Sunday, November 28, 2021

ਇਸ ਸੰਘਰਸ਼ ਦੌਰਾਨ ਕਾਮਰੇਡਾਂ ਨਾਲ ਕੰਮ ਕਰਕੇ ਆਨੰਦ ਆਇਆ--ਰਾਜੇਵਾਲ

ਹੁਣ ਤਾਂ ਅਕਸਰ ਲੋਕ ਮੈਨੂੰ ਵੀ ਕਾਮਰੇਡ ਹੀ ਕਹਿ ਕੇ ਬੁਲਾਉਣ ਲੱਗ ਪੈਂਦੇ ਨੇ 


ਲੁਧਿਆਣਾ
: 28 ਨਵੰਬਰ 2021: (ਪੰਜਾਬ ਸਕਰੀਨ ਟੀਮ)::

ਸੰਯੁਕਤ ਕਿਸਾਨ  ਮੋਰਚਾ ਦੇ ਹਰਮਨ ਪਿਆਰੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਕਿਹਾ ਕਿ ਮੋਦੀ ਹੈ ਤੋਂ ਮੁਮਕਿਨ ਹੈ ਦੀ ਜਿਹੜੀ ਮਿੱਥ ਬਣ ਗਈ ਸੀ ਉਹ ਮਿੱਥ ਕਿਸਾਨ ਅੰਦੋਲਨ ਨੇ ਤੋੜ ਦਿੱਤੀ ਹੈ। ਕਿਸਾਨ ਅੰਦੋਲਨ ਦੀ ਜਿੱਤ ਅਸਲ ਵਿੱਚ ਲੋਕ ਸੰਘਰਸ਼ਾਂ ਦੇ ਸਿਰ ਤੇ ਹੀ ਮਿਲੀ ਹੈ ਤੇ ਸਾਰੀਆਂ ਮੰਗਾਂ ਮਨਵਾਏ ਬਿਨਾ ਅਸੀਂ ਧਰਨੇ ਤੋਂ ਹਿੱਲਣ ਵਾਲੇ ਨਹੀਂ। ਸਾਡਾ ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂ ਰਾਜੇਵਾਲ ਅੱਜ ਲੁਧਿਆਣਾ ਦੀ ਦਾਣਾ ਮੰਡੀ ਵਿੱਚ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਹ ਰੈਲੀ ਸੰਯੁਕਤ ਪੰਜਾਬ ਬਚਾਓ ਮੋਰਚਾ ਵੱਲੋਂ ਆਯੋਜਿਤ ਸੀ ਅਤੇ ਇਸਦਾ ਨਾਅਰਾ ਸੀ-ਕਾਰਪੋਰੇਟ ਭਜਾਓ-ਪੰਜਾਬ ਬਚਾਓ-ਦੇਸ਼ ਬਚਾਓ। 

ਸ਼੍ਰੀ ਰਾਜੇਵਾਲ ਦੇ ਬੋਲਣ ਤੋਂ ਪਹਿਲਾਂ ਸੀਨੀਅਰ ਕਮਿਊਨਿਸਟ ਆਗੂ ਬੰਤ ਬਰਾੜ ਨੇ ਸ਼੍ਰੀ ਰਾਜੇਵਾਲ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਜੇ ਅਸੀਂ ਉਹਨਾਂ ਦਾ ਪ੍ਰਭਾਵ ਕਬੂਲਿਆ ਹੈ ਤਾਂ ਰਾਜੇਵਾਲ ਹੁਰਾਂ ਨੇ ਵੀ ਸਾਡਾ ਪ੍ਰਭਾਵ ਕਬੂਲਿਆ ਹੈ। ਉਹ ਵੀ ਲਾਲ ਝੰਡੇ ਦੇ ਰੰਗ ਵਿੱਚ ਰੰਗੇ ਗਏ ਹਨ। 

ਇਸਦੇ ਜੁਆਬ ਵਿੱਚ ਸ਼੍ਰੀ ਰਾਜੇਵਾਲ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸੁਣਿਆ ਕਰਦੇ ਸਾਂ ਕਾਮਰੇਡ ਮਿਲ ਪੈਣ ਤਾਂ ਸਮਝੋ ਲੜਾਈ ਗੱਲ ਪੈ ਗਈ ਪਰ ਸੱਚੀ ਗੱਲ ਇਹ ਹੈ ਕਿ ਕਾਮਰੇਡਾਂ ਨਾਲ ਕੰਮ ਕਰਕੇ ਅਨੰਦ ਹੀ ਬੜਾ ਆਇਆ ਹੈ। ਇਓਂ ਮਹਿਸੂਸ ਹੋਇਆ ਕਿ ਕਾਮਰੇਡਾਂ ਬਿਨਾ ਇਹ ਲੜਾਈ ਜਿੱਤੀ ਹੀ ਨਹੀਂ ਜਾ ਸਕਦੀ। ਹੁਣ ਤਾਂ ਕਈ ਵਾਰ ਲੋਕ ਮੈਨੂੰ ਵੀ ਕਾਮਰੇਡ ਹੀ ਕਹਿ ਕੇ ਬੁਲਾਉਣ ਲੱਗ ਪੈਂਦੇ ਹਨ। 

ਇਸ ਮੌਕੇ ਬੈਂਕ ਮੁਲਾਜ਼ਮਾਂ ਦੇ ਲੀਡਰ ਅਤੇ ਪੰਜਾਬ ਯੂਨੀਵਰਸਿਟੀ ਸਿੰਡੀਕੇਟ ਦੇ ਮੈਂਬਰ ਨਰੇਸ਼ ਗੌੜ ਨੇ ਵੀ ਆਪਣੇ ਸਾਥੀਆਂ ਸਮੇਤ ਕਿਸਾਨ ਆਗੂ ਬਲਬੀਰ ਰਾਜੇਵਾਲ ਦੇ ਨਾਲ ਸੰਖੇਪ ਜਿਹੀ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਬੈਂਕਾਂ ਦੇ ਨਿਜੀਕਰਨ ਨੂੰ ਰੋਕਣ ਲਈ ਨਰੇਸ਼ ਗੌੜ ਵੀ ਕਾਫੀ ਦੇਰ ਤੋਂ ਸਰਗਰਮ ਹਨ। ਸਮਝਿਆ ਜਾਂਦਾ ਹੈ ਕਿ ਉਹਨਾਂ ਨੇ ਇਸ ਖੇਤਰ ਦਾ ਨਿਜੀਕਰਨ ਰੋਕਣ ਲਈ ਸ਼੍ਰੀ ਰਾਜੇਵਾਲ ਨਾਲ ਸਾਂਝੇ ਅੰਦੋਲਨ ਦੀ ਗੱਲ ਵੀ ਚਲਾਈ ਹੈ। ਕਾਰਪੋਰੇਟ ਭਜਾਓ ਵਿਹਚ ਇਹ ਮੁੱਦਾ ਵੀ ਸ਼ਾਮਲ ਹੋਣਾ ਹੈ। 

No comments: