Monday, September 27, 2021

ਮੋਹਾਲੀ ਵਿੱਚ ਭਾਰਤ ਬੰਦ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਰਿਹਾ

27th September 2021 at 8:21 PM

ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਲਈ ਕੀਤੇ ਗਏ ਸਨ ਪੂਰੇ ਸੁਰੱਖਿਆ ਪ੍ਰਬੰਧ

ਮੋਹਾਲੀ: 27 ਸਤੰਬਰ 2021: (ਮੋਹਾਲੀ ਸਕਰੀਨ ਬਿਊਰੋ):: 
ਹਾਲਾਂਕਿ ਕਿਸਾਨਾਂ ਨੇ ਕਦੇ ਵੀ ਆਮ ਲੋਕਾਂ ਲਈ ਕੋਊ ਮੁਸੀਬਤ ਖੜੀ ਨਹੀਂ ਕੀਤੀ ਪਰ ਫਿਰ ਵੀ ਆਮ ਲੋਕਾਂ ਵਿੱਚ 27 ਸਤੰਬਰ ਦੇ ਭਾਰਤ ਬੰਦ ਨੂੰ ਲੈ ਕੇ ਇੱਕ ਡਰ ਜਿਹਾ ਜ਼ਰੂਰ ਸੀ। ਲੋਕਾਂ ਦੇ ਇਸ ਡਰ ਨੂੰ ਵੀ ਜ਼ਿਲਾ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲਿਆ ਅਤੇ ਇਸਨੂੰ ਦੂਰ ਕਰਨ ਲਈ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ। ਇਹਨਾਂ ਪ੍ਰਬੰਧਾਂ ਦੇ ਨਤੀਜੇ ਵੱਜੋਂ ਹੀ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਦੀ ਪਹਿਲੀ ਵਰ੍ਹੇਗੰਢ ਮੌਕੇ 'ਤੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਵੱਲੋਂ 10 ਘੰਟੇ ਵਾਲੇ ਭਾਰਤ ਬੰਦ ਦਾ ਸੱਦਾ ਐਸਏਐਸ ਨਗਰ ਜ਼ਿਲ੍ਹੇ ਵਿੱਚ ਪੂਰੀ ਤਰ੍ਹਾਂ  ਸ਼ਾਂਤੀਪੂਰਵਕ ਰਿਹਾ। 
ਕਿਸੇ ਵੀ ਪਾਸਿਓਂ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਸਭ ਕੁਝ ਬੜੇ ਅਮਨ ਅਮਨ ਨਾਲ ਰਿਹਾ। ਕਈ ਇਲਾਕਿਆਂ ਦੇ ਮੁਖ ਮਾਰਗਾਂ ਤੇ ਕਰਿਆਨੇ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦੇ ਬੰਦ ਰਹਿਣ ਨਾਲ ਕੁਝ ਕੁ ਲੋਕਾਂ ਨੂੰ ਦਿੱਕਤ ਜ਼ਰੂਰ ਆਈ ਪਾਰ ਉਂਝ ਸਾਰਾ ਕੁਝ ਆਮ ਵਾਂਗ ਰਿਹਾ। ਬਸ ਏਨੀ ਕੁ ਤਬਦੀਲੀ ਜ਼ਰੂਰ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਅੱਜ ਐਤਵਾਰ ਦੇ ਦਿਨ ਵਾਂਗ ਜ਼ਰੂਰ ਮਹਿਸੂਸ ਹੁੰਦਾ ਰਿਹਾ। ਅਮਨਸ਼ਾਂਤੀ ਨਾਲ ਲੰਘੇ ਇਸ ਬੰਦ ਦੀ ਸਫਲਤਾ ਲਈ ਜ਼ਿਲਾ ਪ੍ਰਸ਼ਾਸਨ ਦਾ ਬਹੁਤ ਵੱਡਾ ਰੋਲ ਰਿਹਾ। ਇਸ ਬੰਦ ਦੌਰਾਨ ਲੋਕ ਗਲੀ ਮੋਹਲਿਆਂ ਵਿੱਚ ਖੇਤੀ ਕਾਨੂੰਨ ਦੀ ਚਰਚਾ ਵੀ ਕਰਦੇ ਸੁਣੇ ਗਏ। ਕੇਂਦਰ ਸਰਕਾਰ ਦੇ ਖਿਲਾਫ ਲੋਕ ਗੁੱਸਾ ਪ੍ਰਗਟਾਉਂਦੇ ਵੀ ਦੇਖੇ ਗਏ। 
ਅੱਜ ਦਾ ਦਿਨ ਅਮਨ ਅਮਾਨ ਨਾਲ ਲੰਘਣ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਹਸਪਤਾਲ, ਮੈਡੀਕਲ ਸਟੋਰਾਂ, ਰਾਹਤ ਅਤੇ ਬਚਾਅ ਕਾਰਜਾਂ ਅਤੇ ਐਮਰਜੈਂਸੀ ਵਿੱਚ ਸ਼ਾਮਲ ਲੋਕਾਂ ਸਮੇਤ ਸਾਰੀਆਂ ਐਮਰਜੈਂਸੀ ਸੰਸਥਾਵਾਂ ਅਤੇ ਜ਼ਰੂਰੀ ਸੇਵਾਵਾਂ ਹੜਤਾਲ ਦੌਰਾਨ ਖੁੱਲੀਆਂ ਰਹੀਆਂ, ਕਿਉਂਕਿ ਸੰਯੁਕਤ ਕਿਸਾਨ ਵੱਲੋਂ ਬਾਕਾਇਦਾ ਇਸ ਦੀ ਛੋਟ ਵੀ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਕਿਸਾਨ ਸਵੇਰ ਤੋਂ ਹੀ ਰਾਜ ਮਾਰਗਾਂ ਅਤੇ ਹੋਰ ਮੁੱਖ ਸੜਕਾਂ ਤੇ ਇਕੱਠੇ ਹੋਏ ਅਤੇ ਪੂਰੇ ਜ਼ਿਲ੍ਹੇ ਵਿੱਚ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ  ਸਨ।

No comments: