16th September 2021 at 12:09 PM
ਅੱਜ ਸਰਕਾਰੀ ਹਾਈ ਸਕੂਲ ਜਵੱਦੀ ਵਿੱਖੇ ਹੋਇਆ ਵਿਸ਼ੇਸ਼ ਸਮਾਗਮ
ਲੁਧਿਆਣਾ: 16 ਸਤੰਬਰ 2021: (ਸਤੀਸ਼ ਸਚਦੇਵਾ//ਕਾਰਤਿਕਾ ਸਿੰਘ ਅਤੇ ਪੰਜਾਬ ਸਕਰੀਨ ਡੈਸਕ)::
ਗੋਲੀਆਂ ਦੀਆਂ ਧਮਕੀਆਂ, ਬੰਬ ਧਮਾਕਿਆਂ ਦੀਆਂ ਧਮਕੀਆਂ ਪਰ ਗੁਰਸ਼ਰਨ ਭਾਅ ਜੀ ਡਟੇ ਰਹੇ। ਉਹਨਾਂ ਮਾੜੇ ਤੋਂ ਮਾੜੇ ਵੇਲਿਆਂ ਦੌਰਾਨ ਵੀ ਆਪਣੇ ਲੋਕ ਪੱਖੀ ਨਾਟਕਾਂ ਦਾ ਮੰਚਨ ਬੰਦ ਨਾ ਕੀਤਾ। ਉਹਨਾਂ ਸਰਕਾਰੀ ਜਬਰ ਦੀ ਵੀ ਗੱਲ ਕੀਤੀ ਅਤੇ ਮੁਤੱਸਬੀ ਕੱਟੜਪੁਣੇ ਨੂੰ ਵੀ ਲੰਮੇ ਹੱਥੀਂ ਲਿਆ। ਸਰਕਾਰ ਪ੍ਰਬੰਧਾਂ ਹੇਠ ਹੁੰਦੇ ਘੁਟਾਲਿਆਂ ਅਤੇ ਸਕੈਂਡਲਾਂ ਨੂੰ ਵੀ ਬੇਨਕਾਬ ਕੀਤਾ ਅਤੇ ਸਮਾਜਿਕ ਬੇਇਨਸਾਫੀਆਂ ਵੀ ਉਜਾਗਰ ਕੀਤੀਆਂ। ਸੁਰਜੀਤ ਪਾਤਰ ਹੁਰੀਂ ਕਹਿੰਦੇ ਹੀ ਰਹਿ ਗਏ ਕਿ:
ਏਨਾ ਸਚ ਨਾ ਬੋਲ ਕਿ ਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ!
ਗੁਰਸ਼ਰਨ ਭਾਅ ਜੀ ਨੇ ਕਦੇ ਇਹ ਪ੍ਰਵਾਹ ਵੀ ਨਾ ਕੀਤੀ ਕਿ ਮੋਢਾ ਦੇਣ ਵਾਲੇ ਚਾਰ ਬੰਦੇ ਨਾਲ ਬਚੇ ਹਨ ਜਾਂ ਨਹੀਂ? ਉਹ ਲਗਾਤਾਰ ਬੜੀ ਬੇਰਹਿਮੀ ਨਾਲ ਸੱਚ ਬੋਲਦੇ ਚਲੇ ਗਏ। ਦੁਸ਼ਮਣ ਹੂਆ ਜ਼ਮਾਨ ਤੋਂ ਗਮ ਨਹੀਂ ਕੀਆ। ਬੜੀਆਂ ਧਮਕੀਆਂ ਆਉਂਦੀਆਂ ਰਹੀਆਂ ਪਰ ਭਾਈ ਮੰਨ ਸਿੰਘ ਜੀ ਨਾ ਰੁਕੇ। ਉਹ ਸੱਚ ਅੱਜ ਉਹਨਾਂ ਦੇ ਤੁਰ ਜਾਣ ਮਗਰੋਂ ਵੀ ਨਿਰੰਤਰ ਬੋਲਿਆ ਜਾ ਰਿਹਾ ਹੈ। ਉਹਨਾਂ ਦਾ ਤਿਆਰ ਕੀਤਾ ਕਾਫ਼ਿਲਾ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ ਹੈ। ਉਹਨਾਂ ਦੀ ਗੈਰ ਮੌਜੂਦਗੀ ਵਿਚ ਉਹਨਾਂ ਦੀ ਮੌਜੂਦਗੀ ਦਾ ਅਹਿਸਾਸ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਧਮਕੀਆਂ ਦੇਣ ਵਾਲਿਆਂ ਦਾ ਤਾਂ ਹੁਣ ਕੋਈ ਨਾਮੋਨਿਸ਼ਾਨ ਵੀ ਨਹੀਂ ਜਾਣਦਾ ਪਰ ਗੁਰਸ਼ਰਨ ਭਾਅ ਜੀ ਦੇ ਡਰਾਮੇ ਥਾਂ ਥਾਂ ਅੱਜ ਵੀ ਖੇਡੇ ਜਾਂਦੇ ਹਨ। ਉਹਨਾਂ ਦੇ ਦਿਨ ਅੱਜ ਵੀ ਮਨਾਏ ਜਾਂਦੇ ਹਨ। ਆਏ ਦਿਨ ਕਲਾਕਾਰ ਉਹਨਾਂ ਦੇ ਦਿਨ ਹੀ ਤਾਂ ਮਨਾਉਂਦੇ ਹਨ।
ਅੱਜ ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਲੁਧਿਆਣਾ) ਸਰਕਾਰੀ ਹਾਈ ਸਕੂਲ ਜਵੱਦੀ (ਲੁਧਿਆਣਾ) ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਵਿਸ਼ਵ ਪ੍ਰਸਿੱਧ ਰੰਗਕਰਮੀ ਭਾ ਜੀ ਗੁਰਸ਼ਰਨ ਸਿੰਘ ਉਰਫ ਭਾਈ ਮੰਨਾਂ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਲੋਕ ਕਲਾ ਮੰਚ ਮੁੱਲਾਪੁਰ ਦੇ ਨਿਰਦੇਸ਼ਕ ਮਾਸਟਰ ਸੁਰਿੰਦਰ ਸ਼ਰਮਾ ਮੁੱਖ ਬੁਲਾਰੇ ਵਜੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਤਰਕਸ਼ੀਲ ਸੁਸਾਇਟੀ ਵੱਲੋਂ ਜ਼ੋਨ ਮੁੱਖੀ ਜਸਵੰਤ ਜੀਰਖ, ਇਕਾਈ ਮੁੱਖੀ ਬਲਵਿੰਦਰ ਸਿੰਘ, ਸਤੀਸ਼ ਸੱਚਦੇਵਾ, ਪ੍ਰਿੰਸੀਪਲ ਹਰਭਜਨ ਸਿੰਘ, ਮਾਸਟਰ ਸੁਰਜੀਤ ਸਿੰਘ ਸਮੇਤ ਇਲਾਕੇ ਦੀਆਂ ਮੋਹਤਬਰ ਸ਼ਖ਼ਸੀਅਤਾਂ ਹਰਦੀਪ ਸਿੰਘ ਰੇਲਵੇ ਆਗੂ, ਪ੍ਰਿੰਸੀਪਲ ਹਰੀ ਕਿਸ਼ਨ, ਮਾਸਟਰ ਵੇਦ ਪ੍ਰਕਾਸ਼, ਰਮੇਸ਼ ਰਾਜਾ ਇਲੈਕਟ੍ਰੋਨਿਕ ਨੇ ਇਸ ਸਮੇਂ ਹਾਜ਼ਰੀ ਲਵਾਈ। ਸਮਾਜ ਵਿੱਚ ਤਰਕਸ਼ੀਲਤਾ ਫੈਲਾਉਣ ਲਈ ਯਤਨਸ਼ੀਲ ਆਗੁੂ ਸਤੀਸ਼ ਸੱਚਦੇਵਾ ਨੇ ਇਸ ਸਮੇਂ ਪੁੱਜੇ ਸਾਰੇ ਪਤਵੰਤੇ ਮਹਿਮਾਨਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਭਾ ਜੀ ਦੇ ਜੀਵਨ ਦੇ ਅਹਿਮ ਪੱਖਾਂ ਨੂੰ ਛੋਹਿਆ। ਮੁੱਖ ਬੁਲਾਰੇ ਮਾਸਟਰ ਸੁਰਿੰਦਰ ਸ਼ਰਮਾ ਨੇ ਭਾ ਜੀ ਗੁਰਸ਼ਰਨ ਸਿੰਘ ਨਾਲ ਨਾਟਕਾਂ ਦੇ ਖੇਤਰ ਵਿੱਚ ਨਿਭਾਏ ਲੰਮੇ ਸਮੇਂ ਦੀ ਦਾਸਤਾਨ ਸਾਂਝੀ ਕੀਤੀ। ਉਹਨਾਂ ਇਤਿਹਾਸਿਕ ਤੱਥਾਂ ਦੇ ਹਵਾਲੇ ਨਾਲ, ਸਾਡੇ ਪੁਰਖਿਆਂ ਦੇ ਇਤਿਹਾਸ ਨੂੰ ਅੱਜ ਦੀ ਵਿੱਦਿਆ ਵਿੱਚੋਂ ਖ਼ਾਰਜ ਕਰਨ ਦੀ ਗੱਲ ਕਰਦਿਆਂ, ਸਾਡੀਆਂ ਆਣ ਵਾਲੀਆਂ ਪੀੜ੍ਹੀਆਂ ਲਈ ਆਪਣੇ ਵਿਰਸੇ ਤੋਂ ਦੂਰ ਕੀਤੇ ਜਾਣ ਤੇ ਚਿੰਤਾ ਪ੍ਰਗਟਾਈ। ਉਹਨਾਂ ਵਿਦਿਆਰਥੀਆਂ ਦੇ ਸਰਟੀਫ਼ਿਕੇਟਾਂ ਉੱਪਰ ਪਿੱਤਾ ਦੇ ਨਾਮ ਨਾਲ ਮਾਤਾ ਦਾ ਨਾਮ ਦਰਜ ਕਰਵਾਉਣ ਦੀ ਪਿਰਤ ਪਾਉਣ ਲਈ ਭਾ ਜੀ ਗੁਰਸ਼ਰਨ ਸਿੰਘ ਦੀ ਮਹੱਤਵਪੂਰਨ ਪ੍ਰਾਪਤੀ ਬਾਰੇ ਵਰਨਣ ਕੀਤਾ। ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਸਮਾਜ ਵਿੱਚ ਬੇ ਇਨਸਾਫ਼ ਖਤਮ ਕਰਨ ਲਈ ਇਨਸਾਫ਼, ਬਰਾਬਰਤਾ ਅਤੇ ਸਨਮਾਨ ਯੋਗ ਜੀਵਨ ਜਿਉਣ ਲਈ ਭਾ ਜੀ ਵੱਲੋਂ ਆਪਣੇ ਨਾਟਕਾਂ ਰਾਹੀਂ ਬਖੇਰੇ ਚਾਨਣ ਨੂੰ ਅੱਗੇ ਫੈਲਾਉਣ ਦਾ ਸੰਦੇਸ਼ ਦਿੱਤਾ। ਅੰਤ ਵਿੱਚ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਆਈਆਂ ਸਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ। ਸਕੂਲ ਦੀ ਮੁੱਖ ਅਧਿਆਪਿਕਾ ਸ੍ਰੀ ਮਤੀ ਕਿਰਨ ਗੁਪਤਾ ਨੇ ਆਪਣੇ ਧਨਵਾਦੀ ਸ਼ਬਦਾਂ ਰਾਹੀਂ, ਇਸ ਸਮਾਗਮ ਵਿੱਚਂ ਬਹੁਤ ਹੀ ਉਸਾਰੂ ਸੇਧ ਦਿੰਦੀਆਂ ਗੱਲਾਂ ਸਿੱਖਣ ਦੀ ਪ੍ਰੋੜਤਾ ਕਰਦਿਆਂ ਪ੍ਰਸੰਸਾ ਕੀਤੀ। ਸਟੇਜ ਸੰਚਾਲਨ ਮਾਸਟਰ ਅਨਿਲ ਘਈ ਨੇ ਨਿਭਾਇਆ।
ਸੁਰਿੰਦਰ ਸ਼ਰਮਾ ਨੇ ਆਪਣੇ ਭਾਸ਼ਨ ਦੌਰਾਨ ਉਸ ਮਹਾਨ ਸ਼ਖ਼ਸੀਅਤ ਦੀ ਜ਼ਿੰਦਗੀ ਬਾਰੇ ਦੱਸਿਆ। ਉਹਨਾਂ ਹਾਲਾਤਾਂ ਬਾਰੇ ਦੱਸਿਆ ਜਿਹਨਾਂ ਵਿੱਚ ਗੁਰਸ਼ਰਨ ਭਾਅ ਜੀ ਨੇ ਹਨੇਰੀਆਂ ਦੇ ਬਾਵਜੂਦ ਸੱਚ ਦਾ ਚਿਰਾਗ ਜਗਾਈ ਅਤੇ ਇਸਨੂੰ ਮਸ਼ਾਲ ਬਣਾਇਆ। ਇਹੀ ਮਸ਼ਾਲ ਅੱਜ ਵੀ ਉਹਨਾਂ ਲੋਕਾਂ ਦੇ ਹੱਥ ਵਿੱਚ ਹੈ ਜਿਹੜੇ ਅੱਜ ਦੇ ਇਸ ਦਿਨ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾ ਰਹੇ ਹਨ।
ਮੁੱਖ ਅਧਿਆਪਕਾ ਮਤੀ ਕਿਰਨ ਗੁਪਤਾ ਨੇ ਵੀ ਧੰਨਵਾਦ ਕਰਦੇ ਸਮੇ ਗੁਰਸ਼ਰਨ ਭਾਅ ਜੀ ਵੱਲੋਂ ਦਿੱਤੇ ਗਏ ਉਹਨਾਂ ਸੁਨੇਹਿਆਂ ਦਾ ਜ਼ਿਕਰ ਕੀਤਾ ਜਿਹੜੇ ਗੁਰਸ਼ਰਨ ਭਾਅ ਜੀ ਉਰਫ ਭਾਈ ਮੰਨ ਸਿੰਘ ਹੁਰਾਂ ਨੇ ਸਿਹਤਮੰਦ ਸਮਾਜ ਦੀ ਸਥਾਪਨਾ ਲਈ ਦਿੱਤੇ। ਉਹਨਾਂ ਸੂੰਹੇਈਆਂ ਦੀ ਸਾਰਥਕਤਾ ਅੱਜ ਵੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਂਦੀ ਹੈ।
ਜਦੋਂ ਸਨਮਾਨ ਚਿੰਨ੍ਹ ਪ੍ਰਾਪਤ ਕਰਦੇ ਹੋਏ ਸੁਰਿੰਦਰ ਸ਼ਰਮਾ ਹੁਰਾਂ ਦੀ ਫੋਟੋ ਕਲਿੱਕ ਕੀਤੀ ਗਈ ਤਾਂ ਹਰ ਪਾਸੇ ਖੁਸ਼ੀ ਦੀ ਲਹਿਰ ਸੀ। ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਗੁਰਸ਼ਰਨ ਭਾਅ ਜੀ ਖੁਦ ਇਸ ਸਮਾਗਮ ਵਿਚ ਹਾਜ਼ਰ ਹੋਣ ਅਤੇ ਆਪਣੇ ਸੰਦੇਸ਼ ਨੂੰ ਫੈਲਾ ਰਹੇ ਇਸ ਮਾਸਟਰ ਸੁਰਿੰਦਰ ਸ਼ਰਮਾ ਦੇ ਸਨਮਾਨ ਤੇ ਮੁਸਕਰਾ ਰਹੇ ਹੋਣ।
ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦੇ ਹੋਏ ਮਾਸਟਰ ਸੁਰਿੰਦਰ ਸ਼ਰਮਾ ਨੇ ਯਾਦ ਦੁਆਇਆ ਕਿ ਗੁਰਸ਼ਨ ਭਾਅ ਜੀ ਦੇ ਵਿਚਾਰਾਂ ਨਾਲ ਅਸੀਂ ਉਹਨਾਂ ਨੂੰ ਆਪਣੇ ਕੋਲ ਕੋਲ ਆਪਣੇ ਨੇੜੇ ਨੇੜੇ ਮਹਿਸੂਸ ਕਰਨ ਲੱਗਦੇ ਹਾਂ। ਸਕੂਲ ਦੀ ਵਿਦਿਆਰਥੀ ਵੀ ਇਸ ਮੌਕੇ ਬੜੇ ਉਤਸ਼ਾਹ ਵਿਚ ਨਜ਼ਰ ਆਏ।
ਜਦੋਂ ਤੀਕ ਸਾਡੇ ਸੁਪਨਿਆਂ ਵਾਲਾ ਸਿਹਤਮੰਦ ਸਮਾਜ ਨਹੀਂ ਸਿਰਜਿਆ ਜਾਂਦਾ ਉਦੋਂ ਤੱਕ ਇਹ ਸਿਲਸਿਲਾ ਜਾਰੀ ਰਹਿਣਾ ਹੈ। ਕਦੇ ਤਰਕਸ਼ੀਲ ਸੋਸਾਇਟੀ ਬਣ ਕੇ, ਕਦੇ ਪੁਲਸ ਮੰਚ ਬਣ ਕੇ ਕਦੇ ਕੋਈ ਨਾਟਕ ਕਲਾ ਕੇਂਦਰ ਬਣ ਕੇ। ਸਕੂਲਾਂ, ਕਾਲਜਾਂ, ਗਲੀਆਂ, ਮੋਹੱਲਿਆਂ ਅਤੇ ਸ਼ਾਹ ਰਾਹਾਂ ਦੇ ਮੋੜਾਂ ਤੇ ਵੀ ਗੁਰਸ਼ਨ ਭਾਅ ਜੀ ਦੀ ਬੁਲੰਦ ਆਵਾਜ਼ ਸਾਨੂੰ ਚੇਤਾ ਕਰਾਉਂਦੀ ਹੈ ਸਾਡੇ ਹੀ ਫਰਜ਼ਾਂ ਦਾ। ਆਓ ਹੁਣ ਤਾਂ ਜਾਗ ਪਈਏ। ਪਹਿਲਾਂ ਈ ਬੜੀ ਦੇਰ ਹੋ ਚੁੱਕੀ ਏ ਕਿਤੇ ਹੋਰ ਨਾ ਹੋ ਜਾਏ।
No comments:
Post a Comment