Showing posts with label God. Show all posts
Showing posts with label God. Show all posts

Sunday, August 03, 2014

ਇਨਸਾਨ ਭਾਵੇਂ ਨਾ ਬਣੋ ਪਰ ਹਿੰਦੂ, ਸਿੱਖ, ਮੁਸਲਿਮ ਜਾਂ ਇਸਾਈ ਜਰੂਰ ਬਣੋ ?

ਫੇਸਬੁਕ 'ਤੇ ਚੇਤਨ ਕਲਮਕਾਰਾ ਕਰਮਜੀਤ ਕੌਰ ਨੇ ਉਠਾਇਆ ਇੱਕ ਹੋਰ ਜਰੂਰੀ ਮੁੱਦਾ 
ਇੱਕ ਪਿਆਰੇ ਜਿਹੇ ਦੋਸਤ ਵੱਲੋਂ ਮੈਨੂੰ ਝਟਕਾਏ ਜਾਣ ਤੋਂ (Block ਕਰਨ ਤੋਂ ) ਪਹਿਲਾਂ ਦੀ ਗੱਲ ਬਾਤ—
ਦੀਦੀ ਇੱਕ ਗੱਲ ਪੁਛ ਸਕਦਾ ਹਾਂ—
ਜੀ-
ਤੁਸੀਂ ਨਾਸਤਿਕ ਹੋ ?
ਨਹੀਂ 
ਮੈਨੂੰ ਤਾਂ ਇਹੀ ਲਗਦਾ
ਤੁਹਾਨੂੰ ਲੱਗਣ ਤੇ ਮੇਰੇ ਹੋਣ ਵਿੱਚ ਬਹੁਤ ਵੱਡਾ ਫਰਕ ਹੈ
ਪਰ ਤੁਹਾਡੇ ਕੌਮੇੰਟ ਤੇ status ਤਾਂ ਇਹੀ ਦਰਸਾਉਂਦੇ ਨੇ-
ਤੁਹਾਡੀ ਆਪਣੀ ਸੋਚ ਤੇ ਮੇਰੇ comments ਤੇ status ਪੜਨ ਦਾ ਤੁਹਾਡਾ ਆਪਣਾ ਅੰਦਾਜ਼
ਮੈਂ ਬਹੁਤ ਸੋਚ ਵਿਚਾਰ ਤੋਂ ਬਾਅਦ ਇਹ ਕਹਿ ਰਿਹਾ ਹਾਂ—
ਤੁਸੀਂ ਮੇਰੇ ਬਾਰੇ ਮੈਨੂੰ ਪੁੱਛ ਰਹੇ ਹੋ ਜਾਂ ਮੇਰੇ ਬਾਰੇ ਤੁਸੀਂ ਮੈਨੂੰ ਦੱਸ ਰਹੇ ਹੋ ?
ਦੀਦੀ ਮੈਂ ਤੁਹਾਡੀ ਬਹੁਤ ਇਜ਼ਤ ਕਰਦਾ ਹਾਂ---ਤੁਸੀਂ ਮੰਨ ਲਓ ਕਿ ਤੁਸੀਂ ਨਾਸਤਿਕ ਹੋ—
ਜਵਾਬ ਦੇਵੋ---ਕੀ ਤੁਸੀਂ ਮੁਹੰਮਦ ਸਾਹਿਬ ਨੂੰ ਪਿਆਰ ਕਰਦੇ ਹੋ ਤੇ ਇਸਲਾਮ ਦੀ ਇਜ਼ਤ ਕਰਦੇ ਹੋ ?
ਨਹੀਂ –ਮੈਂ ਸਿੱਖ ਹਾਂ-
ਫੇਰ ਮੁਸਲਮਾਨਾਂ ਲਈ ਤੁਸੀਂ ਨਾਸਤਿਕ ਹੋ----ਕੀ ਤੁਸੀਂ ਹਿੰਦੂ ਧਰਮ ਅਨੁਸਾਰ ਮੰਦਿਰ ਜਾਂਦੇ ਹੋ ?
ਨਹੀਂ---ਇਹ ਕੀ ਸਵਾਲ ਹੋਇਆ ?
ਫੇਰ ਤੁਸੀਂ ਹਿੰਦੂ ਧਰਮ ਦੇ ਅਨੁਸਾਰ ਨਾਸਤਿਕ ਹੋ—
ਕੀ ਤੁਸੀਂ ਇਸਾਈ ਧਰਮ ਦੀ ਇਜ੍ਜਤ ਕਰਦੇ ਹੋ?
ਇਹ ਕੀ ਬਕਵਾਸ ਹੈ ? ਸਭ ਸੀਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ---ਮੈਂ ਸਿੱਖ ਹਾਂ—ਤੇ ਤੂੰ ਤਾਂ ਕੁਝ ਵੀ ਨਹੀਂ ਲਗਦੀ—
ਤੁਹਾਨੂੰ ਨਹੀਂ ਲਗਦੀ---ਮੈਂ ਤਾਂ ਸਾਰਿਆਂ ਦੀ ਇਜ਼ਤ ਕਰਦੀ ਹਾਂ---ਸੋ ਧਾਰਮਿਕ ਹੋਈ----ਤੁਸੀਂ ਇੱਕ ਵਾਰੀ ਧਾਰਮਿਕ ਤੇ ਕਈ ਵਾਰ ਨਾਸਤਿਕ—
ਤੇ -------block ---
ਹਾਹਾਹਾਹਾਹਾਹਾ—ਜਿਵੇ ਇਹੋ ਜਿਹੀਆਂ ਬਿਮਾਰੀਆਂ ਤੋਂ ਬਿਨਾ ਮੈਂ ਉਦਾਸ ਹੋ ਜਾਵਾਂਗੀ----ਬਿਮਾਰੀ ਇਸ ਕਰਕੇ—ਕਿ ਬੀਮਾਰ ਨਾਲ ਤਾਂ ਹਮਦਰਦੀ ਕੀਤੀ ਜਾ ਸਕਦੀ ਹੈ –ਪਰ ਬਿਮਾਰੀ ਨਾਲ ਨਹੀਂ—ਬੀਮਾਰ ਨਾਲ ਤਾਂ ਰਿਸ਼ਤਾ ਹੋ ਸਕਦਾ ਹੈ ਬਿਮਾਰੀ ਨਾਲ ਨਹੀਂ—ਤੇ ਇਹੋ ਜਿਹੇ ਲੋਕ ਬਿਮਾਰੀ ਹੀ ਹੁੰਦੇ ਨੇ--

Saturday, August 24, 2013

ਕਰਮਜੀਤ ਕੌਰ ਵੱਲੋਂ ਜੁਆਬੀ ਸੁਆਲ

ਕੀ ਤੁਹਾਨੂੰ ਪਤੈ ਕਿੰਨੇ ਲੋਕ ਸੜਕਾਂ ਤੇ ਸਰਦੀਆਂ ਚ ਠੰਢ ਨਾਲ ਤੇ ਗਰਮੀਆਂ ਚ ਗਰਮੀ ਨਾਲ ਮਰਦੇ ਨੇ
ਕੋਈ ਰੱਬ ਨੂੰ ਮੰਨਦਾ ਹੈ ਜਾਂ ਕਿਸ ਰੂਪ ਵਿੱਚ ਮੰਨਦਾ ਹੈ ਇਹ ਉਸਦਾ ਨਿਜੀ ਫੈਸਲਾ ਹੈ ਪੂਰੀ ਤਰ੍ਹਾਂ ਸੁਤੰਤਰ ਚੋਣ ਜਿਸ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ। ਉਸਨੂੰ ਆਪਣੇ ਰਸਤੇ ਤੇ ਮਜਬੂਰ ਕਰਨ ਵਾਲੇ ਨਾ ਤਾਂ ਧਾਰਮਿਕ ਹੋ ਸਕਦੇ ਹਨ ਤੇ ਨਾ ਹੀ ਆਸਤਿਕ।..ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਸ ਆਜ਼ਾਦੀ ਲਈ ਹੀ ਸੀ। ਔਰੰਗਜ਼ੇਬ ਨਹੀਂ ਰਿਹਾ ਪਰ ਉਸਦੀ ਸੋਚ ਤੇ ਚੱਲਣ ਵਾਲੇ ਅਜੇ ਵੀ ਟਲਦੇ ਨਜ਼ਰ ਨਹੀਂ ਆਉਂਦੇ। ਫੇਸਬੁਕ ਦੇ ਇਸ ਆਧੁਨਿਕ ਮੰਚ ਤੇ  ਕਰਮਜੀਤ ਕੌਰ ਕਾਫੀ ਚੰਗੀਆਂ ਲਿਖਤਾਂ ਪੋਸਟ ਕਰਦੀ ਹੈ ਜਿਹੜੀਆਂ ਸੋਚਣ ਲਈ ਮਜਬੂਰ ਕਰਦੀਆਂ  ਨੇ। ਸੋਚਣ ਦੀ ਪ੍ਰਕ੍ਰਿਆ ਨੂੰ ਤੇਜ਼ ਕਰਨ ਵਾਲੀਆਂ ਅਜਿਹੀਆਂ ਪੋਸਟਾਂ ਕਾਰਣ ਹੀ ਸੂਝਵਾਨ ਲੋਕ ਉਸ ਦਾ ਸਮਰਥਨ ਵੀ ਕਰਦੇ ਹਨ ਅਤੇ ਉਸਦੀ ਫਰੈਂਡ ਲਿਸਟ ਵਿੱਚ ਵੀ ਹਨ। ਸੋਚਣਾ ਅਤੇ ਬਾਰ ਬਾਰ ਸੋਚ ਕੇ ਕਿਸੇ ਚੰਗੇ ਲੋਕ ਪੱਖੀ ਐਕਸ਼ਨ ਲਈ ਤਿਆਰ ਹੋਣਾ ਅਤੇ ਤਿਆਰ ਕਰਨਾ ਅੱਜ ਦੇ ਸਮੇਂ ਦੀ ਸਭ ਤੋਂ ਜ਼ਰੂਰੀ ਨੈਤਿਕ ਜਿੰਮੇਵਾਰੀ ਵੀ ਹੈ ਪਰ ਕੁਝ ਲੋਕਾਂ ਨੇ ਲੰਮੇ ਸਮੇਂ ਤੋਂ ਆਮ ਲੋਕਾਂ ਨੂੰ ਧਰਮ ਜਾਂ ਕਿਸੇ ਹੋਰ ਬਹਾਨੇ ਉਲਝਾਉਣਾ  ਆਪਣਾ ਮੁਢਲਾ ਕਰਤਵ ਸਮਝਿਆ ਹੋਇਆ ਹੈ---ਕਿਸੇ ਪਿਛਲੇ ਜਨਮ ਦੇ ਕਰਮਾਂ ਦੀਆਂ ਖਾਣਿਆਂ ਪਾ ਕੇ ਇਹ ਲੋਕ ਨਹੀਂ ਚਾਹੁੰਦੇ ਕਿ ਕੋਈ ਵਿਅਕਤੀ ਅੱਜ ਦੇ ਮਸਲਿਆਂ ਬਾਰੇ ਸੋਚੇ....ਅੱਜ ਦੀਆਂ ਚੁਨੌਤੀਆਂ ਨੂੰ ਕਬੂਲ ਕਰਨ ਦੀ ਹਿੰਮਤ ਦਿਖਾਏ..... ਸਰਕਾਰ ਅਤੇ ਸਰਮਾਏਦਾਰੀ ਵੀ ਇਹੀ ਚਾਹੁੰਦੀ ਹੈ ਕੀ ਅੱਜ ਦਾ ਇਨਸਾਨ ਬਸ ਇੱਕ ਮਸ਼ੀਨ ਬਣਕੇ ਦਾਲ ਰੋਟੀ ਦੇ ਚੱਕਰ ਵਿੱਚ ਉਲਝਿਆ ਰਹੇ--- ਸ਼ਾਇਦ ਏਸੇ ਲਈ ਕਰਮਜੀਤ ਕੌਰ ਤੇ ਵੀ ਕੁਝ ਇਤਰਾਜ਼ ਹੋਏ ਹਨ ਜਿਹਨਾਂ ਬਾਰੇ ਉਸਨੇ ਖੁਦ ਹੀ ਫੇਸਬੁਕ ਤੇ ਜਾਣਕਾਰੀ ਦਿੱਤੀ ਹੈ-ਮਾਮਲਾ ਕੀ ਹੈ ਤੁਸੀਂ ਖੁਦ ਹੀ ਪੜ੍ਹ ਲਓ---ਇਸ ਲਿਖਤ ਵਿੱਚ ਉਠਾਏ ਗਏ ਸੁਆਲਾਂ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ-----ਰੈਕਟਰ ਕਥੂਰੀਆ 
Karamjit Kaur: ਮੇਰੇ ਤੇ ਇੱਕ ਆਪਣੇ ਆਪ ਨੂੰ ਬਹੁਤਾ ਸੱਚਾ ਸੁੱਚਾ ਧਾਰਮਿਕ ਮੰਨਣ ਵਾਲੇ ਵੀਰ ਦਾ ਇਲਜ਼ਾਮ ਹੈ ਕਿ ਮੈਂ ਸਿੱਖ ਨਾਉਂ ਰੱਖ ਕੇ ਵੀ ਚੰਗੀ ਸਿੱਖ ਨਹੀਂ--ਮੈਂ ਨਾਸਤਿਕ ਹਾਂ ਤੇ ਸਿੱਖ ਧਰਮ ਦਾ ਅਪਮਾਨ ਕਰਦੀ ਹਾਂ--ਮੈਂ ਉਨਾ ਤੋਂ ਤੰਗ ਆ ਕੇ ਉਨਾ ਨੂੰ ਅਨਫਰੈਂਡ ਕਰ ਦਿੱਤਾ-ਉਨਾ ਨੇ ਹੋਰ ਭਾਈ ਸਾਹਿਬਾਨ ਤੋਂ ਮੈਸੇਜ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ-ਅੱਜ ਇੱਕ ਭਾਈ ਸਾਹਿਬ ਕਹਿੰਦੇ ਹਨ ਤੁਹਾਡੇ ਤੇ ਫੇਸ ਬੁੱਕ ਤੇ ਗੁਰਬਾਣੀ ਸੰਬੰਧੀ ਦੋਸ਼ ਹੈ-ਸਪਸ਼ਟੀਕਰਨ ਦਓ--
ਮੈਂ ਇਨਬੌਕਸ ਦੀ ਥਾਂ ਏਥੇ ਜਵਾਬ ਦੇਣਾ ਚਾਹੁੰਦੀ ਹਾਂ--ਮੈਂ ਨਾਸਤਿਕ ਨਹੀਂ ਹਾਂ ਤੇ ਨਾ ਹੀ ਗੁਰਬਾਣੀ ਜਾਂ ਕਿਸੇ ਹੋਰ ਧਰਮ ਦਾ ਅਪਮਾਨ ਕਰਦੀ ਹਾ,ਮੈਂ ਤਾਂ ਸਗੋਂ ਇਨਾ ਲੋਕਾਂ ਨਾਲੋਂ ਜਿਆਦਾ ਧਾਰਮਿਕ ਹਾਂ ਜੋ ਰੱਬ ਨੂੰ ਇੱਕ ਰੂਪ ਚ ਤਾਂ ਪੂਜਦੇ ਨੇ ਤੇ ਦੂਜੇ ਰੂਪ ਚ ਗਾਲਾਂ ਕੱਢਦੇ ਨੇ--ਜੇ ਰੱਬ ਇੱਕ ਹੈ ਤਾਂ ਉਹ ਸਭ ਦਾ ਹੈ ਨਹੀਂ ਤਾਂ ਹੈ ਹੀ ਨਹੀਂ--ਰੱਬ ਨੂੰ ਜੱਦੀ ਜਾਇਦਾਦ ਸਮਝ ਕੇ ਦੂਜਿਆਂ ਨੂੰ ਧਮਕੀਆਂ ਦੇਣ ਵਾਲੇ ਮੁਸ਼ਟੰਡੇ ਹੁੰਦੇ ਨੇ ਧਾਰਮਿਕ ਨਹੀਂ।
ਫੇਸ ਬੁੱਕ ਇੱਕ ਨਾਸਤਿਕ ਦੀ ਕਾਢ ਹੈ-ਨਾਸਤਿਕ ਦਾ ਘਰ ਪਰ ਉਸ ਨੇ ਇਜਾਜ਼ਤ ਦਿੱਤੀ ਹੋਈ ਹੈ ਸਭ ਧਰਮਾ ਨੂੰ ਏਥੇ ਆਉਣ ਦੀ--ਤੇ ਸਾਡੇ ਵਰਗਿਆਂ ਨੂੰ ਵੀ --ਸਭ ਆਪਣੀ ਆਪਣੀ ਡਫਲੀ ਬਜਾ ਸਕਦੇ ਨੇ--ਸੋ ਮੈਂ ਕਿਸੇ ਨੂੰ ਸਪਸ਼ਟੀਕਰਨ ਦੇਣ ਦੀ ਜਰੂਰਤ ਨਹੀਂ ਸਮਝਦੀ--
ਸਗੋਂ ਮੈਂ ਸਪਸ਼ਟੀਕਰਨ ਮੰਗਦੀ ਹਾ--
1 ਪੰਜਾਬ ਚ ਤੁਹਾਡ ਲੋਕ ਨੇ,ਤੁਹਾਡੀ ਚੁਣੀ ਹੋਈ ਗੌਰਮਿੰਟ ਹੈ--ਗਰੀਬੀ ਤੇ ਦਲਿੱਦਰ ਕਿਉਂ ਹੈ ?--ਕਿਉਂ ਨੌਜਵਾਨ ਬੱਚਿਆਂ ਕੋਲ ਰੋਜ਼ਗਾਰ ਨਹੀਂ ?--ਕਿਉਂ ਏਨੀ ਬੇਈਮਾਨੀ ਹੈ ?--ਕਿਉਂ ਪੰਜਾਬ ਨਸ਼ਿਆਂ ਚ ਡੁੱਬਿਆ ਪਿਆ ਹੈ ?-ਕਿਉਂ ਧੀਆਂ ਨਾ ਕੁੱਖਾਂ ਚ ਸੁਰੱਖਿਅਤ ਨੇ,ਨਾ ਸੜਕਾਂ ਤੇ ,ਨਾਂ ਘਰਾਂ ਚ ਤੇ ਨਾ ਗੁਦੁਆਰਿਆਂ ਚ ?,ਕਿਉਂ 84 ਦੇ ਪੀੜਿਤਾਂ ਨੂੰ ਇਨਸਾਫ ਨਹੀਂ ਦੁਆ ਸਕੇ ?,ਕਿਉਂ ਸਿੱਖ ਮੂਵਮੈਂਟ ਦੇ ਦੌਰਾਨ ਤੁਸੀਂ ਉਨਾਂ ਨੂੰ ਪੈਸੇ ਦੇ ਲਾਲਚ ਫੜਦੇ ਤੇ ਫੜਾਉਂਦ,ਮਾਰਦੇ ਤੇ ਮਰਾਉਂਦੇ ਰਹੇ ?--ਕਿਉਂ ਸ਼ਹੀਦਾਂ ਦੇ ਪਰੀਵਾਰ ਰੁਲ ਰਹੇ ਨੇ ?-ਕੀ ਤੁਹਾਨੂੰ ਪਤਾ ਵੀ ਹੈ ਉਹ ਪਰੀਵਾਰ ਕਿੱਥੇ ਤੇ ਕਿਵੇਂ ਰਹਿ ਰਹੇ ਨੇ ?--ਕਿਉਂ ਲੋਕ ਚੋਂਦੀਆਂ ਛੱਤਾਂ ਥੱਲੇ ਭੁੱਖੇ ਸੌਂਦੇ ਨੇ ?--ਕਿਉਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ?--ਤੁਹਾਨੂੰ ਇਹ ਤਾਂ ਪਤੈ ਕਿ ਗੁਰੂ ਗਰੰਥ ਸਾਹਿਬ ਤੇ ਸਰਦੀਆਂ ਚ ਕਿਹੜੇ ਕੱਪੜੇ ਹੋਣ ਤੇ ਗਰਮੀਆਂ ਚ ਕਿਹੜੇ--ਕੀ ਤੁਹਾਨੂੰ ਪਤੈ ਕਿੰਨੇ ਲੋਕ ਸੜਕਾਂ ਤੇ ਸਰਦੀਆਂ ਚ ਠੰਢ ਨਾਲ ਤੇ ਗਰਮੀਆਂ ਚ ਗਰਮੀ ਨਾਲ ਮਰਦੇ ਨੇ--?
ਸਪਸ਼ਟੀਕਰਨ ਤੁਸੀਂ ਦਓ ---
ਕਰਮਜੀਤ
ਜੇ ਤੁਸੀਂ ਇਸ ਲਿਖਤ ਨਾਲ ਜਾਂ ਕਰਮਜੀਤ ਕੌਰ ਦੇ ਵਿਚਾਰਾਂ ਨਾਲ ਸਹਿਮਤ ਨਾ ਵੀ ਹੋਵੋ ਤਾਂ ਵੀ ਆਪਣੇ ਵਿਚਾਰ ਜਰੂਰ ਭੇਜੋ ਉਹਨਾਂ ਨੂੰ ਬਣਦੀ ਥਾਂ ਜ਼ਰੂਰ ਦਿੱਤੀ ਜਾਵੇਗੀ ਤਾਂ ਕਿ ਇਹ ਬਹਿਸ ਅੱਗੇ ਤੁਰੇ ਅਤੇ ਸਾਡਾ ਸਾਰਿਆਂ ਦਾ ਧਿਆਨ ਅਸਲੀ ਲੋਕ ਪੱਖੀ ਮਸਲਿਆਂ ਵੱਲ ਲੱਗ ਸਕੇ----ਪਰ ਲਿਖਤਾਂ ਦਾ ਸਭਿਅਕ ਸ਼ਬਦਾਂ ਵਿੱਚ ਅਤੇ ਸਲੀਕੇ ਨਾਲ ਲਿਖਿਆ ਹੋਣਾ ਜਰੂਰੀ ਹੈ। ਗਾਲ੍ਹੀ-ਗਲੌਚ ਅਤੇ ਨਿਜੀ ਹਮਲਿਆਂ ਵਾਲੀਆਂ ਲਿਖਤਾਂ ਛਾਪਣ ਤੋਂ ਅਸੀਂ ਅਸਮਰਥ ਹੋਵਾਂਗੇ।
----------------------------------

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

Saturday, June 01, 2013

ਹਾਕਮਾਂ ਦਾ ਮਨੋਵਿਗਿਆਨ ਇੱਕ ਹੀ ਹੁੰਦਾ ਹੈ

ਇਹ ਗੁਰਬਤ ਹੀ ਰਾਜ ਕਰਦੇ ਲੋਕਾਂ ਦਾ ਸਾਥ ਦਿੰਦੀ ਹੈ
                      ਗਰੀਬੀ ਅਤੇ ਤਰ੍ਹਾਂ ਤਰ੍ਹਾਂ ਦੇ ਦੁੱਖਾਂ ਨੂੰ ਆਮ ਇਨਸਾਨ ਦਾ ਨਸੀਬ ਬਣਾਉਣ ਦੀ ਸਾਜ਼ਿਸ਼ ਉਹਨਾਂ ਲੋਕਾਂ ਦੀ ਹੈ ਜਿਹੜੇ ਨਹੀਂ ਚਾਹੁੰਦੇ ਕੀ ਆਮ ਇਨਸਾਨ ਜਾਗਰੂਕ ਹੋ ਕੇ ਉਹਨਾਂ ਦੀਆਂ ਹਕੀਕਤਾਂ ਦਾ ਪਤਾ ਕਰੇ ਅਤੇ ਉਹਨਾਂ ਦਾ ਤਖਤਾ ਪਲਟ ਦੇਵੇ। ਇਸ ਲੈ ਉਸਨੂੰ ਗਰੀਬ ਰੱਖਿਆ ਜਾਂਦਾ ਹੈ ਤਾਂ ਕਿ ਦੋ ਵੇਲਿਆਂ ਦੀ ਰੋਟੀ ਦੇ ਚੱਕਰ ਵਿੱਚ ਹੀ ਉਲਝਿਆ ਰਵ੍ਹੇ। ਬਦਨਸੀਬੀ ਅਤੇ ਗਰੀਬੀ ਦੇ ਅਸਲੀ ਕਾਰਨਾਂ ਦੀ ਚਰਚਾ ਕਰ ਰਹੇ ਹਨ ਐਡਵੋਕੇਟ ਦਲੀਪ ਸਿੰਘ ਵਾਸਨ। ਤੁਹਾਨੂੰ ਇਹ ਰਚਨਾ ਕਿਵੇਂ ਲੱਗੀ ਜ਼ਰੂਰ ਦੱਸਣਾ।-- ਰੈਕਟਰ ਕਥੂਰੀਆ              

ਲੋਕਾਂ ਉਤੇ ਰਾਜ ਕਰਦੇ ਲੋਕਾਂ ਦਾ ਮਨੋਵਿਗਿਆਨ ਇੱਕ ਹੀ ਹੁੰਦਾ ਹੈ|  ਕਦੀ ਸਰਦਾਰ ਸਨ, ਫਿਰ ਰਾਜੇ ਆਏ, ਮਹਾਰਾਜੇ ਆਏ, ਬਾਦਸ਼ਾਹ ਆਏ ਅਤੇ ਫਿਰ ਸਾਮਰਾਜੀਆਂ ਨੇ ਰਾਜ ਕੀਤਾ। ਇਹ ਸਾਰੇ ਲੋਕਾਂ ਨੂੰ ਗੁਲਾਮ ਰਖਣ ਦੀਆਂ ਵਿਉਤਾਂ ਹੀ ਬਣਾਉਂਦੇ ਰਹਿੰਦੇ ਸਨ। ਇਸ ਲਈ ਇਹ ਸਿਲਸਿਲਾ ਬਣਾ ਦਿੱਤਾ ਗਿਆ ਸੀ ਕਿ ਆਮ ਆਦਮੀ ਨੂੰ ਅਨਪੜ੍ਹ ਰਖਿਆ ਜਾਵੇ, ਬਹੁਤ ਹੀ ਘਟ ਲੋਕਾਂ ਪਾਸ ਸਿਖਲਾਈ ਹੋਵੇ, ਬਹੁਤ ਹੀ ਘਟ ਆਦਮੀ ਕੰਮਾਂ ਕਾਜਾਂ ਉਤੇ ਲਗੇ ਹੋਣ ਅਤੇ ਹਰ ਆਦਮੀ ਦੀ ਆਮਦਨ ਸੀਮਤ ਰਖੀ ਜਾਵੇ ਤਾਂਕਿ ਕੋਈ ਵੀ ਪਰਵਾਰ ਰਜਵੀਂ ਰੋਟੀ ਨਾ ਖਾ ਸਕੇ। ਐਸਾ ਇਸ ਲਈ ਕੀਤਾ ਜਾਂਦਾ ਸੀ ਕਿ ਹਰ ਆਦਮੀ ਦੋ ਵਕਤਾਂ ਦੀ ਰੋਟੀ ਦੇ ਚਕਰ ਵਿੱਚ ਫਸਿਆ ਰਵੇ ਅਤੇ ਇਸ ਤੋਂ ਜ਼ਿਆਦਾ ਕੁਝ ਨਾ ਸੋਚਿਆ ਜਾ ਸਕੇ। ਲੋਕਾਂ ਅੰਦਰ ਇਹ ਸੋਚ ਵੀ ਪੈਦਾ ਕਰ ਦਿੱਤੀ ਜਾਂਦੀ ਰਹੀ ਹੈ ਤਾਂਕਿ ਆਮ ਆਦਮੀ ਕਦੀ ਇਹ ਨਾ ਸੋਚ ਸਕੇ ਕਿ ਉਸ ਨਾਲ ਕੋਈ ਜ਼ਿਆਦਤੀ ਕਰਦਾ ਹੈ। ਆਮ ਆਦਮੀ ਦੇ ਦਿੱਲ ਅਤੇ ਦਿਮਾਗ. ਅੰਦਰ ਇਹ ਸੋਚ ਪੈਦਾ ਕੀਤੀ ਜਾਂਦੀ ਰਹੀ ਹੈ ਕਿ ਅਗਰ ਇਸ ਧਰਤੀ ਉਤੇ ਕੋਈ ਗਰੀਬ ਰਹਿ ਗਿਆ ਹੈ ਤਾਂ ਉਹ ਕਿਸੇ ਦੀ ਗਲਤੀ ਕਰਕੇ ਨਹੀਂ ਹੋਇਆ ਬਲਕਿ ਐਸਾ ਇਸ ਲਈ ਹੋਇਆ ਹੈ ਕਿ ਰੱਬ ਨੇ ਆਪ ਹੀ ਉਸ ਆਦਮੀ ਦੀ ਕਿਸਮਤ ਲਿਖ ਦਿੱਤੀ ਹੈ। ਰੱਬ ਨੇ ਆਪ ਚਾਹਿਆ ਹੈ ਤਾਂ ਹੀ ਕੋਈ ਆਦਮੀ ਅਮੀਰ ਅਤੇ ਸ਼ਕਤੀਸ਼ਾਲੀ ਹੋ ਜਾਂਦਾ ਹੈਜ। ਆਦਮੀ ਆਪਣੀਆਂ ਗਲਤੀਆਂ ਕਾਰਣ ਅਮੀਰ ਗਰੀਬ ਹੋ ਜਾਂਦਾ ਹੈ। ਇਹ ਗਲਤੀਆਂ ਇਸ ਜਨਮ ਵਿੱਚ ਵੀ ਕੀਤੀਆਂ ਜਾ ਸਕਦੀਆਂ ਹਨ ਅਤੇ ਪਿਛਲੇ ਜਨਮ ਦੀਆਂ ਗਲਤੀਆਂ ਦਾ ਖਮਿਆਜ਼ਾ ਵੀ ਅਸੀਂ ਇਸ ਜਨਮ ਵਿੱਚ ਆ ਕੇ ਭੁਗਤਦੇ ਹਾਂ।             

ਜਦ ਪਰਜਾਤੰਤਰ ਆਉਂਦਾ ਹੈ ਤਾਂ ਇਹ ਸਾਡੀ ਸੋਚ ਬਦਲ ਨਹੀਂ ਸਕਦਾ ਬਲਕਿ ਉਸੇ ਤਰ੍ਹਾਂ ਹਾਕਮ ਲੋਕਾਂ ਦਾ ਮਨੋਵਿਗਿਆਨ ਰਹਿੰਦਾ ਹੈ। ਸਿਰਫ. ਗਦੀਆਂ ਉਤੇ ਬੈਠਣ ਦੇ ਤਰੀਕਿਆਂ ਵਿੱਚ ਮਾਮੂਲੀ ਜਿਹੀ ਤਬਦੀਲੀ ਆਉਂਦੀ ਹੈ। ਅਸੀਂ ਦੂਰ ਨਾ ਜਾਈਏ, ਸਾਡੇ ਦੇਸ. ਭਾਰਤ ਅੰਦਰ ਅਜ ਕੋਈ ਰਾਜਾ ਨਹੀਂ ਹੈ, ਕੋਈ ਮਹਾਰਾਜਾ ਨਹੀਂ ਹੈ, ਕੋਈ ਬਾਦਸ਼ਾਹ ਨਹੀਂ ਹੈ ਅਤੇ ਸਾਮਰਾਜੀਏ ਵੀ ਚਲੇ ਗਏ ਹਨ, ਪਰ ਇਹ ਗਲ ਅਜ ਵੀ ਅਸੀਂ ਦੇਖ ਰਹੇ ਹਾਂ ਕਿ ਅਜ ਵੀ ਹਾਕਮਾਂ ਦੀ ਸੋਚ ਅਰਥਾਤ ਮਨੋਵਿਗਿਆਨ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ।  ਆਜ਼ਾਦੀ ਆਈ ਅਤੇ ਅਸੀਂ ਪਰਜਾਤੰਤਰ ਵੀ ਬਣੇ ਪਰ ਫਿਰ ਵੀ ਇਸ ਮੁਲਕ ਅੰਦਰ ਖਾਨਦਾਨੀ ਰਾਜ ਆਇਆ, ਪਾਰਟੀ ਤਾਨਾਸ਼ਾਹੀ ਆਈ ਅਤੇ ਫਿਰ ਵਿਅਕਤੀਗਤ ਤਾਨਾਸ਼ਾਹੀ ਵੀ ਆਈ। ਇਹ ਗਲਾਂ ਪਰਜਾਤੰਤਰ ਵਿੱਚ ਨਹੀਂ ਹੋਣੀਆਂ ਚਾਹੀਦੀਆਂ, ਪਰ ਇਥੇ ਆਈਆਂ ਅਤੇ ਅਸੀਂ ਬਰਦਾਸ਼ਤ ਵੀ ਕੀਤੀਆਂ। ਇਸ ਮੁਲਕ ਅੰਦਰ ਅਜ ਰਾਜਸੀ ਪਾਰਟੀਆਂ ਰਾਜ ਕਰਦੀਆਂ ਹਨ ਅਤੇ ਇਹ ਰਾਜਸੀ ਪਾਰਟੀਆਂ ਵਿੱਚ ਉਹੀ ਲੋਕ ਹਨ ਜਿਨ੍ਹਾਂ ਨੂੰ ਅੰਗਰੇਜ਼ ਸਾਮਰਾਜੀਏ ਰਾਜ ਦੇ ਗਏ ਸਨ ਅਤੇ ਇਹ ਲੋਕੀਂ ਉਦੋ ਦੇ ਰਾਜ ਕਰਦੇ ਆ ਰਹੇ ਹਨ। ਇਨ੍ਹਾਂ ਲੋਕਾਂ ਨੇ ਰਾਜਸੀ ਪਾਰਟੀਆਂ ਬਣਾ ਲਈਆਂ ਹਨ ਅਤੇ ਰਾਜ ਕਰਦੇ ਆ ਰਹੇ ਹਨ। ਆਮ ਆਦਮੀ ਰਾਜਸੀ ਆਦਮੀ ਨਹੀਂ ਬਣ ਸਕਦਾ ਕਿਓਂਕਿ ਚੋਣਾ ਦਾ ਸਿਲਸਿਲਾ ਬਹੁਤ ਹੀ ਮਹਿੰਗਾ ਕੰਮ ਹੈ।  ਸਿਰਫ. ਅਮੀਰ ਆਦਮੀ ਹੀ ਰਾਜਸੀ ਆਦਮੀ ਬਣ ਸਕਦਾ ਹੈ।  ਪਾਰਟੀਆਂ ਦੀ ਟਿਕਟ ਲੈਣ ਲਈ ਵੀ ਰਕਮ ਚਾਹੀਦੀ ਹੈ।  ਫਿਰ ਵੋਟਾਂ ਲੈਣ ਲਈ ਵੀ ਵਡੀਆਂ ਰਕਮਾਂ ਖਰਚ ਕਰਨੀਆਂ ਪੈਂਦੀਆਂ ਹਨ ਅਤੇ ਅਗਰ ਕੋਈ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਵੀ ਵਡਾ ਤਰਦਦ ਕਰਨਾ ਪੈਂਦਾ ਹੈ। ਆਮ ਆਦਮੀ ਤਾਂ ਬਸ ਵੋਟਰ ਹੀ ਬਣ ਸਕਿਆ ਹੈ। ਆਮ ਆਦਮੀ ਨੂੰ ਪੰਜਾਂ ਸਾਲਾ ਬਾਅਦ ਬੁਲਾਇਆ ਜਾਂਦਾ ਹੈ। ਕਿਸੇ ਬਹਾਨੇ ਉਸਦੀਆਂ ਵੋਟਾਂ ਲੈ ਲਈਆਂ ਜਾਂਦੀਆਂ ਹਨ ਅਤੇ ਵੋਟਾਂ ਲੈਣ ਤੋਂ ਬਾਅਦ ਆਮ ਆਦਮੀ ਨੂੰ ਪਿਛੇ ਧੱਕ ਦਿੱਤਾ ਜਾਂਦਾ ਹੈ ਅਤੇ ਆਖ ਦਿੱਤਾ ਜਾਂਦਾ ਹੈ, ਜਾਹ ਧਕੇ ਖਾ ਅਤੇ ਪੰਜ ਸਾਲਾਂ ਬਾਅਦ ਫਿਰ ਉਸਨੂੰ ਵੋਟਾਂ ਵਕਤ ਬੁਲਾ ਲਿਆ ਜਾਂਦਾ ਹੈ। 
ਇਹ ਪੰਜਾਂ ਸਾਲਾਂ ਵਿੱਚ ਆਮ ਆਦਮੀ ਨਾਲ ਕੀ ਬੀਤਦੀ ਹੈ ਉਸਦਾ ਵੇਰਵਾਂ ਦੇਣ ਦੀ ਜਰੂਰਤ ਨਹੀਂ ਹੈ ਕਿਓਂਕਿ ਇਹ ਪਰਜਾਤੰਤਰ ਸਿਰਫ ਕਾਗਜ਼ੀ  ਕਿਸਮ ਦੇ ਹਨ ਅਤੇ ਆਮ ਆਦਮੀ ਦੀ ਹਾਲਤ ਉਹੀ ਬਣੀ ਰਹਿੰਦੀ ਹੈ ਜੈਸੀ ਕਦੀ ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾਂ ਅਤੇ ਸਾਮਰਾਜੀਆਂ ਦੇ ਵਕਤਾਂ ਵਿੱਚ ਰਖੀ ਜਾਂਦੀ ਹੈ| ਅਸੀਂ ਅਗਰ ਅੱਜ ਭਾਰਤੀਆਂ ਦੀ ਹਾਲਤ ਦਾ ਜਾਇਜਾ ਲੈਂਦੇ ਹਾਂ ਤਾਂ ਇਹ ਗਲ ਪਰਤਖ ਹੋ ਜਾਂਦੀ ਹੈ ਕਿ ਆਮ ਆਦਮੀ ਅੱਜ ਵੀ ਅਨਪੜ੍ਹ ਹੈ, ਉਸ ਪਾਸ ਸਿਖਲਾਈ ਨਹੀਂ ਹੈ, ਉਸ ਪਾਸ ਰੁ}ਗਾਰ ਨਹੀਂ ਹੈ ਅਤੇ ਰੋਜ਼ਗਾਰ ਹੈ ਵੀ ਤਾਂ ਵਾਜਬ ਆਮਦਨ ਨਹੀਂ ਹੈ।  ਅੱਜ ਰਾਜਸੀ ਖੇਤਰ ਵਿੱਚ ਭ੍ਰਿਸ਼ਟਾਚਾਰ ਆ ਗਿਆ ਹੈ, ਘਪਲੇ ਹਨ, ਘੁਟਾਲੇ ਹਨ ਅਤੇ ਇਹੀ ਕਾਰਣ ਹੈ ਰਾਜਿਆਂ ਵਾਂਗ ਇਹ ਰਾਜਸੀ ਲੋਕੀਂ ਅਤੇ ਇਨ੍ਹਾਂ ਦੀ ਮਦਦ ਕਰਨ ਵਾਲੇ ਅਫਸਰ ਅਮੀਰ ਹੋ ਰਹੇ ਹਨ ਅਤੇ ਆਮ ਆਦਮੀ ਗਰੀਬ ਹੁੰਦਾ ਜਾ ਰਿਹਾ ਹੈ।         

ਰਾਜ ਕਰਦੇ ਲੋਕਾਂ ਦਾ ਮਨੋਵਿਗਿਆਨ ਬਦਲਿਆ ਨਹੀਂ ਜਾ ਸਕਦਾ। ਇਹ ਲੋਕੀਂ ਆਮ ਆਦਮੀ ਦੀ ਲੁੱਟ ਕਰਦੇ ਹਨ ਅਤੇ ਆਮ ਆਦਮੀ ਮਾਰ ਵੀ ਖਾਂਦਾ ਹੈ।  ਇਹੀ ਕਾਰਣ ਹੈ ਅਜ ਬਹੁਤੇ ਗਰੀਬ ਆਦਮੀ ਹੀ ਪੁਲਿਸ ਦੀ ਮਾਰ ਖਾਂਦੇ ਹਨ, ਅਦਾਲਤਾਂ ਵਿੱਚ ਅਤੇ ਜੇਲ੍ਹਾਂ ਵਿੱਚ ਹਾਰਦੇ ਹਨ।  ਅੱਜ ਵੀ ਇਹ ਲਗਦਾ ਹੈ ਕਿ ਆਮ ਆਦਮੀ ਹੀ ਵਡਾ ਅਪਰਾਧੀ ਹੈ। ਜੇਲ੍ਹਾ ਵਿੱਚ ਜਿਆਦਾ ਗਰੀਬ ਆਦਮੀ ਬੰਦ ਹਨ ਅਤੇ ਇਹ ਹਾਕਮ ਸ਼੍ਰੇਣੀ ਦੇ ਲੋਕੀਂ ਜੇਲ੍ਹ ਨਹੀਂ ਜਾਂਦੇ।
            ਇਓਂ ਲਗਦਾ ਹੈ ਕਿ ਅੱਜ ਰਬ ਵੀ ਆਮ ਆਦਮੀ ਦਾ ਸਾਥ ਨਹੀਂ ਦੇ ਰਿਹਾ ਅਤੇ ਇਹੀ ਕਾਰਣ ਹੈ ਆਮ ਆਦਮੀ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ। ਆਮ ਆਦਮੀ ਸਭ ਕੁਝ ਹੁੰਦਿਆਂ ਵੀ ਅਨਪੜ੍ਹ, ਬਿਨਾਂ ਸਿਖਲਾਈ ਦੇ, ਬਿੰਨਾ ਰੋਜ਼ਗਾਰ ਦੇ ਅਤੇ ਘਟ ਆਮਦਨ ਵਾਲਾ ਰਖਿਆ ਜਾਂਦਾ ਹੈ ਤਾਂਕਿ ਉਹ ਗੁਰਬਤ ਵਿੱਚ ਹੀ ਰਖਿਆ ਜਾਵੇ| ਇਹ ਗੁਰਬਤ ਹੀ ਰਾਜ ਕਰਦੇ ਲੋਕਾਂ ਦਾ ਸਾਥ ਦਿੰਦੀ ਹੈ। ਅੱਜ ਹੀ ਅਗਰ ਆਮ ਆਦਮੀ ਪੜ੍ਹਿਆ ਲਿਖਿਆ, ਸਿਖਲਾਈ ਪ੍ਰਾਪਤ ਹੋ ਜਾਂਦਾ ਹੈ ਤਾਂ ਹਰ ਆਦਮੀ ਨੂੰ ਰੋਜ਼ਗਾਰ ਮਿਲ ਜਾਵੇਗਾ, ਉਸਦੀ ਆਮਦਨ ਵਧ ਜਾਵੇਗੀ ਅਤੇ ਐਸਾ ਆਦਮੀ ਵਿਦਰੋਹ ਕਰ ਸਕਦਾ ਹੈ।  ਹਾਕਮਾਂ ਦੀਆਂ ਮਨਮਾਨੀਆਂ ਉਤੇ ਰੁਕਾਵਟ ਪਾ ਸਕਦਾ ਹੈ। ਇਸ ਲਈ ਇਹ ਹਾਕਮ ਕਦੀ ਵੀ ਆਮ ਆਦਮੀ ਦੀ ਹਾਲਤ ਸਹੀ ਕਰਨ ਦੀ ਜੁਰਅਤ ਨਹੀਂ ਕਰਨਗੇ|
--ਦਲੀਪ ਸਿੰਘ ਵਾਸਨ, ਐਡਵੋਕੇਟ
ਡਾਕ ਸੰਪਰਕ ਦਾ: 101-ਸੀ ਵਿਕਾਸ ਕਲੋਨੀ, ਪਟਿਆਲਾ-147003