Thursday, October 11, 2018

ਜਨਮੇਜਾ ਸਿੰਘ ਜੌਹਲ ਦੇ ਪਰੇਰਨਾ ਸਰੋਤ

ਹਿੰਮਤ ਕਰੇ ਇਨਸਾਨ ਤੋਂ ਕਿਆ ਕਾਮ ਹੈ ਮੁਸ਼ਕਿਲ !
Courtesy Photo of  Bant  Singh 
ਸੋਸ਼ਲ ਮੀਡੀਆ: ਫੇਸਬੁੱਕ:11 ਅਕਤੂਬਰ 2018:( ਪੰਜਾਬ ਸਕਰੀਨ ਫ਼ੀਚਰ ਡੈਸਕ)::
ਜਿਵੇਂ ਕੁਦਰਤ ਆਪਣੀ ਡਿਊਟੀ ਨਿਭਾਉਂਦਿਆਂ ਰੌਲਾ ਰੱਪਾ ਨਹੀਂ ਪਾਉਂਦੀ। ਸੂਰਜ, ਚੰਦਰਮਾ ਅਤੇ ਸਿਤਾਰੇ ਹਮੇਸ਼ਾਂ ਬੜੀ ਖਾਮੋਸ਼ੀ ਨਾਲ ਆਪਣਾ ਕੰਮ ਕਰਦੇ ਹਨ ਉਸੇ ਤਰਾਂ ਜਨਮੇਜਾ ਜੋਹਲ ਨਿਰੰਤਰ ਆਪਣੇ ਕੰਮ ਬਿਨਾ ਰੌਲਾ ਰੱਪਾ ਪਾਏ ਕਰਦਾ ਹੈ। ਬਿਨਾ ਕੋਈ ਢੰਡੋਰਾ ਪਿੱਟੇ।  ਕੋਈ ਸੋਫਟਵੇਅਰ ਕੱਢਣਾ ਹੋਵੇ, ਕੋਈ ਫੋਂਟ ਬਣਾਉਣਾ ਹੋਵੇ, ਕੋਈ ਕਿਤਾਬ ਕੱਢਣੀ ਹੋਵੇ ਜਾਂ ਕੁਝ ਵੀ ਹੋਰ--ਜਨਮੇਜਾ ਜੋਹਲ ਦਾ ਸੁਭਾਅ ਸਭ ਕੁਝ ਬੜੀ ਖਾਮੋਸ਼ੀ ਨਾਲ ਕਰਨ ਵਾਲਾ ਹੈ। ਇਸ ਸੁਭਾਅ ਦੇ ਬਾਵਜੂਦ ਬੜੇ ਲੋਕ ਉਸਦੇ ਦੁਸ਼ਮਣਾਂ ਵਾਂਗ ਵਿਚਰਦੇ ਹਨ ਕਿਓਂਕਿ ਕਦੇ ਕਦੇ ਕੁਦਰਤ ਵਾਂਗ ਉਸਨੂੰ ਵੀ ਗੁੱਸਾ ਆ ਜਾਂਦਾ ਹੈ ਅਤੇ ਉਹ ਸੱਚ ਬੋਲ ਪੈਂਦਾ ਹੈ। ਜੋ ਕੁਝ ਨਹੀਂ ਜਚਿਆ ਉਸ ਬਾਰੇ ਆਪਣੀ ਸੱਚੀ ਰਾਏ ਪਰਗਟ ਕਰ ਦੇਂਦਾ ਹੈ। ਫਿਰ ਭਾਵੇਂ ਕੋਈ ਅਕਾਦਮੀ ਹੋਵੇ ਤੇ ਭਾਵੇਂ ਲੇਖਕ ਸਭਾ।  ਫਿਰ ਕੋਈ ਲਿਹਾਜ਼ ਨਹੀਂ। ਇਸ ਸਭ ਕੁਝ ਦੇ ਬਾਵਜੂਦ ਆਮ ਸੁਭਾਅ ਮਸਤੀ ਨਾਲ ਕੰਮ ਕਰਨ ਵਾਲਾ ਹੀ ਹੈ। ਆਪਣੇ ਰਚਨਾਤਮਕ ਕੰਮ ਵਿੱਚ ਮਸਤ ਰਹਿਣ ਵਾਲਾ ਜਨਮੇਜਾ ਜੋਹਲ ਕਈ ਵਾਰ ਕਿਸੇ ਟਹਿਣੀ ਤੋਂ ਵੀ ਪਰੇਰਨਾ ਲੈਂਦਾ ਹੈ, ਕਦੇ ਕਿਸੇ ਪੰਛੀ ਕੋਲੋਂ ਵੀ, ਕਦੇ ਕਿਸੇ ਫੁਲ ਕੋਲੋਂ ਵੀ ਕਦੇ ਕਿਸੇ ਇਨਸਾਨ ਕੋਲੋਂ ਵੀ। ਅੱਜਕਲ ਉਹ "ਮਨ ਦੀ ਮੌਜ" ਸਿਰਲੇਖ ਅਧੀਨ ਆਪਣੇ ਤਜਰਬਿਆਂ ਅਤੇ ਯਾਦਾਂ ਨੂੰ ਕਲਮਬੱਧ ਕਰ ਰਿਹਾ ਹੈ। ਲਓ ਪੜੋ ਮਨ ਦੀ ਮੌਜ –34 ਜਿਸ ਵਿੱਚ ਪਰੇਰਨਾ ਦਾ ਇੱਕ ਬੇਹੱਦ ਮਜ਼ਬੂਤ ਸੁਨੇਹਾ ਵੀ ਹੈ।
ਮਈ ਦਿਵਸ ਦਾ ਰੌਣਕ ਮੇਲਾ ਜੋਬਨ ਤੇ ਸੀ। ਮੈਂ ਵੀ ਪਾਰਕ ਵਿਚ ਲੱਗੇ ਕਿਤਾਬਾਂ ਦੇ ਸਟਾਲਾਂ ਤੇ ਗੇੜਾ ਮਾਰ ਰਿਹਾ ਸੀ। ਹਰ ਸਾਲ ਇਹ ਮੇਲਾ ਲੁਧਿਆਣੇ ਲੱਗਦਾ ਹੈ, ਦਿਨੇ ਕਿਤਾਬਾਂ ਦੀ ਗੱਲ ਹੁੰਦੀ ਹੈ ਤੇ ਰਾਤ ਨੂੰ ਨਾਟਕ ਹੁੰਦੇ ਹਨ। ਭਾਵੇਂ ਹਰ ਸਾਲ ਰੌਣਕ ਘੱਟ ਰਹੀ ਹੈ, ਪਰ ਫੇਰ ਵੀ ਵਾਹਵਾ ਲੋਕ ਆ ਜਾਂਦੇ ਹਨ। ਕਈ ਮਿੱਤਰ ਪਿਆਰੇ ਮਿਲ ਜਾਂਦੇ ਹਨ। ਇੱਥੇ ਜ਼ਿਆਦਾ ਕਾਮਰੇਡੀ ਪੁੱਠ ਵਾਲੀਆਂ ਕਿਤਾਬਾਂ ਹੁੰਦੀਆਂ ਹਨ, ਪਰ ਫੇਰ ਵੀ ਕੋਈ ਨਾ ਕੋਈ ਪਸੰਦ ਦੀ ਕਿਤਾਬ ਮਿਲ ਹੀ ਜਾਂਦੀ ਹੈ।
ਮੇਰੇ ਖੱਬੇ ਮੋਢੇ ਦੇ ਦਰਦ ਕਰਕੇ, ਮੈਂ ਸਿਰ ਇਕ ਕਪੜੇ ਦੀ ਸਾਦਾ ਟੋਪੀ ਨਾਲ ਢੱਕ ਲੈਂਦਾ ਸੀ ਕਿਉਂਕੇ ਮੇਰੇ ਕੋਲੋਂ ਪੱਗ ਨਹੀਂ ਸੀ ਬੱਝਦੀ ਤੇ ਕਿਸੇ ਕੋਲੋਂ ਪੱਗ ਬਨਾਉਣਾ ਮੈਨੂੰ ਚੰਗਾ ਨਹੀਂ ਸੀ ਲੱਗਦਾ।
ਫਿਰਦੇ ਫਿਰਦੇ ਇਕ ਕਿਤਾਬਾਂ ਦੇ ਸਟਾਲ ਤੇ ਪਹੁੰਚਿਆ। ਸਟਾਲ ਦਾ ਮਾਲਕ ਸੋਹਣਾ ਸਮਾਰਟ ਸੀ। ਖ਼ੁਸ਼ ਚਿਹਰਾ ਤੇ ਸੋਹਣੀ ਲਾਲ ਪੱਗ। ਜਾਣਦਾ ਤਾਂ ਮੈਂ ਉਹਨੂੰ ਕਈ ਦਹਾਕਿਆ ਤੋਂ ਸੀ, ਪਰ ਅੱਜ ਉਸ ਮੈਨੂੰ ਅੰਦਰੋਂ ਝੰਜੋੜ ਦਿੱਤਾ, ਮੈਨੂੰ ਆਪਣੇ ਆਪ ਤੇ ਸ਼ਰਮ ਵੀ ਆ ਰਹੀ ਸੀ ਤੇ ਗੁੱਸਾ ਵੀ। ਕਿ ਕਿਵੇਂ ਅਸੀਂ ਕਿਸੇ ਛੋਟੀ ਜਿਹੀ ਬਿਮਾਰੀ ਨੂੰ ਬਤੰਗੜ ਬਣਾ ਲੈਂਦੇ ਹਾਂ ਤੇ ਖੁੱਲ੍ਹਾਂ ਲੈਣ ਦੇ ਆਦੀ ਹੋ ਜਾਂਦੇ ਹਾਂ। ਮੈਂ ਸੱਜੇ ਹੱਥ ਨਾਲ ਆਪਣਾ ਮੋਢਾ ਚੈੱਕ ਕੀਤਾ, ਕੂਹਣੀ ਚੈੱਕ ਕੀਤੀ, ਹੱਥ ਤੇ ਹੱਥ ਦੀਆਂ ਉਂਗਲੀਆਂ ਚੈੱਕ ਕੀਤੀਆਂ, ਸਭ ਕੁਝ ਹਾਜ਼ਰ ਸੀ ਤੇ ਥੋੜਾ ਬਹੁਤ ਚੱਲਦਾ ਵੀ ਸੀ। ਆਪਣੇ ਆਪ ਨੂੰ ਫਿੱਟ ਲਾਹਨਤ ਪਾਈ ਕਿ, ਤੇਰੇ ਕੋਲ ਸਭ ਕੁਝ ਹੈ, ਤੂੰ ਬਹਾਨੇ ਨਾ ਮਾਰ, ਅੱਜ ਤੋਂ ਬਿੰਨ੍ਹਾਂ ਕਿਸੇ ਦੀ ਮਦਦ ਲਏ ਪੱਗ ਬੰਨ੍ਹੇਗਾ, ਤੇ ਮੈਂ ਮੇਲਾ ਵਿਚ ਛੱਡ ਕਿ ਘਰ ਆ ਕੇ 40 ਮਿੰਟ ਲਾ ਕੇ ਪੱਗ ਬੰਨੀ ਤੇ ਮੁੜ ਮੇਲੇ ਵਿਚ ਜਾਕੇ, ਉਸ ਖੂਬਸੂਰਤ ਪੱਗ ਵਾਲੇ ਪਰ ਬਿੰਨ੍ਹਾਂ ਖੱਬੀ ਬਾਂਹ ਵਾਲੇ ਇਨਸਾਨ ਨੂੰ ਸਿਜਦਾ ਕੀਤਾ। ਕਦੇ ਵੀ ਹੌਂਸਲਾ ਨਾ ਹਾਰਨ ਵਾਲੀ ਸੋਚ ਵੱਲ ਇਹ ਇਕ ਵੱਡਾ ਕਦਮ ਹੋ ਨਿਬੜਿਆ।
-ਜਨਮੇਜਾ ਸਿੰਘ ਜੌਹਲ 


ਹੁਣ ਇਸ ਲਿਖਤ ਤੋਂ ਪਰੇਰਿਤ ਹੋ ਕੇ ਕਿੰਨੇ ਕੁ ਲੋਕ ਆਪਣੀਆਂ ਬਹਾਨੇਬਾਜ਼ੀ ਵਾਲੀਆਂ ਅਖੌਤੀ ਮਜਬੂਰੀਆਂ ਤੋਂ ਹੁੰਦੇ ਹਨ ਇਹ ਉਹਨਾਂ ਦੀ ਕਿਸਮਤ। ਹਮਨੇ ਚਿਰਾਗ ਰੱਖ ਦੀਆ ਹੈ ਸਭ ਕੇ ਸਾਮਨੇ।


No comments: