Tuesday, May 14, 2024

ਚੋਣਾਂ ਦਾ ਮੌਸਮ: ਰਾਜੀਵ ਕੁਮਾਰ ਲਵਲੀ ਆਪ ਵਿੱਚ ਸ਼ਾਮਿਲ

Tuesday 14th May 2024 at 2:32 PM

ਪਹਿਲਾਂ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਸਾਬਕਾ ਸੂਬਾ ਪ੍ਰਧਾਨ ਸਨ ਰਾਜੀਵ ਕੁਮਾਰ ਲਵਲੀ 

ਚੋਣਾਂ ਦਾ ਪਾਵਨ ਤਿਓਹਾਰ ਬਣਿਆ ਦਲ ਬਦਲੀਆਂ ਦਾ ਮੌਸਮ 

ਲੁਧਿਆਣਾ: 14 ਮਈ 2024: (ਐਨ ਕੇ ਐਮ//ਪੰਜਾਬ ਸਕਰੀਨ ਬਿਊਰੋ)::

ਕੋਈ ਵੇਲਾ ਸੀ ਜਦੋਂ ਸਿਆਸਤ ਵਿੱਚ ਕੁੱਦਣ ਵਾਲੇ ਲੋਕ ਉਮਰ ਦੇ ਆਖ਼ਿਰੀ ਸਾਹਾਂ ਤੀਕ ਉਸੇ ਪਾਰਟੀ ਨਾਲ ਜੁੜੇ ਰਹਿੰਦੇ ਸਨ ਜਿਸ ਦੇ ਨਾਲ ਉਹ ਸਿਆਸਤ ਸ਼ੁਰੂ ਕਰੀਏ ਕਰਦੇ ਸਨ। ਕੁਝ ਦਹਾਕੇ ਪਹਿਲਾਂ ਇਹ ਵਿਚਾਰ ਅਰਥਹੀਣ ਹੁੰਦੇ ਚਲੇ ਗਏ। ਹੁਣ ਪਾਰਟੀਆਂ ਦੇ ਮੰਚ ਦੀ ਵਰਤੋਂ ਬਸ ਚੋਣ ਟਿਕਟਾਂ ਲੈਣ, ਚੋਣਾਂ ਜਿੱਤਣ ਅਤੇ ਕੁਰਸੀ ਪ੍ਰਾਪਤੀ ਤੱਕ ਕੀਤੀ ਜਾਂਦੀ ਹੈ। ਕਈ ਥਾਂਵਾਂ ਤੇ ਅਜਿਹੇ ਮਾਮਲੇ ਸਾਹਮਣੇ ਆਏ ਹਨ। ਇੱਕ ਮਾਮਲਾ ਲੁਧਿਆਣਾ ਦਾ ਵੀ ਹੈ ਜਿੱਥੇ ਰਾਜੀਵ ਕੁਮਾਰ ਲਵਲੀ ਨੇ ਕਾਂਸ਼ੀ ਰਾਮ ਦੇ ਵਿਚਾਰਾਂ ਨੂੰ ਤਿਲਾਂਜਲੀ ਦੇ ਕੇ ਅੱਜ ਸਰਗਰਮ ਨੇਤਾ ਕੇਜਰੀਵਾਲ ਦੇ ਵਿਚਾਰਾਂ ਨੂੰ ਅਪਣਾ ਲਿਆ ਹੈ। ਇੱਕ ਸੀਨੀਅਰ ਅਤੇ ਸਰਗਰਮ ਪੱਤਰਕਾਰ ਵੱਲੋਂ ਜਾਰੀ ਕੀਤੇ ਗਏ ਪ੍ਰੈਸਨੋਟ ਵਿੱਚ ਦੱਸਿਆ ਗਿਆ ਹੈ ਕਿ ਰਾਜੀਵ ਕੁਲਾਰ ਲਵਲੀ ਆਮ ਆਦਮੀ ਪਾਰਟੀ ਵਿੱਚ  ਸ਼ਾਮਲ ਹੋ ਗਏ  ਹਨ। ਨਿਸਚੇ ਹੀ ਇਸ ਨਾਲ ਆਪ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ। 

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਮਜਬੂਤੀ ਪ੍ਰਦਾਨ ਕਰਦਿਆਂ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਸਾਬਕਾ ਪੰਜਾਬ ਪ੍ਰਧਾਨ ਤੇ ਉੱਘੇ ਸਮਾਜਸੇਵੀ ਰਾਜੀਵ ਕੁਮਾਰ ਲਵਲੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਜਿਨਾਂ ਦਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਪਾਰਟੀ ਚ ਸਵਾਗਤ ਕੀਤਾ ਗਿਆ। 

ਜ਼ਿਕਰਯੋਗ ਹੈ ਕਿ ਰਜੀਵ ਕੁਮਾਰ ਲਵਲੀ ਅਤੇ ਉਹਨਾਂ ਦੇ ਪਿਤਾ ਸਵ. ਬਾਬੂ ਅਜੀਤ ਕੁਮਾਰ ਦਾ ਬਾਬੂ ਕਾਂਸ਼ੀ ਰਾਮ ਦੇ ਵਿਚਾਰਾਂ ਨਾਲ ਲੰਮਾ ਸੰਬੰਧ ਰਿਹਾ ਹੈ। ਸਾਲ 1962 ਤੋਂ 1967 ਤੱਕ ਆਰਪੀਆਈ ਪਾਰਟੀ ਦੇ ਸਿੱਧਵਾਂ ਬੇਟ ਹਲਕੇ ਤੋਂ ਵਿਧਾਇਕ ਵੀ ਰਹੇ ਹਨ। ਜਦ ਕਿ ਰਾਜੀਵ ਕੁਮਾਰ ਲਵਲੀ ਆਜਾਦ ਸਮਾਜ ਪਾਰਟੀ (ਕਾਸ਼ੀ ਰਾਮ) ਦੇ ਸਾਬਕਾ ਸੂਬਾ ਪ੍ਰਧਾਨ ਹੋਣ ਤੋਂ ਇਲਾਵਾ, ਅੰਬੇਦਕਰ ਨਵਯੁਵਕ ਦਲ ਦੇ ਸਰਪਰਸਤ, ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ, ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਪ੍ਰਧਾਨ, ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਤੇ ਡਾ ਏ.ਵੀ.ਐਮ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਵੀ ਹਨ। ਇਸ ਤਰ੍ਹਾਂ ਖੁਦ ਲਵਲੀ ਵੱਖ ਵੱਖ ਮੰਚਾਂ ਤੇ ਸਰਗਰਮ ਹਨ। 

ਇਸ ਮੌਕੇ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਦੇਸ਼ ਅਤੇ ਸੰਵਿਧਾਨ ਦੀ ਰਾਖੀ ਲਈ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਪਾਰਟੀ ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਐਸ.ਸੀ, ਐਸ.ਟੀ ਸਣੇ ਘੱਟ ਗਿਣਤੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਇਸ ਦੇਸ਼ ਦਾ ਸੰਵਿਧਾਨ ਕਰ ਸਕਦਾ ਹੈ, ਜਿਸਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਇੰਡੀਆ ਗਠਜੋੜ ਬੈਨਰ ਹੇਠਾਂ ਸੰਵਿਧਾਨ ਵਿਰੋਧੀ ਤਾਕਤਾਂ ਖਿਲਾਫ ਲੜਾਈ ਲੜੀ ਜਾ ਰਹੀ ਹੈ ਜੋ ਕਿ ਫੈਸਲਾਕੁੰਨ ਦੌਰ ਵਿਚ ਹੈ। 

ਲਵਲੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਸਣੇ ਸਮੂਹ ਆਮ ਆਦਮੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਪ੍ਰਗਟਾਉਂਦਿਆਂ ਹੋਇਆਂ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਜਿਹੜੀ ਵੀ ਜਿੰਮੇਵਾਰੀ ਦਿੱਤੀ ਜਾਵੇਗੀ, ਉਹ ਉਸਨੂੰ ਤਨਦੇਹੀ ਨਾਲ ਨਿਭਾਉਣਗੇ।

No comments: