ਪ੍ਰੋਫੈਸਰ ਗੁਰਭਜਨ ਗਿੱਲ ਨੇ ਕੀਤਾ ਇੰਕਸ਼ਾਫ ਅਤੇ ਲਿਆ ਗੰਭੀਰ ਨੋਟਿਸ
ਹੁਣ ਕਿਸੇ ਨੇ ਇਹਨਾਂ ਸਾਰੀਆਂ ਭਾਵਨਾਵਾਂ ਨੂੰ ਬੜੀ ਹੀ ਬੇਰਹਿਮੀ ਨਾਲ ਠੇਸ ਪਹੁੰਚਾਉਂਦਿਆਂ ਅੰਮ੍ਰਿਤਸਰ ਵਿਖੇ ਸਕਾਚ ਲਾਇਬ੍ਰੇਰੀ ਖੋਹਲ ਦਿੱਤੀ ਹੈ। ਇਸਦਾ ਗੰਭੀਰ ਨੋਟਿਸ ਲਿਆ ਹੈ ਕਲਮ ਦੇ ਸਰਗਰਮ ਸਿਪਾਹੀ ਪ੍ਰੋਫੈਸਰ ਗੁਰਭਜਨ ਗਿੱਲ ਨੇ। ਉਹਨਾਂ ਅੱਜ ਸਵੇਰੇ ਸਵੇਰੇ ਇੱਕ ਵਟਸਐਪ ਸੁਨੇਹੇ ਵਿੱਚ ਇਸ ਸਬੰਧੀ ਆਪਣਾ ਲਿਖਿਆ ਖੁੱਲ੍ਹਾ ਪੱਤਰ ਵੀ ਜਾਰੀ ਕੀਤਾ ਹੈ। ਇਹ ਪੱਤਰ ਇਥੇ ਹੂਬਹੂ ਦਿੱਤਾ ਜਾ ਰਿਹਾ ਹੈ। ਪੱਤਰ ਦੇ ਅਖੀਰ ਵਿੱਚ ਤਾਰੀਖ ਸ਼ਾਇਦ ਜਲਦੀ ਜਲਦੀ ਵਿੱਚ 28 ਜੁਲਾਈ ਲਿਖੀ ਗਈ ਹੈ ਜਿਸਨੂੰ 27 ਜੁਲਾਈ ਪੜ੍ਹਿਆ ਜਾਵੇ।
ਸਤਿਕਾਰਤ ਜੀਉ!
ਸੋਸ਼ਲ ਮੀਡੀਆ ਰਾਹੀਂ ਮੇਰੇ ਧਿਆਨ ਵਿੱਚ ਆਇਆ ਹੈ ਕਿ ਅੰਮ੍ਰਿਤਸਰ ਚ ਕਿਸੇ ਵਪਾਰਕ ਅਦਾਰੇ ਨੇ ਸ਼ਰਾਬ ਦੀ ਦੁਕਾਨ ਦਾ ਨਾਮ ਸਕਾਚ ਲਾਇਬਰੇਰੀ ਰੱਖਿਆ ਹੈ। ਇਹ ਮੰਦਭਾਗੀ ਗੱਲ ਹੈ।
ਜੇਕਰ ਇਹ ਗੱਲ ਸੱਚ ਹੈ ਤਾਂ ਬੇਹੱਦ ਨਿੰਦਣਯੋਗ ਹੈ।
ਲਾਇਬਰੇਰੀ ਸ਼ਬਦ ਦਾ ਡਿਕਸ਼ਨਰੀ ਅਰਥ ਹੈ ਉਹ ਸਥਾਨ ਜਿੱਥੇ ਪੁਸਤਕ ਰੱਖੀਆਂ ਹੋਣ, ਕੋਈ ਪੜ੍ਹ,ਦੇਖ ਸਕਦਾ ਹੈ।
ਪਰ ਬੜਾ ਅਫਸੋਸ ਹੋਇਆ ਹੈ ਕਿ ਅੰਮ੍ਰਿਤਸਰ ਵਰਗੇ ਪਵਿੱਤਰ ਸ਼ਹਿਰ 'ਚ ਡਿੱਗੀ ਹੋਈ ਰੋਗੀ ਮਾਨਸਿਕਤਾ ਕਾਰਨ ਅਲਫਾ ਵਨ ਮਾਲ(ਮਾਲ ਆਫ ਅੰਮ੍ਰਿਤਸਰ) ਦੇ ਬਿਲਕੁਲ ਸਾਹਮਣੇ ਅਤੇ ਏਅਰਪੋਰਟ ਰੋਡ 'ਤੇ ਸ਼ਰਾਬ ਦੀ ਦੁਕਾਨ ਖੋਲ੍ਹੀ ਗਈ ਹੈ ਜਿਸ ਦਾ ਨਾਂ ਸਕਾਚ ਲਾਇਬਰੇਰੀ "scotch library" ਰੱਖਿਆ ਗਿਆ, ਮਤਲਬ ਹੁਣ ਸ਼ਰਾਬ ਕਿਤਾਬਾਂ ਦੇ ਬਰਾਬਰ ਹੀ ਨਹੀਂ ਬਲਕਿ ਉਪਰ ਰੱਖੀ ਗਈ ਹੈ ਜੋ ਸਮਾਜ ਨੂੰ ਸੇਧ ਦੇਣ ਦੀ ਥਾਂ ਨਿਘਾਰ ਵੱਲ ਲਿਜਾਵੇਗੀ।
ਸਾਡੇ ਲਈ ਸ਼ਬਦ ਗੁਰੂ ਨੇ।
ਜੇਕਰ ਵਪਾਰਕ ਬਿਰਤੀ ਅਧੀਨ ਏਦਾਂ ਦੇ ਨਾਮ ਸ਼ਰਾਬ ਦੀਆਂ ਦੁਕਾਨਾਂ ਦੇ ਰੱਖਣ ਲੱਗ ਗਏ ਤਾਂ ਕਿਤਾਬ ਕਿੱਥੇ ਜਾਵੇਗੀ।
ਮੇਰੀ ਪੰਜਾਬ ਸਰਕਾਰ,ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਜਿਲ੍ਹਾ ਸਿਖਿਆ ਅਧਿਕਾਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੰਤਰੀ ਸਾਹਿਬਾਨ ਤੇ ਮੈਂਬਰ ਪਾਰਲੀਮੈਂਟ ਸਾਹਿਬਾਨ ਨੂੰ ਬੇਨਤੀ ਹੈ ਕਿ ਸਭ ਇਸ ਦਾ ਵਿਰੋਧ ਕਰਨ ਤੇ ਇਸ ਮੁਜਰਮਾਨਾ ਹਰਕਤ ਨੂੰ ਜੁਰਮ ਵਾਂਗ ਵੇਖਣ।
ਇਸ ਦੀ ਮੁਕੰਮਲ ਜਾਂਚ ਕਰਕੇ ਪੂਰੇ ਪੰਜਾਬ ਲਈ ਭਵਿੱਖ ਲਈ ਨੀਤੀ ਨਿਰਦੇਸ਼ ਜਾਰੀ ਕੀਤੇ ਜਾਣ।
ਅਦਬ ਸਹਿਤ
ਗੁਰਭਜਨ ਗਿੱਲ
ਸਾਬਕਾ ਪ੍ਰਧਾਨ
ਪੰਜਾਬੀ ਸਾਹਿੱਤ ਅਕਾਡਮੀ
ਲੁਧਿਆਣਾ।
28 ਜੁਲਾਈ 2021
ਉਮੀਦ ਹੈ ਜਿਸ ਜਿਸ ਨੇ ਵੀ ਇਸਨੂੰ ਪੜ੍ਹ ਲਿਆ ਹੈ ਉਹ ਇਸ ਮਾਮਲੇ ਵਿੱਚ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਦੀ ਆਵਾਜ਼ ਨਾਲ ਆਪਣੀ ਆਵਾਜ਼ ਮਿਲਾਵੈ। ਜੇ ਸਾਂਝੀ ਆਵਾਜ਼ ਉਠਾਉਣ ਵਿੱਚ ਕੋਈ ਦਿੱਕਤ ਵੀ ਹੈ ਤਾਂ ਵੀ ਆਪਣੀ ਵੱਖਰੀ ਆਵਾਜ਼ ਬੁਲੰਦ ਕਰੇ ਪਰ ਬੋਲੇ ਜ਼ਰੂਰ। ਅੰਮ੍ਰਿਤਸਰ ਦੀ ਧਰਤੀ ਤੇ ਇਹ ਨਵਾਂ ਸੂਖਮ ਹਮਲਾ ਸਹਿਣ ਨਹੀਂ ਕੀਤਾ ਜਾਣਾ ਚਾਹੀਦਾ। ਇਸਦੇ ਪਿੱਛੇ ਕੌਣ ਲੋਕ ਹਨ ਇਸਦਾ ਪਤਾ ਲਗਾਇਆ ਜਾਣਾ ਵੀ ਜ਼ਰੂਰੀ ਹੈ।
No comments:
Post a Comment