Showing posts with label 13th April. Show all posts
Showing posts with label 13th April. Show all posts

Monday, April 13, 2026

ਕੁੱਝ ਕਹਿ ਰਹੀ ਹੈ ਜਲ੍ਹਿਆਂਵਾਲਾ ਬਾਗ਼ ਦੀ ਤਾਜ਼ਾ ਹਵਾ

 Amolak Singh on Monday 13th April 2026 at 11:01 AM Regarding Jallianwala Bagh 

13 ਅਪ੍ਰੈਲ ਖ਼ੂਨੀ ਦਿਹਾੜੇ ਤੇ ਵਿਸ਼ੇਸ਼ //- ਅਮੋਲਕ ਸਿੰਘ 

13 ਅਪ੍ਰੈਲ 1919 ਦਾ ਦਿਹਾੜਾ, ਇਤਿਹਾਸ ਦੇ ਸਫ਼ੇ ਤੇ ਖ਼ੂਨੀ ਵਿਸਾਖੀ ਦਾ ਦਿਹਾੜਾ ਬਣ ਕੇ ਰਹਿ ਗਿਆ।  ਜਲ੍ਹਿਆਂਵਾਲਾ ਬਾਗ਼ ਵਿਚ ਜੁੜੇ ਨਿਹੱਥੇ ਬੇਦੋਸ਼ੇ ਲੋਕਾਂ ਉਪਰ ਗੋਲੀਆਂ ਦੀ ਅੰਨ੍ਹੇ ਵਾਹ ਵਾਛੜ ਕਰ ਕੇ  ਬਾਗ਼ ਅਤੇ ਬਾਗ਼ ਅੰਦਰਲੇ ਖੂਹ ਨੂੰ ਲੋਥਾਂ ਨਾਲ਼ ਭਰ ਦਿੱਤਾ। 

ਜਲ੍ਹਿਆਂਵਾਲਾ ਬਾਗ਼ ਇਤਿਹਾਸ ਦਾ ਅਜਿਹਾ ਪ੍ਰੇਰਨਾਦਾਇਕ ਸਫ਼ਾ ਬਣ ਗਿਆ ਕਿ ਇਥੋਂ ਗ਼ਦਰੀ,ਬਬਰ ਅਕਾਲੀ, ਨੌਜਵਾਨ ਭਾਰਤ ਸਭਾ  ਊਧਮ ਸਿੰਘ ਅਤੇ ਸਮੇਂ ਸਮੇਂ ਦੀਆਂ ਇਨਕਲਾਬੀ ਲੋਕ ਲਹਿਰਾਂ ਅਤੇ ਉਹਨਾਂ ਦੇ ਨਾਇਕਾਂ ਲਈ ਇਹ ਬਾਗ਼ ਚਾਨਣ ਮੁਨਾਰਾ ਬਣ ਗਿਆ। ਇਹ ਅੱਜ ਵੀ ਸਾਮਰਾਜਵਾਦ ਅਤੇ ਉਸਦੇ ਸੇਵਾਦਾਰਾਂ ਖ਼ਿਲਾਫ਼ ਜੂਝਣ ਲਈ ਪ੍ਰੇਰਦੀ ਇਤਿਹਾਸਕ ਵਿਰਾਸਤ ਹੈ।

ਬੀਤੇ ਵਰ੍ਹਿਆਂ ਅੰਦਰ ਇਸ ਇਤਿਹਾਸਕ ਕੌਮੀ ਵਿਰਾਸਤ ਦਾ ਹੁਲੀਆ ਵਿਗਾੜ ਕੇ ਇਸਨੂੰ ਸੈਰਗਾਹ ਬਣਾ ਧਰਨ ਦੀਆਂ ਸਕੀਮਾਂ ਘੜੀਆਂ ਗਈਆਂ। ਪੰਜਾਬ ਨੇ ਅੱਖ ਉਘਾੜੀ।  ਅੰਮ੍ਰਿਤਸਰ ਸ਼ਹਿਰ ਅੰਦਰ ਜ਼ਬਰਦਸਤ ਮਾਰਚ ਹੋਇਆ। ਬਾਗ਼ ਦੇ ਮੁੱਖ ਦੁਆਰ ਅੱਗੇ ਧਰਨੇ ਅਤੇ ਵਿਖਾਵੇ ਹੋਏ। ਜਨਤਕ ਆਵਾਜ਼ ਕਾਰਨ  ਵਕਤੀ ਤੌਰ ਤੇ ਇਹ ਸਿਲਸਿਲਾ ਰੁਕ ਗਿਆ। ਬਾਗ਼  ਅੰਦਰ ਦਰਸ਼ਕਾਂ ਦੇ ਦਾਖ਼ਲੇ ਲਈ ਟਿਕਟ ਖਿੜਕੀਆਂ ਉਪਰ ਮਸ਼ੀਨਾਂ ਲਾਉਣ ਦਾ ਕੰਮ ਜਾਗਦੀ ਲੋਕਾਈ ਦੀ ਆਵਾਜ਼ ਕਾਰਨ ਰੋਕਣਾ ਪਿਆ। ਜਾਗਦੀ ਅੱਖ ਵਾਲ਼ੇ ਲੋਕਾਂ ਨੇ ਉਸ ਵੇਲੇ ਵੀ ਖ਼ਬਰਦਾਰ ਕੀਤਾ ਸੀ ਕਿ ਇਹ ਕੌਮਾ ਹੀ ਹੈ ਫ਼ੁੱਲ ਸਟਾਪ ਨਹੀਂ। ਲਗਾਤਾਰ ਚੌਕੰਨੇ ਰਹਿਣ ਦੀ ਲੋੜ ਹੈ। ਇਹਨਾਂ ਦਿਨਾਂ ਅੰਦਰ ਇਹ ਬੋਲ ਫਿਰ ਸੱਚ ਸਾਬਤ ਹੋਏ।

ਕੀ ਤੁਸੀਂ ਇਹਨਾਂ ਦਿਨਾਂ ਵਿੱਚ ਜਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਗਏ ਹੋ? ਜੇ ਨਹੀਂ ਗਏ ਤਾਂ ਜ਼ਰੂਰ ਜਾਣ ਦੀ ਕੋਸ਼ਿਸ਼ ਕਰਨਾ। ਤੁਹਾਡੇ ਮਹਿਬੂਬ ਸ਼ਹੀਦ ਤੁਹਾਨੂੰ ਬੁਲਾ ਰਹੇ ਨੇ। ਉਹਨਾਂ ਦੀ ਆਵਾਜ਼ ਸੁਣੋਂ। ਲਹੂ ਰੱਤੇ ਇਤਿਹਾਸ ਨੂੰ ਆਪਣੀ ਬੁੱਕਲ ਵਿਚ ਸਾਂਭ ਸਾਂਭ ਰੱਖਦਾ ਆ ਰਿਹਾ ਜਲ੍ਹਿਆਂਵਾਲਾ ਬਾਗ ਅੱਜ ਤੁਹਾਡੇ ਨਾਲ਼ ਆਪਣੇ ਦਰਦ ਸਾਂਝੇ ਕਰਨਾ ਲੋਚਦਾ ਹੈ। 

ਉਸਨੂੰ ਸ਼ਿਕਵਾ ਹੈ ਕਿ ਤੁਸੀਂ ਬਾਗ਼ ਨੂੰ ਕੁਝ ਤਾਂ ਭੁੱਲ ਭੁਲਾ ਹੀ ਗਏ। ਕੁਝ ਰਸਮੀ ਆਉਂਦੇ ਹੋ। ਕੁਝ ਲਾਗੇ ਤਾਗੇ ਆ ਕੇ ਐਨ ਗੁਆਂਢ ਵਿੱਚੋਂ ਮੁੜ ਜਾਂਦੇ ਹੋ।

ਬਾਰਾਂ ਵਰ੍ਹਿਆਂ ਦਾ ਇੱਕ ਅੱਲ੍ਹੜ ਨੌਜਵਾਨ ਭਗਤ ਸਿੰਘ ਤਾਂ ਜਲ੍ਹਿਆਂਵਾਲਾ ਬਾਗ ਦੀ ਲ਼ਹੂ ਭਿੱਜੀ ਮਿੱਟੀ ਸ਼ੀਸ਼ੀ ਵਿਚ ਅਦਬ ਨਾਲ ਮਸਤਕ ਨੂੰ ਲਗਾ ਕੇ ਲੈ ਕੇ ਜਾਂਦਾ ਹੈ। ਤੁਸੀਂ ਅੰਮ੍ਰਿਤਸਰ ਦੀਆਂ ਪਾਪੜ ਬੜੀਆਂ ਲੈ ਕੇ ਘਰਾਂ ਨੂੰ ਕਿਵੇਂ ਮੁੜ ਜਾਂਦੇ ਹੋ! ਕੀ ਤੁਹਾਨੂੰ ਜਲ੍ਹਿਆਂਵਾਲਾ ਬਾਗ਼ ਦਾ ਇਤਿਹਾਸ ਭੁਲ ਭੁਲਾ ਗਿਆ ?

ਇੱਕ ਵਾਰ ਫੇਰ ਉੱਚੀ ਆਵਾਜ਼ ਦੇ ਰਿਹੈ ਜਲ੍ਹਿਆਂਵਾਲਾ ਬਾਗ਼। ਤੁਸੀਂ ਜ਼ਰੂਰ ਜਾ ਕੇ ਆਓ। ਤੁਹਾਨੂੰ ਖੂਹ ਦੀ ਜ਼ੋਰਦਾਰ ਈਕੋ ਆਵਾਜ਼ ਮੁੜ ਘਰ ਆਇਆਂ ਨੂੰ ਸੌਣ ਨਹੀਂ ਦੇਵੇਗੀ। ਬਾਗ਼ ਦੀਆਂ ਕੰਧਾਂ, ਇੱਕੋ ਇੱਕ ਤੰਗ ਗਲ਼ੀ, ਮਸ਼ੀਨ ਗੰਨ ਬੀੜਨ ਵਾਲੀ ਨਿਸ਼ਾਨ ਬੱਧ ਕੀਤੀ ਇਤਿਹਾਸਕ ਥਾਂ, ਲੋਥਾਂ ਨਾਲ਼ ਭਰਿਆ ਖੂਹ, ਕੰਧਾਂ ਵਿੱਚੋਂ  ਬੋਲਦੇ ਗੋਲੀਆਂ ਦੇ ਨਿਸ਼ਾਨ, ਯਾਦਗਾਰੀ ਬਣੀਆਂ ਆਰਟ ਗੈਲਰੀਆਂ, ਇਤਿਹਾਸਕ ਦਸਤਾਵੇਜ਼ਾਂ, ਪ੍ਰਮਾਣਿਕ ਰਿਕਾਰਡ ਤੁਹਾਨੂੰ ਸੋਚਣ ਤੇ ਮਜ਼ਬੂਰ ਕਰ ਦੇਵੇਗਾ ਕਿ ਉਹ ਕੌਣ ਹੈ ਜੋ ਇਤਿਹਾਸਕ ਵਿਰਾਸਤ ਨਾਲ਼ ਛੇੜ ਛਾੜ ਕਰ ਰਿਹੈ। ਇਸਦੀ ਮੌਲਿਕਤਾ ਕਿਸਨੂੰ ਚੰਗੀ ਨਹੀਂ ਲੱਗਦੀ। ਕਿਉਂ ਕੋਈ ਇਸਨੂੰ ਬਦਲਣ ਲਈ ਤਰਲੋ ਮੱਛੀ ਹੋ ਰਿਹੈ। ਅਜੇਹੀ ਚਿੰਤਾਜਨਕ ਵਿਥਿਆ ਜਲ੍ਹਿਆਂਵਾਲਾ ਬਾਗ ਅੱਜ ਆਪਣੇ ਮੂੰਹੋਂ ਬੋਲਦਾ ਹੈ। ਇਸਦੀ ਮਿੱਟੀ ਦਾ ਕਣ ਕਣ ਇਤਿਹਾਸ ਹੈ। ਇਸਦੀਆਂ ਦੀਵਾਰਾਂ ਤੁਹਾਡੇ ਨਾਲ਼ ਦਰਦ ਕਹਾਣੀ ਸਾਂਝੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ।

ਜਲ੍ਹਿਆਂਵਾਲਾ ਬਾਗ਼ ਦੀ ਗੈਲਰੀ ਵਿੱਚ ਪਹਿਲਾਂ ਲੱਗੀਆਂ ਪਰਿਵਾਰਾਂ ਵੱਲੋਂ ਭੇਂਟ ਕੀਤੀਆਂ ਸ਼ਹੀਦਾਂ ਦੀਆਂ ਤਸਵੀਰਾਂ ਕਿੱਥੇ ਗਈਆਂ? ਸ਼ਹੀਦਾਂ ਦੇ ਲ਼ਹੂ ਨਾਲ਼ ਲੱਥ ਪੱਥ ਮ੍ਰਿਤਕ ਦੇਹਾਂ ਦੇ ਪਹਿਨੇ ਕੱਪੜਿਆਂ ਦੀਆਂ ਜੇਬਾਂ ਵਿਚੋਂ ਜੋ ਕਰੰਸੀ ਸਿੱਕੇ ਪ੍ਰਾਪਤ ਹੋਏ ਸਨ ਉਹ ਬਾਗ਼ ਦੀਆਂ ਗੈਲਰੀਆਂ ਵਿਚ ਇਤਿਹਾਸਕ ਧਰੋਹਰ ਵਜੋਂ ਰੱਖੇ ਹੋਏ ਸਨ, ਅੱਜ ਕੱਲ੍ਹ ਗੈਲਰੀਆਂ ਵਿਚੋਂ ਉਹਨਾਂ ਦਾ ਗਾਇਬ ਹੋ ਜਾਣਾ ਵਡੇਰੇ ਸੁਆਲ ਖੜ੍ਹੇ ਕਰਦਾ ਹੈ। ਹਿੰਦੂਆਂ, ਸਿੱਖਾਂ ਅਤੇ ਵੱਡੀ ਗਿਣਤੀ ਵਿਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਦਾ 13 ਅਪ੍ਰੈਲ 1919 ਨੂੰ ਖ਼ੂਨੀ ਵਿਸਾਖੀ ਮੌਕੇ ਸਾਂਝੀ ਗਲਵੱਕੜੀ ਪਾ ਕੇ ਸ਼ਹੀਦੀ ਜਾਮ ਪੀ ਜਾਣਾ, ਸਾਡੇ ਆਜ਼ਾਦੀ ਸੰਗਰਾਮ ਦੀ ਸਾਂਝੀ, ਅਮੁੱਲੀ ਇਤਿਹਾਸਕ ਵਿਰਾਸਤ ਹੈ। ਇਹ ਇਤਿਹਾਸ ਉਂਗਲ਼ ਫੜਕੇ ਅਤੀਤ, ਵਰਤਮਾਨ ਅਤੇ ਭਵਿੱਖ਼ ਨਾਲ਼ ਕਦਮ ਮਿਲਾ ਕੇ ਸਾਂਝੇ ਤੌਰ ਤੇ ਤੁਰਨ ਦੀ ਜਾਂਚ ਸਿਖਾਉਂਦਾ ਹੈ। ਉਹ ਲੋਕ ਕੌਣ ਨੇ ਜਿਨ੍ਹਾਂ ਨੂੰ ਇਸ ਸਾਂਝ  ਨਾਲ਼ ਨਫ਼ਰਤ ਹੈ। ਜੇ ਨਹੀਂ ਤਾਂ ਉਹ ਸ਼ਹੀਦਾਂ ਦੀ ਸੂਚੀ ਕਿੱਥੇ ਗਈ? 

ਖ਼ੂਨੀ ਕਾਂਡ ਦੇ ਇੱਕ ਜਾਣੇ ਪਹਿਚਾਣੇ ਮੁਜ਼ਰਿਮ ਮਾਈਕਲ ਓਡ ਵਾਇਰ ਖਿਲਾਫ਼ ਅਦਾਲਤ ਵਿੱਚ ਲੋਕਾਂ ਨਾਲ਼ ਡਟਕੇ ਖੜ੍ਹਨ ਵਾਲੇ ਵਕੀਲ ਚੇਤੁਰ ਸੰਕਰਨ ਨਾਇਰ ਦੇ ਨਾਮ ਦੀ ਤਖ਼ਤੀ ਅਤੇ ਤਸਵੀਰ ਜੋ ਪਹਿਲਾਂ ਗੈਲਰੀ ਨੰਬਰ ਇੱਕ ਵਿੱਚ ਸਥਾਪਤ ਸੀ ਹੁਣ ਗਾਇਬ ਹੋ ਜਾਣਾ ਬੇਹੱਦ ਅਫ਼ਸੋਸ਼ਨਾਕ ਅਤੇ ਚਿੰਤਾ ਦਾ ਵਿਸ਼ਾ ਹੈ। ਸਮੂਹ ਲੋਕ ਹਿਤੈਸ਼ੀ ਅਤੇ ਲੋਕ ਇਤਿਹਾਸ ਦੀਆਂ ਵਾਰਸ ਸੰਸਥਾਵਾਂ ਨੂੰ ਜਲ੍ਹਿਆਂਵਾਲਾ ਬਾਗ਼ ਦੇ ਚੇਅਰਮੈਨ/ਪ੍ਰਧਾਨ ਮੰਤਰੀ ਨੂੰ ਮਿਲ਼ ਕੇ ਗੈਲਰੀਆਂ ਵਿੱਚ ਇਤਿਹਾਸਕ ਵਸਤਾਂ/ਹਵਾਲਿਆਂ ਦੀ ਸਾਂਭ ਸੰਭਾਲ ਅਤੇ ਗੈਲਰੀਆਂ ਵਿੱਚ ਮੁੜ ਰੱਖਣ ਦੀ ਜਾਮਨੀ ਕਰਨ ਲਈ ਮੰਗ ਪੱਤਰਾਂ ਅਤੇ ਵਫ਼ਦ ਦੇ ਰੂਪ ਵਿੱਚ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਇਹ ਜਵਾਬ ਮੰਗਣ ਦੀ ਲੋੜ ਹੈ ਕਿ ਇਹ ਸਭ ਕੁਝ ਕਿਉਂ ਹੋ ਰਿਹੈ।

ਇਹ ਵੀ ਮੰਗ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਕੌਮੀ ਯਾਦਗਾਰੀ ਇਬਾਦਤ ਗਾਹ ਜਲ੍ਹਿਆਂਵਾਲਾ ਬਾਗ਼ ਨੂੰ ਕਿਸੇ ਕਿਸਮ ਦੀਆਂ ਵੀ ਨਿੱਜੀ ਕੰਪਨੀਆਂ ਦੇ ਅਧਿਕਾਰ ਖੇਤਰ ਵਿੱਚ ਨਾ ਲਿਆਂਦਾ ਜਾਏ। ਜਾਣੇ-ਪਹਿਚਾਣੇ ਇਤਿਹਾਸਕਾਰਾਂ ਅਤੇ ਸੰਸਥਾਵਾਂ ਦੀ ਨਿਗਰਾਨੀ ਹੇਠ ਹਕੀਕੀ ਇਤਿਹਾਸ ਨੂੰ ਸਲਾਮਤ ਰੱਖਣਾ ਯਕੀਨੀ ਬਣਾਇਆ ਜਾਏ।

ਜਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਵਿਰਾਸਤ ਨੂੰ ਸਹਿਜੇ ਸਹਿਜੇ ਸੈਰਗਾਹ 'ਚ ਤਬਦੀਲ ਕੀਤੇ ਜਾਣ ਬਾਰੇ ਜੋ ਕਈ ਵਰ੍ਹੇ ਪਹਿਲਾਂ ਹੀ ਖਦਸ਼ੇ ਪ੍ਰਗਟਾਏ ਸਨ ਹੁਣ ਉਹਨਾਂ ਦੀ ਹੀ ਪੁਸ਼ਟੀ ਹੋ ਰਹੀ ਹੈ। ਇਹ ਖਦਸੇ ਦੂਰ ਕਰ ਕੇ ਬਾਗ਼ ਦੀ ਇਤਿਹਾਸਕ ਵਿਰਾਸਤ ਨੂੰ ਪ੍ਰਮਾਣਿਕ ਰੂਪ ਵਿੱਚ ਸੰਭਾਲਣ ਦੀ ਜਾਮਨੀ ਕੀਤੀ ਜਾਏ।

ਲਾਈਟ ਐਂਡ ਸਾਊਂਡ ਪ੍ਰੋਗਰਾਮ ਦੀ ਸਕ੍ਰਿਪਟ ਮੁਲਕ ਦੇ ਨਾਮਵਰ ਵਿਦਵਾਨਾਂ, ਇਤਿਹਾਸਕਾਰਾਂ ਅਤੇ ਕੌਮੀ ਵਿਰਾਸਤ ਨਾਲ਼ ਜੁੜੀਆਂ ਯਾਦਗਾਰਾਂ ਸਬੰਧੀ ਨਾਮਵਰ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਅਧਿਕਾਰਤ ਕੀਤਾ ਜਾਏ।

ਇਹਨਾਂ ਦਿਨਾਂ ਵਿੱਚ ਜਲ੍ਹਿਆਂਵਾਲਾ ਬਾਗ ਦੀ ਇਤਿਹਾਸਕ ਧਰੋਹਰ ਨਾਲ਼ ਛੇੜ ਛਾੜ ਕਰਨ ਦੀ ਇਸ ਘਟਨਾ ਨੂੰ ਇਤਿਹਾਸ ਦੇ ਪਾਰਖੂਆਂ ਵੱਲੋਂ ਕੌਮੀ ਮੰਚ ਤੇ ਸਾਹਮਣੇ ਆ ਰਹੀਆਂ ਘਟਨਾਵਾਂ ਨਾਲ ਵੀ ਜੋੜ ਕੇ

ਦੇਖਿਆ ਜਾ ਰਿਹਾ ਹੈ। ਕਾਕੋਰੀ ਕਾਂਡ ਦੇ ਸ਼ਹੀਦਾਂ ਦੇ ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ਬੁੱਤਾਂ ਨੂੰ ਤੋੜਨ, ਦਿੱਲੀ ਅੰਦਰ ਵਿਦਿਆਰਥੀਆਂ ਦੇ ਵਿਖਾਵੇ ਵਿੱਚੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਸ਼ਹੀਦਾਂ ਦੀਆਂ ਤਸਵੀਰਾਂ ਖੋਹਣਾ ਅੱਜ ਕੱਲ੍ਹ ਜਲ੍ਹਿਆਂਵਾਲਾ ਬਾਗ਼ ਦਾ ਮੁਹਾਂਦਰਾ ਬਦਲਣ ਦੇ ਕਦਮ ਅਣਦੱਸੇ ਚੁੱਕਣਾ, ਕਿਸੇ ਨਾ ਕਿਸੇ ਰੂਪ ਵਿਚ ਸਾਮਰਾਜੀਆਂ ਖਿਲਾਫ਼ ਲੋਕ ਰੋਹ ਦੇ ਪ੍ਰਤੀਕ ਨਿਸ਼ਾਨਾਂ ਨੂੰ ਲੋਕਾਂ ਦੀ ਨਜ਼ਰ ਤੋਂ ਲਾਂਭੇ ਕਰਨ ਦੀ ਯੋਜਨਾ ਦਾ ਇਜ਼ਹਾਰ ਹੈ।

ਸਾਮਰਾਜੀ ਕਾਰਪੋਰੇਟ ਘਰਾਣਿਆਂ ਦੀਆਂ ਸ਼ਰਤਾਂ ਨੂੰ ਖਿੜੇ ਮੱਥੇ ਪ੍ਰਵਾਨ ਕਰ ਕੇ ਜਿਵੇਂ ਪੰਜਾਬ ਸਮੇਤ ਦੇਸ ਦੇ ਬੂਹੇ ਸਪਾਟ ਖੋਲ੍ਹੇ ਜਾ ਰਹੇ ਹਨ ਇਸ ਵਰਤਾਰੇ ਖਿਲਾਫ਼ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਇਸ ਆਵਾਜ਼ ਨੂੰ ਊਰਜਾ ਮਿਲਦੀ ਹੈ, ਜਲ੍ਹਿਆਂਵਾਲਾ ਬਾਗ਼ ਦੀ ਮਹਾਨ ਵਿਰਾਸਤ ਤੋਂ। ਇਹੋ ਕੰਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਰਾਸਤੀ ਯਾਦਗਾਰ ਤੇ ਵੀ ਦੇਖਣ ਨੂੰ ਮਿਲਦਾ ਹੈ। ਹਾਈਵੇਅ ਤੋਂ ਯਾਦਗਾਰ ਦੇ ਐਨ ਮੁੱਖੜੇ ਤੇ ਲੱਗਾ ਭਗਤ ਸਿੰਘ ਦਾ ਬੁੱਤ ਪਿੱਛੇ ਕਰ ਦੇਣਾ ,ਦਾਣਾ ਪਾਣੀ, ਮਨੋਰੰਜਨ ਨੂੰ ਪ੍ਰਮੁੱਖ ਥਾਂ ਦੇਣਾ ਅਤੇ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਓਹਲੇ ਵਿਸ਼ਾਲ ਚਾਰ ਦੀਵਾਰੀ ਵਿੱਚ ਕੀ ਹੋ ਰਿਹਾ ਹੈ ਇਸਨੂੰ ਪਾਰਦਰਸ਼ਤ ਨਾ ਕਰਨਾ ਅਨੇਕਾਂ ਤਰ੍ਹਾਂ ਦੇ ਸ਼ੰਕਿਆਂ ਨੂੰ ਜਨਮ ਦਿੰਦਾ ਹੈ।

ਮਹਿਬੂਬ ਸ਼ਹੀਦਾਂ ਦੀ ਸੋਚ ਨੂੰ ਪੱਗਾਂ, ਟੋਪੀਆਂ, ਬੰਬ, ਬੰਦੂਕਾਂ ਵਿਚ ਪਲਟ ਦੇਣ ਅਤੇ ਜਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕਤਾ ਅਤੇ ਇਬਾਦਤ ਗਾਹ ਵਾਲੀ ਭਾਵਨਾ ਹੌਲ਼ੀ ਹੌਲ਼ੀ ਮਨਫੀ ਕਰਨਾ ਨਵੀਂ ਪੀੜ੍ਹੀ ਅਤੇ ਆਉਣ ਵਾਲੀਆਂ ਨਸਲਾਂ ਨੂੰ ਡਾਢਿਆਂ ਦੀ ਮਨਪਸੰਦੀ ਦਾ ਇਤਿਹਾਸ ਪੇਸ਼ ਕਰਨ ਲਈ ਹਵਾ ਦਾ ਰੁਖ਼ ਬਦਲਣ ਦੀ ਸੈਨਤ ਹੈ। ਇਹ 'ਜਾਗਦੇ ਰਹੋ'  ਦੀ ਚੇਤਾਵਨੀ ਵੀ ਹੈ। ਅੱਜ ਜਦੋਂ ਮੁਲਕ, ਸਾਮਰਾਜੀਆਂ ਅਤੇ ਦੇਸੀ ਕਾਰਪੋਰੇਟ ਘਰਾਣਿਆਂ ਕੋਲ਼ ਗਹਿਣੇ ਧਰਿਆ ਜਾ ਰਿਹਾ ਹੈ, ਜਦੋਂ ਲੋਕਾਂ ਅੰਦਰ ਖਰੀ ਦੇਸ ਭਗਤੀ ਦੀ ਮਸ਼ਾਲ ਬਣ ਜਗਦਾ ਹੈ ਜਲ੍ਹਿਆਂਵਾਲਾ ਬਾਗ਼ ਦਾ ਇਤਿਹਾਸ। ਅਜੇਹੀ ਚੇਤਨਾ,ਸੂਝ ਬੂਝ ਦੇ ਮੂਲ਼ ਸਰੋਤ ਦੇ ਚਿਰਾਗ਼ ਬੁਝਾ ਦੇਣ ਲਈ ਰੱਸੇ ਪੈੜੇ ਵੱਟਣ ਵਾਲਿਆਂ ਦੀ ਸਾਮਰਾਜ ਭਗਤੀ ਪਿੱਛੇ ਛੁਪੇ ਮੰਤਵ ਸਮਝਣਾ ਸਮੇਂ ਦੀ ਲੋੜ ਹੈ। ਕੁਝ ਅਜੇਹਾ ਕਹਿ ਰਹੀ ਹੈ ਜਲ੍ਹਿਆਂਵਾਲਾ ਬਾਗ਼ ਦੀ ਤਾਜ਼ਾ ਹਵਾ। ਇਸ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਬਾਹਰ ਇਹਨਾਂ ਦਿਨਾਂ ਵਿੱਚ ਰੋਸ ਪ੍ਰਦਰਸ਼ਨ ਕਰਨਾ ਹੋਰਨਾਂ ਸੰਸਥਾਵਾਂ ਦਾ ਵੀ ਇਸ ਪਾਸੇ ਧਿਆਨ ਖਿੱਚਦਾ ਹੈ।

    ਸੰਪਰਕ: 98778  68710