Monday, September 13, 2021

ਸਿਹਤ ਸੰਭਾਲ ਲਈ ਮੋਹਾਲੀ ਦੇ ਲੋਕਾਂ ਨੂੰ ਮਿਲਿਆ ਸ਼ਾਨਦਾਰ ਤੋਹਫ਼ਾ

Monday: 13th September 2021 at 02:48 PM WhatsApp

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੱਲੋਂ ਸਸਤੇ ਟੈਸਟਾਂ ਦਾ ਪੱਕਾ ਪ੍ਰਬੰਧ 


ਐਸ.ਏ.ਐਸ. ਨਗਰ: 13 ਸਤੰਬਰ 2021: (ਪੰਜਾਬ ਸਕਰੀਨ ਡੈਸਕ)::

ਵਿਦੇਸ਼ੀਆਂ ਵਾਂਗ ਹਰ ਛੇ ਮਹੀਨੇ ਮਗਰੋਂ ਆਪਣਾ ਮੈਡੀਕਲ ਟੈਸਟ ਕਰਾਉਣ ਦੀ ਸਮਝ ਅਤੇ ਇੱਛਾ ਪੰਜਾਬ ਦੇ ਲੋਕਾਂ ਨੂੰ ਵੀ ਹੈ ਪਰ ਛੇਤੀ ਕੀਤਿਆਂ ਉਹਨਾਂ ਦੀ ਹਿੰਮਤ ਹੀ ਨਹੀਂ ਪੈਂਦੀ ਕਿ ਕਿਸੇ ਪ੍ਰਾਈਵੇਟ ਲੈਬਾਰਟਰੀ ਵਿਚ ਜਾਣ ਅਤੇ ਆਪਣੀ ਜੇਬ ਖਾਲੀ ਕਰਵਾ ਕੇ ਆ ਘਰ ਆ ਜਾਣ। ਮੈਡੀਕਲ ਟੈਸਟ ਗਿਣਤੀ ਵਿੱਚ ਬਹੁਤ ਜ਼ਿਆਦਾ ਵੀ ਹੁੰਦੇ ਹਨ ਅਤੇ ਬਹੁਤ ਮਹਿੰਗੇ ਵੀ। ਉਹਨਾਂ ਦੀ ਗੁਣਵਤਾ ਅਤੇ ਪ੍ਰਮਾਣਿਕਤਾ ਬਾਰੇ ਵੀ ਅਕਸਰ ਸ਼ੱਕ ਪੈਦਾ ਹੁੰਦਾ ਰਹਿੰਦਾ ਹੈ। ਇਹਨਾਂ ਸਾਰੇ ਝਮੇਲਿਆਂ ਕਾਰਨ ਲੋਕ ਜਲਦੀ ਕੀਤਿਆਂ ਆਪਣਾ ਟੈਸਟ ਹੀ ਨਹੀਂ ਕਰਵਾਉਂਦੇ ਤੇ ਜਦੋਂ ਕਿਸੇ ਮਜਬੂਰੀ ਵੱਸ ਕਰਵਾਉਂਦੇ ਵੀ ਹਨ ਤਾਂ ਉਦੋਂ ਤੱਕ ਕੋਈ ਨ ਕੋਈ ਬਿਮਾਰੀ ਬਹੁਤ ਜ਼ਿਆਦਾ ਖਰਾਬੀ ਪੈਦਾ ਕਰ ਚੁੱਕੀ ਹੁੰਦੀ ਹੈ। ਇਹਨਾਂ ਸਾਰੇ ਮਸਲਿਆਂ ਨੂੰ ਦੇਖ ਕੇ ਪੰਜਾਬ ਸਰਕਾਰ ਨੇ ਸਸਤੇ ਜਿਹੇ ਵਾਜਬ ਕੀਮਤਾਂ ਵਾਲੇ ਟੈਸਟਾਂ ਵਾਲੀਆਂ ਲੈਬਾਰਟਰੀਆਂ ਹੁਣ ਮੋਹਾਲੀ ਵਿੱਚ ਖੋਹਲ ਦਿੱਤੀਆਂ ਹਨ। ਨਿਸਚੇ ਹੀ ਇਹਨਾਂ ਦਾ ਫਾਇਦਾ ਗਰੀਬ ਅਤੇ ਮੱਧ ਵਰਗੀ ਲੋਕਾਂ ਨੂੰ ਵੱਡੀ ਗਿਣਤੀ ਵਿਚ ਹੋਵੇਗਾ। 

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਰਾਜ ਦੇ ਹਸਪਤਾਲਾਂ ਵਿੱਚ ਪ੍ਰਾਈਵੇਟ-ਪਬਲਿਕ ਪਾਰਟਨਰਸ਼ਿਪ (ਪੀ.ਪੀ.ਪੀ.) ਮੋਡ ਉਤੇ ਸ਼ੁਰੂ ਕੀਤੀਆਂ ਜਾ ਰਹੀਆਂ ਰੇਡੀਓ-ਡਾਇਗਨੋਸਟਿਕ ਅਤੇ ਲੈਬਾਰਟਰੀ ਡਾਇਗਨੋਸਟਿਕ ਸੇਵਾਵਾਂ ਦੀ ਅੱਜ ਮੁਹਾਲੀ ਵਿੱਚ ਸ਼ੁਰੂਆਤ ਕੀਤੀ। ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਚੰਗੀਆਂ ਤੇ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਇਹ ਅਤਿ ਆਧੁਨਿਕ ਰੇਡੀਓ ਡਾਇਗਨੋਸਟਿਕ ਅਤੇ ਲੈਬਾਰਟਰੀ ਡਾਇਗਨੋਸਟਿਕ ਸੈਂਟਰ ਵੱਖ-ਵੱਖ ਹਸਪਤਾਲਾਂ ਵਿੱਚ ਖੋਲੇ੍ਹ ਜਾ ਰਹੇ ਹਨ, ਜਿਸ ਦਾ ਅੱਜ ਵਰਚੂਅਲ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਜਦੋਂ ਕਿ ਮੁਹਾਲੀ ਵਿੱਚ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਅੱਜ ਸਿਵਲ ਹਸਪਤਾਲ ਮੁਹਾਲੀ ਤੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕੀਤੀ।

ਇਸ ਮੌਕੇ ਮੋਹਾਲੀ ਸਿਵਲ ਹਸਪਤਾਲ ਵਿੱਚ ਹੋਏ ਇਕੱਠ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸਤੀਆਂ ਅਤੇ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਇਹ ਪ੍ਰਾਜੈਕਟ ਲਿਆਂਦਾ ਗਿਆ ਹੈ, ਜਿਸ ਦਾ ਮੰਤਵ ਪੰਜਾਬ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਡਾਇਗੋਨਸਟਿਕ ਸੇਵਾਵਾਂ ਸਸਤੇ ਅਤੇ 24 ਘੰਟੇ ਉਪਲਬਧ ਕਰਵਾਉਣਾ ਹੈ। ਜਿਹੜੇ ਟੈਸਟ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਹੁੰਦੇ ਸਨ, ਉਹੀ ਟੈਸਟ ਇਨ੍ਹਾਂ ਸੈਂਟਰਾਂ ਵਿੱਚ 65 ਤੋਂ 75 ਫੀਸਦੀ ਸਸਤੇ ਹੋਣਗੇ। ਇਸ ਪ੍ਰਜੈਕਟ ਰਾਹੀਂ ਸਾਰੇ ਪੰਜਾਬ ਨੂੰ 6 ਭਾਗਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਭਾਗ ਵਿੱਚ ਇਕ-ਇਕ ਐਮ.ਆਰ.ਆਈ ਅਤੇ ਹਰੇਕ ਜ਼ਿਲ੍ਹਾ ਹਸਪਤਾਲ ਵਿੱਚ ਇਕ-ਇਕ ਸੀ.ਟੀ. ਸਕੈਨ ਸੈਂਟਰ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਤਹਿਤ ਸੂਬੇ ਵਿੱਚ 25 ਸੀ.ਟੀ. ਸਕੈਨ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ। ਇਸ ਪ੍ਰਜੈਕਟ ਨੂੰ ਲਗਾਉਣ ਲਈ ਲੱਗਭੱਗ 80 ਕਰੋੜ ਰੁਪਏ ਦਾ ਖਰਚ ਆਵੇਗਾ।

ਸਿਹਤ ਮੰਤਰੀ ਸ. ਸਿੱਧੂ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਚੱਲ ਰਹੀਆਂ ਸਾਰੀਆਂ ਸਰਕਾਰੀ ਲੈਬਾਰਟਰੀਆਂ ਦਾ ਮਜ਼ਬੂਤੀਕਰਨ ਕੀਤਾ ਗਿਆ ਹੈ, ਜਿਸ ਤਹਿਤ 4 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਮਸ਼ੀਨਾਂ ਖਰੀਦੀਆਂ ਗਈਆਂ ਹਨ। ਇਨ੍ਹਾਂ ਲੈਬਾਰਟਰੀਆਂ ਦੇ ਸੰਚਾਲਨ ਵਿੱਚ ਹੋਰ ਸੁਧਾਰ ਕਰਨ ਲਈ 100 ਲੈਬ ਤਕਨੀਸ਼ੀਅਨਾਂ ਦੀ ਭਰਤੀ ਵੀ ਕੀਤੀ ਗਈ ਹੈ। 

ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਬਾਰੇ ਜਾਣੂੰ ਕਰਵਾਉਂਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹੁਣ ਤੱਕ ਕੋਰੋਨਾ ਦੇ 1.25 ਕਰੋੜ ਟੈਸਟ ਕਰਵਾਏ ਗਏ ਅਤੇ ਇਕ ਕਰੋੜ ਤੋ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਗਿਆ, 76 ਪੀ.ਐਸ.ਏ ਪਲਾਂਟ ਲਾਏ ਗਏ ਅਤੇ 8000 ਤੋਂ ਵੱਧ ਆਕਸੀਜਨ ਕੰਨਸਨਟਰੇਟਰ ਵੱਖ-ਵੱਖ ਹਸਪਤਾਲਾਂ ਨੂੰ ਦਿੱਤੇ ਗਏ। ਲੋੜਵੰਦਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਅਤੇ 44,000 ਹਜ਼ਾਰ ਫਤਹਿ ਕਿੱਟਾਂ ਵੀ ਵੰਡੀਆਂ ਗਈਆਂ। ਇਸ ਮਹਾਂਮਾਰੀ ਦੇ ਬਾਵਜੂਦ 11,000 ਤੋਂ ਵੱਧ ਬੇਰੋਜ਼ਗਾਰਾਂ ਨੂੰ ਸਿਹਤ ਵਿਭਾਗ ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ, ਜਿਸ ਵਿੱਚ ਡਾਕਟਰ, ਪੈਰਾ ਮੈਡੀਕਲ ਅਤੇ ਮਨਿਸਟਰੀਅਲ ਸਟਾਫ਼ ਸ਼ਾਮਲ ਹੈ।

ਇਸ ਮੌਕੇ ਡਾਇਰੈਕਟਰ ਹੈਲਥ ਸਰਵਿਸਜ਼ ਡਾ. ਜੀ.ਬੀ. ਸਿੰਘ, ਡਾਇਰੈਕਟਰ ਪੀ.ਐਚ.ਐਸ.ਸੀ. ਡਾ. ਮਨਜੀਤ ਸਿੰਘ, ਡਾਇਰੈਕਟਰ ਪਰਿਵਾਰ ਭਲਾਈ ਡਾ. ਅੰਦੇਸ਼, ਡਾਇਰੈਕਟਰ ਪ੍ਰਾਜੈਕਟ ਡਾ. ਆਰ.ਐਸ. ਬੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਿਮਾਂਸ਼ੂ ਅਗਰਵਾਲ,  ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਭਵਨੀਤ ਭਾਰਤੀ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਲੇਬਰਫੈੱਡ ਪੰਜਾਬ ਦੇ ਵਾਈਸ ਚੇਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਜਸਵਿੰਦਰ ਕੌਰ, ਕੌਂਸਲਰ ਰਿਸ਼ਵ ਜੈਨ, ਐਮ.ਸੀ. ਰੁਪਿੰਦਰ ਕੌਰ ਰੀਨਾ, ਐਮ.ਸੀ. ਬਲਜੀਤ ਕੌਰ, ਕਾਂਗਰਸੀ ਆਗੂ ਰਾਜਾ ਮੁਹਾਲੀ, ਜਸਵੀਰ ਸਿੰਘ ਮਣਕੂ, ਕੁਲਵੰਤ ਸਿੰਘ ਕਲੇਰ, ਐਮ.ਸੀ. ਦਵਿੰਦਰ ਕੌਰ ਵਾਲੀਆ, ਨਰਾਇਣ ਸਿੰਘ ਸਿੱਧੂ ਐਮ.ਸੀ., ਵਨੀਤ ਮਲਿਕ, ਸੁੱਚਾ ਸਿੰਘ ਕਲੌੜ, ਜਗਦੀਸ਼ ਸਿੰਘ ਜੱਗਾ, ਕਮਲਪ੍ਰੀਤ ਸਿੰਘ ਬਨੀ, ਕੁਲਵੰਤ ਸਿੰਘ ਕਲੇਰ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਚਰਨ ਸਿੰਘ ਭੰਵਰਾ ਹਾਜ਼ਰ ਸਨ।

No comments: