Received on 8th Aug 8 2025 at 4:44 PM Regarding 25th Party Congress at Chandigarh
ਦੇਸ਼ ਦਾ ਭਵਿੱਖ ਸੰਵਾਰਨ ਲਈ ਉਲੀਕੇਗਾ ਨਵੇਂ ਹਾਲਾਤ ਮੁਤਾਬਕ ਨਵੇਂ ਰਸਤੇ
ਲੰਮੇ ਸੰਘਰਸ਼ਾਂ, ਤਿੱਖੀਆਂ ਚੁਣੌਤੀਆਂ ਅਤੇ ਉਲਟ ਹਾਲਾਤਾਂ ਦੇ ਬਾਵਜੂਦ ਭਾਰਤੀ ਕਮਿਊਨਿਸਟ ਪਾਰਟੀ ਇੱਕ ਵਾਰ ਫੇਰ ਪੂਰੀ ਤਰ੍ਹਾਂ ਚੜ੍ਹਦੀਕਲਾ ਅਤੇ ਜੋਸ਼ੀ ਖਰੋਸ਼ ਵਿੱਚ ਹੈ। ਸੀਪੀਆਈ ਦਾ 25ਵਾਂ ਮਹਾਂਸੰਮੇਲਨ 21 ਤੋਂ 25 ਸਤੰਬਰ ਤਕ ਇਸ ਸਾਲ ਚੰਡੀਗੜ੍ਹ, ਪੰਜਾਬ ਵਿਚ ਹੋ ਰਿਹਾ ਹੈ, ਕੌਮਾਂਤਰੀ, ਕੌਮੀ ਅਤੇ ਪੰਜਾਬ ਦੇ ਗੰਭੀਰ ਮਾਮਲਿਆਂ ਨੂੰ ਵਿਚਾਰੇਗਾ ਅਤੇ ਗੰਭੀਰ ਪ੍ਰਸਥਿਤੀ ਚੋਂ ਨਿਕਲਣ ਲਈ ਅਜੋਕੀ ਹਾਲਤ ਮੁਤਾਬਕ ਰਸਤਾ ਉਲੀਕੇਗਾ। ਇਹ ਅਹਿਸਾਸ ਚੰਡੀਗੜ੍ਹ ਦੇ ਸੈਕਟਰ 36 ਬੀ ਵਿੱਚ ਸਥਿਤ ਪੀਪਲਜ਼ ਕਨਵੈਨਸ਼ਨ ਸੈਂਟਰ ਵਿੱਚ ਹੋਈ ਇੱਕ ਪੱਤਰਕਾਰ ਮਿਲਣੀ ਦੌਰਾਨ ਮਹਿਸੂਸ ਹੋਈ।
ਜ਼ਿਕਰਯੋਗ ਹੈ ਕਿ ਇਹ ਉਹ ਸੈਂਟਰ ਹੈ ਜਿੱਥੇ ਅਕਸਰ ਪਾਰਟੀ ਨਾਲ ਸਬੰਧਤ ਵੱਡੇ ਸਮਾਗਮ ਹੋਇਆ ਕਰਦੇ ਹਨ। ਇਸੇ ਸੈਂਟਰ ਦੇ ਇੱਕ ਵੱਡੇ ਕਾਨਫਰੰਸ ਹਾਲ ਵਿੱਚ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਕਾਮਰੇਡ ਬੰਤ ਸਿੰਘ ਬਰਾੜ ਬੜੇ ਠਰੰਮੇ ਅਤੇ ਬੜੀ ਗੰਭੀਰਤਾ ਨਾਲ ਪੱਤਰਕਾਰਾਂ ਦੇ ਹਰ ਸੁਆਲ ਦਾ ਜੁਆਬ ਦਿੱਤਾ। ਜ਼ਿਕਰਯੋਗ ਹੈ ਕਿ ਕਾਮਰੇਡ ਬਰਾੜ ਇਸ ਮਹਾਂਸੰਮੇਲਨ ਦੀ ਤਿਆਰੀ ਲਈ ਬਣੀ ਸੁਆਗਤੀ ਕਮੇਟੀ ਦੇ ਜਨਰਲ ਸਕੱਤਰ ਹਨ ਜਦਕਿ ਪ੍ਰਧਾਨ ਡਾ.ਸਵਰਾਜ ਬੀਰ ਹਨ। ਸ਼੍ਰੀ ਬਰਾੜ ਨਾਲ ਹੀ ਸੀਪੀਆਈ ਦੀ ਰਾਜ ਕਮੇਟੀ ਦੇ ਸਕੱਤਰ ਵੀ ਹਨ। ਪਾਰਟੀ ਵਿੱਚ ਸਕੱਤਰ ਹੀ ਅਹਿਮ ਹੁੰਦਾ ਹੈ ਅਤੇ ਪ੍ਰਧਾਨ ਦਾ ਕੋਈ ਅਹੁਦਾ ਨਹੀਂ ਹੁੰਦਾ।
ਉਹਨਾਂ ਕਿਹਾ ਕਿ ਅੱਜ ਭਾਰਤ ਵਿਚ ਜਮਹੂਰੀਅਤ, ਧਰਮਨਿਰਪੱਖਤਾ, ਸਮਾਜਿਕ ਨਿਆਂ, ਜਨਤਾ ਦੀ ਰੋਜ਼ੀਰੋਟੀ, ਇਸਤੋਂ ਵੀ ਵੱਧ ਖੁਦ ਸੰਵਿਧਾਨ ਦੇ ਬੁਨਿਆਦੀ ਤੱਤਾਂ ਲਈ ਗੰਭੀਰ ਖਤਰੇ ਦਰਪੇਸ਼ ਹਨ। ਭਾਜਪਾ, ਆਰ ਐਸ ਐਸ ਦੀ ਸਰਕਾਰ ਧਰਮਤੰਤਰੀ ਰਾਜ ਬਣਾਉਣ ਦੇ ਰਸਤੇ ਉਤੇ ਹਮਲਾਵਰ ਤਰੀਕੇ ਨਾਲ ਚਲ ਰਹੀ ਹੈ। ਇਸ ਮਕਸਦ ਲਈ ਇਹ ਲੋਕ ਵਿਰੋਧੀ ਤਾਕਤਾਂ ਧਰਮਨਿਰਪੱਖਤਾ, ਜਮਹੂਰੀ ਸੰਸਥਾਨਾਂ ਅਤੇ ਸੰਘਵਾਦ (ਫੈਡਰਲ ਢਾਂਚੇ) ਦੀਆਂ ਜੜ੍ਹਾਂ ਪੁੱਟ ਰਹੀਆਂ ਹਨ। ਘੱਟਗਿਣਤੀਆਂ ਦੇ ਹੱਕਾਂ ਉਤੇ ਯੋਜਨਾਬੱਧ ਹਮਲੇ ਹੋ ਰਹੇ ਹਨ ਅਤੇ ਨਿਆਂਪਾਲਕਾ, ਚੋਣ ਕਮਿਸ਼ਨ ਅਤੇ ਜਾਂਚ ਏਜੰਸੀਆਂ ਦੀ ਸੁਤੰਤਰਤਾ ਨੂੰ ਖੋਰਾ ਲਾਇਆ ਜਾ ਰਿਹਾ ਹੈ। ਭਾਜਪਾ//ਆਰ ਐਸ ਐਸ ਹਕੂਮਤ ਭਾਰਤ ਨੂੰ ਕਾਰਪੋਰੇਟ ਨਿਅੰਤ੍ਰਿਤ ਫਾਸ਼ੀ ਰਿਆਸਤ ਵੱਲ ਧੱਕ ਰਹੀ ਹੈ।
ਉਹਨਾਂ ਅਗੇ ਕਿਹਾ ਕਿ ਅੱਜ ਖਾਸ ਕਰਕੇ ਪੰਜਾਬ ਨਾਲ ਕੇਂਦਰ ਵਲੋਂ ਅਨਿਆਂਪੂਰਨ ਤੇ ਧੱਕੇਸ਼ਾਹੀ ਵਾਲਾ ਵਤੀਰਾ ਅਪਣਾਇਆ ਜਾ ਰਿਹਾ ਹੈ ਅਤੇ ਫੈਡਰਲ ਢਾਂਚੇ ਉਤੇ ਹਮਲਾ ਕਰਦਿਆਂ ਪੰਜਾਬ ਅਤੇ ਪੰਜਾਬੀ ਦੀਆਂ ਸੰਸਥਾਵਾਂ ਨੂੰ ਜਾਣਬੁੱਝ ਕੇ ਢਾਹ ਲਾਈ ਜਾ ਰਹੀ ਹੈ।
ਖੱਬੇਪੱਖੀ ਕੇਡਰ ਅਤੇ ਸਿਆਸੀ ਦਰਸ਼ਕ ਹੈਰਾਨ ਹਨ ਕਿ ਸੀਪੀਆਈ ਦੇਸ਼ ਅਤੇ ਦੁਨੀਆ ਦੇ ਜਿਹੜੇ ਫੈਸਲਾਕੁੰਨ ਹਾਲਾਤਾਂ ਵਿੱਚ ਇਹ ਮਹਾਂਸੰਮੇਲਨ ਕਰ ਰਹੀ ਹੈ ਉਹ ਸਾਰੇ ਹਾਲਾਤ ਬੜੇ ਨਾਜ਼ੁਕ ਹਨ। ਅਮਰੀਕਾ ਦੇ ਦਾਬੇ ਅਤੇ ਪੂੰਜੀਪਤੀਆਂ ਦੀ ਲਗਾਤਾਰ ਵੱਧ ਰਹੀ ਮੁਨਾਫਾਖੋਰੀ ਜ਼ੋਰਾਂ ਤੇ ਹੈ। ਕੁਲ ਮਿਲਾ ਕੇ ਇਹ ਸਮਾਂ ਚੁਣੌਤੀਆਂ ਕਬੂਲ ਕਰ ਕੇ ਸਿਆਸੀ ਜੰਗ ਦੇ ਮੈਦਾਨ ਵਿੱਚ ਆਉਣ ਵਰਗਾ ਹੈ।
ਇਸ ਸਾਰੇ ਪਿਛੋਕੜ ਵਿਚ ਸੀਪੀਆਈ ਦਾ 25ਵਾਂ ਮਹਾਂਸੰਮੇਲਨ 21 ਤੋਂ 25 ਸਤੰਬਰ, 2025 ਚੰਡੀਗੜ੍ਹ, ਪੰਜਾਬ ਵਿਚ ਹੋ ਰਿਹਾ ਹੈ। ਪੰਜਾਬ ਵਿਚ ਪਹਿਲਾਂ ਵੀ 1958 (6ਵਾਂ), 1978 (11ਵਾਂ) ਅਤੇ 2005 (19ਵਾਂ) ਮਹਾਂਸੰਮੇਲਨ ਹੋ ਚੁੱਕੇ ਹਨ। ਇਹਨਾਂ ਸਫਲ ਆਯੋਜਨਾਂ ਨੇ ਪੰਜਾਬ ਨੂੰ ਇੱਕ ਅਜਿਹਾ ਮਾਣ ਬਖਸ਼ਿਆ ਹੈ ਕਿ ਜਿਸਨੂੰ ਦੇਖਦਿਆਂ ਹਰ ਪੰਜਾਬੀ ਮਾਣਮੱਤਾ ਮਹਿਸੂਸ ਕਰ ਰਿਹਾ ਹੈ।
ਇਹਨਾਂ ਯਾਦਾਂ ਦੇ ਝਰੋਖਿਆਂ ਵਿੱਚ ਗੱਲ ਕਰਦਿਆਂ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸੀਪੀਆਈ ਦਾ 25ਵਾਂ ਮਹਾਂਸੰਮੇਲਨ ਪਾਰਟੀ ਦੇ ਜਨਮ ਸ਼ਤਾਬਦੀ ਵਾਲੇ ਵਰ੍ਹੇ ਵਿਚ ਹੋ ਰਿਹਾ ਹੈ। ਇਹ ਸੌ ਸਾਲ ਸੰਘਰਸ਼ਾਂ ਅਤੇ ਕੁਰਬਾਨੀਆਂ ਦੇ ਸ਼ਾਨਾਮਤੇ ਵਰ੍ਹੇ ਹਨ।ਇਹ ਸ਼ਤਾਬਦੀ ਸਿਰਫ ਬੀਤੇ ਉਤੇ ਸਮਾਗਮ ਤੇ ਜਸ਼ਨ ਕਰਨ ਦੀ ਨਹੀਂ, ਸਗੋਂ ਭਵਿੱਖ ਵਿਚ ਜ਼ੋਰਦਾਰ ਸਰਗਰਮੀਆਂ ਕਰਨ ਦਾ ਸੱਦਾ ਵੀ ਹੈ।
ਪਹਿਲੇ ਦਿਨ 21 ਸਤੰਬਰ ਨੂੰ ਮੋਹਾਲੀ 11 ਫੇਜ਼, ਦਾਣਾ ਮੰਡੀ ਵਿਚ ਵਿਸ਼ਾਲ ਰੈਲੀ ਕੀਤੀ ਜਾਵੇਗੀ।ਜਿਸਨੂੰ ਕੌਮੀ ਅਤੇ ਸੂਬਾ ਲੀਡਰ ਸੰਬੋਧਨ ਕਰਨਗੇ। ਇਹਨਾਂ ਮਹਾਂਰਥੀਆਂ ਦੇ ਵਿੱਚਾਰ ਸੁਣਨ ਵਾਲੇ ਹੋਣਗੇ।
ਇਸ ਮਹਾਂਸੰਮੇਲਨ ਵਿਚ ਦੇਸ਼ ਭਰ ਵਿਚੋਂ 800 ਤੋਂ ਵੱਧ ਡੈਲੀਗੇਟ ਦੇਸ਼ ਦੀ ਗੰਭੀਰ ਪ੍ਰਸਥਿਤੀ ਉਤੇ ਵਿਚਾਰ ਕਰਨਗੇ। ਇਹਨਾਂ ਵਿਚਾਰਾਂ ਦੇ ਨਾਲ ਹੀ ਨਿਆਂਪੂਰਨ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਅਤੇ ਇਸ ਵਾਸਤੇ ਮਜ਼ਬੂਤ ਪਾਰਟੀ ਉਸਾਰਨ ਲਈ, ਸੰਘਰਸ਼ਮਈ ਰਸਤਾ ਉਲੀਕਣਗੇ। ਕਮਿਊਨਿਸਟ ਏਕਤਾ, ਖੱਬੀ ਜਮਹੂਰੀ ਏਕਤਾ ਅਤੇ ਫਾਸ਼ੀਵਾਦ ਵਿਰੋਧੀ ਵਿਸ਼ਾਲ ਏਕਤਾ ਲਈ ਕੰਮ ਕੀਤਾ ਜਾਵੇਗਾ। ਕਮਿਊਨਿਸਟ ਏਕਤਾ ਦੀਆਂ ਸੰਭਾਵਨਾਵਾਂ ਬਾਰੇ ਇਕ ਪ੍ਰਸ਼ਨ ਦਾ ਜਵਾਬ ਦਿੰਦਿਆਂ ਸਾਥੀ ਬਰਾੜ ਨੇ ਕਿਹਾ ਕਿ ਕਮਿਊਨਿਸਟਾਂ ਦੀਆਂ ਅਨੇਕਾਂ ਪਾਰਟੀਆਂ ਹੋਣਾ ਮੰਦਭਾਗੀ ਗੱਲ ਹੈ। ਸ਼ੁਭ ਸ਼ਗਨ ਇਹ ਹੈ ਕਿ ਇਹ ਪਾਰਟੀਆਂ ਮੁਖ ਸਵਾਲਾਂ ਤੇ ਖੱਬੀ ਏਕਤਾ ਬਣਾ ਕੇ ਚਲਦੀਆਂ ਹਨ। ਤੇ ਇਹ ਏਕਤਾ ਕਮਿਊਨਿਸਟ ਏਕਤਾ ਦੀਆਂ ਕੋਸ਼ਿਸ਼ਾਂ ਲਈ ਪਹਿਲੀ ਸ਼ਰਤ ਹੈ। ਉਹਨਾਂ ਅੱਗੇ ਦੱਸਿਆ ਕਿ ਮਹਾਂਸੰਮੇਲਨ ਦੇ ਉਦਘਾਟਨੀ ਅਜਲਾਸ ਨੂੰ ਮੁਲਕ ਦੀਆਂ ਖੱਬੀਆਂ ਪਾਰਟੀਆਂ ਦੇ ਮੁੱਖ ਕੌਮੀ ਆਗੂ ਮੁਖਾਤਬ ਹੋਣਗੇ, ਜਿਹਨਾਂ ਵਿਚ ਸੀਪੀਆਈ, ਸੀਪੀਐਮ, ਸੀਪੀਐਮਐਲ, ਆਰਐਸਪੀ, ਫਾਰਵਰਡ ਬਲਾਕ ਤੇ ਹੋਰ ਵੀ ਸ਼ਾਮਲ ਹਨ।
ਮਹਾਂਸੰਮੇਲਨ ਦੇ ਪ੍ਰਬੰਧ ਲਈ ਤਿਆਰੀਆਂ ਅਤੇ ਵੱਡੇ ਖਰਚੇ ਬਾਰੇ ਇਕ ਸਵਾਲ ਦਾ ਉਤਰ ਦਿੰਦਿਆਂ ਸਾਥੀ ਬੰਤ ਬਰਾੜ ਸਕੱਤਰ ਨੇ ਉਤਸ਼ਾਹ ਨਾਲ ਦਸਿਆ ਕਿ ਅੰਦਾਜ਼ਨ ਡੇੜ ਕਰੋੜ ਦੇ ਖਰਚੇ ਲਈ ਪਾਰਟੀ ਆਗੂਆਂ, ਸਾਥੀਆਂ ਤੇ ਹਮਦਰਦਾਂ ਨੇ ਇਕ ਕਰੋੜ ਫੰਡ ਇਕੱਤਰ ਵੀ ਕਰ ਲਿਆ ਹੈ, ਜਿਸ ਵਿਚ ਕਿਸੇ ਬੁਰਜੂਆ ਤੇ ਕੁਰੱਪਟ ਆਗੂ ਜਾਂ ਵਿਅਕਤੀਆਂ ਤੋਂ ਕੋਈ ਫੰਡ ਨਹੀਂ ਲਿਆ ਗਿਆ।
ਪੰਜਾਬ ਦੀ ਲੈਂਡ ਪੂਲਿੰਗ ਬਾਰੇ ਸਵਾਲ ਦੇ ਉਤਰ ਵਿਚ ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦੀ ਜ਼ਮੀਨ ਖੋਹ ਕੇ ਬਿਲਡਰਾਂ ਤੇ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਆਪ ਸਰਕਾਰ ਦੀ ਚਾਲ ਹੈ, ਜਿਸਨੂੰ ਦਿੱਲੀ ਵਿਚੋਂ ਹਾਰ ਕੇ ਆਏ ਹੋਏ ਆਗੂ ਚਲਾ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਸਿਰ ਅਥਾਹ ਖਰਚਾ ਪਾ ਰਹੇ ਹਨ।
ਇਕ ਇਸਤਰੀ ਪੱਤਰਕਾਰ ਨੇ ਪੁੱਛਿਆ ਕਿ ਮਹਾਂਸੰਮੇਲਨ ਵਿਚ ਕਿਹੜੇ ਇਸਤਰੀ ਬੁਲਾਰੇ ਤੇ ਆਗੂ ਹੋਣਗੇ, ਜਿਸਦਾ ਸਾਥੀ ਬਰਾੜ ਨੇ ਹਾਂ^ਪੱਖੀ ਜਵਾਬ ਦਿਤਾ ਅਤੇ ਅਮਰਜੀਤ ਕੌਰ, ਐਨੀ ਰਾਜਾ, ਨਿਸ਼ਾ ਸੂਦ, ਨਰਿੰਦਰ ਸੋਹਲ ਆਦਿ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਹਰ ਰਾਜ ਵਿਚੋਂ ਇਸਤਰੀ ਡੈਲੀਗੇਟ ਆਉਣਗੇ।
ਸਾਥੀ ਬੰਤ ਬਰਾੜ ਦੇ ਨਾਲ ਪਰੈਸ ਕਾਨਫਰੰਸ ਸੂਬਾ ਕਾਰਜਕਾਰਣੀ ਮੈਂਬਰ ਸਾਥੀ ਗੁਰਨਾਮ ਕੰਵਰ ਅਤੇ ਸਾਥੀ ਮਹਿੰਦਰਪਾਲ ਵੀ ਸ਼ਾਮਲ ਸਨ।

No comments:
Post a Comment