6th April 2022 at 02:26 PM
ਕੇਂਦਰੀ ਪੰਜਾਬੀ ਲੇਖਕ ਸਭਾ ਨੇ ਉਠਾਏ ਗੰਭੀਰ ਇਤਰਾਜ਼
ਚੰਡੀਗੜ੍ਹ: 06 ਅਪ੍ਰੈਲ 2022: (ਕਰਮ ਵਕੀਲ//ਪੰਜਾਬ ਸਕਰੀਨ)::
ਪੰਜਾਬ ਦੀਆਂ ਅਖ਼ਬਾਰਾਂ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਵੱਲੋਂ ਕੁਝ ਵਿਭਾਗਾਂ ਦੇ ਇੱਕ ਦੂਜੇ ਵਿੱਚ ਰਲੇਵੇਂ ਨੂੰ ਲੈ ਕੇ ਵੱਖ-ਵੱਖ ਰਾਵਾਂ ਸਾਹਮਣੇ ਆ ਰਹੀਆਂ ਹਨ। ਯੂਨੀਵਰਸਿਟੀ ਅਧਿਕਾਰੀਆਂ ਦਾ ਮਤ ਹੈ ਕਿ ਉਨ੍ਹਾਂ ਨੇ ਅਪਲਾਈਡ ਸਾਇੰਸ ਵਿਭਾਗ ਦੇ ਵੱਖ-ਵੱਖ ਵਿਸ਼ਿਆਂ ਨੂੰ ਮੂਲ ਵਿਭਾਗਾਂ ਵਿੱਚ ਇਸ ਲਈ ਤਬਦੀਲ ਕੀਤਾ ਹੈ ਕਿ ਅਪਲਾਈਡ ਸਾਇੰਸ ਵਿਭਾਗ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਥੋੜ੍ਹੀ ਸੀ ਅਤੇ ਅਧਿਆਪਕਾਂ ਦੀ ਊਰਜਾ ਅਜਾਈਂ ਜਾ ਰਹੀ ਸੀ। ਵਧੇਰੇ ਤਿੱਖੇ ਪ੍ਰਤੀਕਰਮ ਇਤਿਹਾਸ ਵਿਭਾਗ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਨਾਲ ਸੰਬੰਧਿਤ ਸਾਹਮਣੇ ਆਏ ਹਨ। ਇਤਿਹਾਸ ਅਧਿਐਨ ਵਿਭਾਗ ਦੇ ਅਧਿਆਪਕਾਂ ਵੱਲੋਂ ਇਸ ਨੂੰ ਧੱਕੇਸ਼ਾਹੀ ਕਿਹਾ ਗਿਆ ਹੈ, ਕਿਉਂਕਿ ਇਸ ਕਾਰਵਾਈ ਨਾਲ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਖੋਜ ਦੀਆਂ ਸੰਭਾਵਨਾਵਾਂ ਮੱਧਮ ਪੈ ਜਾਣਗੀਆਂ। ਇਹ ਵੀ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਵਿਭਾਗਾਂ ਦਾ ਰਲੇਵਾਂ ਕਰਨ ਦੀ ਯੋਜਨਾ ਹੈ। ਪਰ ਅਧਿਕਾਰੀਆਂ ਨੇ ਅਜਿਹੀ ਕਿਸੇ ਯੋਜਨਾ ਤੋਂ ਇਨਕਾਰ ਕੀਤਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਇਹ ਮਹਿਸੂਸ ਕਰਦੀ ਹੈ ਕਿ ਯੂਨੀਵਰਸਿਟੀ ਦੇ ਮੌਜੂਦਾ ਅਕਾਦਮਿਕ ਢਾਂਚੇ ਵਿੱਚ ਕੋਈ ਤਬਦੀਲੀ ਸੰਬੰਧਿਤ ਵਿਭਾਗਾਂ, ਪੂਟਾ ਅਤੇ ਪੰਜਾਬ ਦੇ ਵਿੱਦਿਅਕ ਮਾਹਿਰਾਂ ਦੀ ਰਾਏ ਬਿਨਾਂ ਨਾ ਕੀਤੀ ਜਾਵੇ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਮੀਤ ਪ੍ਰਧਾਨ ਜੋਗਾ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਕਾਦਮਿਕ ਮਸਲਿਆਂ ਨੂੰ ਖੁੱਲ੍ਹੇ ਮਨ ਨਾਲ ਸੰਵਾਦ ਰਚਾ ਕੇ ਹੱਲ ਕਰਨਾ ਚਾਹੀਦਾ ਹੈ।
No comments:
Post a Comment