Thursday, March 23, 2023

ਸ਼ਹੀਦੀ ਦਿਵਸ ਮੌਕੇ ਪੱਤਰਕਾਰਤਾ ਨੂੰ ਬਚਾਉਣ ਲਈ ਅੰਦੋਲਨ ਸ਼ੁਰੂ

Thursday 23rd March 2023 at 07:55 PM

ਚੰਡੀਗੜ੍ਹ ਦੇ ਸੈਕਟਰ 17 ਵਾਲੇ ਪਲਾਜ਼ਾ ਵਿੱਚ ਵੀ ਹੋਇਆ ਇਕੱਠ 

*ਪੱਤਰਕਾਰਤਾ ’ਤੇ ਵੱਧ ਰਹੇ ਹਮਲਿਆਂ ਵਿਰੁੱਧ ਪੱਤਰਕਾਰਾਂ ਨੇ ਆਵਾਜ਼ ਉਠਾਈ

*ਇੰਡੀਅਨ ਜਰਨਲਿਸਟ ਯੂਨੀਅਨ ਦੇ ਸੱਦੇ ’ਤੇ ਦੇਸ਼ ਭਰ ਵਿੱਚ ਪੱਤਰਕਾਰਤਾ ਬਚਾਓਨ ਲਈ ਧਰਨੇ ਦਿੱਤੇ

*ਤਰਲੋਚਨ ਸਿੰਘ ਨੇ ਦਿੱਤਾ ਨਿਹੰਗਾਂ ਵਾਂਗ ਖੁੱਲ੍ਹ ਕੇ ਮੈਦਾਨ ਵਿਚ ਆਉਣ ਦਾ ਸੱਦਾ 

*ਬਲਵਿੰਦਰ ਜੰਮੂ ਅਤੇ ਬਲਬੀਰ ਜੰਡੂ ਨੇ ਬੇਨਕਾਬ ਕੀਤੇ ਮੀਡੀਆ 'ਤੇ ਹੋ ਰਹੇ ਹਮਲੇ 

ਚੰਡੀਗੜ੍ਹ: 23 ਮਾਰਚ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਮੀਡੀਆ 'ਤੇ ਪਿਛਲੇ ਕੁਝ ਦਹਾਕਿਆਂ ਤੋਂ ਲਗਾਤਾਰ ਹਮਲੇ ਵਧਦੇ ਚਲੇ ਆ ਰਹੇ ਹਨ। ਕਦੇ ਆਰਥਿਕ ਹਮਲੇ, ਕਦੇਮੀਡੀਆ ਵਾਲਿਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਕਾਨੂੰਨ ਖਤਮ ਕਰ ਕੇ ਅਤੇ ਕਦੇ ਉਹਨਾਂ ਦੀ ਡਿਊਟੀ ਲਈ ਬਣਦੀਆਂ ਸਹੁਲਤਾਂ ਵਿੱਚ ਕਟੌਤੀਆਂ ਕਰ ਕੇ। ਇਸਦੇ ਨਾਲ ਹੀ ਪੁਲਿਸ ਰਾਹੀਂ ਦਬਾਅ ਵਧਾ ਕੇ, ਕਦੇ ਮੈਨੇਜਮੈਂਟਰਾਹੀਂ  ਦਬਾਅ ਵਧ ਕੇ ਅਤੇ ਕਦੇ ਸਿੱਧਾ ਸਿੱਧਾ ਗੁੰਡਾਗਰਦੀ ਵਾਲੇ ਹਰਬੇ ਵਰਤ ਕੇ। 

ਇਹਨਾਂ ਨਜ਼ਰ ਆਉਂਦੇ ਅਤੇ ਲੁਕਵੇਂ ਸੂਖਮ ਹਮਲਿਆਂ ਦੀ ਚਰਚਾ ਅੱਜ ਚੰਡੀਗੜ੍ਹ ਦੇ 17 ਸੈਕਟਰ ਵਾਲੀ ਮਾਰਕੀਟ ਵਿੱਚ ਸਿਧੇ ਅਤੇ ਸਪਸ਼ਟ ਸ਼ਬਦਾਂ ਵਿਚ ਹੋਈ। ਚਰਚਾ ਕਰਨ ਵਾਲਿਆਂ ਵਿੱਚ ਪੂਰੀ ਉਮਰ ਇਸ ਕਿੱਤੇ ਵਿਚ ਲੰਘਾਉਣ ਵਾਲੇ ਬਲਵਿੰਦਰ ਜੰਮੂ, ਬਲਬੀਰ ਜੰਡੂ, ਰਾਮ ਸਿੰਘ ਬਰਾੜ ਵੀ ਖੁੱਲ੍ਹ ਕੇ ਬੋਲੇ। ਉਹਨਾਂ ਦੇ ਨਾਲ ਹੀ ਜੈ ਸਿੰਘ ਛਿੱਬਰ, ਤਰਲੋਚਨ ਸਿੰਘ, ਸਰਬਜੀਤ ਭੱਟੀ
ਅਤੇ ਬਿੰਦੂ ਸਿੰਘ ਨੇ ਵੀ ਇਸ ਮੁੱਦੇ 'ਤੇ ਆਪਣੀ ਆਵਾਜ਼ ਬੁਲੰਦ ਕੀਤੀ।  

ਦੇਸ਼ ਵਿੱਚ ਪੱਤਰਕਾਰਤਾ ’ਤੇ ਵੱਧ ਰਹੇ ਹਮਲਿਆਂ ਵਿਰੁੱਧ ਇੰਡੀਅਨ ਜਰਨਲਿਸਟ ਯੂਨੀਅਨ (ਆਈਜੇਯੂ) ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ‘ਪੱਤਰਕਾਰਤਾ ਬਚਾਓ’ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਇੰਡੀਅਨ ਜਰਨਲਿਸਟ ਯੂਨੀਅਨ (ਆਈਜੇਯੂ) ਦੀ ਅਗਵਾਈ ਹੇਠ ਵੱਖ-ਵੱਖ ਪੱਤਰਕਾਰ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤੇ। ਚੰਡੀਗਡ਼੍ਹ ਵਿੱਚ ਵੀ ਆਈਜੇਯੂ ਦੇ ਸੱਦੇ ’ਤੇ ਪੰਜਾਬ ਅਤੇ ਚੰਡੀਗੜ੍ਹ  ਜਰਨਲਿਸਟਸ ਯੂਨੀਅਨ ਅਤੇ ਚੰਡੀਗੜ੍ਹ 'ਤੇ ਹਰਿਆਣਾ ਜਰਨਲਿਸਟਸ ਯੂਨੀਅਨ ਨੇ ਸੈਕਟਰ-17 ਸਥਿਤ ਪਲਾਜ਼ਾ ਵਿੱਚ ਪੱਤਰਕਾਰਤਾ ’ਤੇ ਵੱਧ ਰਹੇ ਹਮਲਿਆਂ ਵਿਰੁੱਧ ਆਵਾਜ਼ ਉਠਾਈ।

ਸੈਕਟਰ-17 ਵਿੱਚ ਇਕੱਠ ਦੇ ਆਰੰਭ ਵੇਲੇ ਤਾਂ ਪੱਤਰਕਾਰਾਂ ਦੀ ਗਿਣਤੀ ਘੱਟ ਹੀ ਸੀ ਪਰ ਹੋਲੀ ਹੋਲੀ ਇਹ ਇਕੱਠ ਵਿਸ਼ਾਲ ਹੁੰਦਾ ਚਲਾ ਗਿਆ। ਇਸ ਮੌਕੇ ਪਹੁੰਚੇ ਵੱਡੀ ਗਿਣਤੀ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਈਜੇਯੂ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਜੰਮੂ ਅਤੇ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਜੰਡੂ ਨੇ ਕਿਹਾ ਕਿ ਦੇਸ਼ ਵਿੱਚ ਸਾਲ 2014 ਤੋਂ ਬਾਅਦ ਤੋਂ ਹੀ ਪੱਤਰਕਾਰਤਾ ਨੂੰ ਦਬਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 

ਕੇਂਦਰ ਸਰਕਾਰ ਵੱਲੋਂ ਸੱਤਾਧਾਰੀ ਧਿਰ ਵਿਰੁੱਧ ਉੱਠਣ ਵਾਲੀਆਂ ਆਵਾਜ਼ਾ ਨੂੰ ਕੁਚਲਿਆ ਜਾ ਰਿਹਾ ਹੈ। ਇਸ ਤਰ੍ਹਾਂ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਖੋਰਾ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੱਜ ਦੇ ਸਮੇਂ ਬਹੁਤੇ ਮੀਡੀਆ ਘਰਾਣਿਆਂ ਨੂੰ ਸਰਕਾਰਾਂ ਨੇ ਆਪਣੇ ਪ੍ਰਭਾਵ ਹੇਠ ਲੈ ਲਿਆ ਹੈ, ਉੱਥੇ ਹੀ ਰਹਿੰਦੇ ਮੀਡੀਆ ਘਰਾਨਿਆਂ ’ਤੇ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣੇ ਕਾਬਜ਼ ਹੁੰਦੇ ਜਾ ਰਹੇ ਹਨ। 

ਯੂਨੀਅਨ ਦੇ ਸੀਨੀਅਰ ਮੈਂਬਰ ਰਾਮ ਸਿੰਘ ਬਰਾੜ, ਜੈ ਸਿੰਘ ਛਿੱਬੜ ਅਤੇ ਬਿੰਦੂ ਸਿੰਘ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ’ਤੇ ਸੂਬਾ ਸਰਕਾਰਾਂ ਪੱਤਰਕਾਰਾਂ ਨੂੰ ਆਜ਼ਾਦੀ ਨੂੰ ਖਤਮ ਕਰਨ ਲੱਗੀਆਂ ਹੋਈਆਂ ਹਨ। ਜਿਨ੍ਹਾਂ ਵੱਲੋਂ ਆਪਣੀ ਮਨ ਮਰਜ਼ੀ ਨਾਲ-ਨਾਲ ਵੱਡੇ-ਵੱਡੇ ਮੀਡੀਆ ਘਰਾਣਿਆਂ ਦੇ ਇਸ਼ਤਿਹਾਰ ਬੰਦ ਕਰ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਸਰਕਾਰ ਵਿਰੁੱਧ ਆਵਾਜ਼ ਚੁੱਕਣ ਵਾਲੇ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਲਈ ਵੀ ਵਧੇਰੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। 

ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰਾਂ ਮੀਡੀਆ ਨੂੰ ਆਪਣੇ ਅਧੀਨ ਕਰਨ ਲੱਗੀਆਂ ਹੋਈਆਂ ਹਨ ਉਹ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਸੱਦਾ ਦਿੱਤਾ ਕਿ ਆਓ ਸਰਕਾਰਾਂ ਦੀ ਧੱਕੇਸ਼ਾਹੀ ਵਿਰੁੱਧ ਡੱਟ ਕੇ ਆਵਾਜ਼ ਬੁੰਲਦ ਕਰੀਏ, ਜਿਸ ਨਾਲ ਮੀਡੀਆ ਦੀ ਆਜ਼ਾਦੀ ਨੂੰ ਬਹਾਲ ਰੱਖਿਆ ਜਾ ਸਕੇ। ਉਹਨਾਂ ਸੱਦਾ ਦਿੱਤਾ ਕਿ ਕੁਝ ਪੱਤਰਕਾਰਾਂ ਨੂੰ ਨਿਹੰਗਾਂ ਵਾਂਗ ਖੁੱਲ੍ਹ ਕੇ ਇਹਨਾਂ ਹਮਲਿਆਂ ਵਿਰੁੱਧ ਮੈਦਾਨ ਵਿਚ ਆਉਣਾ ਹੀ ਪੈਣਾ ਹੈ। ਇਸ ਬਿਨਾ ਗੱਲ ਨਹੀਂ ਬਣਨੀ। ਇਸ ਮੌਕੇ ਯੂਨੀਅਨ ਮੈਂਬਰ ਜਗਤਾਰ ਸਿੰਘ ਭੁੱਲਰ, ਭੁਪਿੰਦਰ ਮਲਿਕ, ਪ੍ਰੀਤਮ ਸਿੰਘ ਰੁਪਾਲ, ਹਰਨਾਮ ਸਿੰਘ ਡੱਲਾ, ਸਰਬਜੀਤ ਭੱਟੀ ਅਤੇ ਮੇਜਰ ਸਿੰਘ ਸਣੇ ਹੋਰ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਰਹੇ।

ਦਿਲਚਸਪ ਗੱਲ ਸੀ ਕਿ ਇਸ ਇਕੱਠ ਦੀ ਕਵਰੇਜ ਅਤੇ ਸ਼ਮੂਲੀਅਤ ਲਈ ਮਹਿਲਾ ਪੱਤਰਕਾਰਾਂ ਵੀ ਵੱਡੀ ਗਿਣਤੀ ਵਿਚ ਪਹੁੰਚੀਆਂ ਹੋਈਆਂ ਸਨ। ਸੈਕਟਰ 17 ਦੀ ਮਾਰਕੀਟ ਵਿੱਚ ਆਉਂਦੇ ਜਾਂਦੇ ਲੋਕਾਂ ਦੀ ਭੀੜ ਵਿੱਚੋਂ ਬਹੁਤੀਆਂ ਨੇ ਬੁਲਾਰਿਆਂ ਦੇ ਵਿਚਾਰਾਂ ਨੂੰ ਬਡੇਢੀਆਂ ਨਾਲ ਉਚੇਚੇ ਉਥੇ ਖੜੋ ਕੇ ਸੁਣਿਆ।

ਇਸ ਮੌਕੇ ਪੱਤਰਕਾਰਾਂ ਦੇ ਸਰਗਰਮ ਅਤੇ ਜੁਝਾਰੂਆਂ ਆਗੂਆਂ ਵਿਚ ਗਿਣੇ ਜਾਂਦੇ ਬਲਵਿੰਦਰ ਜੰਮੂ ਨੇ ਸਪਸ਼ਟ ਕਿਹਾ ਕਿ ਇਹ ਸਿਰਫ ਅੱਜ ਦਾ ਦਿਨ ਜਾਨ ਇੱਕੋਕ ਈਵੈਂਟ ਨਹੀਂ ਸੀ ਬਲਕਿ ਇਹ ਇੱਕ ਅੰਦੋਲਨ ਦੀ ਸ਼ੁਰੂਆਤ ਹੈ। ਜ਼ਿਕਰਯੋਗ ਹੈ ਕਿ ਇੰਡੀਅਨ ਜਰਨਲਿਸਟ ਯੂਨੀਅਨ (ਆਈਜੇਯੂ) ਦੀ ਦੋ ਰੋਜ਼ਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਜਦੋਂ ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਸਮਾਪਤ ਹੋਈ ਸੀ ਤਾਂ ਉਸ ਵੇਲੇ ਕਈ ਅਹਿਮ ਫੈਸਲੇ ਲਏ ਗਏ ਸਨ। 

ਇਸ ਮੀਟਿੰਗ ਦੌਰਾਨ ਪੱਤਰਕਾਰਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਵਿਚਾਰ-ਚਰਚਾ ਕੀਤੀ ਗਈ ਅਤੇ ਕਈ ਮਤੇ ਪਾਸ ਕੀਤੇ ਗਏ। ਯੂਨੀਅਨ ਨੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾਡ਼ੇ ਨੂੰ ਦੇਸ਼ ਭਰ ਵਿੱਚ ‘ਸੇਵ ਜਰਨਲਿਜ਼ਮ ਡੇਅ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ। ਇਸ ਦੇ ਨਾਲ ਹੀ ਯੂਨੀਅਨ ਨੇ ਕਰੋਨਾ ਦੌਰਾਨ ਬੰਦ ਕੀਤੇ ਪੱਤਰਕਾਰਾਂ ਦੇ ਰੇਲਵੇ ਪਾਸ ਅਤੇ ਸਾਰੇ ਪੱਤਰਕਾਰਾਂ ਤੇ ਡੈਸਕ ਸਟਾਫ਼ ਨੂੰ ਪੈਨਸ਼ਨ ਦੇਣ ਦੀ ਮੰਗ ਕੀਤੀ। ਯੂਨੀਅਨ ਨੇ ਕਰੋਨਾ ਮਹਾਮਾਰੀ ਕਰਕੇ ਜਾਨ ਗੁਆਉਣ ਵਾਲੇ ਪੱਤਰਕਾਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਵੀ ਕੀਤੀ ਗਈ ਸੀ।

ਉਦੋਂ ਵੀ ਮੀਡੀਆ ਦੇ ਅੰਦਰੋਂ ਅਤੇ ਬਾਹਰੋਂ ਹੋ ਰਹੇ ਸੂਖਮ ਹਮਲਿਆਂ 'ਤੇ ਵੀ ਚਿੰਤਾ ਪ੍ਰਗਟਾਈ ਗਈ ਸੀ ਕਿ ਇਹਨਾਂ ਤੋਂ ਮੀਡੀਆ ਨੂੰ ਬਚਾਇਆ ਜਾਣਾ ਚਾਹੀਦਾ ਹੈ। 

ਉਸ ਇਕੱਤਰਤਾ ਵੇਲੇ ਵੀ ਪੰਜਾਬ ਦੇ ਵਿੱਤ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੰਡੀਅਨ ਜਰਨਲਿਸਟ ਯੂਨੀਅਨ (ਆਈਜੇਯੂ) ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਉਦੋਂ ਵੀ ਕਿਹਾ ਸੀ ਕਿ ਪ੍ਰੈਸ ਦੀ ਆਜ਼ਾਦੀ ਲੋਕਤੰਤਰ ਦਾ ਮੂਲ ਥੰਮ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀ ਚੌਥੇ ਥੰਮ ਦੀ ਸੁਤੰਤਰਤਾ ਅਤੇ ਨਿਰਪੱਖਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਤੇ ਲੋਕਾਂ ਦੀ ਭਲਾਈ ਲਈ ਇੱਕ ਸੁਤੰਤਰ ਖੇਤਰ ਵਿੱਚ ਕੰਮ ਕਰਨਾ ਚਾਹੀਦਾ ਹੈ। ਮੀਡੀਆ ਸਮਾਜ ਦਾ ਸ਼ੀਸ਼ਾ ਹੈ ਅਤੇ ਇਸ ਨੂੰ ਆਪਣੀ ਭੂਮਿਕਾ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਇਸ ਸਬੰਧੀ ਲਗਾਤਾਰ ਜਾਂਚ ਕਰਨੀ ਚਾਹੀਦੀ ਹੈ ਅਤੇ ਫੇਕ ਖ਼ਬਰਾਂ ਤੋਂ ਬਚਣਾ ਚਾਹੀਦਾ ਹੈ।  ਸਿਰਫ਼ ਪ੍ਰਮਾਣਿਕ ​ਤੇ ਜਾਣਕਾਰੀ ਭਰਪੂਰ ਖ਼ਬਰਾਂ ਹੀ ਹੋਣੀਆਂ ਚਾਹੀਦੀਆਂ ਹਨ। ਇਸਤਰ੍ਹਾਂ ਅਜਿਹੀਆਂ ਬਹੁਤ ਸਾਰੀਆਂ ਚਿੰਤਾਵਾਂ ਬਾਰੇ ਵਿਚ ਲੰਮੇ ਅਰਸੇ ਤੋਂ ਵਿਚਾਰ ਹੋ ਰਿਹਾ ਸੀ। 

ਇਹਨਾਂ ਸਾਰੇ ਹਮਲਿਆਂ ਤੋਂ ਬਚਾਓ ਲਈ ਆਖਿਰ 23 ਮਾਰਚ ਵਾਲਾ ਸ਼ਹੀਦੀ ਦਿਨ ਚੁਣਿਆ ਗਿਆ। ਇਸਦਾ ਇੱਕ ਕਾਰਨ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਖੁਦ ਵੀ ਪੱਤਰਕਾਰ ਹੋਣਾ ਸੀ। ਅੱਜ ਮੀਡੀਆ ਦੁਆਲੇ ਕਾਰਪੋਰੇਟੀ ਸ਼ਿਕੰਜਾ ਕੱਸਦਾ ਚਲਾ ਜਾ ਰਿਹਾ ਹੈ ਤਾਂ ਉਦੋਂ ਫਿਰ ਸ਼ਾਹੀ ਭਗਤ ਸਿੰਘ ਵਾਲੀ ਭਾਵਨਾ ਅਤੇ ਜਜ਼ਬਾਤਾਂ ਨੂੰ ਜਾਗ੍ਰਿਤ ਕਰਨ ਦੀ ਲੋੜ ਸ਼ਿੱਦਤ ਨਾਲ ਮਹਿਸੂਸ ਹੋਣ ਲੱਗ ਪਈ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: