ਸਾਨੂੰ ਕੱਲਿਆਂ ਨੂੰ ਛੱਡਕੇ ਨਾ ਜਾ-ਕੱਲਿਆਂ ਨੂੰ ਕੌਣ ਪੁੱਛਦਾ?
ਭਲਕੇ ਰਾਮਪੁਰ ਵਿੱਚ ਸੁਖਮਿੰਦਰ ਰਾਮਪੁਰੀ ਹੁਰਾਂ ਦੀ ਯਾਦ ਵਿੱਚ ਸ਼ੋਕ ਸਮਾਗਮ
ਪੰਜਾਬੀ ਭਵਨ ਲੁਧਿਆਣਾ: 6 ਨਵੰਬਰ 2021: (ਬੁੱਧ ਸਿੰਘ ਨੀਲੋਂ//ਪੰਜਾਬ ਸਕਰੀਨ)::
ਉਹ ਆਪਣੇ ਸਮੇਂ ਦੇ ਉੱਘੇ ਖਿਡਾਰੀ ਵੀ ਸਨ। ਆਪਣੇ ਸਮਰੱਥ ਗੀਤਾਂ ਦੇ ਸਦਕਾ ਉਨ੍ਹਾਂ ਨੇ ੧੯ ਵਾਰ ਕੌਮੀ ਕਵੀ ਦਰਬਾਰ ਵਿੱਚ ਹਾਜ਼ਰੀ ਭਰੀ। ਉਸਨੂੰ ਕੁਦਰਤ ਵੱਲੋਂ ਲਿਖਣ ਤੇ ਗਾਉਣ ਦਾ ਤੋਹਫਾ ਮਿਲਿਆ ਪਰ ਉਹਨਾਂ ਨੇ ਆਪਣੇ ਅਭਿਆਸ ਦੇ ਨਾਲ ਇਸਨੂੰ ਸਦਾ ਹੀ ਤਰਾਸ਼ਿਆ। ਲਿਖਾਰੀ ਸਭਾ ਰਾਮਪੁਰ ਤੇ ਆਲੇ ਦੁਆਲੇ ਦੀਆਂ ਸਾਹਿਤਕ ਸੰਸਥਾਵਾਂ ਨੇ ਉਨ੍ਹਾਂ ਦੀ ਗੀਤਕਾਰੀ ਤੇ ਕਵਿਤਾਵਾਂ ਦਾ ਭਰਵਾਂ ਹੁੰਗਾਰਾ ਭਰਿਆ ।
ਉਨ੍ਹਾਂ ਨੇ ਹਮੇਸ਼ਾ ਹੀ ਦੂਸਰਿਆਂ ਦੀ ਅਗਵਾਈ ਕੀਤੀ। ਲਿਖਣਾ, ਗਾਉਣਾ ਤੇ ਮੁਸਕਾਉਣਾ ਉਨ੍ਹਾਂ ਦੇ ਹਿੱਸੇ ਆਇਆ।
ਕੁੱਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ ਜਿਹਨਾਂ ਦੇ ਤੁਰ ਜਾਣਦਾ ਘਾਟਾ ਪਰਵਾਰ ਨੂੰ ਪੈਂਦਾ ਹੈ। ਜਦ ਕੋਈ ਸਾਹਿਤਕਾਰ ਅਚਾਨਕ ਵਿਛੋੜਾ ਦੇ ਜਾਂਦਾ ਹੈ ਤਾਂ ਉਸਦੇ ਨਾਲ ਸਮਾਜ ਨੂੰ ਨਾ ਪੂਰਿਆ ਜਾਣ ਵਾਲਾ ਦੁੱਖ ਹੁੰਦਾ ਹੈ। ਲੇਖਕ ਦੇ ਨਾਲ ਕਈ ਵਾਰ ਸਮਾਜ ਦੇ ਬਹੁਤ ਸਾਰੇ ਸੁਪਨੇ ਮਰ ਜਾਂਦੇ ਹਨ। ਸੁਖਮਿੰਦਰ ਰਾਮਪੁਰੀ ਕੇਵਲ ਸ਼ਾਇਰ ਹੀ ਨਹੀਂ, ਉਹ ਸਿੱਖਿਆ ਸ਼ਾਸਤਰੀ, ਵਾਰਤਕ ਲੇਖਕ , ਨਾਵਲਕਾਰ ਇਕ ਵਧੀਆ ਪ੍ਰਬੰਧਕ ਤੇ ਯਾਰਾਂ ਦਾ ਯਾਰ ਵੀ ਸੀ। ਉਨ੍ਹਾਂ ਭਾਵੇਂ ਪਚਾਸੀ ਰੁੱਤਾਂ ਦਾ ਰੰਗ ਮਾਣਿਆ ਸੀ। ਮਰਨਾ ਸਭ ਨੇ ਹੁੰਦਾ ਹੈ। ਇਸ ਰਸਤੇ ਸਭ ਨੇ ਜਾਣਾ ਹੈ। ਪਰ ਰਾਮਪੁਰੀ ਦੇ ਜਾਣ ਦੇ ਨਾਲ ਯਕੀਨ ਜਿਹਾ ਨਹੀਂ ਆ ਰਿਹਾ। ਉਸਦੇ ਗੂੰਜ ਦੀ ਆਵਾਜ਼ ਅੱਜ ਵੀ ਫਿਜ਼ਾ ਵਿੱਚ ਘੁੰਮਦੀ ਹੈ। ਰਾਮਪੁਰੀ ਨੇ ਇਕ ਸੰਸਥਾ ਦੇ ਵਾਂਗੂੰ ਆਪਣੇ ਪਿੰਡ ਤੇ ਇਲਾਕੇ ਲਈ ਕੰਮ ਕੀਤਾ ਹੈ। ਲਿਖਣਾ ਤੇ ਲਿਖਣ ਲਗਾਉਣਾ । ਪੜ੍ਹਨਾ ਤੇ ਪੜ੍ਹਾਉਣਾ ਇਹ ਉਨ੍ਹਾਂ ਦੇ ਵਿੱਚ ਗੁਣ ਸੀ । ਹਰ ਮਨੁੱਖ ਵਿੱਚ ਗੁਣ ਤੇ ਅੌਗੁਣ ਹੁੰਦੇ ਹਨ। ਪੂਰਨ ਮਨੁੱਖ ਮਰਨ ਤੋਂ ਬਾਅਦ ਹੀ ਪੂਰਾ ਹੁੰਦਾ ਹੈ। ਪਰ ਰਾਮਪੁਰੀ ਗੁਣਾਂ ਦੀ ਗੁਥਲੀ ਸੀ। ਉਹਨਾਂ ਦੇ ਕੀਤੇ ਗਏ ਕੰਮਾਂ ਨੂੰ ਹੁਣ ਜਦ ਯਾਦ ਕਰਦੇ ਹਾਂ ਤਾਂ ਹੈਰਾਨੀ ਹੁੰਦੀ ਹੈ। ਕਿਸੇ ਕਾਰਜ ਦੀ ਅਗਵਾਈ ਕਰਨੀ ਤੇ ਫੇਰ ਉਸਨੂੰ ਸਿਰੇ ਲਗਾਉਣਾ ਮੁਸ਼ਕਿਲ ਹੁੰਦਾ ਹੈ; ਪਰ ਰਾਮਪੁਰੀ ਨੇ ਹਰ ਮੁਸ਼ਕਿਲ ਕੰਮ ਨੂੰ ਅਸਾਨ ਕੀਤਾ । ਅਸੰਭਵ ਨੂੰ ਸੰਭਵ ਬਣਾਇਆ । ਸਾਡੇ ਇਲਾਕੇ ਨੂੰ ਇਸ ਗੱਲ ਦਾ ਮਾਣ ਹੈ ਕਿ ਰਾਮਪੁਰ ਇਕ ਅਜਿਹਾ ਪਿੰਡ ਸੀ ਜਿਸਨੇ ਕਈ ਸਾਹਿਤਕਾਰ ਪੈਦਾ ਕੀਤੇ। ਇਸ ਪਿੰਡ ਦੇ ਲੇਖਕਾਂ ਦੀ ਸੂਚੀ ਲੰਮੀ ਹੈ। ਪਿੰਗਲ ਤੇ ਅਰੂਜ ਦੇ ਲੇਖਕ ਜੋਗਿੰਦਰ ਸਿੰਘ ਵੀ ਖਾਸ ਹਨ।
ਪੰਜਾਬ ਦੀ ਕੋਇਲ ਵਜੋਂ ਜਾਣੇ ਜਾਂਦੇ ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ ਕਹਾਣੀਕਾਰ ਸੁਰਿੰਦਰ ਰਾਮਪੁਰੀ, ਹਰਬੰਸ ਰਾਮਪੁਰੀ, ਮਹਿੰਦਰ ਰਾਮਪੁਰੀ , ਮੱਲ ਸਿੰਘ ਰਾਮਪੁਰੀ ਰਾਹੀ ਰਾਮਪੁਰੀ , ਬਲਦੇਵ ਰਾਮਪੁਰੀ, ਹਰਚਰਨ ਮਾਂਗਟ, ਨੌਬੀ ਸੋਹਲ, ਗ਼ਗਨਦੀਪ ਸ਼ਰਮਾ ਆਦਿ ਹਨ। ਪੰਜਾਬੀ ਲਿਖਾਰੀ ਸਭਾ ਰਾਮਪੁਰ ਵੀ ਪੰਜਾਬ ਦੀ ਪਹਿਲਾਂ ਸਾਹਿਤ ਸਭਾ ਹੈ। ਇਸਦਾ ਜਨਮ ੧੯੫੪ ਦੇ ਵਿੱਚ ਹੋਇਆ । ਇਸਦੇ ਮੋਢੀ ਮੈਬਰਾਂ ਦੇ ਵਿੱਚ ਪਿੰਡ ਰਾਮਪੁਰ ਪਰਵਾਰ ਤੋਂ ਇਲਾਵਾ ਇਹ ਇਲਾਕੇ ਦੇ ਸੁਰਜੀਤ ਖ਼ੁਰਸ਼ੀਦੀ , ਕੁਲਵੰਤ ਨੀਲੋੰ, ਸੱਜਣ ਗਰੇਵਾਲ , ਅਜਾਇਬ ਚਿਤਰਕਾਰ , ਹਰਭਜਨ ਮਾਂਗਟ , ਮਹਿੰਦਰ ਕੈਦੀ, ਨਰਿਜਨ ਸਾਥੀ, ਸੰਤੋਖ ਸਿੰਘ ਧੀਰ , ਸੁਖਦੇਵ ਮਾਦਪੁਰੀ, ਜਗਦੀਸ਼ ਨੀਲੋੰ, ਗੁਰਪਾਲ ਲਿੱਟ, ਤੇਲੂ ਰਾਮ ਕੁਹਾੜਾ, ਗੁਰਦਿਆਲ ਦਲਾਲ, ਕ੍ਰਿਸ਼ਨ ਭਨੋਟ, ਮੇਜਰ ਮਾਂਗਟ , ਸੁਖਜੀਤ, ਹਰਬੰਸ ਮਾਛੀਵਾੜਾ, ਗੁਲਜ਼ਾਰ ਮੁਹੰਮਦ ਗੋਰੀਆ, ਸਰੋਦ ਸੁਦੀਪ, ਭੁਪਿੰਦਰ ਮਾਂਗਟ, ਕਮਲਜੀਤ ਨੀਲੋੰ, ਬੁੱਧ ਸਿੰਘ ਨੀਲੋੰ, ਤੇਜਵੰਤ ਮਾਂਗਟ, ਨੀਤੂ ਰਾਮਪੁਰ ਤੇ ਹੋਰ ਬਹੁਤ ਸਾਰੇ ਡਾਕ ਮੈਬਰ ਦਾ ਯੋਗਦਾਨ ਹੈ। ਬਾਅਦ ਦੇ ਵਿੱਚ ਇਸ ਸੰਸਥਾ ਦੇ ਨਾਲ ਹੋਰ ਬਹੁਤ ਸਾਰੇ ਮੈਬਰ ਜੁੜੇ । ਉਨ੍ਹਾਂ ਬਹੁਤ ਨੂੰ ਲਿਖਣ ਵੀ ਲਾਇਆ । ਇਕ ਨਵੇਂ ਕਵੀਆਂ ਦੀ ਕਿਤਾਬ ਵੀ ਛਾਪੀ।
ਸੁਖਮਿੰਦਰ ਰਾਮਪੁਰੀ ਨੇ ਚੜ੍ਹਦੀ ਉਮਰੇ ਹੀ ਇਨ੍ਹਾਂ ਲੇਖਕਾਂ ਦੀ ਸੰਗਤ ਕੀਤੀ ਤੇ ਲਿਖਣਾ ਸ਼ੁਰੂ ਕੀਤਾ । ਕਵਿਤਾਵਾਂ ਲਿਖਦਾ ਸੀ ਤਾਂ ਸੁਰਜੀਤ ਖ਼ੁਰਸ਼ੀਦੀ ਦੀ ਪ੍ਰੇਰਨਾ ਨੇ ਗੀਤਾਂ ਦੇ ਵੱਲ ਤੋਰਿਆ। ਕਵਿਤਾਵਾਂ ਦੇ ਨਾਲ ਨਾਲ ਗੀਤਕਾਰਾਂ ਦੇ ਵਿੱਚ ਆਪਣਾ ਨਿਵੇਕਲਾ ਸਥਾਨ ਬਣਾਇਆ। ਉਨ੍ਹਾਂ ਦੀ ਇਹ ਖਾਸੀਅਤ ਸੀ ਕਿ ਜਦ ਵੀ ਉਹ ਮਿਲਦੇ ਤਾਂ ਹਰ ਇਕ ਨੂੰ ਪੁੱਛਦੇ " ਕੀ ਨਵਾਂ ਲਿਖਿਆ ਤੇ ਪੜ੍ਹਿਆ ਹੈ।"
ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਦੇ ਵਿੱਚ ਹਰ ਰਚਨਾ ਦੇ ਉਪਰ ਬਿਨ੍ਹਾਂ ਲਿਹਾਜ਼ ਸਾਰਥਿਕ ਬਹਿਸ ਹੁੰਦੀ । ਕਿਸੇ ਰਚਨਾ ਨੂੰ ਹੋਰ ਖੂਬਸੂਰਤ ਕਿਵੇਂ ਬਣਾਇਆ ਜਾ ਸਕਦਾ ਉਸਦੇ ਵਾਰੇ ਸੰਵੇਦਨਸ਼ੀਲ ਸੰਵਾਦ ਹੁੰਦਾ।
ਹਰ ਵੇਲੇ ਮੁਸਕਰਾਉਦੇ ਰਹਿਣਾ ਤੇ ਆਪਣੀ ਖੂਬਸੂਰਤ ਅਵਾਜ਼ ਦਾ ਜਾਦੂ ਦਿਖਾਉਣਾ ਉਹਨਾਂ ਦੇ ਹੀ ਹਿੱਸੇ ਆਇਆ । ਉਨ੍ਹਾਂ ਨੇ ਜਿਥੇ ਸਾਹਿਤਕ ਸੰਸਥਾਵਾਂ ਦੀ ਅਗਵਾਈ ਕੀਤੀ ਉਥੋਂ ਉਨ੍ਹਾਂ ਨੇ ਪਿੰਡ ਦੇ ਸਕੂਲ ਨੂੰ ਉਹਨਾਂ ਸਮਿਆਂ ਦੇ ਵਿੱਚ ਸਮਾਰਟ ਬਣਾਇਆ ਜਦੋਂ ਪੰਜਾਬ ਦੇ ਵਿੱਚ ਕੁੱਝ ਗਿਣਤੀ ਦੇ ਸਕੂਲ ਸਨ। ਉਨ੍ਹਾਂ ਕੁੜੀਆਂ ਨੂੰ ਪੜ੍ਹਨ ਦੇ ਲਈ ਪ੍ਰੇਰਿਤ ਕੀਤਾ ਤੇ ਕਈ ਪਿੰਡਾਂ ਦੇ ਸਕੂਲਾਂ ਦੇ ਵਿੱਚ ਪੜ੍ਹਾਇਆ ਵੀ। ਸਖਤ ਮਿਹਨਤ ਤੇ ਕੁੱਝ ਹਾਸਲ ਕਰਨ ਦੀ ਧੁੰਨ ਇਕ ਵੇਰ ਉਨ੍ਹਾਂ ਦੇ ਸਰਟੀਫਿਕੇਟ ਵੀ ਗੁੰਮ ਕਰਵਾਏ। ਸਰਹੰਦ ਰੇਲਵੇ ਸਟੇਸ਼ਨ ਤੇ ਕੋਈ ਗੱਠੜੀ ਚੋਰ ਕਿਸੇ ਦਾ ਸਮਾਨ ਲੈ ਕੇ ਭੱਜ ਗਿਆ ਤੇ ਰਾਮਪੁਰੀ ਉਸਦੇ ਮਗਰ ਦੌੜ ਪਿਆ। ਚੋਰ ਤਾਂ ਫੜਿਆ ਗਿਆ ਪਰ ਗੱਡੀ ਤੁਰ ਜਾਣ ਕਰਕੇ ਉਸਦਾ ਆਪਣਾ ਸਮਾਨ ਗੱਡੀ ਵਿੱਚ ਰਹਿ ਗਿਆ । ਇਸਦਾ ਉਸਨੂੰ ਕਾਫੀ ਨੁਕਸਾਨ ਹੋਇਆ । ਜੀਵਨ ਦੇ ਵਿੱਚ ਸਖਤ ਮਿਹਨਤ ਤੇ ਉਨ੍ਹਾਂ ਦੀ ਪਤਨੀ ਹਰਵਿੰਦਰ ਕੌਰ ਨੇ ਬਹੁਤ ਸਾਥ ਦਿੱਤਾ ।
ਉਨ੍ਹਾਂ ਦੇ ਤੁਰ ਜਾਣ ਦਾ ਸਾਹਿਤਕ ਹਲਕਿਆਂ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਸੁਖਮਿੰਦਰ ਰਾਮਪੁਰੀ ਦੀ ਸਮੁੱਚੀ ਕਵਿਤਾ ਲੋਕ ਪੱਖੀ ਹੋਣ ਕਰਕੇ ਸਦਾ ਦੱਬੇ ਕੁੱਚਲੇ ਲੋਕਾਂ ਦੀ ਤਰਜਮਾਨੀ ਕਰਦੀ ਰਹੀ ਹੈ। ਉਸਦੇ ਕਈ ਗੀਤਾਂ ਦੇ ਮੁੱਖੜੇ ਲੋਕ ਮਨ ਦੀ ਵੇਦਨਾ ਹਨ।
"ਇਹਨਾਂ ਜ਼ਖਮਾਂ ਦੀ ਕੀ ਕਹਿਣਾ
ਜਿਹਨਾਂ ਰੋਜ਼ ਹਰੇ ਰਹਿਣਾ !"
##
"ਸਾਨੂੰ ਕੱਲਿਆਂ ਨੂੰ ਛੱਡਕੇ ਨਾ ਜਾ
ਕੱਲਿਆਂ ਨੂੰ ਕੌਣ ਪੁੱਛਦਾ ?"
ਹੁਣ ਉਹ ਸਾਨੂੰ ਖੁੱਦ ਹੀ ਕੱਲਿਆਂ ਨੂੰ ਛੱਡਕੇ ਤੁਰ ਗਿਆ । ਭਾਵੇਂ ਉਹ ਸਾਡੇ ਕੋਲੋਂ ਸਰੀਰਕ ਤੌਰ ਤੇ ਦੂਰ ਚਲੇ ਗਏ ਹਨ ਪਰ ਉਹਨਾਂ ਦੀਆਂ ਲਿਖਤਾਂ ਤੇ ਆਵਾਜ਼ ਸਦਾ ਰਹੇਗੀ !
####
ਬੁੱਧ ਸਿੰਘ ਨੀਲੋੰ
94643 70823
No comments:
Post a Comment