Sunday, January 09, 2022

ਮਹਿਲਾ ਸੇਵਾ ਵੈਲਫੇਅਰ ਸੋਸਾਇਟੀ ਨੇ ਗਰੀਬ ਪਰਿਵਾਰ ਦਾ ਮਕਾਨ ਬਣਵਾਇਆ

8th January 2022 at  5:01 PM

ਗਰੀਬੀ ਕਾਰਨ ਸਰਪੰਚ ਨੇ ਵੀ ਪਰਿਵਾਰ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਸੀ 


ਲੁਧਿਆਣਾ
//ਪਟਿਆਲਾ: 8 ਜਨਵਰੀ 2022: (ਕਾਰਤਿਕਾ ਸਿੰਘ//ਅਰਾਧਨਾ ਟਾਈਮਜ਼ ਡੈਸਕ):: 
ਅੱਜ ਅਸੀਂ ਇਥੇ ਦਰਜ ਕਰ ਰਹੇ ਹਾਂ ਇੱਕ ਸੱਚੀ ਕਹਾਣੀ। ਬੜੀ ਦੁੱਖਾਂ ਭਰੀ ਹੈ ਇਹ ਸੱਚੀ ਕਹਾਣੀ। ਗਰੀਬੀ ਜਦੋਂ ਆਉਂਦੀ ਹੈ ਫਿਰ ਜ਼ਿੰਦਗੀ ਦੇ ਭਿਆਨਕ ਰੰਗ ਵੀ ਨਾਲ ਹੀ ਲੈ ਕੇ ਆਉਂਦੀ ਹੈ। ਅਸੀਂ ਇਥੇ ਫਿਲਹਾਲ ਅਜਿਹੀ ਇੱਕੋ ਕਹਾਣੀ ਦੇ ਰਹੇ ਹਾਂ ਪਰ ਹਕੀਕਤ ਵਿੱਚ ਅਜਿਹੀਆਂ ਬਹੁਤ ਸਾਰੀਆਂ ਸੱਚੀਆਂ ਕਹਾਣੀਆਂ ਸਾਡੇ ਆਲੇ ਦੁਆਲੇ ਹੀ ਹਨ। ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਜਿਹੜਾ ਅਜਿਹੀ ਅਵਸਥਾ ਵਿੱਚ ਬੜਾ ਆਸਰਾ ਦੇਂਦਾ ਹੈ। ਪਹਿਲਾਂ ਉਹ ਸ਼ਬਦ ਜ਼ਰੂਰ ਪੜ੍ਹੋ। ਇਹ ਸ਼ਬਦ ਸ੍ਰੀ ਰਾਗ ਵਿਚ ਹੈ ਅਤੇ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਜ਼ਿੰਦਗੀ ਦੇ ਦੁੱਖਾਂ ਦੀ ਗੱਲ ਕਰਦਾ ਇਹ ਸ਼ਬਦ ਕਿੰਨਾ ਆਸਰਾ ਦੇਂਦਾ ਹੈ ਇਸਦਾ ਅਹਿਸਾਸ ਇਸ ਸ਼ਬਦ ਦੇ ਪੜ੍ਹਨ ਅਤੇ ਗਾਇਨ ਨਾਲ ਹੀ ਹੋ ਸਕਦਾ ਹੈ। ਦਿਲ ਵਿੱਚ ਉਤਰਦੇ ਇਸ ਸ਼ਬਦ ਦੇ ਬੋਲ ਤੁਰੰਤ ਆਪਣਾ ਅਸਰ ਦਿਖਾਉਂਦੇ ਹਨ। ਇਹੀ ਹੈ ਗੁਰਬਾਣੀ ਦੇ ਸ਼ਬਦਾਂ ਦਾ ਚਮਤਕਾਰ। ਤੁਸੀਂ ਚਾਹੋਂ ਤਾਂ ਤਜਰਬਾ ਕਰ ਕੇ ਵੀ ਦੇਖ ਸਕਦੇ ਹੋ। ਜ਼ਿੰਦਗੀ ਦੀਆਂ ਹਕੀਕਤਾਂ ਦੀ ਗੱਲ ਕਰਦਾ ਹੈ ਇਹ ਸ਼ਬਦ। 
ਸਿਰੀਰਾਗੁ ਮਹਲਾ ੫॥ 
ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ॥ ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ॥ 
ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ॥ ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ॥੧॥ 
ਸਾਹਿਬੁ ਨਿਤਾਣਿਆ ਕਾ ਤਾਣੁ॥ ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ॥੧॥ਰਹਾਉ॥ 
ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ॥ ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ॥ 
ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ॥ ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ॥੨॥
ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ॥ ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ॥ 
ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ॥ ਚਿਤਿ ਆਵੈ ਓਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ॥੩॥
ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ॥ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ॥ 
ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ॥ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਮਖ ਸਿਮਰਤ ਤਰਿਆ॥੪॥{ਪੰਨਾ 70} 
ਇਸਦੇ ਅਰਥ ਵੀ ਇਸ ਸੱਚੀ ਘਟਨਾ ਦੇ ਅੰਤ ਵਿੱਚ ਦਿੱਤੇ ਜਾ ਰਹੇ ਹਨ। 
ਜ਼ਿੰਦਗੀ ਦੇ ਹਨੇਰਿਆਂ ਦੀ ਇਹ ਇਹ ਸੱਚੀ ਕਹਾਣੀ ਹੈ ਸ਼ਾਹੀ ਸ਼ਹਿਰ ਪਟਿਆਲਾ ਦੀ। ਹਨੇਰਿਆਂ ਨੂੰ ਚੀਰਨ ਲਈ ਪ੍ਰਭੂ ਨੇ ਕਿਵੇਂ ਬਹਾਨਾ ਬਣਾਇਆ ਇਸਦਾ ਸੰਖੇਪ ਜਿਹਾ ਵੇਰਵਾ ਹੈ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਪਟਿਆਲਾ ਵਿਖੇ ਪਿਛਲੇ 9 ਸਾਲ ਤੋਂ ਨਾਮਧਾਰੀ ਪੰਥ ਮੁਖੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਣਾ ਸਦਕਾ ਮਹਿਲਾ ਸੇਵਾ ਵੈਲਫੇਅਰ ਸੋਸਾਇਟੀ ਗਰੀਬਾਂ ਲਈ ਮਸੀਹਾ ਸਾਬਿਤ ਹੋ ਰਹੀ ਹੈ ਜਿਸ ਦੇ ਕੰਮਾਂ ਦੀ ਲੋਕਾਂ ਵਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ। ਹੁਣ ਇਸ ਵਾਰ ਦਾ ਤਾਜ਼ਾ ਮਾਮਲਾ ਹੈ ਇੱਕ ਸਾਧਾਰਨ ਪਰਿਵਾਰ ਦਾ। ਗਰੀਬੀ ਨੇ ਬੁਰੀ ਤਰ੍ਹਾਂ ਝੰਬਿਆ ਹੋਇਆ ਸੀ ਇਹ ਪਰਿਵਾਰ।  ਮਕਾਨ ਦੀਆਂ ਛੱਤਾਂ ਡਿਗੂੰ ਡਿਗੂੰ ਕਰਦੀਆਂ ਸਨ। ਬਾਰਿਸ਼ ਆਵੇ ਤਾਂ ਛੱਤ ਚੋਂ ਵੀ ਬਰਸਾਤ ਹੋਵੇ। ਜੇਬ ਵੀ ਖਾਲੀ ਅਤੇ ਘਰ ਵਿਚ ਰਾਸ਼ਨ ਦੀ ਵੀ ਕਮੀ। ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਬੇਰੋਜ਼ਗਾਰੀ ਕਾਰਨ ਅਜਿਹੀ ਸਥਿਤੀ ਹੁਣ ਆਮ ਜਿਹੀ ਬਣਦੀ ਜਾ ਰਹੀ ਹੈ। ਹਰ ਥਾਂ ਅਜਿਹੇ ਪਰਿਵਾਰ ਦੇਖੇ ਜਾ ਸਕਦੇ ਹਨ। ਅਫਸੋਸ ਹੈ ਕਿ ਸਰਕਾਰੀ ਐਲਾਨਾਂ ਦਾ ਫਾਇਦਾ ਸਰਦੇ ਪੁੱਜਦੇ ਲੋਕ ਹੀ ਲੈ ਜਾਂਦੇ ਹਨ। ਲੋੜਵੰਦਾਂ ਤੱਕ ਆਮਤੌਰ 'ਤੇ  ਕੁਝ ਨਹੀਂ ਪਹੁੰਚਦਾ। ਸਾਕ ਸਬੰਧੀ ਸਭ ਛੱਡ ਜਾਂਦੇ ਹਨ। ਕੋਈ ਬਾਂਹ ਨਹੀਂ ਫੜ੍ਹਦਾ। ਜ਼ਿੰਦਗੀ ਨਿਰਾਸ਼ਾ ਨਾਲ ਘਿਰ ਜਾਂਦੀ ਹੈ। ਬਸ ਖ਼ੁਦਕੁਸ਼ੀ ਹੀ ਇੱਕੋ ਇੱਕ ਰਸਤਾ ਨਜ਼ਰ ਆਉਣ ਲੱਗ ਪੈਂਦੀ ਹੈ। 
ਹੁਣ ਇਸ ਮਾਮਲੇ ਦੀ ਗੱਲ ਕਰੀਏ ਤਾਂ ਇਸ ਵਾਰ ਮਹਿਲਾ ਵੈਲਫੇਅਰ ਸੋਸਾਇਟੀ ਨੇ ਪਟਿਆਲਾ ਦੇ ਨੇੜਲੇ ਪਿੰਡ ਸਿਉਣਾ ਵਿਖੇ ਗਰੀਬ ਪਰਿਵਾਰ ਦਾ ਕੰਡਮ ਮਕਾਨ ਬਣਵਾ ਕੇ ਦਿਤਾ ਹੈ ਉਕਤ ਮਕਾਨ ਦੀ ਛੱਤਾ ਬਾਰਿਸ਼ ਵੇਲੇ ਚੋਂਦੀਆਂ ਸਨ l ਹਰ ਵਾਰ ਬਾਰਿਸ਼ ਦਾ ਪਾਣੀ ਕਮਰੇ ਚ ਭਰ ਜਾਂਦਾ ਸੀ ਜਿਸ ਕਰਕੇ ਪਰਿਵਾਰ ਦੇ ਮੈਂਬਰ ਇਕੋ ਕਮਰੇ ਚ ਰਹਿੰਦੇ ਸਨ। ਇਸ ਪਰਿਵਾਰ ਦੇ 2 ਬੱਚੇ ਹਨ ਜਿਨ੍ਹਾਂ ਦੇ ਸਿਰ ਤੇ ਮਾਂ ਬਾਪ ਦਾ ਸਾਇਆ ਨਹੀਂ ਸੀ।ਦੋਹਾਂ ਭੈਣ ਭਰਾਵਾਂ ਦਾ ਪਾਲਣ ਪੋਸ਼ਣ ਇਹਨਾਂ ਦੀ ਬਜ਼ੁਰਗ ਦਾਦੀ ਹੀ ਕਰ ਰਹੀ ਸੀ ਪਰੰਤੂ ਦਾਦੀ ਵੀ ਪਿਛਲੇ ਦਿਨੀ ਗਰੀਬੀ ਕਾਰਨ ਇਲਾਜ ਨਾ ਹੋਣ ਕਰਕੇ ਚੜ੍ਹਾਈ ਕਰ ਗਈ ਸੀl 
ਪਰਿਵਾਰ ਦੇ ਦੱਸਣ ਮੁਤਾਬਿਕ ਉਸ ਵੇਲੇ ਵੀ ਇਸ ਗਰੀਬ ਪਰਿਵਾਰ ਦੀ ਮਦਦ ਕਰਨ ਵਾਲਾ ਕੋਈ ਪਿੰਡ ਵਾਸੀ ਅੱਗੇ ਨਹੀਂ ਆਇਆ, ਏਥੋਂ ਤੱਕ ਕਿ ਪਿੰਡ ਦੇ ਸਰਪੰਚ ਨੇ ਵੀ ਇਨ੍ਹਾਂ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਸੀ l ਜਦੋਂ ਇਸ ਗਰੀਬ ਪਰਿਵਾਰ ਬਾਰੇ ਮਹਿਲਾ ਸੇਵਾ ਵੈਲਫੇਅਰ ਸੋਸਾਇਟੀ ਦੀ ਪ੍ਰਧਾਨ ਕੁਲਦੀਪ ਕੌਰ ਪਟਿਆਲਾ ਨੂੰ ਪਤਾ ਚੱਲਿਆ ਤਾਂ ਉਹਨਾਂ ਤੁਰੰਤ ਮੌਕੇ ਤੇ ਪਹੁੰਚ ਕੇ ਇਸ ਗਰੀਬ ਪਰਿਵਾਰ ਦੀ ਮਦਦ ਕਰਨ ਦੀ ਸੇਵਾ ਨਿਭਾਈ l ਸੋਸਾਇਟੀ ਦੀ ਪ੍ਰਧਾਨ ਕੁਲਦੀਪ ਕੌਰ ਪਟਿਆਲਾ ਦਾ ਕਹਿਣਾ ਹੈ ਕਿ  ਗਰੀਬ ਪਰਿਵਾਰ ਦਾ ਮਕਾਨ ਠਾਕੁਰ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਸੁਸ਼ੀਲ ਕੁਮਾਰ, ਨਾਮਧਾਰੀ ਸੰਗਤ (ਯੂ. ਕੇ ) ਅਤੇ ਮਹਿਲਾ ਸੇਵਾ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਨਵਾਂ ਬਣਵਾਇਆ ਗਿਆ ਹੈ।  ਉਕਤ ਗਰੀਬ ਪਰਿਵਾਰ ਨੇ ਇਹਨਾਂ ਸਾਰੇ ਸੱਜਣਾਂ ਅਤੇ ਸੰਸਥਾਵਾਂ ਦਾ ਤਹਿ ਦਿਲੋਂ ਧੰਨਨਵਾਦ ਵੀ ਕੀਤਾ ਹੈ। 

ਗੁਰਬਾਣੀ ਦੇ ਇਸ ਸ਼ਬਦ ਦੇ ਅਰਥ ਕੀਤੇ ਹਨ ਮਾਣਯੋਗ ਸ਼ਖ਼ਸੀਅਤ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿਹਨਾਂ ਖੁਦ ਵੀ ਜ਼ਿੰਦਗੀ ਨੂੰ ਬਹੁਤ ਹੀ ਨੇੜਿਓਂ ਹੋ ਕੇ ਦੇਖਿਆ। ਸੰਘਰਸ਼ਾਂ ਭਰੀ ਜ਼ਿੰਦਗੀ ਦੌਰਾਨ ਗੁਰਬਾਣੀ ਦਾ ਹੀ ਆਸਰਾ ਰੱਖਿਆ। ਅਸੀਂ ਇਹ ਅਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚੋਂ ਲੈ ਕੇ ਧੰਨਵਾਦ ਸਾਹਿਤ ਇਥੇ ਵੀ ਪ੍ਰਕਾਸ਼ਿਤ ਕਰ ਰਹੇ ਹਾਂ। 

ਅਰਥ: ਮਾਲਕ-ਪ੍ਰਭੂ ਕਮਜ਼ੋਰਾਂ ਦਾ ਸਹਾਰਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ। (ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ।1। ਰਹਾਉ।

ਜਿਸ ਮਨੁੱਖ ਨੂੰ (ਕੋਈ) ਭਾਰੀ ਬਿਪਤਾ ਆ ਪਏ (ਜਿਸ ਤੋਂ ਬਚਣ ਲਈ) ਕੋਈ ਮਨੁੱਖ ਉਸ ਨੂੰ ਸਹਾਰਾ ਨਾਹ ਦੇਵੇ, ਵੈਰੀ ਉਸ ਦੇ ਮਾਰੂ ਬਣ ਜਾਣ, ਉਸ ਦੇ ਸਾਕ-ਸਨਬੰਧੀ ਉਸ ਤੋਂ ਪਰੇ ਦੌੜ ਜਾਣ, ਉਸ ਦਾ ਹਰੇਕ ਕਿਸਮ ਦਾ ਆਸਰਾ ਖ਼ਤਮ ਹੋ ਜਾਏ, ਹਰੇਕ ਤਰ੍ਹਾਂ ਦਾ ਸਹਾਰਾ ਮੁੱਕ ਜਾਏ, ਜੇ ਉਸ (ਬਿਪਤਾ-ਮਾਰੇ) ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਯਾਦ) ਆ ਜਾਏ, ਤਾ ਉਸ ਦਾ ਵਾਲ ਭੀ ਵਿੰਗਾ ਨਹੀਂ ਹੁੰਦਾ।1।

ਜੇ ਕੋਈ ਮਨੁੱਖ (ਅਜੇਹਾ) ਕਮਜ਼ੋਰ ਹੋ ਜਾਏ (ਕਿ) ਭੁੱਖ ਨੰਗ ਦਾ ਦੁੱਖ (ਉਸ ਨੂੰ ਹਰ ਵੇਲੇ ਖਾਂਦਾ ਰਹੇ) , ਜੇ ਉਸ ਦੇ ਪੱਲੇ ਪੈਸਾ ਨਾਹ ਹੋਵੇ, ਕੋਈ ਮਨੁੱਖ ਉਸ ਨੂੰ ਹੌਸਲਾ ਨਾ ਦੇਵੇ; ਕੋਈ ਮਨੁੱਖ ਉਸ ਦੀ ਲੋੜ-ਗ਼ਰਜ਼ ਪੂਰੀ ਨਾਹ ਕਰੇ, ਉਸ ਪਾਸੋਂ ਆਪਣਾ ਕੋਈ ਕੰਮ ਸਿਰੇ ਨਾਹ ਚੜ੍ਹ ਸਕੇ (ਅਜੇਹੀ ਦੁਰਦਸ਼ਾ ਵਿਚ ਹੁੰਦਿਆਂ ਭੀ) ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਸ ਦਾ ਅਟੱਲ ਰਾਜ ਬਣ ਜਾਂਦਾ ਹੈ (ਭਾਵ, ਉਸ ਦੀ ਆਤਮਕ ਅਵਸਥਾ ਅਜੇਹੇ ਬਾਦਸ਼ਾਹਾਂ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਦਾ ਰਾਜ ਕਦੇ ਨਾਹ ਡੋਲੇ) ।2।

ਜਿਸ ਮਨੁੱਖ ਨੂੰ ਹਰ ਵੇਲੇ ਬੜੀ ਚਿੰਤਾ ਬਣੀ ਰਹੇ, ਜਿਸ ਦੇ ਸਰੀਰ ਨੂੰ (ਕੋਈ ਨ ਕੋਈ) ਰੋਗ ਗ੍ਰਸੀ ਰੱਖੇ, ਜੇਹੜਾ ਗ੍ਰਿਹਸਤ (ਦੇ ਜੰਜਾਲ) ਵਿਚ ਪਰਵਾਰ (ਦੇ ਜੰਜਾਲ) ਵਿਚ (ਸਦਾ) ਫਸਿਆ ਰਹੇ, ਜਿਸ ਨੂੰ ਕਦੇ ਕੋਈ ਖ਼ੁਸ਼ੀ ਹੈ ਤੇ ਕਦੇ ਕੋਈ ਗ਼ਮ ਘੇਰੀ ਰਖਦਾ ਹੈ, ਜੇਹੜਾ ਮਨੁੱਖ ਸਾਰੀ ਧਰਤੀ ਉੱਤੇ ਇਸ ਤਰ੍ਹਾਂ ਭਟਕਦਾ ਫਿਰਦਾ ਹੈ ਕਿ ਉਸ ਨੂੰ ਘੜੀ ਭਰ ਬਹਿਣਾ ਭੀ ਨਸੀਬ ਨਹੀਂ ਹੁੰਦਾ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਵੱਸੇ, ਤਾਂ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ ਉਸ ਦਾ ਮਨ (ਸੰਤੋਖ ਨਾਲ) ਠੰਢਾ-ਠਾਰ ਹੋ ਜਾਂਦਾ ਹੈ।3।

ਜੇ ਕਿਸੇ ਮਨੁੱਖ ਨੂੰ ਕਾਮ ਨੇ ਕ੍ਰੋਧ ਨੇ ਮੋਹ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੋਵੇ, ਜੇ ਉਸ ਸ਼ੂਮ ਦਾ ਪਿਆਰ (ਸਦਾ) ਲੋਭ ਵਿਚ ਹੀ ਹੋਵੇ, ਜੇ ਉਸ ਨੇ (ਉਹਨਾਂ ਵਿਕਾਰਾਂ ਦੇ ਵੱਸ ਹੋ ਕੇ) ਚਾਰੇ ਹੀ ਉੱਘੇ ਪਾਪ-ਅਪਰਾਧ ਕੀਤੇ ਹੋਏ ਹੋਣ, ਜੇ ਉਹ ਅਜੇਹਾ ਭੈੜਾ ਹੋ ਗਿਆ ਹੋਵੇ ਕਿ ਉਸ ਦਾ ਮਾਰ ਦੇਣਾ ਹੀ ਚੰਗਾ ਹੋਵੇ, ਜੇ ਉਸ ਨੇ ਕਦੇ ਭੀ ਕੋਈ ਧਰਮ-ਪੁਸਤਕ ਕੋਈ ਧਰਮ-ਗੀਤ ਕੋਈ ਧਾਰਮਿਕ ਕਵਿਤਾ ਸੁਣੀ ਨਾਹ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਹ ਅੱਖ ਦੇ ਫੋਰ ਜਿਤਨੇ ਜਿਤਨੇ ਸਮੇ ਲਈ ਹੀ ਪ੍ਰਭੂ ਦਾ ਸਿਮਰਨ ਕਰ ਕੇ (ਇਹਨਾਂ ਸਾਰੇ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।4।
ਲਓ ਇਸ ਸ਼ਬਦ ਦਾ ਗਾਇਨ ਵੀ ਜ਼ਰਾ ਧਿਆਨ ਨਾਲ ਸੁਣੋ। ਮਨ ਨੂੰ ਸ਼ਕਤੀ ਵੀ ਮਿਲੇਗੀ ਅਤੇ ਸ਼ਾਂਤੀ ਵੀ ਮਿਲੇਗੀ। 

ਪਦ ਅਰਥ ਇਸ ਪ੍ਰਕਾਰ ਹਨ: ਕਉ = ਨੂੰ। ਅਤਿ = ਵਡੀ। ਮੁਸਕਲੁ = ਬਿਪਤਾ। ਢੋਈ = ਆਸਰਾ। ਲਾਗੂ = ਮਾਰੂ। ਭਜਿ ਖਲੇ = ਦੌੜ ਗਏ। ਚੁਕੈ = ਮੁੱਕ ਜਾਏ। ਅਸਰਾਉ = ਆਸਰਾ। ਓਸੁ ਚਿਤਿ = ਉਸ ਦੇ ਚਿੱਤ ਵਿੱਚ।1।

ਆਇ ਨ ਜਾਈ = ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਥਿਰੁ = ਕਾਇਮ ਰਹਿਣ ਵਾਲਾ। ਸਚੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ। ਜਾਣੁ = ਜਾਣ-ਪਛਾਣ ਪਾ, ਡੂੰਘੀ ਸਾਂਝ ਬਣਾ।1। ਰਹਾਉ।

ਦੁਬਲਾ = ਕਮਜ਼ੋਰ। ਪੀਰ = ਪੀੜਾ, ਦੁੱਖ। ਧੀਰ = ਧੀਰਜ, ਹੌਸਲਾ, ਧਰਵਾਸ। ਸੁਆਰਥੁ = ਆਪਣੀ ਗ਼ਰਜ਼। ਸੁਆਉ = ਸੁਆਰਥ, ਮਨੋਰਥ। ਨਿਹਚਲੁ = ਅਟੱਲ।2।

ਦੇਹੀ = ਸਰੀਰ (ਨੂੰ) । ਵਿਆਪੈ = ਜ਼ੋਰ ਪਾ ਲਏ। ਗ੍ਰਿਸਤਿ = ਗ੍ਰਿਹਸਤ ਵਿਚ। ਹਰਖੁ = ਖ਼ੁਸ਼ੀ। ਸੋਗੁ = ਚਿੰਤਾ। ਗਉਣੁ = ਗਮਨ, ਭ੍ਰਮਨ। ਬੈਸਣੁ = ਬੈਠਣਾ, ਆਰਾਮ। ਸੋਇ = ਉਹ ਮਨੁੱਖ।3।

ਕਾਮਿ = ਕਾਮ ਨੇ। ਮੋਹਿ = ਮੋਹ ਨੇ। ਕਿਰਪਨ = ਕੰਜੂਸ। ਲੋਭਿ = ਲੋਭ ਵਿਚ। ਕਿਲਵਿਖ = ਪਾਪ। ਉਨਿ = ਉਸ ਨੇ। ਅਘ = ਪਾਪ। ਚਾਰੇ ਕਿਲਵਿਖ = {ਬ੍ਰਾਹਮਣ ਕੈਲੀ ਘਾਤ ਕੰਞਕਾ, ਅਣਚਾਰੀ ਕਾ ਧਾਨੁ}। ਅਸੁਰ ਸੰਘਾਰੁ = ਸੰਘਾਰਨ ਜੋਗ ਅਸੁਰ। ਕਰਨਿ = ਕੰਨ ਵਿਚ। ਕਰਨਿ ਧਰਿਆ = ਸੁਣਿਆ। ਨਿਮਖ = ਅੱਖ ਝਮਕਣ ਜਿਤਨਾ ਸਮਾ।4।

No comments: