Thursday 18th August 2022 at 05:38 PM
ਇਸ ਬਾਰੇ ਸੋਚ ਕੇ ਮੇਰਾ ਹਿਰਦਾ ਵਲੂੰਧਰਿਆ ਜਾਂਦੈ:ਹਰਸਿਮਰਤ ਬਾਦਲ
ਨਵੀਂ ਦਿੱਲੀ: 18 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਕਦਮ ਕਦਮ ਤੇ ਭਾਰਤੀ ਜਨਤਾ ਪਾਰਟੀ ਦਾ ਸਹਿਯੋਗੀ ਰਿਹਾ ਅਕਾਲੀ ਦਲ ਇੱਕ ਵਾਰ ਫੇਰ ਬੀ ਜੇ ਪੀ ਨਾਲ ਨਾਰਾਜ਼ ਹੈ। ਅਕਾਲੀ ਦਲ ਨੇ ਪਹਿਲਾਂ ਖੇਤੀ ਕਾਨੂੰਨਾਂ ਦੇ ਮਾਮਲੇ 'ਤੇ ਬੀਜੇਪੀ ਨਾਲ ਆਪਣੀ ਨਾਰਾਜ਼ਗੀ ਅਤੇ ਅਸਹਿਮਤੀ ਦਾ ਪ੍ਰਗਟਾਵਾ ਕੀਤਾ ਸੀ ਅਤੇ ਹੁਣ ਬਿਲਕਿਸ ਬਾਨੋ ਦੇ ਮਾਮਲੇ ਤੇ ਆਪਣੀ ਨਾਰਾਜ਼ਗੀ ਜਤਾਈ ਹੈ। ਜਿਹਨਾਂ ਨੂੰ ਅਜੇ ਵੀ ਬਿਲਕੀਸ ਬਣੋ ਨਾਲ ਹੋਏ ਜ਼ੁਲਮਾਂ ਦਾ ਕੁਝ ਵੀ ਪਤਾ ਨਹੀਂ ਉਹਨਾਂ ਨੂੰ ਥੋੜਾ ਜਿਹਾ ਪਿੱਛੇ ਲਿਜਾਣਾ ਜ਼ਰੂਰੀ ਹੈ।
ਲੋਕਪੱਖੀ ਕਾਰਕੁੰਨ ਜਸਪ੍ਰੀਤ ਕੌਰ ਸਮਤਾ ਦੱਸਦੀ ਹੈ ਕਿ 2002 ਦਾ ਸਾਲ ਸਿਰਫ਼ ਗੁਜਰਾਤ ਹੀ ਨਹੀਂ, ਸਮੁੱਚੇ ਭਾਰਤੀ ਉਪ ਮਹਾਂਦੀਪ ਦੇ ਇਤਿਹਾਸ 'ਚ ਮੁਸਲਿਮ ਘੱਟ ਗਿਣਤੀਆਂ ਦੇ ਨਰਸੰਹਾਰ ਦੇ ਸਾਲ ਵੱਜੋਂ ਲੰਬੇ ਸਮੇਂ ਤੱਕ ਜਾਣਿਆ ਜਾਂਦਾ ਰਹੇਗਾ। ਗੁਜਰਾਤ ਅੰਦਰ ਸਰਕਾਰੀ ਅੰਕੜਿਆਂ ਮੁਤਾਬਕ 1300 (ਜਦੋਂ ਕਿ ਹਕੀਕੀ ਗਿਣਤੀ ਇਸ ਤੋਂ ਕਿਤੇ ਵੱਧ ਹੈ) ਨੂੰ ਮਾਰਿਆ ਗਿਆ ਅਤੇ ਹਜ਼ਾਰਾਂ-ਹਜ਼ਾਰ ਦੀ ਗਿਣਤੀ 'ਚ ਮੁਸਲਮਾਨ ਜ਼ਖ਼ਮੀ ਹੋਏ। ਇਸ ਤਬਾਹਕਰੂ ਮੁਹਿੰਮ ਦੌਰਾਨ ਹੀ ਦਹੂਦ ਜ਼ਿਲਾ ਦੀ ਲਿਮਖੇੜਾ ਤਾਲੁਕਾ (ਬਲਾਕ) ਦੇ ਇਕ ਪਿੰਡ 'ਚ ਜਦੋਂ ਕਤਲੇਆਮ ਕੀਤਾ ਗਿਆ ਤਾਂ ਬਿਲਕਿਸ ਬਾਨੋ ਆਪਣੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਘਰ 'ਚੋਂ ਭੱਜ ਨਿਕਲੀ।
ਉਨ੍ਹਾਂ ਨੇ ਖੇਤ 'ਚ ਜਾ ਕੇ ਸ਼ਰਨ ਲਈ। ਖੇਤ ਚ ਲੁਕੇ ਹੋਣ ਦੇ ਦੌਰਾਨ ਹੀ ਹਥਿਆਰਾਂ ਨਾਲ ਲੈਸ 30-40 ਦੇ ਕਰੀਬ ਜਨੂੰਨੀ ਗਰੋਹ ਵੱਲੋਂ ਉਨ੍ਹਾਂ ਨੂੰ ਘੇਰ ਲਿਆ ਗਿਆ। ਬਿਲਕਿਸ ਉਸ ਸਮੇਂ 5 ਮਹੀਨਿਆਂ ਦੀ ਗਰਭਵਤੀ ਸੀ। ਉਸ ਨਾਲ ਉਸ ਦੀ ਤਿੰਨ ਸਾਲਾਂ ਦੀ ਬੱਚੀ ਸੁਲੇਹਾ ਸਮੇਤ ਮੌਜੂਦ ਸਭ ਮੈਂਬਰਾਂ ਨੂੰ ਫ਼ਿਰਕੂ ਗਰੋਹ ਵੱਲੋਂ ਕੋਹ-ਕੋਹ ਕੇ ਮਾਰ ਮੁਕਾਇਆ ਗਿਆ। ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਰਾਡ ਨਾਲ ਉਸ ਦੇ ਗਰਭ ਅੰਦਰਲੇ ਬੱਚੇ ਦਾ ਕਤਲ ਕਰ ਦਿੱਤਾ ਗਿਆ। ਉਸ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਗਈ ਅਤੇ ਇਹ ਸਮਝ ਕੇ ਉਹ ਮਰ ਚੁੱਕੀ ਹੈ, ਫਿਰਕੂ ਅਨਸਰ ਛੱਡ ਕੇ ਚਲੇ ਗਏ।
ਬੀਬਾ ਹਰਸਿਮਰਤ ਕੌਰ ਬਾਦਲ ਨੇ ਗੁਜਰਾਤ ਅੰਦਰ ਗੋਧਰਾ ਕਾਂਡ ਉਪਰੰਤ ਅਣਮਨੁੱਖੀ ਕਾਰਨਾਮਾ ਕਰਣ ਵਾਲੇ 11 ਬਲਾਤਕਾਰੀਆਂ ਅਤੇ ਕਾਤਲਾਂ ਨੂੰ ਅਜ਼ਾਦੀ ਦਿਵਸ ਦੀ ਵਰ੍ਹੇਗੰਢ ਮੌਕੇ ਰਿਹਾਈ ਮਿਲਣਾ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਬੜਾ ਦੁਖਦਾਈ ਦਸਿਆ ਹੈ। ਉਨ੍ਹਾਂ ਕਿਹਾ ਕਿ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ ਬਿਕਲਿਸ ਬਾਨੋ ਬਾਰੇ ਸੋਚ ਕੇ ਮੇਰਾ ਹਿਰਦਾ ਵਲੂੰਧਰਿਆ ਜਾਂਦਾ ਹੈ, ਜੋ 2002 ਵਿੱਚ ਪਰਿਵਾਰ ਦੇ 14 ਮੈਂਬਰਾਂ ਦੇ ਹੋਏ ਕਤਲ ਦੇ ਸਦਮੇ ਨੂੰ ਹੰਢਾ ਰਹੀ ਹੈ। ਆਓ, ਅਸੀਂ 'ਨਾਰੀ ਸ਼ਕਤੀ' ਸ਼ਬਦ ਨੂੰ ਇਸ ਦੇ ਅਸਲ ਅਰਥਾਂ ਵਿੱਚ ਨਿਭਾਉਂਦੇ ਹੋਏ ਔਰਤਾਂ ਦੇ ਹੱਕ 'ਚ ਖੜ੍ਹੇ ਹੋਈਏ। ਇਹ ਮਾਫ਼ੀ ਤੁਰੰਤ ਰੱਦ ਕੀਤੇ ਜਾਣ ਦੀ ਲੋੜ ਹੈ। ਹੁਣ ਦੇਖਣਾ ਹੈ ਕਿ ਅਕਾਲੀ ਦਲ ਦੀ ਗੱਲ ਭਾਜਪਾ ਦੀ ਸੱਤਾ ਵਾਲੇ ਮੰਨਦੇ ਹਨ ਜਾਂ ਨਹੀਂ?

No comments:
Post a Comment