Sunday, August 28, 2022

ਜੇ ਹੁਣ ਵੀ ਘਰ ਅੰਦਰ ਬੈਠੇ ਰਹੇ ਤਾਂ ਕਦੇ ਵੀ ਬਾਹਰ ਨਹੀਂ ਨਿਕਲ ਪਾਉਗੇ

25th August 2022 at 4:44 PM

ਮੌਜੂਦਾ ਸਥਿਤੀ 'ਤੇ ਡਾ. ਅਰੁਣ ਮਿੱਤਰਾ ਦਾ ਵਿਸ਼ੇਸ਼ ਲੇਖ 

ਫਾਈਲ ਫੋਟੋ ਮਨੀਸ਼ ਸਿਸੋਦੀਆ 

ਲੁਧਿਆਣਾ: 22 ਅਗਸਤ 2022 ਨੂੰ ਲਿਖਿਆ ਡਾ. ਅਰੁਣ ਮਿੱਤਰਾ ਦਾ ਵਿਸ਼ੇਸ਼ ਲੇਖ 

ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ 'ਤੇ ਸੀ ਬੀ ਆਈ ਦੁਆਰਾ ਮਾਰੇ ਗਏ ਛਾਪਿਆਂ ਤੇ ਪ੍ਰਤੀਕਰਮ ਦਿੰਦਿਆਂ ਰਾਸ਼ਟਰੀ ਜਨਤਾ ਦਲ ਦੇ ਆਗੂ ਤੇ ਸੰਸਦ ਮੈਂਬਰ ਮਨੋਜ ਝਾਅ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਤੋਂ ਸਬਕ ਸਿਖਣਾ ਚਾਹੀਦਾ ਹੈ ਅਤੇ ਜਦੋਂ ਕਿਸੇ ਹੋਰ ਤੇ ਵੀ ਇਸ ਕਿਸਮ ਦੇ ਛਾਪੇ ਪੈਂਦੇ ਹਨ ਉਦੋਂ ਚੁੱਪੀ ਨਹੀਂ ਸਾਧ ਲੈਣੀ ਚਾਹੀਦੀ। ਮਨੋਜ ਝਾਅ ਦੇ ਇਸ ਕਥਨ ਵਿੱਚ ਬਹੁਤ ਵਜ਼ਨ ਹੈ ਕਿਉਂਕਿ ਅਸੀਂ  ਦੇਖ ਰਹੇ ਹਾਂ ਕਿ ਪਿੱਛੇ ਜਿਹੇ ਕੇਂਦਰ ਵਿੱਚ ਆਰ ਐਸ ਐਸ ਦੀ ਥਾਪੜੀ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਨੂੰ ਬਦਨਾਮ ਕਰਨ ਲਈ ਸੀ ਬੀ ਆਈ ਅਤੇ ਈ ਡੀ ਦੇ ਛਾਪੇ ਮਾਰੇ ਜਾ ਰਹੇ ਹਨ। ਇਨ੍ਹਾਂ ਦਾ  ਪਰਿਣਾਮ ਕੁਝ ਵੀ ਨਿਕਲੇ ਪਰ ਇੱਕ ਗੱਲ ਤਾਂ ਸਾਫ਼ ਹੈ ਕਿ ਜਦੋਂ ਇਹ ਛਾਪਾ ਮਾਰਿਆ ਜਾਂਦਾ ਹੈ ਉਸ ਦਾ ਮਕਸਦ ਵਿਰੋਧੀ ਨੂੰ ਪ੍ਰੇਸ਼ਾਨ ਕਰਨਾ ਹੁੰਦਾ  ਹੈ ਤਾਂ ਕਿ ਰਾਜਨੀਤਿਕ ਵਿਰੋਧ ਨੂੰ ਰੋਕਿਆ ਜਾ ਸਕੇ।   

ਪਿਛੇ ਜਿਹੇ ਨੈਸ਼ਨਲ ਹੈਰਾਲਡ ਤੇ ਛਾਪੇ ਮਾਰੇ ਗਏ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਈ ਡੀ ਦੇ ਦਫ਼ਤਰ ਬੁਲਾ ਕੇ ਪੁੱਛਗਿੱਛ ਕੀਤੀ ਗਈ। ਕਾਂਗਰਸ ਪਾਰਟੀ ਵੱਲੋਂ ਇਸ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤੇ ਗਏ। ਇਹੋ  ਕੁਝ ਦੁਸਰੇ ਸੂਬਿਆਂ ਵਿਚ ਵੀ ਵਾਪਰ ਰਿਹਾ ਹੈ ਅਤੇ ਜੋ ਕੋਈ ਇਨ੍ਹਾਂ ਦੀ ਗੱਲ ਨੂੰ ਨਹੀਂ ਮੰਨਦਾ ਉਸਨੂੰ ਮੀਡੀਏ ਰਾਹੀਂ ਬਦਨਾਮ ਕਰਨ ਯਾ ਫਿਰ ਉਸਤੇ ਮਨ ਘੜੰਤ ਕੇਸ ਬਣਾ ਕੇ ਪਰੇਸ਼ਾਨ ਕਰਨ ਦੀਆਂ ਵਿਉਂਤਬੰਦੀਆਂ ਕੀਤਆਂ ਜਾਂਦੀਆਂ ਹਨ ਤੇ ਅਮਲ ਵਿੱਚ ਲਿਆਂਦੀਆਂ ਜਾਂਦੀਆਂ ਹਨ। ਜਿਸ ਦੇ ਉਪਰ ਜ਼ਬਰ ਹੁੰਦਾ ਹੈ ਉਹੀ ਰਾਜਨੀਤਿਕ ਦਲ ਯਾ ਸਮਾਜਿਕ ਸੰਗਠਨ ਦੇ ਲੋਕ ਅਵਾਜ਼ ਚੁੱਕਦੇ ਹਨ ਬਾਕੀ  ਦਬੀ ਜਿਹੀ ਆਵਾਜ਼ ਵਿੱਚ ਸਮਰਥਨ ਦੇ ਦਿੰਦੇ ਹਨ।  

ਅਜਿਹੇ ਹਰ ਮਾਮਲੇ ਵਿੱਚ ਦੂਜੀਆਂ ਸਿਆਸੀ ਪਾਰਟੀਆਂ ਦਾ ਪ੍ਰਤੀਕਰਮ ਆਪਣੀ ਪਾਰਟੀ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਹੋ ਰਿਹਾ ਹੈ। ਉਨ੍ਹਾਂ ਹਰ ਇਕ ਦੀ ਭਾਵਨਾ ਹੈ ਕਿ ਜੇਕਰ ਉਹ ਦੂਜੇ ਦੇ ਹੱਕ ਵਿਚ ਬੋਲੇ ਜਿਸ ਦੀ ਉਹ ਅੱਜ ਤੱਕ ਆਲੋਚਨਾ ਕਰਦੇ ਰਹੇ ਹਨ, ਤਾਂ ਸ਼ਾਇਦ ਉਹ ਲੋਕ-ਸਮਰਥਨ ਅਤੇ ਵੋਟ ਬੈਂਕ ਨੂੰ ਗੁਆ ਦੇਣਗੇ। ਇਸ ਲਈ ਮਨੀਸ਼ ਸਿਸੋਦੀਆ ਦੇ ਮਾਮਲੇ ਵਿੱਚ ਵੀ ਐਮ ਕੇ ਸਟਾਲਿਨ, ਚੰਦਰਸ਼ੇਖਰ ਰਾਓ, ਹੇਮੰਤ ਸੋਰੇਨ ਅਤੇ ਸ਼ਰਦ ਪਵਾਰ ਵਰਗੇ ਨੇਤਾਵਾਂ ਨੇ ਚੁੱਪੀ ਧਾਰੀ ਹੋਈ ਹੈ। ਖੱਬੀਆਂ ਪਾਰਟੀਆਂ ਨੇ ਸੀ ਬੀ ਆਈ ਅਤੇ ਈ ਡੀ ਨੂੰ ਕਿਸੇ ਵੀ ਹਾਲਤ ਵਿੱਚ ਵਰਤਣ ਦੇ ਵਿਰੋਧ ਲਈ ਆਮ ਬਿਆਨ ਦਿੱਤਾ ਹੈ।      

ਇਸ ਗੱਲ ਨੂੰ ਸੱਤਾ ਚੰਗੀ ਤਰਾਂ ਭਾਂਪ ਰਹੀ ਹੈ ਤੇ ਸਮਝ ਰਹੀ ਹੈ ਕਿ ਉਨ੍ਹਾਂ ਦੀ ਅਗਲੀ ਵਾਰ ਜਿੱਤ ਨਿਸ਼ਚਿਤ ਹੈ।  

ਪਰ ਹੁਣ ਲੋਕਾਂ ਨੂੰ ਹੌਲੀ-ਹੌਲੀ ਸਮਝ ਆ ਰਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਪਿਛਲੇ ਸਮੇਂ ਵਿੱਚ ਦਿੱਤੇ ਗਏ ਵਿਕਾਸ ਦੇ ਨਾਅਰਿਆਂ ਵਿਚ ਕੋਈ ਵਜ਼ਨ ਨਹੀਂ ਹੈ ਅਤੇ ਇਹ ਕੇਵਲ ਇਕ ਜੁਮਲਾ ਹਨ। ਇਸ ਲਈ ਹੁਣ ਸਰਕਾਰ ਕੋਲ ਕੇਵਲ ਫਿਰਕੂ ਜ਼ਹਿਰ ਫੈਲਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ ਜਿਸਨੂੰ ਉਹ ਜ਼ੋਰਦਾਰ ਢੰਗ ਨਾਲ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਹੈ ਜਦੋਂ ਲਾਲ ਕਿਲੇ ਤੋਂ ਪਰਧਾਨ ਮੰਤਰੀ ਔਰਤਾਂ ਦੇ ਮਾਣ ਸਨਮਾਨ ਦੀ ਗੱਲ ਕਰ ਰਹੇ ਸਨ ਉਸੇ ਵੇਲੇ ਹੀ ਬਿਲਕਿਸ ਬਾਨੋ ਦੇ ਪਰਿਵਾਰ ਲਈ ਸਜਾ ਭੁਗਤ ਰਹੇ ਬਲਾਤਕਾਰੀਆਂ ਤੇ ਹਤਿਆਰਿਆਂ ਨੂੰ ਗੁਜਰਾਤ ਸਰਕਾਰ ਨੇ ਰਿਹਾਅ ਕੀਤਾ। ਮੋਦੀ ਦੇ ਇਸ਼ਾਰੇ ਤੋਂ ਬਿਨਾਂ ਭਾਜਪਾ ਵਿਚ ਪੱਤਾ ਵੀ ਨਹੀਂ ਹਿੱਲਦਾ। ਇਸ ਲਈ ਇਹ ਸਮਝਨਾ ਮੂਰਖਤਾ ਹੋਵੇਗੀ ਕਿ ਮੋਦੀ ਨੂੰ ਉਹਨਾਂ ਦੀ ਰਿਹਾਈ ਬਾਰੇ ਕੁਝ ਵੀ ਪਤਾ ਨਹੀਂ ਸੀ। ਇਸ ਲਈ ਵੱਖ-ਵੱਖ ਧਿਰਾਂ ਵੱਲੋਂ ਅਪੀਲ ਦੇ ਬਾਵਜੂਦ ਵੀ ਇਨ੍ਹਾਂ ਬਲਾਤਕਾਰੀਆਂ ਦੀ ਰਿਹਾਈ ਬਾਰੇ ਉਸਨੇ ਕੁਝ ਨਹੀਂ ਕਿਹਾ। ਆਰ ਐਸ ਐਸ ਦੀ ਇਹ ਨੀਤੀ ਹੈ ਕਿ ਇੱਕ ਸਮੇਂ ਤੇ ਕਈ ਤੀਰ ਛੱਡ ਦਿਉ ਅਤੇ ਬਾਅਦ ਵਿੱਚ ਦੇਖ ਕੇ ਜਿਹੜਾ ਤੀਰ ਉਨ੍ਹਾਂ ਦੇ ਹਿਸਾਬ ਨਾਲ ਸਹੀ ਦਿਸ਼ਾ ਵਿੱਚ ਕੰਮ ਕਰੇ ਉਸੇ ਨੂੰ ਅੱਗੇ ਤੋਰੋ।  

ਅੱਜ ਦੇਸ਼ ਜਿਸ ਦੌਰ ਵਿਚੋਂ ਗੁਜ਼ਰ ਰਿਹਾ ਹੈ, ਜੇ ਇੰਝ ਹੀ ਰਿਹਾ ਤਾਂ  ਦੋ ਸਾਲ ਬਾਅਦ ਦੇਸ਼ ਦੀ ਸਮਾਜਿਕ-ਆਰਥਿਕ ਹਾਲਤ ਅਤੇ ਏਕਤਾ ਅਖੰਡਤਾ ਖ਼ਤਰੇ ਵਿਚ ਪੈ ਜਾਏਗੀ। ਮਿਹਨਤਕਸ਼ ਲੋਕਾਂ ਦੀ ਅਵਾਜ਼ ਕੁਚਲ ਦਿੱਤੀ ਜਾਏਗੀ ਤੇ ਲੋਕਤੰਤਰ ਨੂੰ ਸਮਾਪਤ ਕਰਕੇ ਸੰਪੂਰਨ ਤਾਨਾਸ਼ਾਹੀ ਹਕੂਮਤ ਸਥਾਪਿਤ ਕਰ ਦਿੱਤੀ ਜਾਏਗੀ।

ਅਨੇਕਾਂ ਪ੍ਰਗਤੀਸ਼ੀਲ ਲੋਕ ਤਾਂ ਪਹਿਲਾਂ ਹੀ ਜੇਲ੍ਹਾਂ ਵਿੱਚ ਹਨ ਤੇ ਸਟੈਨ ਸੁਆਮੀ ਵਰਗੇ ਬਜ਼ੁਰਗ ਵਿਅਕਤੀ ਦੀ ਜੇਲ੍ਹ ਵਿੱਚ ਇਕ ਤਰਾਂ ਦੀ ਹੱਤਿਆ ਕੀਤੀ ਗਈ। ਪਿਛਲੇ ਸਮੇਂ ਵਿਚ ਅਨੇਕਾਂ ਪ੍ਰਗਤੀਸ਼ੀਲ ਲਿਖਾਰੀਆਂ ਦੇ ਕਤਲ ਕੀਤੇ ਗਏ। ਖੱਬੀਆਂ ਪਾਰਟੀਆਂ ਤੇ ਕਦੋਂ ਕਿਸ ਕਿਸਮ ਦੇ ਕੇਸ ਬਣਾਏ ਜਾਣਗੇ ਇਹ ਗੱਲ ਕੋਈ ਦੂਰ  ਨਹੀਂ। ਮੋਦੀ ਤਾਂ ਪਹਿਲਾਂ ਹੀ ਕਹਿ ਚੁੱਕੈ ਕਿ ਕਮਿਊਨਿਸਟ ਥੋੜੇ ਤਾਂ ਹਨ ਪਰ ਬਹੁਤ ਖ਼ਤਰਨਾਕ ਹਨ।  

‘ਭਾਰਤ ਦਾ ਵਿਚਾਰ’ (The Idea of India) ਪ੍ਰਭੂਸੱਤਾ ਲੋਕਤੰਤਰਿਕ, ਧਰਮ ਨਿਰਪੱਖ, ਗਰੀਬ ਪੱਖੀ ਸਥਿਤੀ ਤਰਕ ਅਤੇ ਤਰਕ ਤੇ ਅਧਾਰਤ ਅਤੇ ਅੰਧ ਵਿਸ਼ਵਾਸਾਂ ਦੇ ਵਿਰੁਧ ਹੈ. ਇਸਨੂੰ ਸੁਰੱਖਿਅਤ ਰਖਣਾ ਤੇ ਅੱਗੇ ਵਧਾਉਣਾ ਮਹੱਤਵਪੂਰਨ ਹੈ। ਸੰਵਾਦ, ਅਸਹਿਮਤੀ, ਬੋਲਣ ਦੀ ਆਜ਼ਾਦੀ, ਵਿਰੋਧੀ ਧਿਰ ਦਾ ਸਤਿਕਾਰ ਜਮਹੂਰੀਅਤ ਇਸਦਾ ਸਾਰ ਹੈ ਜੋ ਸਾਡੇ ਦੇਸ਼ ਵਿੱਚ ਬਸਤੀਵਾਦੀ ਗ਼ੁਲਾਮੀ ਵਿਰੁੱਧ ਸੰਘਰਸ਼ ਦੇ ਨਤੀਜੇ ਵਜੋਂ ਵਿਕਸਤ ਹੋਇਆ ਹੈ।  

ਉੱਘੇ ਇਤਿਹਾਸਕਾਰ ਆਦਿਤਿਆ ਮੁਖਰਜੀ ਦੇ ਅਨੁਸਾਰ, ਸਮੁੱਚੇ ਰਾਸ਼ਟਰਵਾਦੀਆਂ ਦੇ  ਵਿੱਚ ਇਹਨਾਂ ਬਾਰੇ ਇੱਕ ਸਹਿਮਤੀ ਸੀ, ਭਾਵੇਂ ਉਹਨਾਂ ਦੇ ਹੋਰ ਮਤਭੇਦ ਜੋ ਵੀ ਹੋਣ। ਦਾਦਾਭਾਈ ਨੌਰੋਜੀ, ਐਮ.ਜੀ. ਰਾਨਾਡੇ, ਜੀ ਕੇ ਗੋਖਲੇ ਤੋਂ ਲੋਕਮਾਨਿਆ ਤਿਲਕ,  ਸੀ ਆਰ ਦਾਸ, ਭਗਤ ਸਿੰਘ ਤੱਕ।  ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਮੌਲਾਨਾ ਆਜ਼ਾਦ, ਸੁਭਾਸ਼ ਬੋਸ ਦੇ ਨਾਲ-ਨਾਲ ਜੈ ਪ੍ਰਕਾਸ਼ ਨਰਾਇਣ, ਅਚਾਰੀਆ ਨਰੇਂਦਰ ਦੇਵ, ਪੀ ਸੀ ਜੋਸ਼ੀ ਅਤੇ ਮੁਜ਼ੱਫਰ ਅਹਿਮਦ ਵਰਗੇ ਸਮਾਜਵਾਦੀ ਅਤੇ ਕਮਿਊਨਿਸਟ ਸਾਰੇ ਇਸ ਬਾਰੇ ਇਕ ਸਨ। ਸਿਰਫ਼ ਇਸ ਰਾਸ਼ਟਰਵਾਦੀ ਸੋਚ ਦੇ ਉਲਟ ਆਰ ਐਸ ਐਸ ਦੇ ਲੋਕ ਜੋ ਕਿ ਸਾਮਰਾਜ ਦੇ ਹਿੱਸੇਦਾਰ ਰਹੇ ਜਾਂ ਪੱਖਪਾਤੀ ਵਿਚਾਰਾਂ ਨਾਲ ਜੁੜੇ ਸਨ, ਨੇ ਇਸ ਵਿਚਾਰ ਨੂੰ ਸਾਂਝਾ ਨਹੀਂ ਕੀਤਾ।   

ਅੱਜ ਇਹਨਾਂ ਦੇ ਵਿਰੁੱਧ ਇੱਕਠੇ ਹੋਣਾ ਅਤਿ ਮਹੱਤਵਪੂਰਨ ਹੈ।     

ਅੱਜ ਸਮੇਂ ਦੀ ਲੋੜ ਹੈ ਕਿ ਕਿਸ ਤਰ੍ਹਾਂ  ਸਮੁੱਚੀ ਵਿਰੋਧੀ ਧਿਰ ਨੂੰ ਘੱਟੋ-ਘੱਟ ਪ੍ਰੋਗਰਾਮ ਤੇ ਇਕੱਤਰ ਕੀਤਾ ਜਾ ਸਕੇ ਤਾਂ  ਕਿ ਇਸ ਫਾਸ਼ੀਵਾਦੀ ਸਰਕਾਰ ਨੂੰ ਦੋ ਸਾਲ ਦੇ ਬਾਅਦ ਮੁੜ ਸੱਤਾ ਵਿਚ ਨਾਂ ਆਉਣ ਦਿੱਤਾ ਜਾਵੇ। ਇਹ ਕੰਮ ਕਠਿਨ ਤਾਂ ਹੈ ਪਰ ਅਸੰਭਵ ਨਹੀਂ। ਘੱਟ ਤਾਕਤ ਹੋਣ ਦੇ ਬਾਵਜੂਦ ਇਸ ਕਿਸਮ ਦੇ ਮੁੱਦੇ ਤੇ ਖੱਬੀਆਂ ਪਾਰਟੀਆਂ ਸਭ ਨੂੰ ਇੱਕਠੇ ਕਰਨ ਦੀ ਭੂਮਿਕਾ ਅਦਾ ਕਰ ਸਕਦੀਆਂ ਹਨ। ਨਾਜ਼ੀਵਾਦ ਦੇ ਸਮੇਂ ਤੋਂ ਸਿੱਖਣ ਦੀ ਲੋੜ ਹੈ; ਜੇ ਹੁਣ ਵੀ ਘਰ ਅੰਦਰ ਬੈਠੇ ਰਹੋਗੇ ਤਾਂ ਕਦੇ ਵੀ ਬਾਹਰ ਨਹੀਂ ਨਿਕਲ ਪਾਉਗੇ।  

No comments: