ਕਿੰਨੀ ਕੁ ਮਿਲੇਗੀ ਸਫਲਤਾ--ਕਿੰਨੀਆਂ ਕੁ ਆਉਣਗੀਆਂ ਮੁਸ਼ਕਲਾਂ?
ਨਵੀਂ ਪਾਰਟੀ ਦੇ ਆਸਾਰ ਵਾਲੇ ਸਿਰਲੇਖ ਹੇਠ ਹਰਜਿੰਦਰ ਸਿੰਘ ਲਾਲ ਦੱਸਦੇ ਹਨ ਇਸ ਬਾਰੇ ਪੂਰਾ ਵੇਰਵਾ।
ਨਈ ਸੁਬਹ ਚਾਹਤੇ ਹੈਂ ਨਈ ਸ਼ਾਮ ਚਾਹਤੇ ਹੈਂ।
ਜੋ ਯੇ ਰੋਜ਼-ਓ-ਸ਼ਬ ਬਦਲ ਦੇ ਵੋਹ ਨਿਜਾਮ ਚਾਹਤੇ ਹੈਂ।
ਹਾਲਾਂ ਕਿ ਸਾਬਕ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੋਈ ਸਪੱਸ਼ਟ ਇਸ਼ਾਰਾ ਨਹੀਂ ਦਿੱਤਾ ਕਿ ਉਹ ਕੋਈ ਨਵੀਂ ਪਾਰਟੀ ਬਣਾਉਣਗੇ ਪਰ ਜਿਸ ਤਰ੍ਹਾਂ ਦੀ ਹਾਲਤ ਪੰਜਾਬ ਕਾਂਗਰਸ ਦੀ ਹੈ ਤੇ ਜਿਸ ਤਰ੍ਹਾਂ ਕਦਮ-ਦਰ-ਕਦਮ ਨਵਜੋਤ ਸਿੰਘ ਸਿੱਧੂ ਚੱਲ ਰਹੇ ਹਨ, ਉਹ ਸਾਫ਼ ਇਸ਼ਾਰਾ ਦਿੰਦੇ ਹਨ ਕਿ ਸਿੱਧੂ ਖ਼ੁਦ ਕਾਂਗਰਸ ਨਹੀਂ ਛੱਡਣਗੇ ਪਰ ਅਜਿਹੇ ਹਾਲਾਤ ਜ਼ਰੂਰ ਬਣਾ ਦੇਣਗੇ ਕਿ ਜਾਂ ਤਾਂ ਕਾਂਗਰਸ ਹੀ ਉਨ੍ਹਾਂ ਅੱਗੇ ਝੁਕ ਕੇ ਉਨ੍ਹਾਂ ਦੇ ਮੁੱਦਿਆਂ ਨੂੰ ਅਪਣਾ ਕੇ ਕਮਾਨ ਉਨ੍ਹਾਂ ਨੂੰ ਸੌਂਪ ਦੇਵੇ ਜਾਂ ਫਿਰ ਮਜਬੂਰਨ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦੇਵੇ।
ਸਾਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਕਾਂਗਰਸ ਵਿਚ ਰਹਿੰਦੇ ਹੋਏ ਸਮਾਨਅੰਤਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੋ ਚੁੱਕੇ ਹਨ। ਪਤਾ ਲੱਗਾ ਹੈ ਕਿ ਜਦ ਤੱਕ ਕਾਂਗਰਸ ਉਨ੍ਹਾਂ ਨੂੰ ਬਾਹਰ ਦਾ ਰਸਤਾ ਨਹੀਂ ਦਿਖਾਉਂਦੀ, ਉਹ ਆਪਣੇ-ਆਪ ਨੂੰ ਮਜ਼ਬੂਤ ਕਰਨ ਲਈ 'ਪੰਜਾਬ ਬਚਾਓ ਮੰਚ' ਜਾਂ ਕਿਸੇ ਵੀ ਹੋਰ ਨਾਂਅ 'ਤੇ ਕੋਈ ਸਮਾਜਿਕ ਸੰਸਥਾ ਖੜ੍ਹੀ ਕਰ ਸਕਦੇ ਹਨ।
ਉਨ੍ਹਾਂ ਦੇ ਕਾਂਗਰਸ ਵਿਚ ਰਹਿੰਦਿਆਂ ਕਾਂਗਰਸ ਨਾਲੋਂ ਵਧ ਸਰਗਰਮੀ ਨਾਲ ਵਿਰੋਧੀ ਧਿਰ ਦਾ ਰੋਲ ਕਰਨ ਦਾ ਸਭ ਤੋਂ ਤਾਜ਼ਾ ਸੰਕੇਤ ਤਾਂ ਉਨ੍ਹਾਂ ਦੀ ਅੱਜ ਦੀ ਰਾਜਪਾਲ ਪੰਜਾਬ ਨਾਲ ਵੱਖਰੇ ਤੌਰ 'ਤੇ ਕੀਤੀ ਮੁਲਾਕਾਤ ਤੋਂ ਹੀ ਮਿਲ ਜਾਂਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਕਈ ਸਾਬਕ ਤੇ ਮੌਜੂਦਾ ਕਾਂਗਰਸੀ ਵਿਧਾਇਕ ਉਨ੍ਹਾਂ ਕੋਲ ਆਏ ਤੇ ਉਨ੍ਹਾਂ ਅੱਗੇ ਲੱਗ ਕੇ ਪੰਜਾਬ ਲਈ ਕੰਮ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਭਲੇ ਲਈ ਲੋਕਾਂ ਨੂੰ ਜਵਾਬਦੇਹ, ਮੁੱਦਿਆਂ 'ਤੇ ਆਧਾਰਿਤ ਰਾਜਨੀਤੀ ਨੂੰ ਤਰਜੀਹ ਦੇਣਗੇ। ਫਿਰ ਜਿਥੋਂ ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਹੈ, ਉਨ੍ਹਾਂ ਦਾ ਸਿੱਧੂ ਨਾਲ ਸਮਝੌਤਾ ਹੋਣਾ ਸੌਖਾ ਨਹੀਂ ਲਗਦਾ। ਕਿਉਂਕਿ ਇਕ ਤਾਂ ਰਾਜਾ ਵੜਿੰਗ ਰਵਾਇਤੀ ਤਰ੍ਹਾਂ ਦੇ ਸਿਆਸਤਦਾਨ ਹਨ ਜਦੋਂ ਕਿ ਸਿੱਧੂ ਦਾ ਆਪਣਾ ਪੰਜਾਬ ਏਜੰਡਾ ਹੈ। ਦੂਸਰਾ ਸਿੱਧੂ ਨੂੰ ਰਾਜਾ ਵੜਿੰਗ ਇਸ ਲਈ ਵੀ ਚੁੱਭਦੇ ਹੋਣਗੇ ਕਿਉਂਕਿ ਪਹਿਲਾਂ ਉਹ ਸਿੱਧੂ ਦੇ ਨਾਲ ਸਨ ਪਰ ਬਾਅਦ ਵਿਚ ਵਿਰੋਧੀ ਹੋ ਗਏ ਸਨ। ਸੋ, ਹਾਲਾਤ ਸਾਫ਼ ਸੰਕੇਤ ਦੇ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਦੇ ਕਦਮ ਪੰਜਾਬ ਵਿਚ ਇਕ ਨਵੀਂ ਪਾਰਟੀ ਬਣਾਉਣ ਵੱਲ ਤੁਰ ਪਏ ਹਨ।
ਮੈਂ ਰੋਜ਼ ਇਕ ਨਈ ਦਾਸਤਾਂ ਬਣਾਊਂਗਾ।
ਫਿਰ ਇਸ ਕੇ ਬਾਅਦ ਖਾਮੋਸ਼ੀ ਮੇਂ ਡੂਬ ਜਾਊਂਗਾ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000
E. mail : hslall@ymail.com
No comments:
Post a Comment