿਜਦਾ ਕੀਤਾ
ਜਿੱਦਣ ਤੂੰ ਪ੍ਰਿਥੀ ਨੂੰ ਜੰਮਿਆ
ਉਹ ਕਿਹੜਾ ਦਿਨ ਸੀ ਮਾਂ
ਰੱਬ ਬਣਕੇ ਮੈਂ ਕੁੱਲ ਕੈਲੰਡਰ
ਉਹੀਉ ਦਿਨ ਕਰਦਾਂ
---------------
27 ਵਰ੍ਹੇ ਦੀ ਉਮਰ 'ਚ ਹੀ ਜੇਕਰ ਉਹ ਅਜਿਹੀਆਂ ਪੈੜਾਂ ਪਾ ਸਕਿਆ ਤਾਂ ਇਹ ਲੋਕ ਹਿਤਾਂ ਦੇ ਕਾਜ਼ ਪ੍ਰਤੀ ਉਹਦੀ ਨਿਹਚਾ ਤੇ ਸਮਰਪਣ ਭਾਵਨਾ ਦਾ ਹੀ ਸਿੱਟਾ ਹੈ । ਅਜਿਹਾ ਆਪਣੀ ਲਿਆਕਤ ਤੇ ਸੂਝ ਸਿਆਣਪ ਦਾ ਹਰ ਅੰਸ਼ ਮਿਹਤਨਕਸ਼ ਲੋਕਾਂ ਦੀ ਮੁਕਤੀ ਦੇ ਕਾਜ਼ ਨੂੰ ਅਰਪਣ ਕਰਨ ਦੀ ਭਾਵਨਾ ਕਰਕੇ ਹੀ ਸੰਭਵ ਹੋ ਸਕਿਆ। ਪ੍ਰਿਥੀ ਅੱਜ ਜਿਸਮਾਨੀ ਤੌਰ 'ਤੇ ਭਾਵੇਂ ਇਸ ਦੁਨੀਆਂ 'ਚ ਨਹੀਂ ਪਰ ਪੰਜਾਬ 'ਚ ਲੋਕ ਹੱਕਾਂ ਦੀ ਲਹਿਰ ਉਸਾਰਨ ਦਾ ਉਹਦਾ ਲਾਇਆ ਬੂਟਾ ਅੱਜ ਭਰ ਜਵਾਨ ਹੋਣ ਜਾ ਰਿਹਾ ਹੈ।
ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਨਾਇਕ ਸ਼ਹੀਦ ਪ੍ਰਿਥੀਪਾਲ ਰੰਧਾਵਾ ਸ਼ਹੀਦ ਭਗਤ ਸਿੰਘ ਦਾ ਅਸਲ ਵਾਰਸ ਬਣ ਕੇ ਜਿਉਂਇਆਂ ਤੇ ਵਿਦਾ ਹੋਇਆ। ਅੱਜ ਪੰਜਾਬ ਦੀ ਜਵਾਨੀ ਜਿਹਨਾਂ ਹਾਲਤਾਂ 'ਚੋਂ ਗੁਜ਼ਰ ਰਹੀ ਹੈ, ਉਹ ਹਾਲਾਤ ਪ੍ਰਿਥੀ ਦੇ ਵੇਲ਼ਿਆਂ ਤੋਂ ਵੀ ਬਦਤਰ ਹਨ। ਸਿੱਖਿਆ ਤੇ ਰੁਜ਼ਗਾਰ ਬੁਰੀ ਤਰ੍ਹਾਂ ਉਜਾੜੇ ਮੂੰਹ ਆਇਆ ਹੋਇਆ ਹੈ। ਬੇਹੱਦ ਮਹਿੰਗੀਆਂ ਪੜ੍ਹਾਈਆਂ ਪੜ੍ਹ ਕੇ ਵੀ ਨੌਜਵਾਨ ਜ਼ਿੰਦਗੀ ਦਾ ਨਿਰਬਾਹ ਕਰਨ ਤੋਂ ਅਸਮਰੱਥ ਰਹਿ ਰਹੇ ਹਨ ਤੇ ਸਿਰੇ ਦੀ ਬੇ-ਵੁੱਕਤੀ ਵਾਲੀ ਹਾਲਤ ਦਾ ਸਹਾਮਣਾ ਕਰ ਰਹੇ ਹਨ। ਇਸ ਹਾਲਤ 'ਚੋਂ ਨਿਰਾਸ਼ਾਮਈ ਸੋਚਾਂ ਉਪਜਦੀਆਂ ਹਨ, ਜਵਾਨੀ ਨਸ਼ਿਆਂ ਦਾ ਆਸਰਾ ਤੱਕਦੀ ਹੈ, ਜ਼ਿੰਦਗੀ ਦੀ ਲੜਾਈ ਹਾਰ ਕੇ ਖੁਦਕੁਸ਼ੀਆਂ ਦੇ ਰਾਹ ਤੁਰਦੀ ਹੈ। ਕੁਝ ਹਿੱਸੇ ਬੇਵਸੀ ਦੀ ਹਾਲ਼ਤ 'ਚੋਂ ਹਾਕਮਾਂ ਦੇ ਸਿਰ ਚੜ੍ਹ ਕੇ ਮਰਨ ਦੇ ਰਾਹ ਵੀ ਤੁਰਦੇ ਹਨ। ਅਜਿਹੇ ਵੇਲਿਆਂ 'ਚ ਸਾਨੂੰ ਆਪਣੇ ਸੱਜਰੇ ਇਤਿਹਾਸ ਤੇ ਜੰਮ ਗਈ ਧੂੜ ਪਾਸੇ ਕਰਕੇ ਪ੍ਰਿਥੀਪਾਲ ਰੰਧਾਵੇ ਦੀ ਬੀਰ ਗਾਥਾ ਦੇ ਪੰਨੇ ਫਰੋਲਣੇ ਚਾਹੀਦੇ ਹਨ। ਕਾਲਜਾਂ 'ਚ ਬੇ-ਵੁੱਕਤੇ ਬਣੇ ਨੌਜਵਾਨ ਕਿਵੇਂ ਸਿਆਸੀ ਪਾਰਟੀਆਂ ਦੇ ਮੁਥਾਜ਼ ਨਾ ਰਹਿ ਕੇ ਇਕ ਆਜ਼ਾਦ ਤਾਕਤ ਬਣਕੇ ਉਭਰੇ ਤੇ ਸਮੇਂ ਦਾ ਵਹਿਣ ਬਦਲ ਗਏ। ਪ੍ਰਿਥੀ ਦੀ ਅਗਵਾਈ 'ਚ ਵਿਦਿਆਰਥੀਆਂ ਦੇ ਕਾਰਨਾਮਿਆਂ ਦੀ ਰੋਸ਼ਨ ਮਿਸਾਲ ਤੋਂ ਰੌਸ਼ਨੀ ਲੈ ਕੇ ਅੱਜ ਦੇ ਹਾਲਤਾਂ 'ਚ ਹੱਕ ਲਈ ਜੂਝਣ ਦਾ ਜੇਰਾ ਕਰਨਾ ਚਾਹੀਦਾ ਹੈ। 31 ਵਰ੍ਹੇ ਬਾਅਦ ਵੀ ਪ੍ਰਿਥੀ ਦੇ ਬਣਾਏ ਰਾਹ ਅਜੋਕੇ ਪੰਜਾਬ ਦੀ ਜਵਾਨੀ ਦੇ ਕਦਮਾਂ ਦੀ ਤਾਲ ਨੂੰ ਉਡੀਕ ਰਹੇ ਹਨ।
ਮਿਤੀ: 10-07-2010
ਪਾਵੇਲ ਕੁੱਸਾ ਫੋਨ ਨੰ: 94170-54015