AIR VBS on Tuesday 10th November 2026 at 6:12 PM Regarding 14th Anniversary of AIR Ludhiana
ਇਸ ਮੌਕੇ ਕਈ ਯਾਦਾਂ ਸਾਂਝੀਆਂ ਕੀਤੀਆਂ ਗਈਆਂ
ਸਟੇਸ਼ਨ ਡਾਇਰੈਕਟਰ ਕਰਮਵੀਰ ਕਰਨ ਨੇ ਸਮੂਹ ਸਟਾਫ ਨੂੰ ਦਿੱਤੀ ਵਧਾਈ,
ਲੁਧਿਆਣਾ ਵਿੱਚ ਰੇਡੀਓ ਦੇ 13 ਸਾਲਾਂ ਦੇ ਸਫ਼ਰ ਨੂੰ ਕੀਤਾ ਗਿਆ ਯਾਦ
ਲੁਧਿਆਣਾ: 11 ਨਵੰਬਰ 2026: >>ਕਾਰਤਿਕਾ ਕਲਿਆਣੀ ਸਿੰਘ>>ਪੰਜਾਬ ਸਕਰੀਨ ਡੈਸਕ>>13 ਸਾਲ ਬੀਤ ਗਏ ਅਤੇ ਇੱਕ ਹੋਰ ਨਵਾਂ ਸਾਲ ਸ਼ੁਰੂ ਹੋ ਗਿਆ। ਆਕਾਸ਼ਵਾਣੀ ਲੁਧਿਆਣਾ ਦਾ ਸਫ਼ਰ ਜਾਰੀ ਹੈ।
ਆਕਾਸ਼ਵਾਣੀ ਲੁਧਿਆਣਾ (All India Radio Ludhiana) ਦੀ ਸਥਾਪਨਾ 16 ਅਗਸਤ 2013 ਨੂੰ ਕੀਤੀ ਗਈ ਸੀ ਅਤੇ ਇਸ ਦਾ ਪ੍ਰਸਾਰਣ 100.1 ਮੇਗਾਹਰਟਜ਼ (FM Gold) ਫ੍ਰੀਕੁਐਂਸੀ 'ਤੇ ਸ਼ੁਰੂ ਹੋਇਆ ਸੀ। ਲੁਧਿਆਣਾ ਸ਼ਹਿਰ ਵਿੱਚ ਸਥਿਤ ਇਹ ਕੇਂਦਰ ਪੰਜਾਬ ਦਾ ਪਹਿਲਾ ਆਲ ਇੰਡੀਆ ਰੇਡੀਓ ਐਫ.ਐਮ. ਸਟੇਸ਼ਨ ਬਣਿਆ ਸੀ।
ਆਕਾਸ਼ਵਾਣੀ ਲੁਧਿਆਣਾ ਦਾ ਮੁੱਖ ਇਤਿਹਾਸ ਅਤੇ ਸਫ਼ਰ
• ਉਦਘਾਟਨ ਅਤੇ ਸ਼ੁਰੂਆਤ. ਇਸ ਰੇਡੀਓ ਸਟੇਸ਼ਨ ਦਾ ਉਦਘਾਟਨ ਤਤਕਾਲੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਵੱਲੋਂ 16 ਅਗਸਤ 2013 ਨੂੰ ਕੀਤਾ ਗਿਆ ਸੀ। ਸ਼ੁਰੂਆਤ ਵਿੱਚ ਇਸ ਦਾ ਟਰਾਂਸਮੀਟਰ ਟਰਾਂਸਪੋਰਟ ਨਗਰ ਸਥਿਤ ਬੀ.ਐਸ.ਐਨ.ਐਲ. (BSNL) ਦੀ ਇਮਾਰਤ ਵਿੱਚ ਲਗਾਇਆ ਗਿਆ ਸੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਸਥਿਤ ਆਲ ਇੰਡੀਆ ਰੇਡੀਓ ਦੇ ਆਕਾਸ਼ਵਾਣੀ ਲੁਧਿਆਣਾ ਵੱਲੋਂ ਆਪਣੀ 14ਵੀਂ ਵਰ੍ਹੇਗੰਢ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਈ ਗਈ। ਸਮਾਗਮ ਸਟੇਸ਼ਨ ਡਾਇਰੈਕਟਰ ਕਰਮਵੀਰ ਕਰਨ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਸਟੇਸ਼ਨ ਦੇ ਸਮੂਹ ਸਟਾਫ ਅਤੇ ਆਰਜੇਜ਼ ਨੇ ਸ਼ਿਰਕਤ ਕੀਤੀ।
ਇਸ ਮੌਕੇ ਸਟੇਸ਼ਨ ਡਾਇਰੈਕਟਰ ਕਰਮਵੀਰ ਕਰਨ ਨੇ ਕਿਹਾ ਕਿ ਆਕਾਸ਼ਵਾਣੀ ਲੁਧਿਆਣਾ ਨੇ ਆਪਣੇ ਸਫ਼ਰ ਦੇ 13 ਸਾਲ ਸਫਲਤਾਪੂਰਵਕ ਪੂਰੇ ਕਰ ਲਏ ਹਨ ਅਤੇ ਹੁਣ 14ਵੇਂ ਸਾਲ ਵਿੱਚ ਪ੍ਰਵੇਸ਼ ਕਰ ਗਿਆ ਹੈ। ਉਨ੍ਹਾਂ ਇਸ ਮਾਣਮੱਤੇ ਮੌਕੇ 'ਤੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਸੰਸਥਾ ਦੀ ਸਫ਼ਲਤਾ ਪਿੱਛੇ ਉਸ ਨਾਲ ਜੁੜੇ ਹਰ ਵਿਅਕਤੀ ਦੀ ਮਿਹਨਤ, ਲਗਨ ਅਤੇ ਸਮਰਪਣ ਹੁੰਦਾ ਹੈ। ਉਨ੍ਹਾਂ ਸਟੇਸ਼ਨ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਬੀਤੇ ਸਾਲਾਂ ਦੌਰਾਨ ਮਿਲੇ ਤਜਰਬਿਆਂ ਅਤੇ ਸਹਿਯੋਗ ਨੂੰ ਵੀ ਯਾਦ ਕੀਤਾ।
ਉਨ੍ਹਾਂ ਕਿਹਾ ਕਿ ਆਕਾਸ਼ਵਾਣੀ ਨੇ ਹਮੇਸ਼ਾ ਸਰੋਤਿਆਂ ਨਾਲ ਆਪਣਾ ਗੂੜ੍ਹਾ ਰਿਸ਼ਤਾ ਬਣਾਈ ਰੱਖਿਆ ਹੈ ਅਤੇ ਰੇਡੀਓ ਅੱਜ ਵੀ ਜਾਣਕਾਰੀ, ਮਨੋਰੰਜਨ, ਸਿੱਖਿਆ ਅਤੇ ਸਮਾਜਿਕ ਜਾਗਰੂਕਤਾ ਦਾ ਅਹਿਮ ਮਾਧਿਅਮ ਹੈ। ਇਸ ਸਫ਼ਰ ਨੂੰ ਅੱਗੇ ਵਧਾਉਣ ਵਿੱਚ ਸਮੁੱਚੀ ਟੀਮ ਦਾ ਯੋਗਦਾਨ ਸ਼ਲਾਘਾਯੋਗ ਹੈ।
ਇਸ ਮੌਕੇ ਆਰਜੇ ਸੰਦੀਪ ਕੌਰ, ਆਰਜੇ ਜੈ ਦੀਪ ਸਿੰਘ, ਆਰਜੇ ਕੰਵਲਪ੍ਰੀਤ ਸਿੰਘ, ਆਰਜੇ ਮਨਿੰਦਰ ਕੌਰ, ਆਰਜੇ ਕੁਲਦੀਪ ਸਿੰਘ, ਆਰਜੇ ਅਮਨ ਭਗਤ ਵੋਹਰਾ, ਆਰਜੇ ਗੁਰਵਿੰਦਰ ਸਿੰਘ, ਆਰਜੇ ਸਿਮਰਨ ਕੌਰ, ਆਰਜੇ ਸੋਨੀਆ, ਆਰਜੇ ਵਿਨਾਇਕਾ ਸ਼ਰਮਾ, ਆਰਜੇ ਆਕਾਸ਼ਦੀਪ ਕੁਮਾਰ, ਆਰਜੇ ਪ੍ਰੀਤੀ ਸ਼ਰਮਾ, ਬੀਏ ਰੀਨਾ ਢਿੱਲੋਂ, ਸਰਬਜੀਤ ਲੁਧਿਆਣਵੀ, ਬੀਈ ਨੀਰੂ ਠਾਕੁਰ, ਬੀਈ ਸਰਬਜੀਤ ਕੌਰ, ਬੀਈ ਸਿਮਰਨ ਕੌਰ, ਬੀਈ ਪਰਮਜੀਤ ਸਿੰਘ ਅਰਮਾਨ, ਬੀਏ ਰਾਘਵ ਅਰੋੜਾ, ਇੰਜੀਨੀਅਰ ਕਿਰਪਾਲ ਸਿੰਘ, ਹਰਜਿੰਦਰ ਸਿੰਘ, ਡੀਈਓ ਅਰਜਨ ਅਯਾਲੀ, ਰਾਹੁਲ ਕੁਮਾਰ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਸਮਾਗਮ ਦੌਰਾਨ ਸਾਰਿਆਂ ਨੇ ਇਸ ਮਾਣਮੱਤੇ ਸਫ਼ਰ ਦੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਭਵਿੱਖ ਵਿੱਚ ਵੀ ਸਰੋਤਿਆਂ ਨਾਲ ਆਪਣੀ ਸਾਂਝ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।

No comments:
Post a Comment