Friday, February 09, 2024

ਕਿਸਾਨ ਮੋਰਚਾ-2:ਇੱਕ ਵਾਰ ਫੇਰ ਦਿੱਲੀ ਕੂਚ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ

Thursday  9th February 2024 at 22:42 

ਮੁਲਕ ਦੇ ਸਰਮਾਏ ਦਾ 90 %ਤੋਂ ਵੱਧ ਸਿਰਫ ਦੋ% ਕਾਰਪੋਰੇਟ ਘਰਾਣਿਆਂ ਕੋਲ 

 ਕਿਸਾਨ ਹੈ ਤਾਂ ਜਹਾਨ ਹੈ-ਕਿਸਾਨ ਆਗੂ ਮਨਜੀਤ ਸਿੰਘ ਅਰੋੜਾ ਵੱਲੋਂ ਸਪਸ਼ਟ ਚੇਤਾਵਨੀ 

ਲੁਧਿਆਣਾ//ਨਵਾਂ ਸ਼ਹਿਰ: 9 ਫਰਵਰੀ 2024:(ਆਤਮਯਾਦ//ਪੰਜਾਬ ਸਕਰੀਨ ਡੈਸਕ)::

ਕਿਸਾਨ ਫਿਰ ਸੰਘਰਸ਼ਾਂ ਦੀਆਂ ਰਾਹਾਂ 'ਤੇ ਹਨ। ਇਸ ਮਕਸਦ ਲਈ ਦਿੱਲੀ ਕੂਚ ਦੀਆਂ ਤਿਆਰੀਆਂ ਨੂੰ ਜ਼ੋਰਾਂ ਸ਼ੋਰਾਂ ਨਾਲ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਵਾਰ ਦਾ ਕਿਸਾਨ ਮੋਰਚਾ ਪਹਿਲਾਂ ਵਾਲੇ ਕਿਸਾਨ ਮੋਰਚੇ ਨਾਲੋਂ ਕਿਤੇ ਵੱਡਾ ਹੋਵੇਗਾ। ਹਰੀਆਂ ਅਤੇ ਹੋਰ ਥਾਂਵਾਂ ਤੇ ਡਾਹੇ ਜਾਣ ਅੜਿੱਕਿਆਂ ਨਾਲ ਨਜਿੱਠਣ ਦੀਆਂ ਬਿਲਕੁਲ ਨਵੀਆਂ ਯੋਜਨਾਵਾਂ ਵੀ ਕਿਸਾਨ ਆਗੂਆਂ ਨੇ ਪਹਿਲਾਂ ਹੀ ਸੋਚ ਰੱਖੀਆਂ ਹਨ। ਇਸ ਮਕਸਦ ਲਈ ਪੰਜਾਬ ਦੇ ਕਿਸਾਨ ਦੇਸ਼ ਦੀਆਂ 86 ਕਿਸਾਨ ਜੱਥੇਬੰਦੀਆਂ ਦੇ ਨਾਲ ਇੱਕਮੁੱਠ ਹਨ।

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਮਨਜੀਤ ਸਿੰਘ ਅਰੋੜਾ ਨੇ ਪੰਜਾਬ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, 13 ਫਰਵਰੀ ਨੂੰ ਭਾਰਤ ਭਰ ਦੀਆਂ 86 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ, ਕਿਸਾਨਾਂ ਦੇ ਹਿੱਤਾਂ ਦੀ ਪੂਰਤੀ ਲਈ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ। ਭਾਰਤ ਇੱਕ ਵਿਲੱਖਣ ਪਛਾਣ ਬਣਾ ਚੁੱਕਾ ਖੇਤੀ ਪ੍ਰਧਾਨ ਮੁਲਕ ਹੈ। ਇਸ ਦੀ 80 ਪ੍ਰਤੀਸ਼ਤ ਅਬਾਦੀ ਅਜੇ ਵੀ ਪਿੰਡਾਂ ਦੀ ਵਸਨੀਕ ਹੈ ਤੇ ਉਹਨਾਂ ਦਾ ਮੁੱਖ ਪੇਸ਼ਾ ਖੇਤੀ ਬਾੜੀ ਹੀ ਹੈ। 

ਸਿਤਮ ਇਹ ਹੈ ਕਿ 80 ਪ੍ਰਤੀਸ਼ਤ ਅਬਾਦੀ ਦੇ ਲੋਕਾਂ ਦੀ ਅਸਲ ਕਹਾਣੀ ਕੁਝ ਹੋਰ ਹੈਰਾਨੀ ਵਾਲੀ ਸਥਿਤੀ ਦੀ ਹੈ। ਇਹਨਾਂ ਕੋਲ ਕੁਲ ਮੁਲਕ ਦੇ ਸਰਮਾਏ ਦਾ 18 ਪ੍ਰਤੀਸ਼ਤ ਪੈਸਾ ਹੈ ਜਦਕਿ ਦੋ ਪ੍ਰਤੀਸ਼ਤ ਕਾਰਪੋਰੇਟ ਘਰਾਣਿਆਂ ਕੋਲ ਸਰਮਾਇਆ 90 ਪ੍ਰਤੀਸ਼ਤ ਤੋਂ ਵੱਧ ਹੈ। ਸਰਕਾਰ ਬਨਾਉਣ ਦਾ ਫੈਸਲਾ ਇਹ ਦੋ ਪ੍ਰਤੀਸ਼ਤ ਕਾਰਪੋਰੇਟ ਘਰਾਣਿਆਂ ਦੇ ਲੋਕ ਹੀ ਕਰਦੇ ਹਨ। ਸਰਕਾਰ ਕੋਈ ਵੀ ਬਣੇ, ਅਸਲ ਕੰਟਰੋਲ ਇਹਨਾਂ ਦੋ ਪ੍ਰਤੀਸ਼ਤ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਹੀ ਰਹਿੰਦਾ ਆਇਆ ਹੈ। 

ਹਜ਼ਾਰਾਂ ਕਰੋੜ ਰੁਪਏ ਇਹ ਘਰਾਣੇ ਵੋਟਾਂ ਸਮੇਂ ਪਾਰਟੀ ਫੰਡਾਂ ਦੇ ਰੂਪ ਵਿੱਚ ਵੱਡੀਆਂ ਪਾਰਟੀਆਂ ਨੂੰ ਦਿੰਦੇ ਹਨ। ਸਰਕਾਰ ਦੇ ਗਠਨ ਤੋਂ ਬਾਅਦ ਛੇ ਮਹੀਨਿਆਂ ਦੇ ਅੰਦਰ ਹੀ ਇਹਨਾਂ ਦੇ ਅਦਾ ਕੀਤੇ ਫੰਡ ਸੂਦ ਸਮੇਤ ਇਹਨਾਂ ਕੋਲ ਵਾਪਿਸ ਵੀ ਆ ਜਾਂਦੇ ਹਨ। ਜ਼ਮੀਨ ਤੋਂ ਲੈਕੇ ਆਸਮਾਨ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਸਤੂ ਦਾ ਮੁੱਲ ਇਹ ਘਰਾਣੇ ਤੈਅ ਕਰਦੇ ਹਨ। ਇਸ ਤੋਂ ਮਹਿੰਗਾਈ ਦਿਆਂਜੜ੍ਹਾਂ ਤੱਕ ਪਹੁੰਚਣਾ ਕੋਈ ਔਖਾ ਕੰਮ ਨਹੀਂ। 

ਦੂਜੇ ਪਾਸੇ ਕਿਸਾਨ ਜਿਸ ਨੂੰ ਅੰਨ ਦਾਤਾ ਕਿਹਾ ਜਾਂਦਾ ਹੈ ਉਸ ਦੀ ਸਮੁੱਚੀ ਜ਼ਿੰਦਗੀ ਦਾ ਲੇਖਾ ਜੋਖਾ ਵੀ ਇਹਨਾਂ ਦੇ ਹੱਥ ਵਿੱਚ ਹੈ। ਜਿਹੜੀਆਂ ਛੱਲੀਆਂ ਅਤੇ ਗੰਨੇ ਰਾਹ ਜਾਂਦੇ ਰਾਹੀਂ ਮੁਫਤੋ ਮੁਫਤੀ ਖਾ ਪੀ ਜਾਂਦੇ ਹਨ ਉਹੀ ਛੱਲੀ ਜਦੋਂ ਇਹਨਾਂ ਕਾਰਪੋਇਰੇਟ ਘਰਾਣਿਆਂ ਦੇ ਸਟੋਰਾਂ ਵਿਚ ਪਹੁੰਚਦੀ ਹੈ ਤਾਂ ਇੱਕ ਇੱਕ ਛੱਲੀ ਘਟੋਘਟ 85/-ਰੁਪਏ ਪ੍ਰਤੀ ਛੱਲੀ ਵਿਕਣ ਲੱਗਦੀ ਹੈ। ਇਹ ਸਾਰਾ ਬੋਝ ਦੇਸ਼ ਦੇ ਆਮ ਨਾਗਰਿਕ ਤੇ ਹੀ ਪੈਂਦਾ ਹੈ। ਸਰਕਾਰਾਂ ਮੂਕ ਦਰਸ਼ਕ ਬਣੀਆਂ ਰਹਿੰਦੀਆਂ ਹਨ। 

ਇਹੀ ਘਰਾਣੇ ਸਿਆਸੀ ਮਿਲੀਭੁਗਤ ਨਾਲ ਮਿਡਲ ਕਲਾਸ ਨੂੰ ਪੈਸੇ ਕਮਾਉਣ ਤੇ ਫਿਰ ਮਹਿੰਗਾਈ ਦੇ ਚੱਕਰ ਵਿੱਚ ਬੁਰੀ ਤਰ੍ਹਾਂ ਪਾਈ ਰੱਖਦੇ ਹਨ। ਮੁਲਕ ਦੀ ਵੱਸੋਂ 145 ਕਰੋੜ ਨੂੰ ਪਹੁੰਚੀ ਹੋਈ ਹੈ, ਹੇਠਲੇ ਤਬਕੇ ਅੰਦਰ 125 ਕਰੋੜ ਤੋਂ ਵੱਧ ਵਿਅਕਤੀ ਰਹਿੰਦੇ ਹਨ। ਇਹਨਾਂ ਵਿਚੋਂ 20 ਪ੍ਰਤੀਸ਼ਤ ਵੋਟ ਹਰ ਹੀਲੇ ਸਰਕਾਰ ਆਪਣੀ ਜੇਬ ਵਿੱਚ ਰੱਖਦੀ ਹੈ। ਇਹੋ ਵੋਟ ਹਾਰ ਜਿੱਤ ਦਾ ਫੈਸਲਾ ਕਰਦੀ ਹੈ। ਇਸ ਘਟਨਾ ਚੱਕਰ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਾ ਉਦੇਸ਼ ਜਾਗਰੂਕਤਾ ਦਾ ਹੈ। ਫਸਲਾਂ ਦੇ ਮੁਲ ਦਾ ਸਹੀ ਮੁਲਾਂਕਣ ਹੋਵੇ। ਪੰਜਾਬੀ ਹੋਣ ਨਾਤੇ ਜਿਹੜੇ ਵਿਤਕਰੇ ਸਰਕਾਰ ਇਹਨਾਂ ਨਾਲ ਕਰ ਰਹੀ ਹੈ ਉਹਨਾਂ ਦਾ ਵੀ ਸਭਨਾਂ ਨੂੰ ਪੂਰਾ ਪਤਾ ਹੋਣਾ ਜ਼ਰੂਰੀ ਹੈ। 

ਬੰਦੀ ਸਿੰਘਾਂ ਦੀ ਰਿਹਾਈ ਨਾ ਕਰਕੇ ਅਤੇ ਦੁਸਰੇ ਪਾਸੇ ਰਾਮ ਰਹੀਮ ਨੂੰ ਦੋ ਸਾਲਾਂ ਦੇ ਸਮੇਂ ਦੌਰਾਨ ਦਸਵੀਂ ਵਾਰ ਪੈਰੋਲ ਤੇ ਰਿਹਾਈ ਦੇ ਕੇ ਸਰਕਾਰ ਦੇ ਮਣਸ਼ੇ ਅਤੇ ਇਰਾਦੇ ਸਮਝੇ ਜਾ ਸਕਦੇ ਹਨ। ਇਹ ਸਪੱਸ਼ਟ ਸੰਕੇਤ ਹੈ ਕਿ ਕੇਂਦਰ ਦੀ ਨਜ਼ਰ ਵਿਚ ਪੰਜਾਬੀ ਰੜਕਦੇ ਹਨ। ਇਹਨਾਂ ਮਸਲਿਆਂ ਦਾ ਕੋਈ ਸਾਂਝਾ ਹਲ ਸੋਚਣ ਦੀ ਬਜਾਏ ਵਿਦੇਸ਼ਾਂ ਵੱਲ ਗੇੜੀਆਂ ਨੇ ਕਿਸਾਨੀ ਦਾ ਹੀ ਨੁਕਸਾਨ ਕੀਤਾ ਹੈ। ਪੰਜਾਬ ਉੱਜੜਦਾ ਜਾ ਰਿਹਾ ਹੈ। 

ਕਿਸਾਨ ਆਗੂ ਮਨਜੀਤ ਸਿੰਘ ਅਰੋੜਾ ਨੇ ਇਸ ਸਬੰਧੀ ਬਹੁਤ ਖੌਫਨਾਕ ਭਵਿਖ ਦੇ ਇਸ਼ਾਰੇ ਵੀ ਕੀਤੇ ਹਨ। ਜੇਕਰ ਇਹਨਾਂ ਹਾਲਤਾਂ ਤੋਂ ਬਚਨਾ ਹੈ ਤਾਂ ਕਿਸਾਨ ਅੰਦੋਲਨ ਦੀ ਸਫਲਤਾ ਇੱਕ ਵਾਰ ਫੇਰ ਜਰੂਰੀ ਹੈ। ਉਹਨਾਂ ਕਿਹਾ ਸਿਤਮ ਇਸ ਤੋਂ ਵੱਧ ਇਹ ਵੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਕੈਨੇਡਾ ਦੇ ਜਹਾਜ਼ ਤੋਂ ਉਰੇ ਕੁਝ ਵੀ ਵਿਖਾਈ ਨਹੀਂ ਦਿੰਦਾ। ਪਲੱਸ ਟੂ, ਆਈਲੈਟਸ, ਤੇ ਇਥੇ ਕੁਝ ਨਹੀਂ। ਇਹ ਹੋਕਾ ਦੇ ਕੇ ਪੰਜਾਬ ਖਾਲੀ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਸ ਸਾਲ ਅੰਦਰ ਪੰਜਾਬੀ ਅਬਾਦੀ ਦੋ ਕਰੋੜ ਵੀ ਨਹੀਂ ਰਹਿਣੀ। ਬੱਚਿਆਂ ਦੀ ਆਮਦ ਹੋਰ ਘੱਟ ਜਾਣੀ ਹੈ। ਅਸੀਂ ਜ਼ਿੰਦਗੀ ਦੇ ਸਫ਼ਰ ਵਿੱਚ ਪੰਜਾਹ ਸਾਲ ਪਿੱਛੇ ਰਹਿ ਗਏ ਹਾਂ। 

ਗੁਜਰਾਤ ਸਟੇਟ ਦੀ ਹਾਲਤ ਵੇਖ ਕੇ ਆਓ। ਤੁਹਾਨੂੰ ਸਪੱਸ਼ਟ ਦਿਖਾਈ ਦੇ ਜਾਵੇਗਾ ਕਿ ਪੰਜਾਬ ਕਿਸ ਪਾਸੇ ਵੱਲ ਰੁਚਿਤ ਹੈ। ਸੰਭਲਣ ਦੀ ਆਖ਼ਰੀ ਸ਼ਾਮ ਹੈ। ਇਹ ਦਹਾਕਾ ਵੀ ਜੇਕਰ ਬੀਤ ਗਿਆ, ਫਿਰ ਇਸ ਸਟੇਟ ਦੇ ਵਾਰਸ ਦੂਜੇ ਰਾਜਾਂ ਤੋਂ ਆਏ ਮਜ਼ਦੂਰ ਹੀ ਹੋਣਗੇ। ਰਹਿੰਦੀ ਕਸਰ ਆਰਟੀਫਿਸ਼ਲ ਇੰਟੈਲੀਜੈਂਸੀ ਨੇ ਪੂਰੀ ਕਰ, ਦੇਣੀ ਹੈ। ਕਿਸਾਨੀ ਅੰਦੋਲਨ ਨਾਲ ਜੁੜੇ ਆਗੂ ਦੱਸਦੇ ਹਨ ਕਿ ਅਗਲੇ ਪੰਜ ਸਾਲਾਂ ਦੌਰਾਨ ਪੈਟਰੋਲ ਦੋ ਸੋ ਰੁਪਏ ਲੀਟਰ ਵਿੱਕੇਗਾ। ਟੋਲ ਪਲਾਜ਼ਾ ਤੇ ਅੱਜ ਤੋਂ ਦੁਗਣੇ ਪੈਸੇ ਅਦਾ ਕਰਨੇ ਪੈਣਗੇ। ਕਿਸਾਨ ਤੋਂ ਖਰੀਦਿਆ ਗਿਆ ਅਨਾਜ ਤਿੰਨ ਗੁਣਾ ਮਹਿੰਗਾ ਵਾਪਸ ਵੇਚਿਆ ਜਾਏਗਾ। ਗਰੀਬ ਹੋਰ ਗਰੀਬ ਬਣਾ ਦਿੱਤਾ ਜਾਏਗਾ। ਮੁਲਕ ਅੰਦਰ ਕ੍ਰਾਈਮ ਦੀ ਦਰ ਬ੍ਰਾਜ਼ੀਲ ਨੂੰ ਮਾਤ ਪਾਏਗੀ। ਇਹ ਪੇਸ਼ੀਨਗੋਈ ਹੈ। ਪੰਜਾਬੀਓ ਸੰਭਾਲ ਸਕਦੇ ਹੋ ਤਾਂ ਸੰਭਾਲ ਲਵੋ।

ਦਿੱਲੀ ਕਿਸਾਨ ਮੋਰਚੇ ਦੌਰਾਨ ਸਾਡਾ ਉਦੇਸ਼ ਤੁਹਾਨੂੰ ਜਾਗਰੂਕ ਕਰਨ ਦਾ ਹੈ। ਇਹ ਲੜਾਈ ਕੇਵਲ ਕਿਸਾਨ ਜਾਂ ਮਜ਼ਦੂਰ ਦੀ ਨਹੀਂ ਹੈ। ਇਹ ਲੜਾਈ ਹੋਸ਼ਮੰਦੀ ਦੀ ਹੈ। ਇਸ ਦਾ ਸੁਨੇਹਾ ਹੈ। ਆਓ ਤੇ ਆਪਣੇ ਮੁਲਕ ਨੂੰ ਬਚਾਉਣ ਦੀ ਕੋਸ਼ਿਸ਼ ਕਰੋ। ਆਮੀਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: