ਬੇਗਮਪੁਰੇ ਦੇ ਸੰਕਲਪ ਨੂੰ ਅੱਗੇ ਵਧਾਉਣ ਦੇ ਜਤਨ ਜਾਰੀ
ਅੱਜ ਵੀ ਸ਼ਿੱਦਤ ਨਾਲ ਲੋੜ ਹੈ ਉਸੇ ਤਰ੍ਹਾਂ ਦੀ ਬੁਲੰਦ ਆਵਾਜ਼ ਵਾਲੇ ਸੱਚ ਦੀ
ਖਰੜ//ਮੋਹਾਲੀ: 10 ਫਰਵਰੀ 2023: (ਪੰਜਾਬ ਸਕਰੀਨ ਡੈਸਕ)::
ਇਹ ਇੱਕ ਕੌੜੀ ਸਚਾਈ ਕਹੀ ਜਾ ਸਕਦੀ ਹੈ ਕਿ ਸਤਿਗੁਰੂ ਰਵਿਦਾਸ ਜੀ ਦੀ ਜ਼ਿੰਦਗੀ ਬਾਰੇ ਨਾ ਤਾਂ ਓਨੀ ਖੋਜ ਹੋ ਸਕੀ ਅਤੇ ਨਾ ਹੀ ਓਨਾ ਪ੍ਰਚਾਰ ਹੋ ਸਕਿਆ ਜਿਤਨਾ ਹੋਣਾ ਚਾਹੀਦਾ ਸੀ। ਜਦੋਂ ਉਹਨਾਂ ਦਾ ਜਨਮ ਹੋਇਆ ਉਸ ਵੇਲੇ ਨਾ ਤਾਂ ਖਾਲਸਾ ਪੰਥ ਦੀ ਸਾਜਨਾ ਦਾ ਸੰਕਲਪ ਸਾਹਮਣੇ ਆਇਆ ਸੀ ਅਤੇ ਹੀ ਲਾਲ ਝੰਡੇ ਵਾਲੇ ਕਾਮਰੇਡ ਉਸ ਵੇਲੇ ਤੱਕ ਸਾਹਮਣੇ ਆਏ ਸਨ। ਜਾਤਪਾਤ ਅਤੇ ਊਚ ਨੀਚ ਜ਼ੋਰਾਂ ਤੇ ਸੀ। ਇਸ ਸਾਰੇ ਵਰਤਾਰੇ ਦੇ ਖਿਲਾਫ਼ ਰਵਿਦਾਸ ਜੀ ਖੁਲ੍ਹ ਕੇ ਹਿੰਮਤ ਭਰਿਆ ਸਟੈਂਡ ਲਿਆ ਕਰਦੇ ਸਨ। ਸਤਿਗੁਰੂ ਰਵਿਦਾਸ ਜੀ ਮਹਾਰਾਜ ਖੁਦ ਵੀ ਖੁਦ ਨੂੰ ਚਮਾਰ ਵਜੋਂ ਸ਼ਨਾਖ਼ਤ ਕਰਦੇ ਸਨ ਅਤੇ ਪੇਸ਼ਾ-ਵਰ ਜਾਨਵਰਾਂ ਦੇ ਚੰਮ ਦਾ ਕੰਮ ਕਰਦੇ ਸੀ। ਉਸ ਵੇਲੇ ਵੀ ਹਿੰਦੂ ਵਰਣ ਮਤਾਬਕ ਚਮਾਰ ਕਮਜ਼ਾਤ ਬਰਾਦਰੀ ਹੀ ਹੁੰਦੀ ਸੀ ਅਤੇ ਇੱਸੇ ਸਿਸਟਮ ਦੇ ਅਸਰ ਕਾਰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੂੰ ਸਕੂਲ ਜਾ ਕੇ ਵਿੱਦਿਆ ਹਾਸਲ ਕਰਨ ਦਾ ਕੋਈ ਹੱਕ ਨਹੀਂ ਸੀ। ਵਿਕੀਪੀਡੀਆ ਵਿਚ ਇਸ ਸੰਬੰਧੀ ਕਾਫੀ ਖੋਜ ਭਰਪੂਰ ਸਮਗਰੀ ਮੌਜੂਦ ਹੈ। ਵਿੱਦਿਆ ਸਿਰਫ ਉਛਸੀ ਜਾਤ ਵਾਲਿਆਂ ਲਈ ਰਾਖਵੀਂ ਜਿਹੀ ਹੀ ਸੀ। ਨੀਂਵੀ ਜਾਤ ਵਾਲਿਆਂ ਨਾਲ ਬਹੁਤ ਸਾਰੇ ਵਿਤਕਰੇ ਸਨ।
ਅਜਿਹੇ ਵਿਤਕਰੇ ਆਮ ਹੋਣ ਕਾਰਨ ਬਨਾਰਸ ਵਿੱਚ ਉਹਨਾਂ ਮਜ਼ਲੂਮਾਂ ਲਈ ਆਵਾਜ਼ ਵੀ ਬੁਲੰਦ ਕੀਤੀ। ਇਸ ਇਨਕਲਾਬੀ ਕਦਮ ਕਰਕੇ ਸਤਿਗੁਰੂ ਰਵਿਦਾਸ ਜੀ ਨਾਲ ਬਦਸਲੂਕੀ ਵੀ ਕੀਤੀ ਗਈ। ਇਸਦੇ ਬਾਵਜੂਦ ਉਹਨਾਂ ਸੰਘਰਸ਼ ਨੂੰ ਤੇਜ਼ ਹੀ ਕੀਤਾ। ਸਾਂਝੀਵਾਲਤਾ ਦਾ ਸਪਸ਼ਟ ਸੁਨੇਹਾ ਦਿੰਦਿਆਂ ਉਹ ਉਸ ਸਮੇ ਦੀ ਲੁਕਾਈ ਵਿੱਚ ਮੌਜੂਦ ਊਚ ਨੀਚ, ਛੂਤ ਛਾਤ ਅਤੇ ਪਖੰਡ ਦੇ ਸਖ਼ਤ ਖ਼ਿਲਾਫ਼ ਬੋਲੇ। ਦੱਖਣੀ ਏਸ਼ੀਆ ਦੁਆਲ਼ੇ ਦੂਰ ਦੁਰਾਡੇ ਸਫ਼ਰ ਕਰ ਸਤਿਗੁਰੂ ਰਵਿਦਾਸ ਜੀ ਨੇ ਰੱਬੀ ਸਖ਼ਸ਼ੀਅਤਾਂ ਨਾਲ ਮੁਲਾਕਾਤਾਂ ਵੀ ਕੀਤੀਆਂ। ਇਹਨਾਂ ਦੇ ਨਾਲ ਰੱਬ ਦੀ ਸਿਫ਼ਤ ਵੱਜੋਂ ਬੰਦਗੀ ਦੇ ਵਾਕ ਰੱਚ ਕੇ ਰਵਿਦਾਸ ਜੀ ਨੇ ਇਲਾਹੀ ਸੁਨੇਹਾ ਵੀ ਦਿੱਤਾ। ਰਾਜਾ ਪੀਪਾ, ਰਾਣੀ ਮੀਰਾ ਬਾਈ, ਰਾਣੀ ਝਾਂਲਾਂ ਬਾਈ ਅਤੇ ਕਈ ਹੋਰ ਇਹਨਾਂ ਦੇ ਮੁਰੀਦ ਹੋਇਆ ਕਰਦੇ ਸਨ।
ਇਸਦੇ ਬਾਵਜੂਦ ਟੇਕ ਸਿਰਫ ਪ੍ਰਮਾਤਮਾ ਦੀ ਹੀ ਸੀ। ਆਸ ਸਿਰਫ ਉਸਸੇ ਪ੍ਰਮਾਤਮਾ ਤੋਂ ਹੀ ਰੱਖੀ। ਉਹਨਾਂ ਸਾਫ਼ ਸ਼ਬਦਾਂ ਵਿੱਚ ਕਿਹਾ ਸੀ:
ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥242॥
ਮਤਲਬ ਇਹ ਕਿ ਜੋ ਇਨਸਾਨ ਕੀਮਤੀ ਰੱਬ ਨੂੰ ਛੱਡਕੇ ਹੋਰ ਉੱਤੇ ਆਸ ਰੱਖਦਾ ਹੈ, ਉਸਦੀ ਜ਼ਿੰਦਗੀ ਨਰਕ ਹੈ ਇਹ ਅਸਲ ਗੱਲ ਹੈ ਜਿਹੜੀ ਰਵਿਦਾਸ ਜੀ ਦੱਸਦੇ ਹਨ।
— ਸਲੋਕ ਭਗਤ ਕਬੀਰ, ਗੁਰੂ ਗ੍ਰੰਥ ਸਾਹਿਬ, ਅੰਗ 1377
ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਅਤੇ ਸਤਿਗੁਰੂ ਰਵਿਦਾਸ ਜੀ ਦੀ ਮੁਲਾਕਾਤ ਹੋਈ ਹੈ ਪਰ ਅਸਲ ਜਗ੍ਹਾ ਅਤੇ ਅਰਸੇ ਬਾਰੇ ਤਕਰਾਰ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਰਵਿਦਾਸ ਜੀ ਦੇ 41 ਵਾਕ 16 ਰਾਗਾਂ ਵਿੱਚ ਦਰਜ ਹਨ। ਇਸ ਤੋਂ ਇਲਾਵਾ “ਰੈਦਾਸ ਜੀ ਕੀ ਬਾਣੀ" ਨਾਮ ਦੀ ਇੱਕ ਹੱਥ ਲਿਖਤ ਕਿਤਾਬ ਨਾਗਰੀ ਪ੍ਰਚਾਰਿਣੀ ਸਭਾ ਕੋਲ ਵੀ ਮੌਜੂਦ ਹੈ। ਭਾਸ਼ਾ ਵਿਭਾਗ ਪੰਜਾਬ ਨੇ ਵੀ ਇਹਨਾਂ ਦੀਆਂ ਰਚਨਾਵਾਂ ਨੂੰ "ਬਾਣੀ ਸਤਿਗੁਰੂ ਰਵਿਦਾਸ ਜੀ" ਸਿਰਲੇਖ ਅਧੀਨ 1984 ਵਿੱਚ ਪਬਲਿਸ਼ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਸਤਿਗੁਰੂ ਰਵਿਦਾਸ ਜੀ ਦੇ ਚਾਲ਼ੀ ਸ਼ਬਦ ਅਤੇ ਇੱਕ ਸਲੋਕ ਨੂੰ ਕਾਬਲੇ ਇਤਬਾਰ ਦਾ ਖ਼ਿਤਾਬ ਹਾਸਲ ਹੈ।
ਮਨੁੱਖਤਾ ਦੇ ਭਲੇ ਲਈ ਉਹਨਾਂ ਵਿਚਾਰਾਂ ਦੇ ਪ੍ਰਸਾਰ ਲਈ ਬਹੁਤ ਸਾਰੇ ਸਫ਼ਰ ਵੀ ਕੀਤੇ। ਸਤਿਗੁਰੂ ਰਵਿਦਾਸ ਜੀ ਨੇ ਦੱਖਣੀ ਏਸ਼ੀਆ ਦੁਆਲ਼ੇ ਛੇ ਸਫ਼ਰ ਕੀਤੇ। ਇਹ ਛੇ ਸਫਰ ਇਤਿਹਾਸਿਕ ਬਣੇ। ਇਹਨਾਂ ਨੇ ਦੂਰ ਦਰਾਜ ਦੇ ਇਲਾਕਿਆਂ ਵਿਚ ਰਹਿੰਦੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਆਪਣੇ ਪ੍ਰਭਾਵ ਹੇਠ ਲਿਆ।
ਪਹਿਲਾ ਸਫ਼ਰ: ਸਤਿਗੁਰੂ ਰਵਿਦਾਸ ਜੀ ਅਤੇ ਸੰਤ ਕਬੀਰ ਜੀ ਨੇ ਇਕੱਠਿਆਂ ਬਨਾਰਸ ਤੋਂ ਪਹਿਲੀ ਯਾਤਰਾ ਸ਼ੁਰੂ ਕੀਤੀ। ਇਹਨਾਂ ਦੋਵਾਂ ਦੇ ਨਾਲ਼ ਸਤਿਗੁਰੂ ਰਵਿਦਾਸ ਜੀ ਦੇ ਪੁੱਤਰ ਵਿਜੈ ਦਾਸ ਜੀ ਹਮਸਫ਼ਰ ਸਨ ਅਤੇ ਆਹ ਇਲਾਕੇ ਇਹਨਾਂ ਦੇ ਸਫ਼ਰ ਵਿੱਚ ਸ਼ਾਮਲ ਸਨ: ਨਾਗਪੁਰ, ਭਾਗਲਪੁਰ, ਮਾਧੋਪੁਰ, ਚੰਦੋਸੀ, ਬੀਜਾਪੁਰ, ਰਾਣੀ ਪੁਰੀ, ਨਾਰਾਇਣਗੜ੍ਹ, ਭੁਪਾਲ, ਬਹਾਵਲਪੁਰ, ਕੋਟਾ, ਝਾਂਸੀ, ਉਦੇਪੁਰ, ਜੋਧਪੁਰ, ਅਜਮੇਰ, ਅਮਰਕੋਟ, ਅਯੁੱਧਿਆ, ਹੈਦਰਾਬਾਦ, ਕਾਠੀਆਵਾੜ, ਬੰਬਈ, ਕਰਾਚੀ, ਜੈਸਲਮੇਰ, ਚਿਤੌੜ, ਕੋਹਾਟ, ਖ਼ੈਬਰ ਦੱਰਾ, ਜਲਾਲਾਬਾਦ, ਸ੍ਰੀ ਨਗਰ, ਡਲਹੌਜ਼ੀ, ਗੋਰਖਪੁਰ। ਉਹਨਾਂ ਵੇਲਿਆਂ ਵਿੱਚ ਅਜਿਹਾ ਸਫਰ ਇੱਕ ਬਹੁਤ ਵੱਡੀ ਗੱਲ ਹੁੰਦਾ ਸੀ।
ਦੂਸਰਾ ਸਫ਼ਰ: ਸਤਿਗੁਰੂ ਰਵਿਦਾਸ ਜੀ ਨੇ ਦੂਜੀ ਯਾਤਰਾ ਗੋਰਖਪੁਰ, ਪਰਤਾਪਗੜ੍ਹ, ਸ਼ਾਹਜਹਾਨ ਪੁਰ ਦੀ ਕੀਤੀ। ਇਸ ਯਾਤਰਾ ਦੌਰਾਨ ਵੀ ਉਹਨਾਂ ਨੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਸਾਂਝੀਵਾਲਤਾ ਅਤੇ ਬਰਾਬਰੀ ਦਾ ਸੁਨੇਹਾ ਦਿੱਤਾ।
ਤੀਜਾ ਸਫ਼ਰ: ਸਤਿਗੁਰੂ ਰਵਿਦਾਸ ਜੀ ਨੇ ਹਿਮਾਚਲ ਪ੍ਰਦੇਸ਼ ਜਾਕੇ ਲੋਕਾਂ ਨੂੰ ਇਲਾਹੀ ਸੁਨੇਹਾ ਦਿੱਤਾ। ਹਿਮਾਚਲ ਦੇ ਪਹਾੜ ਅਤੇ ਪਹਾੜੀਆਂ ਵਿੱਚ ਹੁਣ ਵੀ ਇਹਨਾਂ ਉਪਦੇਸ਼ਾਂ ਦੀ ਅਸਰ ਨੂੰ ਮਹਿਸੂ ਕੀਤਾ ਜਾ ਸਕਦਾ ਹੈ।
ਚੌਥਾ ਸਫ਼ਰ: ਇਸ ਯਾਤਰਾ ਦੌਰਾਨ ਹਰਿਦੁਆਰ, ਗੋਦਾਵਰੀ, ਕੁਰਕਸ਼ੇਤਰ, ਤ੍ਰਿਵੈਣੀ, ਅਤੇ ਹੋਰ ਜਗ੍ਹਾ ਜਾਕੇ ਸੰਤ, ਸਾਧੂਆਂ, ਭਗਤਾਂ, ਨਾਥਾਂ, ਸਿੱਧਾਂ, ਅਮੀਰਾਂ ਅਤੇ ਗ਼ਰੀਬਾਂ ਨਾਲ਼ ਵਿਚਾਰ ਸਾਂਝੇ ਕੀਤੇ। ਇਹ ਸਾਰੀਆਂ ਧਾਰਮਿਕ ਥਾਂਵਾਂ ਅਜਿਹੀਆਂ ਸਨ ਜਿਥੇ ਉਹਨਾਂ ਦੇ ਟਾਕਰੇ ਸਿਧੇ ਉਹਨਾਂ ਲੋਕਾਂ ਨਾਲ ਹੋਏ ਜਿਹੜੇ ਇਸ ਨਾਬਰਾਬਰੀ ਲਈ ਜ਼ਿੰਮੇਵਾਰ ਸਨ।
ਪੰਜਵਾਂ ਸਫ਼ਰ: ਸਤਿਗੁਰੂ ਰਵਿਦਾਸ ਜੀ ਗਾਜ਼ੀਪੁਰ ਦੇ ਰਾਜਾ ਰੂਪ ਪਰਤਾਪ (ਚੰਦਰ ਪਰਤਾਪ) ਦੇ ਸੱਦੇ ਉੱਤੇ ਆਪਣੇ ਮੁਰੀਦਾਂ ਨਾਲ਼ ਗਾਜ਼ੀਪੁਰ ਪਹੁੰਚੇ। ਇਹ ਸਫਰ ਵੀ ਉਹਨਾਂ ਦੇ ਉਪਦੇਸ਼ਾਂ ਨੂੰ ਫੈਲਾਉਣ ਵਿੱਚ ਬਹੁਤ ਹੀ ਸਹਾਈ ਸਾਬਿਤ ਹੋਇਆ।
ਛੇਵਾਂ ਸਫ਼ਰ: ਸਤਿਗੁਰੂ ਰਵਿਦਾਸ ਜੀ ਪੰਜਾਬ ਦੇ ਜਿਹਨਾਂ ਇਲਾਕਿਆਂ ਵਿੱਚ ਗਏ ਉਹਨਾਨੀਲਾਕੀਆਂ ਵਿਚ ਅੱਜ ਵੀ ਇਸ ਅਸਰ ਨੂੰ ਮੰਨ ਵਾਲੇ ਲੋਕ ਬਹੁਤ ਸਾਰੇ ਹਨ। ਲੁਧਿਆਣਾ ਰਾਹੀਂ ਪਿੰਡ ਚੱਕ ਹਕੀਮ ਨਜ਼ਦੀਕ ਫਗਵਾੜਾ, ਜਲੰਧਰ, ਸੁਲਤਾਨਪੁਰ ਲੋਧੀ, ਕਪੂਰਥਲਾ ਅਤੇ ਮੁਲਤਾਨ। ਇਹਨਾਂ ਸਾਰੇ ਸਫ਼ਰਾਂ ਦੌਰਾਨ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ।
ਸਤਿਗੁਰੂ ਰਵਿਦਾਸ ਜੀ 1528 ਈ.ਨੂੰ ਬਨਾਰਸ ਵਿਖੇ ਤਕਰੀਬਨ 151 ਸਾਲ ਦੀ ਉਮਰੇ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ। ਰੁਖ਼ਸਤ ਹੋਣ ਤੋਂ ਬਾਅਦ, ਇਹਨਾਂ ਦੇ ਜਿਸਮ ਨੂੰ ਰਾਜਾ ਹਰਦੇਵ ਸਿੰਘ ਨਾਗਰ ਦੇ ਬਾਗ ਵਿਖੇ ਚਿਖਾ ਵਿੱਚ ਜਲਾ ਦਿੱਤਾ ਗਿਆ।ਪਰ ਉਹਨਾਂ ਦੀ ਜ਼ਿੰਦਗੀ ਅਤੇ ਬਾਣੀ ਅੱਜ ਵੀ ਰੌਸ਼ਨੀ ਅਤੇ ਪ੍ਰੇਰਨਾ ਦਾ ਸੋਮਾ ਹੈ।
ਅੱਜ ਖਰੜ-ਕੁਰਾਲੀ ਰੋਡ 'ਤੇ ਬਣੇ ਹੋਏ ਰਵਿਦਾਸ ਭਵਨ ਵਿੱਚ ਇਹਨਾਂ ਸਾਰੀਆਂ ਗੱਲਾਂ ਨੂੰ ਯਾਦ ਕੀਤਾ ਗਿਆ। ਸ੍ਰੀ ਗੁਰੂ ਰਵਿਦਾਸ ਸਭ ਦੇ ਜਨਰਲ ਸਕੱਤਰ ਹਰਨਾਮ ਸਿੰਘ ਡੱਲਾ, ਪ੍ਰਧਾਨ ਹਰਕ ਦਾਸ ਅਤੇ ਵਿੱਤ ਸਕੱਤਰ ਮਹਿੰਦਰ ਰਾਮ ਦੇ ਨਾਲ ਨਾਲ ਮਦਨ ਲਾਲ ਜਨਾਗਲ, ਚਰਨ ਸਿੰਘ ਕੰਗ, ਸੱਜਣ ਸਿੰਘ ਧਨੌਰੀ ਮੇਵਾ ਸਿੰਘ ਪੁਰਖਾਣੀ, ਦੀਵਾਨ ਸਿੰਘ, ਸਵਰਨ ਸਿੰਘ, ਜਸਪਾਲ ਸਿੰਘ, ਸਰਬਜੀਤ ਸਿੰਘ ਅਤੇ ਸਿਮਰਨ ਸਿੰਘ ਵੀ ਸਰਗਰਮ ਰਹੇ। ਗੁਰੂ ਕਾ ਲੰਗਰ ਅਟੁੱਟ ਵਰਤਿਆ। ਇਲਾਹੀ ਬਾਣੀ ਦੇ ਅਖੰਡਪਾਠ ਦਾ ਵੀ ਅਣਗਿਣਤ ਲੋਕਾਂ ਨੇ ਲਾਹਾ ਲਿਆ।
ਪੋਸਟ ਸਕ੍ਰਿਪਟ:"ਐਸਾ ਚਾਹੂੰ ਰਾਜ ਮੈ ਜਹਾ ਮਿਲੇ ਸਭਨ ਕੋ ਅੰਨ
ਛੋਟ ਬੜੇ ਸਭ ਸਮ ਵਸੇ ਰਵਿਦਾਸ ਰਹੇ ਪ੍ਰਸੰਨ"
ਸ਼ਬਦ ਅਰਥ~>ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਐਸਾ ਰਾਜ ਨਹੀ ਚਾਹੁੰਦੇ ਸਨ ਜਿਥੇ ਛੋਟੇ-ਵੱਡੇ,ਊਚ-ਨੀਚ ਆਦਿ
ਦਾ ਭੇਦ ਭਾਵ ਨਾ ਹੋਵੇ।ਗੁਰੂ ਜੀ ਐਸਾ ਰਾਜ ਚਾਹੁੰਦੇ ਸਨ ਜਿੱਥੇ ਸਾਰਿਆ ਨੂੰ ਬਰਾਬਰ ਦਾ ਹੱਕ ਮਿਲੇ,ਜਿਥੇ ਸਾਰੇ ਜੀਵ ਇਕ ਸਮਾਨ ਮਿਲ ਕੇ ਰਹਿਣ।ਉਹ ਫਰਮਾਉਦੇ ਹਨ ਕਿ ਮੈ ਤਾਂ ਹੀ ਖੁਸ਼{ਪ੍ਰਸੰਨ} ਰਹਿ ਸਕਦਾ ਹਾਂ।
~>ਗੁਰੂ ਜੀ ਨੇ ਗੁਲਾਮੀ ਦੇ ਵਿਰੁੱਧ ਬੜੀ ਜ਼ੋਰਦਾਰ ਅਵਾਜ਼ ਉਠਾਈ,ਜਿਹੜਾ ਅਛੂਤ ਸਮਾਜ ਸਦੀਆ ਤੌ ਮਨੂਵਾਦ ਦੇ ਕਾਰਣ ਪੈਰਾ ਥੱਲੇ ਦੱਬਿਆ ਹੋਇਆ ਸੀ ਉਸ਼ ਅਛੂਤਸਮਾਜ ਨੂੰ ਗੁਰੂ ਜੀ ਨੇ ਆਪਣੇ ਗਲੇ ਲਗਾਇਆ। ਉਸ਼ ਅਛੂਤ ਸਮਾਜ ਨੂੰ ਆਪਣੇ ਪੈਰਾ ਤੇ ਖੜੇ ਹੋਣ ਲਈ ਪ੍ਰੇਰਿਤ ਕੀਤਾ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment