Saturday, October 13, 2018

ਫੇਕ ਰੀਡਿੰਗ ਦੇ ਆਧਾਰ 'ਤੇ ਬਣੇ ਦੁਗਣੇ ਬਿਜਲੀ ਬਿੱਲ

ਅਖਿਲ ਭਾਰਤੀਆ ਗ੍ਰਾਹਕ ਪੰਚਾਇਤ ਆਈ ਮੈਦਾਨ ਵਿੱਚ 
ਲੁਧਿਆਣਾ: 13 ਅਕਤੂਬਰ 2018: (ਪੰਜਾਬ ਸਕਰੀਨ ਬਿਊਰੋ):: 
ਬਿਜਲੀ ਦੇ ਬਿਲਾਂ ਦਾ ਵੱਧ ਚੜ ਕੇ ਆਉਣਾ ਕੋਈ ਨਵੀਂ ਗੱਲ ਨਹੀਂ। ਅਕਸਰ ਬਿਜਲੀ ਵਿਭਾਗ ਦੀਆਂ ਅਜਿਹੀਆਂ ਮਨਮਾਨੀਆਂ ਲੋਕਾਂ ਨੂੰ ਖੱਜਲ ਖੁਆਰ ਕਰਦਿਆਂ ਹਨ। ਵਿਕਾਸ ਅਤੇ ਸਮਾਰਟ ਸਿਟੀ ਦੇ ਦਾਅਵਿਆਂ ਵਾਲੇ ਇਸ ਆਧੁਨਿਕ ਯੁਗ ਵਿਚ ਵੀ ਇਹ ਸਿਲਸਿਲਾ ਜਾਰੀ ਹੈ। ਇਸਦੇ ਖਿਲਾਫ ਇਸ ਵਾਰ ਖੁੱਲ ਕੇ ਸਾਹਮਣੇ ਆਈ ਹੈ ਇੱਕ ਮਜ਼ਬੂਤ ਜੱਥੇਬੰਦੀ  "ਅਖਿਲ ਭਾਰਤੀਆ ਗ੍ਰਾਹਕ ਪੰਚਾਇਤ।" ਇਹ ਕੌਮੀ ਪੱਧਰ ਦਾ ਖਪਤਕਾਰ ਭਲਾਈ ਸੰਗਠਨ ਹੈ। ਜ਼ਿਕਰਯੋਗ ਹੈ ਕਿ ਬਿਜਲੀ ਬਿੱਲਾਂ ਦੇ ਮਾਮਲੇ ਵਿੱਚ ਬਿਜਲੀ ਬੋਰਡ ਪਹਿਲਾਂ ਵੀ ਮਨਮਾਨੀਆਂ ਕਰਦਾ ਸੀ ਪਰ ਅੰਦਰਖਾਤੇ ਸਰਕਾਰੀ ਵਿਭਾਗਾਂ ਦਾ ਨਿਜੀਕਰਨ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਨੇ ਲੋਕ ਵਿਰੋਧ ਵਰਤਾਰਿਆਂ ਵਿੱਚ ਹੋਰ ਤੇਜ਼ੀ ਲਿਆਂਦੀ ਹੈ। ਖਪਤਕਾਰ ਅਰਥਾਤ ਗਾਹਕ ਨੂੰ ਭਗਵਾਨ ਨਹੀਂ ਬਲਕਿ ਆਪਣੇ ਸ਼ਿਕੰਜੇ ਵਿੱਚ ਫਸੀ ਅਸਾਮੀ ਵਾਂਗ ਸਮਝਿਆ ਜਾਂਦਾ ਹੈ। 
ਅੱਜ ਇੱਕ ਪਰੈਸ ਕਾਨਫਰੰਸ ਵਿੱਚ ਇਸ ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਫੇਕ ਬਿਲਾਂ ਦੇ ਨਾਲ ਲੁਧਿਆਣਾ ਦੇ ਲੋਕਾਂ ਨੂੰ ਬਾਰ ਬਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹਨਾਂ ਬਿਲਾਂ ਵਿੱਚ ਦਰਸਾਈ ਗਈ ਅਦਾਇਗੀਯੋਗ ਰਕਮ ਅਜਿਹੀ ਰੀਡਿੰਗ ਦੇ ਅਧਾਰ 'ਤੇ ਤਿਆਰ ਕੀਤੀ ਜਾਂਦੀ ਹੈ ਜਿਸਦਾ ਕੋਈ ਅਤਾਪਤਾ ਨਹੀਂ ਲੱਗਦਾ। ਏਰੀਅਰ ਦੇ ਨਾਮ 'ਤੇ ਵੀ ਅਜਿਹੀ ਵਸੂਲੀ ਕੀਤੀ ਜਾਂਦੀ ਹੈ ਜਿਸਦਾ ਵੇਰਵਾ ਖਪਤਕਾਰ ਨੂੰ ਕਦੇ ਨਹੀਂ ਦੱਸਿਆ ਜਾਂਦਾ। ਮਨਮਰਜ਼ੀ ਦੀਆਂ ਰਕਮਾਂ ਵਸੂਲਣ ਲਈ ਖਪਤਕਾਰਾਂ ਨੂੰ ਅਕਸਰ ਏਟੀਐਮ ਸਮਝ ਲਿਆ ਜਾਂਦਾ ਹੈ। 
ਅਖਿਲ ਭਾਰਤੀਆ ਗ੍ਰਾਹਕ ਪੰਚਾਇਤ ਦੇ ਪਰਧਾਨ-ਐਚ ਐਸ ਸਚਦੇਵਾ, ਜਨਰਲ ਸਕੱਤਰ ਡਾਕਟਰ ਐਸ ਬੀ ਪਾਂਧੀ, ਮੀਤ ਪ੍ਰਧਾਨ-ਇੰਦਰਜੀਤ ਸਿੰਘ ਸੋਢੀ ਅਤੇ ਸਕੱਤਰ-ਜੁਗਲ ਕਿਸ਼ੋਰ ਅਰੋੜਾ ਨੇ ਬਿਜਲੀ ਬਿਲਾਂ ਦੀਆਂ ਉਹਨਾਂ ਘੁੰਡੀਆਂ ਬਾਰੇ ਵੀ ਚਰਚਾ ਕੀਤੀ ਜਿਹਨਾਂ ਨੂੰ ਅਧਾਰ ਬਣਾ ਕੇ ਖਪਤਕਾਰਾਂ ਕੋਲੋਂ ਮਨਮਨਰਜ਼ੀ ਦੀ ਵਸੂਲੀ ਕੀਤੀ ਜਾਂਦੀ ਹੈ ਪਰ ਇਹਨਾਂ ਦਾ ਵੇਰਵਾ ਕਦੇ ਨਹੀਂ ਦੱਸਿਆ ਜਾਂਦਾ। ਉਹਨਾਂ ਕਿਹਾ ਕਿ ਸਰਚਾਰਜ, ਏਰੀਅਰ, ਸਥਾਈ ਬਿਜਲੀ ਟੈਕਸ ਕਈ ਅਜਿਹੇ ਸ਼ਬਦ ਬਿੱਲਾਂ ਵਿਚ ਮਿਲਦੇ ਹਨ ਜਿਹਨਾਂ ਬਾਰੇ ਨਾ ਤਾਂ ਖਪਤਕਾਰ ਨੂੰ ਕੁਝ ਪਤਾ ਹੁੰਦਾ ਹੈ ਅਤੇ ਨਾ ਹੀ ਉਸਨੂੰ ਦਸਿਆ ਜਾਂਦਾ ਹੈ। 
ਇਸ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਦੱਸਿਆ ਗਿਆ ਕਿ ਹਾਲ ਹੀ ਵਿੱਚ ਬਿਜਲੀ ਮਹਿਕਮੇ ਮੈ ਨੇ ਏਨੀ ਵੱਡੀ ਪੱਧਰ 'ਤੇ ਦੁਗਣੇ ਦੁਗਣੇ ਬਿੱਲ ਬਣਾਏ ਹਨ ਜਿਹਨਾਂ ਕਿ ਖਪਤਕਾਰਾਂ ਦੇ ਹੋਸ਼ ਉੱਡ ਗਏ ਹਨ। ਇਹ ਸਭ ਇਸ ਵਾਰ ਫੇਕ ਰੀਡਿੰਗ ਨੂੰ ਅਧਾਰ ਬਣਾ ਕੇ ਬਣਾਏ ਬਿੱਲਾਂ ਕਾਰਨ ਹੋਇਆ ਹੈ। 
ਸਟੇਟ ਰੈਗੂਲੇਟਰੀ ਕਮਿਸ਼ਨ ਨੇ ਵੀ ਇਸਦਾ ਗੰਭੀਰ ਨੋਟਿਸ ਲਿਆ ਹੈ ਅਤੇ ਪੰਜਾਬ ਪਾਵਰ ਕਮਿਸ਼ਨ ਲਿਮਟਿਡ ਨੂੰ ਹਦਾਇਤ ਕੀਤੀ ਹੈ ਕਿ ਬਿਜਲੀ ਦੇ ਬਿੱਲਾਂ ਨੂੰ ਠੀਕ ਕੀਤਾ ਜਾਵੇ। ਅਥਾਰਟੀ ਨੇ ਕਿਹਾ ਹੈ ਕਿ ਜਿਹਨਾਂ ਦੇ ਬਿਲ ਗਲਤ ਬਣੇ ਹਨ ਉਹ ਆਪਣੇ ਬਿੱਲ ਸਬੰਧਿਤ ਬਿਜਲੀ ਦਫਤਰ ਜਾ ਕੇ ਠੀਕ ਕਰਵਾ ਸਕਦੇ ਹਨ। ਹੁਣ ਦੇਖਣਾ ਹੈ ਕਿ ਇਸ ਕੰਮ ਲਈ ਹੋਣ ਵਾਲੀ ਖੱਜਲ ਖੁਆਰੀ ਅਤੇ ਸਮੇਂ ਦੀ ਬਰਬਾਦੀ ਬਦਲੇ ਖਪਤਕਾਰ ਨੂੰ ਕੋਈ ਮੁਆਵਜ਼ਾ ਮਿਲਦਾ ਹੈ ਜਾਂ ਨਹੀਂ?
ਫੇਕ ਰੀਡਿੰਗ ਦੇ ਆਧਾਰ 'ਤੇ ਬਣੇ ਦੁਗਣੇ ਬਿਜਲੀ ਬਿੱਲ 

No comments: