Tuesday, November 27, 2018

ਸੰਘ ਪਰਿਵਾਰ ਨੂੰ ਸੰਵਿਧਾਨ ਦੀਆਂ ਧੱਜੀਆਂ ਨਹੀਂ ਉਡਾਉਣ ਦਿਆਂਗੇ

Nov 27, 2018, 3:57 PM
ਆਸਥਾ ਦੇ ਨਾਂਅ 'ਤੇ ਨਹੀਂ ਸਹਾਂਗੇ ਲੋਕ ਵਿਰੋਧੀ ਸਾਜ਼ਿਸ਼ਾਂ-ਖੱਬੀਆਂ ਪਾਰਟੀਆਂ 
ਲੁਧਿਆਣਾ: 27 ਨਵੰਬਰ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਛੇ ਦਸੰਬਰ ਨੂੰ ਸੰਵਿਧਾਨ ਅਤੇ ਧਰਮ ਨਿਰਪੱਖਤਾ ਦੀ ਰਾਖੀ ਦੇ ਦਿਵਸ ਵੱਜੋਂ ਮਨਾਇਆ ਜਾਵੇ। ਇਹ ਸੱਦਾ ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ(ਮਾਰਕਸਵਾਦੀ), ਆਲ ਇੰਡੀਆ ਫਾਰਵਰਡ ਬਲਾਕ, ਰੈਵੋਲਿਊਸ਼ਨਰੀ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)-ਲਿਬਰੇਸ਼ਨ ਅਤੇ ਸੋਸ਼ਲਿਸਟ ਯੂਨਿਟੀ ਸੈਂਟਰ ਆਫ ਇੰਡੀਆ (ਕਮਿਊਨਿਸਟ) ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ। ਇਸ ਸੱਦੇ ਨੂੰ ਲੁਧਿਆਣਾ ਵਿੱਚ ਵੀ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਛੇ ਦਸੰਬਰ ਬਾਬਰੀ ਮਸਜਿਦ ਨੂੰ ਢਾਹੇ ਜਾਣ ਦੀ 26ਵੀਂ ਬਰਸੀ ਹੈ।  ਮੌਜੂਦਾ ਹਾਲਾਤ ਵਿੱਚ ਧਰਮ ਨਿਰਪੱਖਤਾ ਅਤੇ ਜਮਹੂਰੀਅਤ ਦੀ ਰਾਖੀ ਕਰਨਾ ਸਮੇਂ ਦੀ ਮੁੱਖ ਲੋੜ ਹੈ। 
ਆਰ ਐਸ ਐਸ ਦੀ ਅਗਵਾਈ ਵਾਲਿਆਂ ਜੱਥੇਬੰਦੀਆਂ ਲਗਾਤਾਰ ਕੇਂਦਰ ਸਰਕਾਰ ਨੂੰ ਰਾਮ ਮੰਦਰ ਬਣਾਉਣ ਲਈ ਦਬਾਅ ਵਧਾ ਰਹੀਆਂ ਹਨ। 
ਇਹ ਸੰਗਠਨ ਚਾਹੁੰਦੇ ਹਨ ਕਿ ਝਗੜੇ ਵਾਲੀ ਥਾਂ 'ਤੇ ਸੁਪ੍ਰੀਮ ਕੋਰਟ ਨੂੰ ਬਾਈਪਾਸ ਕਰਕੇ ਰਾਮ ਮੰਦਰ ਬਣਾਇਆ ਜਾਵੇ ਅਤੇ ਇਸ ਮਕਸਦ ਲਈ ਆਰਡੀਨੈਂਸ ਜਾਂ ਵਿਸ਼ੇਸ਼ ਕਾਨੂੰਨ ਬਣਾਇਆ ਜਾਵੇ। 
ਆਰ ਐਸ ਐਸ ਦੇ ਹਾਮੀ ਸੰਗਠਨਾਂ ਵੱਲੋਂ ਇਹ ਮੁਹਿੰਮ ਸੰਵਿਧਾਨ ਦੇ ਧਰਮ ਨਿਰਪੱਖ ਖ਼ਾਸੇ ਨੂੰ ਛਿੱਕੇ ਉੱਤੇ ਟੰਗ  ਕੇ ਸੰਘ ਪਰਿਵਾਰ ਦੇ ਫਿਰਕੂ ਏਜੰਡੇ ਨੂੰ  ਹੀ ਹੋਰ ਅੱਗੇ ਵਧਾ ਕੇ ਲਾਗੂ ਕਰਨ ਲਈ ਹੀ ਚਲਾਈ ਜਾ ਰਹੀ ਹੈ। ਖੱਬੀਆਂ ਪਾਰਟੀਆਂ ਇਸ ਮਾਮਲੇ ਵਿੱਚ ਅਦਾਲਤੀ ਫੈਸਲੇ ਨੂੰ ਪਲਟਨ ਦੀਆਂ ਨਾਪਾਕ ਕੋਸ਼ਿਸ਼ਾਂ ਦੇ ਸਖਤ ਖਿਲਾਫ ਹਨ। ਖੱਬੀਆਂ ਪਾਰਟੀਆਂ ਸੰਘ ਪਰਿਵਾਰ ਵੱਲੋਂ ਆਸਥਾ ਦੇ ਨਾਂਅ ਥੱਲੇ ਸੰਵਿਧਾਨਕ ਧਾਰਾਵਾਂ ਦੀਆਂ ਧੱਜੀਆਂ ਉਡਾਉਣ ਦੀ ਇਜ਼ਾਜ਼ਤ ਨਹੀਂ ਦੇਣਗੀਆਂ। 
ਖੱਬੀਆਂ ਪਾਰਟੀਆਂ ਨੇ ਛੇ ਦਸੰਬਰ ਨੂੰ ਡਾਕਟਰ ਬੀ ਆਰ ਅੰਬੇਡਕਰ ਦੀ ਬਰਸੀ ਮੌਕੇ ਸੰਵਿਧਾਨ ਦੀ ਰਾਖੀ ਅਤੇ ਧਰਮ ਨਿਰਪੱਖਤਾ ਦੀ ਰਾਖੀ ਦਿਵਸ ਵੱਜੋਂ ਮਨਾਇਆ ਜਾਵੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਦਿਨ ਦੇ ਮੌਕੇ 'ਤੇ ਧਰਨੇ ਦਿੱਤੇ ਜਾਣ ਅਤੇ ਰੋਸ ਵਖਾਵੇ ਕੀਤੇ ਜਾਣ ਤਾਂਕਿ ਇਸ ਮਕਸਦ ਲਈ ਲੋਕ ਚੇਤਨਾ ਵਧਾਈ ਜਾ ਸਕੇ। 
ਲੁਧਿਆਣਾ ਦੇ ਸੀਪੀਆਈ ਆਗੂਆਂ ਜ਼ਿਲਾ ਸਕੱਤਰ ਕਾਮਰੇਡ ਡੀ ਪੀ ਮੌੜ, ਸਹਾਇਕ ਜ਼ਿਲਾ ਸਕੱਤਰ-ਡਾਕਟਰ ਅਰੁਣ ਮਿੱਤਰਾ ਅਤੇ ਚਮਕੌਰ ਸਿੰਘ, ਵਿੱਤ ਸਕੱਤਰ-ਐਮ ਐਸ ਭਾਟੀਆ, ਸ਼ਹਿਰੀ ਸਕੱਤਰ-ਕਾਮਰੇਡ ਰਮੇਸ਼ ਰਤਨ, ਸਹਾਇਕ ਸ਼ਹਿਰੀ ਸਕੱਤਰ-ਕਾਮਰੇਡ ਗੁਰਨਾਮ ਸਿੰਘ ਸਿਧੂ ਅਤੇ ਵਿਜੇ ਕੁਮਾਰ, ਸ਼ਹਿਰੀ ਵਿੱਤ ਸਕੱਤਰ-ਅਵਤਾਰ ਛਿੱਬਰ ਨੇ ਕਿਹਾ ਕਿ ਇਸ ਦਿਨ ਦੇ ਮੌਕੇ ਤੇ ਅਸੀਂ ਲੋਕ ਚੇਤਨਾ ਜਗਾਉਣ ਲਈ ਜ਼ੋਰਦਾਰ ਐਕਸ਼ਨ ਕਰਾਂਗੇ। 

No comments: