15 ਅਗਸਤ ਵਾਲੇ ਮਾਰਚ ਤੋਂ ਪਹਿਲਾਂ ਹੋਵੇਗਾ 13 ਨੂੰ ਵੀ ਵੱਡਾ ਐਕਸ਼ਨ
13 ਅਗਸਤ ਨੂੰ ਸੰਤ ਮਹਾਪੁਰਸ਼ ਬੰਦੀ ਸਿੰਘਾਂ ਦੀ ਰਿਹਾਈ ਲਈ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨਗੇ
ਬੰਦੀ ਸਿੰਘਾਂ ਦੀ ਰਿਹਾਈ ਲਈ ਸੱਤ ਜਨਵਰੀ 2023 ਤੋਂ ਮੋਹਾਲੀ ਦੇ ਵਾਈ ਪੀ ਐਸ ਚੌਂਕ ਵਿੱਚ ਚੱਲ ਰਹੇ ਕੌਮੀ ਇਨਸਾਫ ਮੋਰਚੇ ਨੇ ਆਪਣੀਆਂ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਹਨ। ਮੋਰਚੇ ਦੀ ਅਗਵਾਈ ਕਰਨ ਵਾਲਿਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਟੀਮ ਨੇ ਸੱਤ ਅਗਸਤ 2023 ਨੂੰ ਮੋਹਾਲੀ ਦੇ ਪ੍ਰੈਸ ਕਲੱਬ ਵਿੱਚ ਇੱਕ ਭਰਵੀਂ ਪ੍ਰੈਸ ਕੰਮਫਰਨਸ ਕੀਤੀ ਸੀ ਜਿਸ ਵਿੱਚ ਕੁਝ ਅਹਿਮ ਐਲਾਨ ਕੀਤੇ ਗਏ ਸਨ। ਇਸ ਤੋਂ ਤਿੰਨ ਚਾਰ ਦਿਨਾਂ ਮਗਰੋਂ ਹੀ ਮੋਰਚੇ ਦੇ ਲੀਡਰਾਂ ਨੇ ਮੋਰਚੇ ਵਾਲੀ ਥਾਂ ਤੇ ਚੱਲਦੇ ਦਫਤਰ ਵਿੱਚ ਹੀ ਅੱਜ ਫਿਰ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਆਪਣੀ ਰਣਨੀਤੀ ਨੂੰ ਹੋਰ ਤਿੱਖਾ ਕਰਨ ਦਾ ਅਹਿਸਾਸ ਕਰਾਉਂਦਿਆਂ ਮੋਰਚੇ ਦੇ ਲੀਡਰਾਂ ਨੇ ਬਾਪੂ ਗੁਰਚਰਨ ਸਿੰਘ ਹੁਰਾਂ ਦੀ ਅਗਵਾਈ ਹੇਠ ਐਲਾਨ ਕੀਤਾ ਹੈ ਕਿ 13 ਅਗਸਤ ਨੂੰ 40 ਦੇ ਕਰੀਬ ਸੰਤ ਮਹਾਂਪੁਰਸ਼ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਮੋਰਚੇ ਵਾਲੀ ਥਾਂ ਆ ਕੇ ਮਹਾਨ ਸੰਤ ਸਮਾਗਮ ਵੀ ਕਰਨਗੇ ਅਤੇ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਵੀ ਕਰਨਗੇ।
ਅੱਜ ਕੌਮੀ ਇਨਸਾਫ਼ ਮੋਰਚੇ ਵੱਲੋਂ ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਚੱਲ ਰਹੇ ਮੋਰਚੇ ਵਿੱਖੇ ਜਰੂਰੀ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ ਜਿਸ ਵਿੱਚ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਵੱਲੋਂ ਚੋਣਵੇਂ ਪੱਤਰਕਾਰਾਂ ਨਾਲ਼ ਗੱਲ ਕਰਦਿਆਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਵਿੱਖੇ 13 ਅਗੱਸਤ ਨੂੰ ਵੱਡੀ ਗਿਣਤੀ ਚ ਸੰਤ ਮਹਾਪੁਰਸ਼ ਪਹੁੰਚਣਗੇ ਅਤੇ ਮੋਰਚੇ ਚੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਵੀ ਕਰਨਗੇ। ਅਜਿਹਾ ਕਰਨ ਲਈ ਸੰਗਤਾਂ ਨੂੰ ਇਸ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਕਿ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨਹੀ ਕੀਤੀ ਜਾ ਰਹੀ ਉਲਟਾ ਪੰਜਾਬ ਸਰਕਾਰ ਸਾਡੇ ਨਾਲ ਵਾਰ ਵਾਰ ਵਾਅਦੇ ਕਰਕੇ ਮੁੱਕਰੀ ਜਾ ਰਹੀ ਹੈ। ਬੰਦੀ ਸਿੰਘ ਜੋਕਿ ਪਿਛਲੇ 32-33 ਸਾਲਾਂ ਤੋਂ ਜੇਲ੍ਹਾਂ ਚ ਬੰਦ ਹਨ ਪਰ ਓਹਨਾਂ ਨੂੰ ਸਿਰਫ ਸਿੱਖ ਹੋਣ ਕਰਕੇ ਹੀ ਨਹੀਂ ਛੱਡਿਆ ਜਾ ਰਿਹਾ ਸੋ ਜਿੱਥੇ ਸੰਤ ਮਹਾਂਪੁਰਸ਼ 13 ਅਗੱਸਤ ਨੂੰ ਕੌਮੀ ਇਨਸਾਫ਼ ਮੋਰਚੇ ਵਿੱਚ ਪਹੁੰਚ ਰਹੇ ਹਨ ਉੱਥੇ ਅਸੀ ਸਮੁੱਚੇ ਖ਼ਾਲਸਾ ਪੰਥ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀ 15 ਅਗਸਤ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਜ਼ਰੂਰ ਪਹੁੰਚੋ।
ਇਸ ਸਬੰਧੀ ਗੱਲ ਕਰਦਿਆਂ ਅੱਗੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ 10 ਅਗਸਤ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਮੋਹਾਲੀ ਕੋਰਟ ਚ ਤਰੀਕ ਸੀ ਕੋਰਟ ਵੱਲੋਂ ਓਹਨਾਂ ਨੂੰ ਪੇਸ਼ ਕਰਨ ਦੇ ਸਖ਼ਤ ਹੁਕਮ ਕਰਨ ਦੇ ਬਾਵਜੁਦ ਓਹਨਾਂ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ, ਜਾਣ ਬੁੱਝ ਕਿ ਓਹਨਾਂ ਨੂੰ ਜੇਲ੍ਹ ਚ ਰੱਖਿਆ ਜਾ ਰਿਹਾ ਹੈ। ਏਸ ਮੌਕੇ ਤੇ ਵਕੀਲ ਦਿਲਸ਼ੇਰ ਸਿੰਘ , ਵਕੀਲ ਅਮਰ ਸਿੰਘ ਚਾਹਲ, ਵਕੀਲ ਗੁਰਸ਼ਰਨ ਸਿੰਘ, ਭਾਈ ਇੰਦਰਵੀਰ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਹਾਜ਼ਰ ਸਨ।
No comments:
Post a Comment