Showing posts with label Bhai Taaru Singh. Show all posts
Showing posts with label Bhai Taaru Singh. Show all posts

Tuesday, July 16, 2013

ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ

ਸ਼੍ਰੋਮਣੀ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਸਜੇ ਦੀਵਾਨ 
ਭਾਈ ਤਾਰੂ ਸਿੰਘ ਨੇ ਸਿੱਖੀ ਸਿੱਦਕ ਕੇਸਾਂ ਸੁਆਸਾਂ ਸੰਗ ਨਿਭਾਇਆ- ਗਿਆਨੀ ਮੱਲ ਸਿੰਘ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ ਕਰਦੇ ਹੋਏ ਭਾਈ ਗੁਰਚਰਨ ਸਿੰਘ ਅਤੇ ਅਰਦਾਸ ’ਚ ਸ਼ਾਮਲ ਸਕੱਤਰ ਸ.ਦਲਮੇਘ ਸਿੰਘ, ਸ.ਤਰਲੋਚਨ ਸਿੰਘ, ਸ.ਸਤਬੀਰ ਸਿੰਘ ਤੇ ਸ.ਰੂਪ ਸਿੰਘ, ਮੀਤ ਸਕੱਤਰ ਸ.ਸੁਖਦੇਵ ਸਿੰਘ ਭੂਰਾਕੋਹਨਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ ਅਤੇ ਸੰਗਤਾਂ ਦਾ ਭਾਰੀ ਇਕੱਠ।
ਅੰਮ੍ਰਿਤਸਰ:: 16 ਜੁਲਾਈ- (ਪੰਜਾਬ ਸਕਰੀਨ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੜੀ ਸਿੰਘ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਤੇ ਭਾਈ ਮਨਿੰਦਰ ਸਿੰਘ ਦੇ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਗੁਰਚਰਨ ਸਿੰਘ ਵੱਲੋਂ ਕੀਤੀ ਗਈ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਸ਼ਹੀਦ ਭਾਈ ਤਾਰੂ ਸਿੰਘ ਦੀ ਸ਼ਹੀਦੀ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਧਰਮ, ਕੌਮ ਤੇ ਮਾਨਵਤਾ ਦੀ ਭਲਾਈ ਲਈ ਮੌਤ ਨੂੰ ਹੱਸ ਕੇ ਗਲੇ ਲਗਾਉਣ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਹੈ। ਸਿੱਖ ਇਤਿਹਾਸ ਅਜਿਹੀਆਂ ਸ਼ਹੀਦੀਆਂ ਦਾ ਕੀਮਤੀ ਖਜਾਨਾ ਹੈ। ਸ਼ਹੀਦੀ ਪ੍ਰੰਪਰਾ ਵਿੱਚ ਭਾਈ ਤਾਰੂ ਸਿੰਘ ਦੀ ਸ਼ਹੀਦੀ ਇੱਕ ਅਹਿਮ ਸਥਾਨ ਰੱਖਦੀ ਹੈ। ਅਠਾਰਵੀਂ ਸਦੀ ਦੇ ਇਤਿਹਾਸ ਵਿੱਚ ਭਾਈ ਤਾਰੂ ਸਿੰਘ ਮਹਾਨ ਸ਼ਹੀਦ ਹਨ।
ਉਨ੍ਹਾਂ ਕਿਹਾ ਕਿ ਜਕਰੀਆ ਖਾਨ ਨੇ ਜ਼ੁਲਮ ਦੀ ਹੱਦ ਕਰ ਦਿੱਤੀ। ਸਿੰਘਾਂ ਦੀ ਆਓ ਭਗਤ, ਲੰਗਰ ਪਾਣੀ ਦੀ ਸੇਵਾ ਕਰਨ ਵਾਲੇ ਮਹਾਨ ਸਿੱਦਕੀ ਸਿੱਖ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੀ ਗਈ, ਪਰ ਉਨ੍ਹਾਂ ਦਾ ਸਿਦਕ ਡੋਲਿਆ ਨਹੀਂ। ਉਹ ਖੋਪਰੀ ਉਤਾਰੇ ਜਾਣ ਤੋਂ ਬਾਅਦ ਵੀ ਬਹੁਤ ਦਿਨ ਜੀਵਤ ਰਹੇ ਹਨ ਤੇ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਸ਼ਹੀਦੀ ਪ੍ਰਾਪਤ ਕਰ ਗਏ। ਅਜਿਹੇ ਮਹਾਨ ਸ਼ਹੀਦ ਦਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ। ਸਾਨੂੰ ਸਾਰਿਆਂ ਨੂੰ ਇਸ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੇ ਬੱਚਿਆਂ ਨੂੰ ਕੇਸ ਕਤਲ ਕਰਵਾਉਣੋਂ ਰੋਕਣਾ ਚਾਹੀਦਾ ਹੈ। ਕਿਉਂਕਿ ਸਿੱਖ ਕੌਮ ਦੇ ਪੰਜ ਤਖਤਾਂ ਵਿੱਚੋਂ ਇਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ ਜੋ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕਿ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ ਵੱਲੋਂ ਸਾਨੂੰ ਕੇਸਾਂ ਦੀ ਸਾਂਭ ਸੰਭਾਲ ਬਾਰੇ ਜੋ ਆਦੇਸ਼ ਹੈ ਉਸ ਤੇ ਪਹਿਰਾ ਦੇਈਏ। ਖੰਡੇ ਬਾਟੇ ਦੀ ਪਾਹੁਲ ਛਕ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਜੀਵਨ ਸਫਲਾ ਕਰੀਏ।
ਉਪਰੰਤ ਸਜੇ ਧਾਰਮਿਕ ਦੀਵਾਨ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਜਗਦੇਵ ਸਿੰਘ ਵੱਲੋਂ ਦਿੱਤੇ ਸਮੇਂ ਮੁਤਾਬਿਕ ਪ੍ਰਸਿੱਧ ਢਾਡੀ ਭਾਈ ਹਰਪਾਲ ਸਿੰਘ ਢੰਡ ਦੇ ਜਥੇ ਵੱਲੋਂ ਸ਼ਹੀਦ ਭਾਈ ਤਾਰੂ ਸਿੰਘ ਦੀ ਸ਼ਹੀਦੀ ਬਾਰੇ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ.ਦਲਮੇਘ ਸਿੰਘ, ਸ.ਤਰਲੋਚਨ ਸਿੰਘ, ਸ.ਰੂਪ ਸਿੰਘ ਤੇ ਸ.ਸਤਬੀਰ ਸਿੰਘ, ਐਡੀਸ਼ਨਲ ਸਕੱਤਰ ਸ.ਦਿਲਜੀਤ ਸਿੰਘ ਬੇਦੀ ਤੇ ਸ.ਬਲਵਿੰਦਰ ਸਿੰਘ ਜੌੜਾ, ਮੀਤ ਸਕੱਤਰ ਸ.ਸੁਖਦੇਵ ਸਿੰਘ ਭੂਰਾਕੋਹਨਾ ਤੇ ਸ.ਜਗਜੀਤ ਸਿੰਘ ਜੱਗੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸੁਪਿ੍ਰੰਟੈਂਡੈਂਟ ਸ.ਹਰਮਿੰਦਰ ਸਿੰਘ ਮੂਧਲ, ਐਡੀ:ਮੈਨੇਜਰ ਸ.ਗੁਰਿੰਦਰ ਸਿੰਘ, ਸ.ਹਰਜਿੰਦਰ ਸਿੰਘ ਤੇ ਸ.ਮਹਿੰਦਰ ਸਿੰਘ, ਇੰਚਾਰਜ ਸ.ਪਰਮਦੀਪ ਸਿੰਘ, ਸ.ਬੇਅੰਤ ਸਿੰਘ ਤੇ ਸ.ਜਸਵਿੰਦਰ ਸਿੰਘ ਦੀਪ, ਚੀਫ ਅਕਾਊਂਟੈਂਟ ਸ.ਜਸਵਿੰਦਰ ਸਿੰਘ, ਸਹਾਇਕ ਸੁਪਿ੍ਰੰਟੈਂਡੈਂਟ ਸ.ਮਲਕੀਤ ਸਿੰਘ ਬਹਿੜਵਾਲ, ਸੁਪਰਵਾਈਜਰ ਸ.ਇੰਦਰਮੋਹਣ ਸਿੰਘ ਅਨਜਾਣ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਟਾਫ ਤੋਂ ਇਲਾਵਾ ਵੱਡੀ ਗਿੱਣਤੀ ’ਚ ਸਿੱਖ ਸੰਗਤਾਂ ਹਾਜਰ ਸਨ।