Sunday, August 28, 2022

ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ 31 ਅਗਸਤ ਨੂੰ ਹੋਣਗੇ ਭਾਰੀ ਇਕੱਠ

Sunday:28th August 2022 at 02:19 PM

23 ਮਾਰਚ 2012 ਨੂੰ ਦਿੱਤਾ ਗਿਆ ਸੀ ਕੌਮੀ ਸ਼ਹੀਦ ਦਾ ਸਨਮਾਨਿਤ ਦਰਜਾ  

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਪੁੱਜ ਕੇ ਅਰਦਾਸ ਵਿਚ ਸ਼ਾਮਿਲ ਹੋਵੋ:ਭਾਈ ਭਿਓਰਾ/ ਭਾਈ ਤਾਰਾ

ਅਕਾਲ ਤਖ਼ਤ ਸਾਹਿਬ ਵੱਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਐਲਾਨਿਆ ਗਿਆ ਸੀ ਕੌਮੀ ਸ਼ਹੀਦ 

ਨਵੀਂ ਦਿੱਲੀ: 28 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):: 

ਹਾਲ ਹੀ ਵਿਚ ਜਦੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਗ੍ਰਿਫਤਾਰ ਕੀਤਾ ਜਾਂ ਲੱਗਿਆ ਤਾਂ ਕਾਂਗਰਸ ਪਾਰਟੀ ਦੇ ਹੀ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਇਤਰਾਜ਼ ਕਰਦਿਆਂ ਕਿ ਇਸਦੇ ਕਾਗਜ਼ ਕਿੱਥੇ ਹਨ। ਇਸ ਇਤਰਾਜ਼ ਤੇ ਬਹੁਤ ਤਿੱਖੀਆਂ ਟਿੱਪਣੀਆਂ ਸਾਹਮਣੇ ਆਈਆਂ। ਸੁਆਲ ਵੀ ਪੁੱਛੇ ਗਏ ਕਿ ਬੇਅੰਤ ਸਿੰਘ ਵੇਲੇ ਜਦੋਂ ਝੂਠੇ ਮੁਕਾਬਲੇ ਹੁੰਦੇ ਸਨ ਉਦੋਂ ਕਾਗਜ਼ ਦੇਖਣ ਦਿਖਾਉਣ ਦਾ ਸਿਲਸਿਲਾ ਕਿਥੇ ਗਿਆ ਸੀ। ਕਾਂਗਰਸ ਪਾਰਟੀ ਦੇ ਨਾਲ ਨਾਲ ਹੋਰਨਾਂ ਪਾਰਟੀਆਂ ਨੇ ਵੀ ਸਰਦਾਰ ਬੇਅੰਤ ਸਿੰਘ ਕੌਮੀ ਸ਼ਹੀਦ ਵੱਜੋਂ ਯਾਦ ਕੀਤਾ। ਪਰ ਜਿਹਨਾਂ ਦੇ ਬੇਕਸੂਰ ਨੌਜਵਾਨ ਮੁੰਡੇ ਇਹਨਾਂ ਮੁਕਾਬਲਿਆਂ ਵਿਚ ਮਾਰੇ ਗਏ ਉਹ ਉਦੋਂ ਵੀ ਬੁੱਚੜ ਕਹਿੰਦੇ ਸਨ ਅਤੇ ਹੁਣ ਵੀ ਬੁੱਚੜ ਕਹਿੰਦੇ ਹਨ। ਉਸ ਵੇਲੇ ਸਿਖਰਾਂ 'ਤੇ ਪਹੁੰਚੀ ਹੋਈ ਸਿੱਖ ਖਾੜਕੂ ਲਹਿਰ ਦਾ ਅੰਤ ਨਾਮੁਮਕਿਨ ਲੱਗਦਾ ਸੀ। ਉਸ ਨਾਮੁਮਕਿਨ ਨੂੰ ਮੁਮਕਿਨ ਬਣਾਇਆ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਡੀਜੀਪੀ ਕੇ ਪੀ ਐਸ ਗਿੱਲ ਦੀ ਜੋੜੀ ਨੇ। ਉਸ ਵੇਲੇ ਡੀ ਜੀ ਪੀ ਕੇ ਪੀ ਐਸ ਗਿੱਲ ਨੇ ਜੋ ਕੁਝ ਕਰ ਦਿਖਾਇਆ ਉਹ ਕੁਝ ਤਾਂ ਹ ਸੰਭਵ ਹੋ ਸਕਿਆ ਕਿਓਂਕਿ ਸਿਆਸੀ ਥਾਪੜਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਸੀ। ਸਿਆਸੀ ਸ਼ਤਰੰਜ ਵਿੱਚ ਸ਼ੁਰੂ ਹੋਈ ਇਸ ਖਤਰਨਾਕ ਖੇਡ ਨੇ ਸਰਕਾਰ ਦੇ ਦਾਮਨ ਚੱਕਰ ਦਾ ਰੰਗ ਕਾਂਗਰਸ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਵੇਲੇ ਹੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਲਗਾਤਾਰ ਜਿਹੜੇ ਘਟਨਾਕ੍ਰਮ ਵਾਪਰੇ ਉਸ ਨੇ ਸਥਿਤੀ ਵਿਸਫੋਟਕ ਬਣਾਉਣੀ ਹੀ ਸੀ। ਬਲਿਊ ਸਟਾਰ ਤੋਂ ਬਾਅਦ ਵੀ ਜ਼ੁਲਮ ਦਾ ਸ਼ਿਕਾਰ ਹੋਣ ਵਾਲਿਆਂ ਵਿਚ ਬਹੁਤੇ ਸਿੱਖ ਪਰਿਵਾਰ ਹੀ ਸਨ। 

ਇਹਨਾਂ ਸਿੱਖ ਪਰਿਵਾਰਾਂ ਦਾ ਕਹਿਣਾ ਹੈ ਕਿ ਸਾਡੇ ਘਰਾਂ ਵਿੱਚ ਸ਼ਾਂਤੀ ਤਾਂ ਭਾਈ ਦਿਲਾਵਰ ਸਿੰਘ ਨੇ ਲਿਆਂਦੀ। ਦਿਲਾਵਰ ਸਿੰਘ ਉਹ ਨੌਜਵਾਨ ਸੀ ਜਿਸਨੇ ਮਨੁੱਖੀ ਬੰਬ ਬਣ ਕੇ ਪੰਜਾਬ ਦੇ ਖਾੜਕੂ ਸਿੱਖ ਸੰਘਰਸ਼ ਵਿਚ ਇੱਕ ਨਵਾਂ ਇਤਿਹਾਸ ਸਿਰਜਿਆ ਸੀ। ਉਸ ਦਿਨ 31 ਅਗਸਤ 1995 ਦਾ ਦਿਨ ਸੀ। ਚੰਡੀਗੜ੍ਹ ਵਿਚ ਪੰਜਾਬ ਦੇ ਸਿਵਲ ਸਕੱਤਰੇਤ ਵਿੱਚ ਇੱਕ ਜ਼ੋਰਦਾਰ ਬੰਬ ਧਮਾਕਾ ਹੋਇਆ ਅਤੇ ਉਹੀ ਦਿਨ ਸਰਦਾਰ ਬੇਅੰਤ ਸਿੰਘ ਦਾ ਆਖ਼ਿਰੀ ਦਿਨ ਬਣ  ਗਿਆ।ਇਸ ਧਮਾਕੇ ਸਮੇਂ ਘਟੋਘੱਟ  17 ਹੋਰ ਵਿਅਕਤੀ ਵੀ ਮਾਰੇ ਗਏ ਜਿਹਨਾਂ ਵਿਚ ਤਿੰਨ ਕਮਾਂਡੋ ਵੀ ਸਨ। ਸਿੱਖ ਖਾੜਕੂ ਲਹਿਰ ਦੇ ਵਿਰੋਧੀ ਸਰਦਾਰ ਬੇਅੰਤ ਸਿੰਘ ਨੂੰ ਮਸੀਹਾ ਵੱਜੋਂ ਯਾਦ ਕਰਦੇ ਹਨ ਅਤੇ ਸਿੱਖ ਖਾੜਕੂ ਲਹਿਰ ਦੇ ਹਮਾਇਤ ਇਸ ਬੰਬ ਧਮਾਕੇ ਵਿਚ ਮਨੁੱਖੀ ਬੰਬ ਬਣੇ ਦਿਲਾਵਰ ਸਿੰਘ ਨੂੰ ਯਾਦ ਕਰਦੇ ਹਨ। ਇਸ ਵਾਰ ਵੀ 32 ਵਗਸ੍ਟ ਨੂੰ ਚੰਡੀਗੜ੍ਹ ਵਾਲੇ ਸਮਾਧੀ ਸਥਲ ਤੇ ਸਰਦਾਰ ਬੇਅੰਤ ਸਿੰਘ ਨੂੰ ਯਾਦ ਕੀਤਾ ਜਾਣਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭਾਈ ਦਿਲਾਵਰ ਸਿੰਘ ਨੰ ਯਾਦ ਕੀਤਾ ਜਾਣਾ ਹੈ। 

ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ 31 ਅਗਸਤ 1995 ਨੂੰ ਚੰਡੀਗੜ੍ਹ ਸੈਕਟਰੀਏਟ ਵਿੱਚ ਬੰਬ ਧਮਾਕੇ ਨਾਲ ਉਡਾਉਣ ਦੇ ਕੇਸ ਵਿੱਚ  ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਆਪਣੀ ਭੈਣ ਰਾਹੀਂ ਸਿੱਖ ਕੌਮ ਨੂੰ ਅਪੀਲ ਕਰਦਿਆ ਕਿਹਾ ਕਿ ਸਮੂਹ ਖਾਲਸਾ ਪੰਥ ਨੂੰ ਬੰਦੀ ਸਿੰਘਾਂ ਵੱਲੋਂ ਸਨਿਮਰ ਬੇਨਤੀ ਹੈ ਕਿ ਸਿੱਖ ਕੌਮ ਦੇ ਕੋਹਿਨੂਰ ਹੀਰੇ ਭਾਈ ਸਾਹਿਬ ਦਿਲਾਵਰ ਸਿੰਘ ਬੱਬਰ ਜੈ ਸਿੰਘਵਾਲਾ ਦਾ ਸ਼ਹੀਦੀ ਦਿਹਾੜਾ ਜੋ 31 ਅਗਸਤ ਨੂੰ ਆ ਰਿਹਾ ਹੈ, ਉਹ ਭਾਈ ਸਾਹਿਬ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਪੁੱਜ ਕੇ ਅਰਦਾਸ ਵਿਚ ਸ਼ਾਮਿਲ ਹੋਣ ਤਾਂ ਜੋ ਸਮੁੱਚੀ ਕੌਮ ਵਿਚ ਸਿੱਖ ਸੰਘਰਸ਼ ਪ੍ਰਤੀ ਜਾਗਰੂਕਤਾ ਤੇ ਇਕਮੁਠਤਾ ਦਾ ਪ੍ਰਗਟਾਵਾ ਕੀਤਾ ਜਾ ਸਕੇ। 

ਉਨ੍ਹਾਂ ਸ਼ਹੀਦੀ ਦਿਹਾੜੇ ਲਈ ਪੰਜਾਂ ਤਖਤ ਸਾਹਿਬਾਨਾ ਦੇ ਜਥੇਦਾਰਾਂ, ਸਮੂਹ ਸਿੱਖ ਜੱਥੇਬੰਦੀਆਂ, ਨਿੰਹਗ ਜੱਥੇਬੰਦੀਆਂ, ਦਮਦਮੀ ਟਕਸਾਲ ਦੀ ਸਮੂਹ ਧਿਰਾਂ, ਸੰਤ ਸਮਾਜ ਅਤੇ ਸਿੱਖ ਸੰਪਰਦਾਵਾਂ ਨੂੰ ਵੀ ਬੇਨਤੀ ਕਰਦੇ ਕਿਹਾ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਸ਼ਹੀਦੀ ਦਿਹਾੜੇ ਤੇ ਅਕਾਲ ਤਖਤ 'ਤੇ ਪਹੁੰਚਿਆ ਜਾਏ ਤੇ ਜੋ ਨਾ ਪੁੱਜ ਸਕਣ ਉਹ ਵੱਡੇ ਸਮਾਗਮ ਰਚ ਕੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣ ਤਾਂ ਕਿ ਐਸੇ ਮਹਾਨ ਸ਼ਹੀਦ ਤੋਂ ਸਿੱਖ ਨੋਜਵਾਨ ਪ੍ਰੇਰਨਾ ਲੈ ਕੇ ਕੌਮੀ ਸੰਘਰਸ਼ ਵਿੱਚ ਅਪਣਾ ਅਸਰਦਾਰ ਯੋਗਦਾਨ ਪਾ ਸਕਣ। ਅਸੀਂ ਵਿਦੇਸ਼ੀ ਵਸਦੇ ਗੁਰਸਿੱਖ ਵੀਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਸ ਵੀ ਮੁਲਕ ਵਿੱਚ ਤੁਸੀਂ ਬੈਠੇ ਹੋ ਹਰ ਥਾਂ ਤੇ ਇਸ ਕੌਮੀ ਹੀਰੇ ਨੂੰ ਸ਼ਰਧਾਂਜਲੀਆਂ ਭੇਟ ਕਰੋ। ਸਿੱਖ ਕੌਮ ਦੀ ਅਣਖ ਗੈਰਤ ਲਈ ਆਪਾ ਕੁਰਬਾਨ ਕਰ ਗਏ ਸ਼ਹੀਦਾਂ ਦੇ ਦਿਹਾੜੇ ਮਨਾ ਕੇ ਹੀ ਅਸੀਂ ਆਪਣੀਆਂ ਅਉਣ ਵਾਲੀਆਂ ਨਸਲਾਂ ਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਾ ਸਕਦੇ ਹਾਂ ਅੱਜ ਦੇ ਆਧੁਨਿਕ ਯੁੱਗ ਵਿੱਚ ਇੰਟਰਨੈੱਟ ਅਤੇ ਹੋਰ ਉਪਕਰਨਾ ਦਾ ਇਸਤੇਮਾਲ ਕਰਕੇ ਹਰ ਪੰਥ ਦੀ ਚੜਦੀ ਕਲਾ ਦਾ ਚਾਹਵਾਨ ਗੁਰਸਿੱਖ ਆਪਣੇ ਸੱਜਣ ਮਿੱਤਰਾਂ ਨੂੰ ਭਾਈ ਦਿਲਾਵਰ ਸਿੰਘ ਬੱਬਰ ਦੀ ਕੁਰਬਾਨੀ ਤੋਂ ਮਹਿਸੂਸ ਹੁੰਦੇ ਪੰਥਕ ਜਜਬੇ ਦਾ ਇਕ ਦੂਜੇ ਨੂੰ ਇੰਟਰਨੈਟ- ਅਤੇ ਈ ਮੇਲਾਂ ਕਰਕੇ ਸੁਨੇਹਾ ਪੁਜਦਾ ਕਰਨ ਅਤੇ ਪੰਥਕ ਅਖਬਾਰਾਂ ਵਿਚ ਵੱਧ ਤੋਂ ਵੱਧ ਇਸ਼ਤੇਹਾਰ ਦੇਣ ਤਾਂ ਕਿ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਭਾਈ ਦਿਲਾਵਰ ਸਿੰਘ ਨੂੰ ਕਿਤਨਾ ਪਿਆਰ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਖਾਲਸਾ ਜੀ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਵਿਸਾਰ ਦੇਂਦੀਆਂ ਹਨ, ਉਹ ਕੌਮਾਂ ਦੁਨੀਆ ਦੇ ਨਕਸ਼ੇ ਤੋਂ ਮਿੱਟ ਜਾਂਦੀਆਂ ਹਨ । ਅੱਜ ਅਸੀਂ ਵੀ ਮੌਜੂਦਾ ਸਿੱਖ, ਸੰਘਰਸ਼ ਦੇ ਸ਼ਹੀਦਾਂ ਪ੍ਰਤੀ ਉਨੀ ਇਮਾਨਦਾਰੀ ਨਾਲ, ਆਪਣਾ ਫਰਜ਼ ਨਹੀਂ ਨਿਭਾਅ ਰਹੇ। ਇਹੀ ਕਾਰਨ ਹੈ ਕਿ ਹਿੰਦੁਸਤਾਨ ਦੀਆਂ ਖੁਫ਼ੀਆ ਏਜੰਸੀਆਂ, ਸਾਨੂੰ ਸਮੇਂ-ਸਮੇਂ ਨਾਲ ਟਟੋਲ ਕੇ ਪਰਖਦੀਆਂ ਰਹਿੰਦੀਆਂ ਹਨ ਕਿ ਸਿੱਖਾਂ ਦੀ ਜ਼ਮੀਰ ਅਜੇ ਬਾਕੀ ਕਿੰਨੀ ਕੁ ਜਿੰਦਾ ਹੈ। ਇਸ ਗੱਲ ਦਾ ਵੱਡਾ ਸਬੂਤ ਇਹ ਹੈ ਕਿ ਅੱਜ ਸਿੱਖ ਧਰਮ ‘ਤੇ ਬਹੁਤ ਹੀ ਸੋਚੀ-ਸਮਝੀ ਸਾਜ਼ਿਸ਼ ਨਾਲ ਹਰ ਤਰਫ਼ੋਂ ਹਮਲੇ ਹੋ ਰਹੇ ਹਨ, ਪਰ ਇਨ੍ਹਾਂ ਨਾਲ ਨਜਿੱਠਣ ਲਈ ਸਾਡੇ ਕੋਲ ਕੋਈ ਠੋਸ ਵਿਓਂਤਬੰਦੀ ਨਹੀਂ ਹੈ,  ਜਿਸ ਲਈ ਸਾਨੂੰ ਇਸ ਵਿਸ਼ੇ ਲਈ ਗੰਭੀਰ ਹੋਕੇ ਇਨ੍ਹਾਂ ਨਾਲ ਟਾਕਰਾ ਕਰਨਾ ਪਵੇਗਾ, ਉਸਦੇ ਲਈ ਸਾਨੂੰ ਸਭ ਤੋਂ ਪਹਿਲਾਂ ਧੜੇਬੰਦੀ ਤੋਂ ਉਪਰ ਉੱਠ ਏਕਤਾ ਵਲ ਤੁਰਨਾ ਪਵੇਗਾ।

ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਪੰਜਾਬ ਪੁਲੀਸ ਦੇ ਮੁਲਾਜ਼ਮ ਸਨ ਜਿਨ੍ਹਾਂ ਨੇ ਆਪਣੀ ਕਮਰ ਦੇ ਦੁਆਲੇ ਧਮਾਕਾ ਖੇਜ ਸਮੱਗਰੀ ਬੰਨ੍ਹ ਕੇ ਪੰਜਾਬ ਦੇ ਉਸ ਸਮੇਂ ਤੇ ਤਤਕਾਲੀਨ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸਿਵਲ ਸਕੱਤਰੇਤ ਵਿਖੇ ਉਨ੍ਹਾਂ ਨੇ 31 ਅਗਸਤ, 1995 ਨੂੰ ਇਕ ਮਨੁੱਖੀ ਬੰਬ ਧਮਾਕਾ ਕਰਕੇ ਮਾਰ ਕੇ ਇਕ ਨਵਾਂ ਇਤਿਹਾਸ ਰੱਚ ਦਿੱਤਾ ਸੀ । ਸ਼ਹੀਦ ਭਾਈ ਦਿਲਾਵਰ ਸਿੰਘ ਉਨ੍ਹਾਂ ਵਿੱਚੋਂ ਇਕ ਸਨ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦਾ ਪਲੈਨ ਬਣਾਇਆ ਸੀ । ਸ਼ਹੀਦ ਭਾਈ ਦਿਲਾਵਰ ਸਿੰਘ ਨੇ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਸ਼ਮਸ਼ੇਰ ਸਿੰਘ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਗੁਰਮੀਤ ਸਿੰਘ ਮੀਤਾ ਅਤੇ ਲਖਵਿੰਦਰ ਸਿੰਘ ਲੱਖਾ ਨਾਲ ਰਲ ਕੇ ਬੇਅੰਤ ਸਿੰਘ ਦਾ ਕਤਲ ਕੀਤਾ ਸੀ ਕਿਉਂਕਿ ਓਸ ਸਮੇਂ ਨਿਰਦੋਸ਼ ਨੌਜੁਆਨੀ ਦਾ ਅੰਨ੍ਹੇਵਾਹ ਕਤਲੇਆਮ ਕੀਤਾ ਜਾ ਰਿਹਾ ਸੀ ਜਿਸ ਲਈ ਮੁੱਖ ਤੌਰ ਤੇ ਬੇਅੰਤ ਸਿੰਘ ਨੂੰ ਜ਼ੁੰਮੇਵਾਰ ਮੰਨਿਆ ਜਾਂਦਾ ਸੀ। ਚੇਤੇ ਰਹੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ 23 ਮਾਰਚ 2012 ਨੂੰ ਕੌਮੀ ਸ਼ਹੀਦ ਐਲਾਨਿਆ ਗਿਆ ਸੀ।

No comments: