Showing posts with label Janta Dal United. Show all posts
Showing posts with label Janta Dal United. Show all posts

Saturday, December 18, 2021

ਜਨਤਾ ਦਲ ਯੂਨਾਈਟਿਡ ਵੱਲੋਂ ਵੀ ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ

ਪ੍ਰਵਾਸੀ ਮਜ਼ਦੂਰਾਂ ਨੂੰ  ਮੋਦੀ ਦੇ ਪੱਖ ’ਚ ਭੁਗਤਣ ਲਈ ਪ੍ਰੇਰੇਗਾ: ਬੈਨੀਪਾਲ

ਕੇਂਦਰੀ ਮੰਤਰੀ ਆਰ. ਸੀ. ਪੀ. ਸਿੰਘ ਸਮੇਤ ਹੋਏ ਮੰਡੀ ਗੋਬਿੰਦਗੜ੍ਹ ਲਈ ਰਵਾਨਾ


ਐੱਸ. ਏ. ਐੱਸ. ਨਗਰ
:
18 ਦਸੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ):: 

ਹੁਣ ਪੰਜਾਬ ਦੀ ਚੋਣ ਸਿਆਸਤ ਵਿੱਚ ਜਨਤਾ ਦਲ ਯੂਨਾਈਟਿਡ ਵੀ ਸਰਗਰਮੀ ਨਾਲ ਕੁੱਦ ਪਿਆ ਹੈ। ਤਿੰਨੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਬੀ ਜੇ ਪੀ ਪੱਖੀ ਸਮਾਗਮਾਂ ਅਤੇ ਹਮਾਇਤੀਆਂ ਦੀਆਂ ਸਰਗਰਮੀਆਂ ਵਿੱਚ ਤੂਫ਼ਾਨੀ ਤੇਜ਼ੀ ਆਈ ਹੈ। ਕੌਮੀ ਪੱਧਰ ਤੇ ਆਪਣਾ ਅਸਰ ਛੱਡਣ ਵਾਲੀ ਇਸ ਪਾਰਟੀ ਲਈ ਇਸ ਵੇਲੇ ਪੰਜਾਬ ਵੀ ਇੱਕ ਚੁਣੌਤੀ ਹੈ। 

ਮੁਹਾਲੀ ਦੀ ਐਰੋਸਿਟੀ ਵਿਖੇ ਜਨਤਾ ਦਲ ਯੂਨਾਈਟਿਡ ਵਲੋਂ ਆਪਣੇ ਚੋਣ ਦਫ਼ਤਰ ਦੀ ਰਸਮੀ ਸ਼ੁਰੂਆਤ ਬੀਤੇ ਦਿਨੀਂ ਕੀਤੀ ਜਾ ਚੁੱਕੀ ਹੈ, ਜਿਸਦੇ ਚਲਦਿਆਂ ਹੁਣ ਪਾਰਟੀ ਨੂੰ ਪੰਜਾਬ ਅੰਦਰ ਹੋਰ ਜ਼ਿਆਦਾ ਮਜਬੂਤੀ ਮਿਲੇਗੀ ਅਤੇ ਪੰਜਾਬ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੂੰ ਸਹੀ ਨੁਮਾਇੰਦੇ ਚੁਨਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿਚ ਭੁਗਤਣ ਲਈ ਜਾਗਰੂਕ ਕੀਤਾ ਜਾਵੇਗਾ। ਇਸ ਸਬੰਧੀ ਬਾਕਾਇਦਾ ਇੱਕ ਐਕਸ਼ਨ ਪਲਾਂ ਬਣਾਇਆ ਜਾ ਚੁੱਕਿਆ ਹੈ। 

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨਤਾ ਦਲ ਯੂਨਾਈਟਿਡ ਦੀ ਪੰਜਾਬ ਇਕਾਈ ਦੇ ਪ੍ਰਧਾਨ ਮਾਲਵਿੰਦਰ ਸਿੰਘ ਬੈਨੀਪਾਲ ਨੇ ਪਾਰਟੀ ਦਫ਼ਤਰ ਤੋਂ ਮੰਡੀ ਗੋਬਿੰਦਗੜ੍ਹ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬੈਨੀਪਾਲ ਨੇ ਦੱਸਿਆ ਕਿ ਕੇਂਦਰੀ ਸਟੀਲ ਮੰਤਰੀ ਆਰ. ਸੀ. ਪੀ. ਸਿੰਘ ਵਲੋਂ ਬੀਤੇ ਦਿਨ ਮੁਹਾਲੀ ਵਿਖੇ ਪਾਰਟੀ ਦੇ ਚੋਣ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਗਿਆ ਹੈ, ਜਿਸ ਉਪਰੰਤ ਉਹ ਸ੍ਰੀ ਅਨੰੰਦਪੁਰ ਸਾਹਿਬ ਵਿਖੇ ਵੀ ਨਤਮਸਤਕ ਹੋਏ। 

ਉਨ੍ਹਾਂ ਦੱਸਿਆ ਕਿ ਅੱਜ ਉਹ ਮੰਡੀ ਗੋਬਿੰਦਗੜ੍ਹ ਵਿਖੇ ਪ੍ਰਵਾਸੀ ਭਾਈਚਾਰੇ ਨੂੰ ਇਕ ਸਮਾਗਮ ਦੌਰਾਨ ਸੰਬੋਧਨ ਕਰਨਗੇ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿਚ ਭੁਗਤਣ ਦੀ ਅਪੀਲ ਕਰਨਗੇ ਤਾਂ ਜੋ ਦੇਸ਼ ਦੀ ਵਿਕਾਸ ਗਤੀ ਨੂੰ ਹੋਰ ਜ਼ਿਆਦਾ ਤੇਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਜ਼ਮੀਨੀ ਪੱਧਰ ’ਤੇ ਲਾਭ ਪੰਜਾਬ ਅੰਦਰ ਘੱਟ ਲੋਕਾਂ ਨੂੰ ਮਿਲ ਰਿਹਾ ਹੈ, ਜਿਸ ਲਈ ਉਹ ਪੰਜਾਬ ਅੰਦਰ ਲੋਕਾਂ ਨੂੰ ਜਾਗਰੂਕ ਕਰਦਿਆਂ ਪ੍ਰਧਾਨ ਮੰਤਰੀ ਯੋਜਵਾਨਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਲੱਕੀ ਗੁਲਾਟੀ, ਚੇਅਰਮੈਨ ਆਈ. ਡੀ. ਸਿੰਘ, ਏ. ਕੇ. ਪਵਾਰ, ਜਗਦੀਸ਼ ਸਿੰਘ, ਭੁਪਿੰਦਰ ਸਭਰਵਾਲ, ਅਮਨ ਗੁਲਾਟੀ, ਟੀ. ਐਸ. ਗੁਲਾਟੀ, ਅਮਰਜੀਤ ਬਜਾਜ, ਜਸਵਿੰਦਰ ਸਿੰਘ, ਪਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਬੀ. ਐਸ. ਮਨੀ ਤੋਂ ਇਲਾਵਾ ਹੋਰ ਹਾਜ਼ਰ ਸਨ।

ਉਂਝ ਇਥੇ ਇਹ ਵੀ ਜ਼ਿਕਰਯੋਗ ਹੈ ਕਿ ਦੂਜੇ ਸੂਬਿਆਂ ਤੋਂ ਆਏ ਕਿਰਤੀਆਂ ਅਤੇ ਮਜ਼ਦੂਰਾਂ ਨੂੰ ਪਰਵਾਸੀ ਆਖੇ ਜਾਣ ਤੇ ਵਿਵਾਦ ਹੁੰਦਾ ਰਿਹਾ ਹੈ। ਉਹਨਾਂ ਨੂੰ ਭਾਰਤੀ ਹੀ ਆਖਿਆ ਅਤੇ ਸਮਝਿਆ ਜਾਣਾ ਚਾਹੀਦਾ ਹੈ ਉਹ ਕਿਸੇ ਦੂਜੇ ਦੇਸ ਤੋਂ ਇਥੇ ਨਹੀਂ ਆਏ। ਜਦੋਂ ਕੋਰੋਨਾ ਕਾਰਨ ਇਹਨਾਂ ਮਜ਼ਦੂਰਾਂ ਨੇ ਆਪੋ ਆਪਣੇ ਸੂਬਿਆਂ ਅਤੇ ਇਲਾਕਿਆਂ ਵੱਲ ਹਿਜਰਤ ਸ਼ੁਰੂ ਕੀਤੀ ਤਾਂ ਉਸ ਵੇਲੇ ਬਹੁਤ ਸਾਰੇ ਮਜ਼ਦੂਰਾਂ ਨੂੰ ਬਹੁਤ ਹੀ ਖੱਜਲ ਖੁਆਰੀਆਂ ਹੋਈਆਂ। ਕਈ ਮਜ਼ਦੂਰ ਪੈਦਲ ਹੀ ਤੁਰ ਪਏ ਅਤੇ ਥੱਕ ਕੇ ਅਰਾਮ ਕਰਦਿਆਂ ਨੂੰ ਮਾਲ ਗੱਡੀਆਂ ਕੁਚਲ ਗਈਆਂ। ਬਸਾਂ ਰਾਹੀਂ ਸਫ਼ਰ ਕਰਨ ਵਾਲਿਆਂ ਨੂੰ ਆਪੋ ਆਪਣੇ ਪਿੰਡਾਂ ਵਿੱਚ ਭੇਜਣ ਭਿਜਵਾਉਣ ਲਈ ਜਿਹੜਾ ਢੰਗ ਤਰੀਕਾ ਰਿਹਾ ਉਸ ਵਿੱਚੋਂ ਦਲਾਲਾਂ ਨੇ ਇਹਨਾਂ ਦਾ ਕਾਫੀ ਸ਼ੋਸ਼ਣ ਕੀਤਾ। ਮਜ਼ਦੂਰਾਂ ਦੀਆਂ ਅਜਿਹੀਆਂ ਰਿਪੋਰਟਾਂ ਨੂੰ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਨੇ ਵੀ ਪੂਰੀ ਤਰ੍ਹਾਂ ਉਠਾਉਣਾ ਹੈ। ਇਸ ਲਈ ਅਜਿਹੇ ਕਿੰਨੇ ਕੁ ਮਜ਼ਦੂਰਾਂ ਨੂੰ ਜਨਤਾ ਦਲ ਯੂਨਾਈਟਿਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿੱਚ ਪ੍ਰੇਰ ਸਕੇਗਾ ਇਸ ਦਾ ਪਤਾ ਚੋਣ ਨਤੀਜੇ ਆਉਣ ਤੇ ਹੀ ਲੱਗੇਗਾ। ਮਜ਼ਦੂਰਾਂ ਨੂੰ ਆਪਣੇ ਨਾਲ ਹੋਈ ਬੀਤੀ ਭਾਵੇਂ ਭੁੱਲ ਗਈ ਹੋਵੇ ਪਰ ਸਿਆਸੀ ਧਿਰਾਂ ਅਤੇ ਟਰੇਡ ਯੂਨੀਅਨਾਂ ਇਸ ਨੂੰ ਚੇਤੇ ਕਰਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ।