Saturday, July 30, 2022

ਫੰਡਾਂ ਦੀ ਕਮੀ ਪੂਰੀ ਕਰੋ ਨਾ ਕਿ ਡਾਕਟਰਾਂ ਨੂੰ ਨਿਸ਼ਾਨਾ ਬਣਾਓ-IDPD

30th July 2022 at 2:02 PM

ਡਾਕਟਰ ਮਿੱਤਰਾ ਅਤੇ ਡਾਕਟਰ ਗਰੇਵਾਲ ਨੇ ਸਰਕਾਰ ਨੂੰ ਲੰਮੇ ਹੱਥੀਂ ਲਿਆ 


ਲੁਧਿਆਣਾ
:   30 ਜੁਲਾਈ 2022:  (ਪੰਜਾਬ ਸਕਰੀਨ ਬਿਊਰੋ)::

ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨਾਲ ਸਿਹਤ ਮੰਤਰੀ ਦੇ ਵਤੀਰੇ ਦੀ ਹਰ ਪਾਸੇ ਨਿੰਦਾ ਨਿਖੇਧੀ ਹੋ ਰਹੀ ਹੈ। ਹਰ ਵਰਗ ਦੇ ਲੋਕ ਸਰਕਾਰ ਅਤੇ ਸਿਹਤ ਮੰਤਰੀ ਨੂੰ ਲੰਮੇ ਹੱਥੀਂ ਲੈ ਰਹੇ ਹਨ। ਇੰਡਿਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਨਾਮ ਦੀ ਵਕਾਰੀ ਸੰਸਥਾ ਨੇ ਵੀ ਇਸਦਾ ਗੰਭੀਰ ਨੋਟਿਸ ਲਿਆ ਹੈ।  ਸਿਹਤ ਖੇਤਰ ਵਿੱਚ ਮੌਜੂਦਾ ਭੈੜੀਆਂ ਹਾਲਤਾਂ ਲਈ ਇਸ ਸੰਸਥਾ ਨੇ ਸਿਹਤ ਲਈ ਰਾਖੇ ਗਏ ਨਿਗੂਣੇ ਬਜਟ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਫੰਡਾਂ ਦੀ ਕਮੀ ਨੂੰ ਪੂਰਾ ਕਰਨ ਦੀ ਬਜਾਏ ਸਰਕਾਰ ਡਾਕਟਰ ਰਾਜ ਬਹਾਦਰ ਵਰਗੇ ਸੱਜਣ ਡਾਕਟਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ। ਇੱਕ ਬਿਆਨ ਵਿੱਚ ਡਾ: ਅਰੁਣ ਮਿੱਤਰਾ ਸੀਨੀਅਰ ਮੀਤ ਪ੍ਰਧਾਨ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਅਤੇ ਸਾਬਕਾ ਚੇਅਰਮੈਨ ਐਥੀਕਲ ਕਮੇਟੀ ਪੰਜਾਬ ਮੈਡੀਕਲ ਕੌਂਸਲ ਅਤੇ ਡਾ: ਜੀ ਐਸ ਗਰੇਵਾਲ, ਸਾਬਕਾ ਪ੍ਰਧਾਨ ਪੰਜਾਬ ਮੈਡੀਕਲ ਕੌਂਸਲ ਨੇ ਬਾਬਾ ਫ਼ਰੀਦ ਸਿਹਤ ਵਿਗਿਆਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਪੰਜਾਬ ਦੇ ਸਿਹਤ ਮੰਤਰੀ ਦੇ ਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਡਾ: ਰਾਜ ਬਹਾਦੁਰ ਗੌੜ ਇੱਕ ਮੰਨੇ ਪਰਮੰਨੇ ਸਰਜਨ ਹਨ ਅਤੇ ਉਨ੍ਹਾਂ ਨੇ ਪੂਰਣ ਸਮਰਪਣ ਦੇ ਨਾਲ ਕੰਮ ਕੀਤਾ ਹੈ। ਇਸ ਲਈ ਉਹਨਾਂ ਵੱਲ ਕੋਈ ਉਂਗਲ ਨਹੀਂ ਚੁੱਕ ਸਕਦਾ। 

ਅਸਲ ਵਿੱਚ ਸਿਹਤ ਸੰਭਾਲ ਪ੍ਰਣਾਲੀ ਵਿੱਚ ਖਾਮੀਆਂ ਵਾਈਸ ਚਾਂਸਲਰ ਦੇ ਕਾਰਨ ਨਹੀਂ ਬਲਕਿ ਸਰਕਾਰ ਦੁਆਰਾ ਮਾੜੀ ਫੰਡਿੰਗ ਕਾਰਨ ਹਨ। ਹੁਣੇ-ਹੁਣੇ ਐਲਾਨੇ ਬਜਟ ਵਿੱਚ ਸਿਹਤ ਲਈ ਬਜਟ ਦੀ ਵੰਡ ਲੋੜੀਂਦੇ 11 % ਦੀ ਬਜਾਏ ਕੁੱਲ ਬਜਟ ਦਾ ਸਿਰਫ 3.03 % ਦਿੱਤਾ ਗਿਆ ਹੈ। ਇਸ ਮਾਮੂਲੀ ਰਕਮ ਨਾਲ ਕੋਈ ਵੀ ਪਾਟੇ ਬਿਸਤਰੇ ਤੇ ਫਟੀਆਂ ਹੋਏ ਚਾਦਰਾਂ ਅਤੇ ਗੱਦਿਆਂ ਦੀ ਉਮੀਦ ਹੀ ਕਰ ਸਕਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਮੰਤਰੀ ਬੇਕਾਬੂ ਹੋ ਗਏ ਤਾਂ ਸਮਾਜ ਦਾ ਕੀ ਬਣੇਗਾ। ਸਿਹਤ ਮੰਤਰੀ ਨੂੰ ਆਪਣੇ ਮਾੜੇ ਵਤੀਰੇ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਅਜਿਹੇ ਸਸਤੇ ਪ੍ਰਚਾਰ ਦੀਆਂ ਚਾਲਾਂ ਦੀ ਬਜਾਏ ਸਿਹਤ ਢਾਂਚੇ ਨੂੰ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ।

ਹੁਣ ਦੇਖਣਾ ਹੈ ਕਿ ਸਰਕਾਰ ਇਸ ਸਾਰੇ ਘਟਨਾਕ੍ਰਮ ਮਗਰੋਂ ਸਿਹਤ ਮੰਤਰੀ ਦੇ ਖਿਲਾਫ ਕੀ ਕਦਮ ਚੁੱਕਦੀ ਹੈ। ਜੇ ਅਜਿਹਾ ਨਾ ਹੋਇਆ ਤਾਂ ਡਾਕਟਰਾਂ ਦੇ ਮਨਾਂ ਵਿਚ ਫੈਲਿਆ ਰੋਸ ਅਤੇ ਰੋਹ ਨੋਰੰਤਰ ਵਧਦਾ ਜਾਏਗਾ। 


No comments: