Ani Sharma WhatsApp on Tuesday 14th April 2026 at 16:01 Regarding Women Empowerment
ਅਨੀਤਾ ਸ਼ਰਮਾ ਨੇ ਵੈਸਾਖੀ ਮੌਕੇ ਯਾਦ ਕੀਤਾ ਬਾਬਾ ਸਾਹਿਬ ਨੂੰ
ਲੁਧਿਆਣਾ: 14 ਅਪ੍ਰੈਲ 2026: (ਮੀਡੀਆ ਲਿੰਕ 32//ਪੰਜਾਬ ਸਕਰੀਨ ਡੈਸਕ)::
ਜਾਣੀ ਪਛਾਣੀ ਸਮਾਜਿਕ ਕਾਰਕੁੰਨ ਅਨੀਤਾ ਸ਼ਰਮਾ ਨੇ ਅੱਜ ਵਿਸਾਖੀ ਦੇ ਮਹੱਤਵ ਦੀ ਚਰਚਾ ਵੀ ਕੀਤੀ ਅਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੂੰ ਵੀ ਯਾਦ ਕੀਤਾ। ਮਹਿਲਾ ਸ਼ਕਤੀ ਨਾਲ ਇੱਕ ਨਵੀਂ ਸਮਾਜਿਕ ਕ੍ਰਾਂਤੀ ਲਿਆਉਣ ਦੇ ਸੰਕਲਪ ਨੂੰ ਲੈ ਕੇ ਸਰਗਰਮੀ ਨਾਲ ਚੱਲ ਰਹੀ ਅਨੀਤਾ ਸ਼ਰਮਾ ਨੇ ਅੱਜ ਵੀ ਦੁਹਰਾਇਆ ਕਿ “ਨਵੀਂ ਫਸਲ, ਨਵੀਂ ਸੋਚ ਨਾਲ ਬਰਾਬਰੀ, ਅਧਿਕਾਰ ਅਤੇ ਆਤਮਨਿਰਭਰਤਾ ਵੱਲ ਮਹਿਲਾਵਾਂ ਦਾ ਸੰਕਲਪ”ਹਰ ਹਾਲਤ ਵਿੱਚ ਨਵੀਆਂ ਬੁਲੰਦੀਆਂ ਛੂਹੇਗਾ। ਇਸ ਮੁਹਿੰਮ ਵਿੱਚ ਨਵਕਿਰਣ ਵੂਮਨ ਵੈਲਫੇਅਰ ਐਸੋਸੀਏਸ਼ਨ ਅਤੇ ਬੇਲਨ ਬ੍ਰਿਗੇਡ, ਪੰਜਾਬ ਦੀ ਸੁਪ੍ਰੀਮੋ ਆਰਕੀਟੈਕਟ ਅਨੀਤਾ ਸ਼ਰਮਾ ਕਈ ਸਾਲਾਂ ਤੋਂ ਇਸ ਸਾਧਨਾ ਵਿੱਚ ਸਰਗਰਮ ਹਨ।
ਵੈਸਾਖੀ ਅਤੇ ਡਾ. ਅੰਬੇਡਕਰ ਜਯੰਤੀ ਦੇ ਪਾਵਨ ਮੌਕੇ ‘ਤੇ ਨਵਕਿਰਨ ਵੂਮਨ ਵੈਲਫੇਅਰ ਐਸੋਸੀਏਸ਼ਨ ਅਤੇ ਬੇਲਨ ਬ੍ਰਿਗੇਡ, ਪੰਜਾਬ ਵੱਲੋਂ ਮਹਿਲਾ ਸਸ਼ਕਤੀਕਰਨ, ਬਰਾਬਰੀ ਅਤੇ ਸਮਾਜਿਕ ਜਾਗਰੂਕਤਾ ਨੂੰ ਪ੍ਰੋਤਸਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ। ਇਸ ਮੌਕੇ ‘ਤੇ ਮਹਿਲਾਵਾਂ ਦੇ ਅਧਿਕਾਰਾਂ, ਸਿੱਖਿਆ ਅਤੇ ਆਤਮਨਿਰਭਰਤਾ ਸਬੰਧੀ ਜਾਗਰੂਕਤਾ ਫੈਲਾਉਣ ਦਾ ਸੰਕਲਪ ਵੀ ਦੁਬਾਰਾ ਲਿਆ ਗਿਆ।
ਇਸ ਮੌਕੇ ‘ਤੇ ਉਘੀ ਸਮਾਜ ਸੇਵਿਕਾ ਅਤੇ ਬਹੁਤ ਹੀ ਕਾਬਲ ਆਰਕੀਟੈਕਟ ਅਨੀਤਾ ਸ਼ਰਮਾ ਨੇ ਕਿਹਾ ਕਿ “ਵੈਸਾਖੀ ਜਿੱਥੇ ਨਵੀਂ ਊਰਜਾ, ਖੁਸ਼ਹਾਲੀ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ, ਉੱਥੇ ਇਹ ਦਿਨ ਸਿੱਖ ਇਤਿਹਾਸ ਵਿੱਚ ਖਾਲਸਾ ਪੰਥ ਦੀ ਸਿਰਜਣਾ ਦਾ ਮਹੱਤਵਪੂਰਨ ਦਿਹਾੜਾ ਵੀ ਹੈ, ਜਿਸ ਨੇ ਬਰਾਬਰੀ, ਹਿੰਮਤ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਜਲਿਆਂਵਾਲਾ ਬਾਗ ਵਿੱਚ ਵਾਪਰੇ ਕਤਲ-ਏ-ਆਮ ਦੀ ਘਟਨਾ ਸਾਨੂੰ ਬਲਿਦਾਨ, ਹਿੰਮਤ ਅਤੇ ਅਨਿਆਇ ਦੇ ਖ਼ਿਲਾਫ਼ ਡਟ ਕੇ ਖੜ੍ਹੇ ਹੋਣ ਦੀ ਪ੍ਰੇਰਣਾ ਦਿੰਦੀ ਹੈ। ਡਾ. ਅੰਬੇਡਕਰ ਦੇ ਵਿਚਾਰ ਸਾਨੂੰ ਬਰਾਬਰੀ, ਸਿੱਖਿਆ ਅਤੇ ਅਧਿਕਾਰਾਂ ਲਈ ਲਗਾਤਾਰ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦੇ ਹਨ। ਮਹਿਲਾਵਾਂ ਦਾ ਸਸ਼ਕਤ ਹੋਣਾ ਹੀ ਸਮਾਜ ਦੀ ਅਸਲ ਤਾਕਤ ਹੈ।”
ਉਨ੍ਹਾਂ ਨੇ ਅੱਗੇ ਕਿਹਾ,“ਅੱਜ ਦੇ ਸਮੇਂ ਵਿੱਚ ਮਹਿਲਾ ਹਿੱਤਾਂ ਦੀ ਰੱਖਿਆ ਲਈ ਜਾਗਰੂਕਤਾ ਸਭ ਤੋਂ ਵੱਡੀ ਲੋੜ ਹੈ। ਜਦੋਂ ਤੱਕ ਮਹਿਲਾਵਾਂ ਆਪਣੇ ਅਧਿਕਾਰਾਂ ਪ੍ਰਤੀ ਸਚੇਤ ਨਹੀਂ ਹੋਣਗੀਆਂ, ਤਦ ਤੱਕ ਸਸ਼ਕਤ ਸਮਾਜ ਦੀ ਸਥਾਪਨਾ ਸੰਭਵ ਨਹੀਂ ਹੈ।”
ਡਾ. ਅੰਬੇਡਕਰ ਦੇ ਯੋਗਦਾਨ ਬਾਰੇ ਉਨ੍ਹਾਂ ਨੇ ਕਿਹਾ, “ਡਾ. ਅੰਬੇਡਕਰ ਨੇ ਸਮਾਜ ਦੇ ਹਰ ਵਰਗ, ਖ਼ਾਸ ਕਰਕੇ ਮਹਿਲਾਵਾਂ ਦੇ ਅਧਿਕਾਰਾਂ ਲਈ ਜੋ ਇਤਿਹਾਸਕ ਯੋਗਦਾਨ ਦਿੱਤਾ, ਉਹ ਅੱਜ ਵੀ ਸਾਨੂੰ ਸਿੱਖਿਆ, ਬਰਾਬਰ ਮੌਕੇ ਅਤੇ ਨਿਆਂ ਦੇ ਰਸਤੇ ‘ਤੇ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ।”
ਅਨੀਤਾ ਸ਼ਰਮਾ ਨੇ ਇਹ ਵੀ ਕਿਹਾ, “ਨਵੀਂ ਫਸਲ ਦੇ ਇਸ ਤਿਉਹਾਰ ‘ਤੇ ਸਾਨੂੰ ਨਵੀਂ ਸੋਚ ਨਾਲ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ, ਉਨ੍ਹਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਾਉਣ ਅਤੇ ਸਮਾਜ ਵਿੱਚ ਉਨ੍ਹਾਂ ਦੀ ਬਰਾਬਰ ਭਾਗੀਦਾਰੀ ਯਕੀਨੀ ਬਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ।”
ਜ਼ਿਕਰਯੋਗ ਹੈ ਕਿ ਪਿਛਲੇ ਢਾਈ ਤਿੰਨ ਦਹਾਕਿਆਂ ਦੌਰਾਨ ਅਨੀਤਾ ਸ਼ਰਮਾ ਬਹੁਤ ਸਾਰੀਆਂ ਔਰਤਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰ ਚੁੱਕੀ ਹੈ। ਆਰਥਿਕ ਪੱਖੋਂ ਕਮਜ਼ੋਰ ਬਹੁਤ ਸਾਰੀਆਂ ਔਰਤਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਵਾਲੇ ਪਾਸੇ ਬੜੀ ਸਫਲਤਾ ਨਾਲ ਤੋਰਿਆ। ਸਰਕਾਰੀ ਅਤੇ ਗੈਰ ਸਰਕਾਰੀ ਮੌਕਿਆਂ ਦਾ ਫਾਇਦਾ ਉਠਾ ਕੇ ਬਹੁਤ ਸਾਰੀਆਂ ਔਰਤਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਇਆ।
ਅੰਤ ਵਿੱਚ ਸੰਸਥਾ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਕਿ ਵੈਸਾਖੀ, ਖਾਲਸਾ ਪੰਥ ਸਿਰਜਣਾ, ਜਲਿਆਂਵਾਲਾ ਬਾਗ ਦੀਆਂ ਯਾਦਾਂ ਅਤੇ ਡਾ. ਅੰਬੇਡਕਰ ਜਯੰਤੀ ਦਾ ਇਹ ਪਾਵਨ ਮਿਲਾਪ ਸਮਾਜ ਵਿੱਚ ਸਕਾਰਾਤਮਕ ਬਦਲਾਅ, ਬਰਾਬਰੀ ਅਤੇ ਮਹਿਲਾ ਸਸ਼ਕਤੀਕਰਨ ਵੱਲ ਨਵੀਂ ਊਰਜਾ ਦਾ ਸੰਚਾਰ ਕਰਦਾ ਹੈ। ਉਹਨਾਂ ਸਮੂਹ ਸਮਾਜ ਨੂੰ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਉਹਨਾਂ ਦਾ ਸਾਥ ਦੇਣ।

No comments:
Post a Comment