Thursday, September 11, 2025

ਭਰਵੀਂ ਪ੍ਰੈਸ ਕਾਨਫਰੰਸ ਵਿੱਚ CPI ਵੱਲੋਂ 25ਵੀਂ ਕੌਮੀ ਕਾਂਗਰਸ ਦਾ ਰਸਮੀ ਐਲਾਨ

Received From CPI Media Team on Thursday 11th September 2025 at 5:03 PM

ਨਵੇਂ ਯੁਗ ਵਾਲੇ ਸੂਹੇ ਸਵੇਰੇ ਦੀ ਵਚਨਬੱਧਤਾ ਲੈ ਕੇ CPI ਫਿਰ ਮੈਦਾਨ ਵਿੱਚ


ਚੰਡੀਗੜ੍ਹ
: 11 ਸਤੰਬਰ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਭਾਰਤੀ ਕਮਿਊਨਿਸਟ ਪਾਰਟੀ ਅਰਥਾਤ ਸੀਪੀਆਈ ਆਪਣੀ ਪਾਰਟੀ ਦੀ 25ਵੀਂ ਕੌਮੀ ਕਾਂਗਰਸ ਚੰਡੀਗੜ੍ਹ ਵਿੱਚ ਬੜੇ ਜੋਸ਼ੋਖਰੋਸ਼ ਨਾਲ ਕਰ ਰਹੀ ਹੈ। ਹੜ੍ਹਾਂ ਮਾਰੇ ਪੰਜਾਬ ਦੇ ਲੋਕਾਂ ਨੇ ਸਾਰੀਆਂ ਦਿੱਕਤਾਂ ਅਤੇ ਅਣਗਿਣਤ ਔਕੜਾਂ ਦੇ ਬਾਵਜੂਦ ਇਸ ਕਨਵੈਨਸ਼ਨ ਦੀ ਤਿਆਰੀ ਦੇ ਜੋਸ਼ ਨੂੰ ਮੱਠਾ ਨਹੀਂ ਪੈਣ ਦਿੱਤਾ। 

ਜ਼ਿਕਰਯੋਗ ਹੈ ਕਿ ਚਿਰਾਂ ਤੋਂ ਉਡੀਕਿਆ ਜਾ ਰਿਹਾ ਇਹ ਸਮਾਗਮ 21 ਸਤੰਬਰ 2025 ਦੀ ਸਵੇਰ ਨੂੰ ਮੋਹਾਲੀ ਵਿੱਚ ਇੱਕ ਵੱਡੀ ਰੈਲੀ ਨਾਲ ਸ਼ੁਰੂ ਹੋਵੇਗਾ। ਉਸੇ ਸ਼ਾਮ ਸਮਾਗਮ ਦਾ ਸਥਾਨ ਚੰਡੀਗੜ੍ਹ ਦੇ ਕਿਸਾਨ ਭਵਨ ਵੱਲ ਤਬਦੀਲ ਹੋਵੇਗਾ ਅਤੇ 25 ਸਤੰਬਰ ਤੱਕ ਬੜੇ ਜਜ਼ਬੇ ਨਾਲ ਜਾਰੀ ਰਹੇਗਾ। ਇਹ ਉਹੀ ਸਮਾਗਮ ਹੈ ਜਿਸ ਨੇ ਆਉਂਦੇ ਸਮੇਂ ਲਈ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਇੱਕ ਨਵੀਂ ਸੇਧ ਦੇਣੀ ਹੈ। 

ਇਸ ਇਤਿਹਾਸਿਕ ਸਮਾਗਮ ਦਾ ਉਦਘਾਟਨੀ ਸੈਸ਼ਨ 22 ਸਤੰਬਰ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿੱਚ ਹੋਵੇਗਾ। ਸਾਰੀ ਸ ਅਤੇ ਸਮੁੱਚੇ ਮੀਡੀਆ ਦੇ ਮੈਂਬਰਾਂ ਨੂੰ ਇੱਥੇ ਸਤਿਕਾਰ ਸਹਿਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਹ ਮੀਡੀਆ ਵਾਲੇ ਮੌਜੂਦਾ ਦੌਰ ਦੇ ਸੂਹੇ ਸੂਰਜ ਦੇ ਮੁੜ ਚੜ੍ਹਨ ਦੀ ਗਵਾਹੀ ਦੇਣਗੇ। 

ਇਹ ਐਲਾਨ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਪ੍ਰੈਸ ਕਾਨਫਰੰਸ ਨੂੰ ਸੀਪੀਆਈ ਦੀ ਕੌਮੀ ਸਕੱਤਰ ਸ਼੍ਰੀਮਤੀ ਅਮਰਜੀਤ ਕੌਰ, ਰਿਸੈਪਸ਼ਨ ਕਮੇਟੀ ਅਤੇ ਸੀਪੀਆਈ ਪੰਜਾਬ ਦੇ ਜਨਰਲ ਸਕੱਤਰ ਬੰਤ ਸਿੰਘ ਬਰਾੜ, ਅਤੇ ਰਿਸੈਪਸ਼ਨ ਕਮੇਟੀ ਦੇ ਚੇਅਰਮੈਨ ਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਡਾ.ਸਵਰਾਜਬੀਰ ਸਿੰਘ ਨੇ ਸੰਬੋਧਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ AITUC ਦੇ ਜਨਰਲ ਸਕੱਤਰ ਨਿਰਮਲ ਢਾਲੀਵਾਲ ਅਤੇ ਹੋਰ ਨੇਤਾ ਵੀ ਮੌਜੂਦ ਸਨ।

ਲਾਲ ਝੰਡੇ ਵਾਲੀ ਇਸ ਪਾਰਟੀ ਦੀ 25ਵੀਂ ਕੌਮੀ ਕਾਂਗਰਸ ਦੇਸ਼ ਅਤੇ ਦੁਨੀਆ ਦੇ ਗੰਭੀਰ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰੇਗੀ ਅਤੇ ਭੰਬਲਭੂਸੇ ਪਈ ਜਨਤਾ ਨੂੰ ਰਸਤਾ ਵੀ ਦਿਖਾਏਗੀ। ਇਨ੍ਹਾਂ ਮੁੱਦਿਆਂ ਅਤੇ ਮਸਲਿਆਂ ਵਿੱਚ ਸ਼ਾਮਲ ਹਨ– ਭਾਰਤ ਦੇ ਲੋਕਤੰਤਰ ਨੂੰ ਖਤਰੇ ਵਿੱਚ ਪਾ ਰਹੀ ਤਾਨਾਸ਼ਾਹੀ ਅਤੇ ਕੌਮੀਅਤ ਦੀ ਸਿਆਸਤ, ਬੇਰੁਜ਼ਗਾਰੀ ਅਤੇ ਖੇਤੀਬਾੜੀ ਸੰਕਟ ਦੀ ਗਹਿਰਾਈ, ਮਜ਼ਦੂਰ ਅਧਿਕਾਰਾਂ ਦੀ ਘਟਤੀ, ਸਿਹਤ ਅਤੇ ਸਿੱਖਿਆ ਦਾ ਵਪਾਰੀਕਰਨ। ਦੇਸ਼ ਭਰ ਤੋਂ ਆਏ ਹੋਏ 800 ਤੋਂ ਵੱਧ ਡੈਲੀਗੇਟ ਇਸ ਮੌਕੇ ਫੈਡਰਲ ਢਾਂਚੇ ਦੀ ਕਮਜ਼ੋਰੀ, ਸੰਵਿਧਾਨਕ ਸੰਸਥਾਵਾਂ ਉੱਤੇ ਹਮਲੇ, ਜ਼ੁਲਮੀ ਮਜ਼ਦੂਰੀ ਕਾਨੂੰਨ, ਨਵ-ਉਦਾਰਵਾਦ ਅਤੇ ਜੰਗਾਂ ਦੇ ਖਤਰੇ ਅਤੇ ਚੁਣੌਤੀਆਂ, ਕੁਦਰਤੀ ਸਰੋਤਾਂ ਦਾ ਸ਼ੋਸ਼ਣ, ਗੁਆਂਢੀ ਦੇਸ਼ਾਂ ਨਾਲ ਅਮਨ ਦੀ ਲੋੜ, ਰਾਸ਼ਟਰੀ ਸੁਰੱਖਿਆ ਵਿੱਚ ਜ਼ਿੰਮੇਵਾਰੀ ਅਤੇ ਹਾਲੀਆ ਹੜ੍ਹਾਂ ਨਾਲ ਸਾਹਮਣੇ ਆਈ ਵਾਤਾਵਰਣ ਦੀ ਤਬਾਹੀ ‘ਤੇ ਵੀ ਵਿਚਾਰ ਕਰਨਗੇ।

ਇਸਦੇ ਨਾਲ ਹੀ ਇੱਕ ਖ਼ਾਸ ਸੈਸ਼ਨ ਵਿੱਚ ਗਾਜ਼ਾ ਵਿੱਚ ਇਸਰਾਇਲੀ ਫੌਜ ਵੱਲੋਂ ਬੇਗੁਨਾਹ ਫ਼ਲਸਤੀਨੀ ਲੋਕਾਂ ਦੇ ਕਤਲੇਆਮ ਦੀ ਨਿੰਦਾ ਕੀਤੀ ਜਾਵੇਗੀ ਅਤੇ ਕਿਊਬਾ ਦੇ ਲੋਕਾਂ ਨਾਲ ਏਕਤਾ ਜਤਾਈ ਜਾਵੇਗੀ। ਕਿਊਬਾ ਅਤੇ ਫ਼ਲਸਤੀਨ ਦੇ ਰਾਜਦੂਤਾ ਵਾਸਾਂ ਦੇ ਨੁਮਾਇੰਦੇ ਵੀ ਇਸ ਇਕੱਠ ਹਾਜ਼ਰ ਰਹਿਣਗੇ। ਇਸ ਮੌਕੇ CPM, RSP, ਫਾਰਵਰਡ ਬਲਾਕ ਅਤੇ CPI(ML-ਲਿਬਰੇਸ਼ਨ) ਵਰਗੀਆਂ ਕਮਿਊਨਿਸਟ ਪਾਰਟੀਆਂ ਦੇ ਨੇਤਾ ਵੀ ਉਦਘਾਟਨੀ ਸੈਸ਼ਨ ਵਿੱਚ ਹਿੱਸਾ ਲੈਣਗੇ।

ਸੀਪੀਆਈ ਦੇ ਨੇਤਾਵਾਂ ਨੇ ਪਾਰਟੀ ਦੀ ਇਸ ਵਚਨਬੱਧਤਾ ਨੂੰ ਦੁਹਰਾਇਆ ਕਿ ਖੱਬੇ ਧੜੇ ਅਤੇ ਜਮਹੂਰੀ ਏਕਤਾ ਹੀ ਫਾਸ਼ਿਸਟ ਤਾਕਤਾਂ ਦੇ ਵਿਰੁੱਧ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ। ਉਨ੍ਹਾਂ ਨੇ ਕਿਹਾ ਕਿ ਅਸਲ ਰਾਸ਼ਟਰਵਾਦ ਮਜ਼ਦੂਰਾਂ ਅਤੇ ਮਿਹਨਤੀ ਜਨਤਾ ਦੀਆਂ ਉਮੀਦਾਂ ਵਿੱਚ ਵੱਸਦਾ ਹੈ, ਨਾ ਕਿ ਧਰਮਕ ਧਰੁਵੀਕਰਨ ਜਾਂ ਕਾਰਪੋਰੇਟ ਵਾਲੀ ਲੁੱਟ ਖਸੁੱਟ ਵਿੱਚ। ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਰਹੇ ਇਹਨਾਂ ਨੇਤਾਵਾਂ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਰਾਜਾਂ ਵਿੱਚ ਹੜ੍ਹ ਦੀ ਸਥਿਤੀ ‘ਤੇ ਚਿੰਤਾ ਜਤਾਈ ਅਤੇ ਦੱਸਿਆ ਕਿ CPI ਦੇ ਵਾਲੰਟੀਅਰ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲਗਾਤਾਰ ਸਰਗਰਮ ਹਨ। ਗੋਡੇ ਗੋਡੇ ਪਾਣੀ ਵਿੱਚ ਪਹੁੰਚ ਕੇ ਵੀ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਇਹ ਇਤਿਹਾਸਕ ਕਾਂਗਰਸ ਸੀਪੀਆਈ ਦੀ ਸੌਵੀਂ ਵਰ੍ਹੇਗੰਢ ਦੇ ਸਾਲ ਵਿੱਚ ਹੋ ਰਹੀ ਹੈ। ਸੰਨ 1925 ਵਿੱਚ ਬਣੀ ਇਸ ਪਾਰਟੀ ਨੇ 1924 ਦੇ ਕਾਨਪੁਰ ਕਾਂਸਪਾਇਰਸੀ ਕੇਸ ਤੋਂ ਲੈ ਕੇ ਆਜ਼ਾਦੀ ਅੰਦੋਲਨ ਅਤੇ ਲੋਕ ਸੰਘਰਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੀਪੀਆਈ ਹਮੇਸ਼ਾਂ ਸੈਕੁਲਰਿਜ਼ਮ, ਫੈਡਰਲਿਜ਼ਮ, ਅਤੇ ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਆਦਿਵਾਸੀਆਂ, ਮਹਿਲਾਵਾਂ, ਘੱਟਗਿਣਤੀਆਂ ਅਤੇ ਹਾਸੀਏ ‘ਤੇ ਖੜ੍ਹੇ ਲੋਕਾਂ ਦੇ ਅਧਿਕਾਰਾਂ ਲਈ ਡਟਵਾਂ ਸਟੈਂਡ ਲੈਂਦੀ ਰਹੀ ਹੈ। 

ਇਹ ਕਾਂਗਰਸ, ਜੋ ਕਿ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਕਾਮਰੇਡ ਸੁਧਾਕਰ ਰੈੱਡੀ ਨਗਰ ਦੇ ਨਾਂ ‘ਤੇ ਹੋਸਟ ਕੀਤੀ ਜਾ ਰਹੀ ਹੈ, ਲੋਕਤੰਤਰ, ਸਮਾਜਿਕ ਇਨਸਾਫ਼, ਸਮਾਨਤਾ ਅਤੇ ਅਮਨ ਲਈ ਸੰਘਰਸ਼ਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਰਸਤਾ ਤੈਅ ਕਰੇਗੀ। ਪਾਰਟੀ ਨੇ ਸਪਸ਼ਟ ਐਲਾਨ ਕੀਤਾ: “ਅਸੀਂ ਲੜਾਂਗੇ, ਲੋਕ ਜਿੱਤਣਗੇ। ਇਨਸਾਫ਼ ਅਤੇ ਸੱਚ ਦੀਆਂ ਤਾਕਤਾਂ ਕਾਮਯਾਬ ਹੋਣਗੀਆਂ।”

ਹਰ ਸ਼ਾਮ ਸੱਭਿਆਚਾਰਕ ਪ੍ਰੋਗਰਾਮ ਹੋਣਗੇ ਜਿਨ੍ਹਾਂ ਵਿੱਚ ਇਨਕਲਾਬੀ ਗੀਤ, ਨਾਟਕ, ਲੋਕ ਸੰਗੀਤ ਅਤੇ ਨ੍ਰਿਤ ਪ੍ਰਸਤੁਤੀਆਂ ਸ਼ਾਮਲ ਹੋਣਗੀਆਂ। ਪੰਜਾਬ ਦੇ ਪ੍ਰਮੁੱਖ ਕਲਾਕਾਰ ਇਨ੍ਹਾਂ ਸਮਾਗਮਾਂ ਵਿੱਚ ਆਪਣੀ ਕਲਾ ਪੇਸ਼ ਕਰਨਗੇ।

ਇਸ  ਮੌਕੇ ਡਾ. ਸਵਰਾਜਬੀਰ ਹੁਰਾਂ ਨੇ ਇੱਕ ਪੱਤਰਕਾਰ ਵੱਲੋਂ ਪੁਛੇ ਗਏ ਸੁਆਲ ਦੇ ਜੁਆਬ ਵਿੱਚ ਦੱਸਿਆ ਕਿ ਦੁਨੀਆ ਭਰ ਵਿੱਚ ਨਿਜੀਕਰਨ ਨਾਕਾਮ ਹੋ ਚੁੱਕਿਆ ਹੈ। ਇੰਗਲੈਂਡ ਦੇ ਲੋਕ ਵੀ ਨਿਜੀਕਰਨ ਦੇ ਹਵਾਲੇ ਕੀਤੀਆਂ ਸੇਵਾਵਾਂ ਨੂੰ ਮੁੜ ਜਨਤਕ ਸੈਕਟਰ ਵਿੱਚ ਬਹਾਲ ਕਰਨ ਦੀ ਮੰਗ ਕਰ ਰਹੇ ਹਨ।

ਅੱਜ ਜਿਸ ਸ਼ਿੱਦਤ ਨਾਲ ਮੀਡੀਆ ਇਸ ਪ੍ਰੈਸ ਕਾਨਫਰੰਸ ਦੀ ਕਵਰੇਜ ਲਈ ਪਹੁੰਚਿਆ ਉਹ ਜਜ਼ਬਾ ਦੇਖਣ ਵਾਲਾ ਸੀ। ਇਸ ਮੌਕੇ ਮੀਡੀਆ ਵਾਲਿਆਂ ਨੇ ਬੜੇ ਤਿੱਖੇ ਸੁਆਲ ਵੀ ਪੁਛੇ। ਸੀਪੀਆਈ ਲੀਡਰਾਂ ਵੱਲੋਂ ਹਰ ਇੱਕ ਸੁਆਲ ਨੂੰ ਬੜੇ ਠਰੰਮੇ ਨਾਲ ਸੁਣਿਆ ਗਿਆ ਅਤੇ ਇਸ ਦਾ ਤਸੱਲੀਬਖਸ਼ ਜੁਆਬ ਵੀ ਦਿੱਤਾ ਗਿਆ।
 
ਲੋਕ ਡਾਕਟਰ ਸਵਰਾਜਬੀਰ ਹੁਰਾਂ ਦੀ ਸੰਪਾਦਨ ਕਲਾ ਅਤੇ ਲਿਖਣ ਕਲਾ ਤੋਂ ਤਾਂ ਪਹਿਲਾਂ ਵੀ ਵਾਕਿਫ ਹੀ ਸਨ ਪਰ ਅੱਜ ਮੀਡੀਆ ਦੇ ਵੱਡੇ ਹਿੱਸੇ ਨੇ ਡਾਕਟਰ ਸਵਰਾਜਬੀਰ ਹੁਰਾਂ ਪੱਤਰਕਾਰਾਂ ਨਾਲ ਸਾਹਮਣਾ ਕਰਦਿਆਂ ਦੀ ਸਪਸ਼ਟ ਵਾਦਿਤਾ, ਠਰੰਮਾ,ਮਿਠਾਸ  ਅਤੇ ਤਰਕਪੂਰਨ ਬੇਬਾਕੀ ਵੀ ਦੇਖੀ। 

No comments: