ਸ਼ੇਰਗਿੱਲ ਨੇ ਜਾਣਾ ਸੀ ਵਿਦੇਸ਼ ਪਹੁੰਚ ਗਿਆ ਦੂਸਰੀ ਦੁਨੀਆ ਵਿੱਚ
ਜਲੰਧਰ: 24 ਜੁਲਾਈ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਕਾਂਗਰਸ ਪਾਰਟੀ ਦੇ ਸਰਗਰਮ ਆਗੂ ਅਤੇ ਮਨਪਰੀਤ ਸਿੰਘ ਬਾਦਲ ਦੇ ਨੇੜਲੇ ਸਾਥੀ ਬਲਵੰਤ ਸਿੰਘ ਸ਼ੇਰਗਿਲ ਨੇ ਵਿਦੇਸ਼ ਜਾਣਾ ਸੀ। ਇਸੇ ਮਕਸਦ ਲਈ ਆਪਣਾ ਰਿਵਾਲਵਰ ਜਮਾ ਕਰਾਉਣ/ਵੇਚਣ ਲਈ ਉਹ ਗੰਨ ਹਾਊਸ 'ਤੇ ਪੁੱਜਿਆ। ਇਥੇ ਅਚਾਨਕ ਚੱਲੀ ਗੋਲੀ ਨੇ ਉਸਨੂੰ ਦੂਸਰੀ ਦੁਨੀਆ ਵਿੱਚ ਹੀ ਭੇਜ ਦਿੱਤਾ। ਕਿਹਾ ਜਾਂਦਾ ਹੈ ਕਿ ਉਹ ਕਿਸੇ ਵੇਲੇ ਪੱਤਰਕਾਰਿਤਾ ਵੀ ਕਰਦਾ ਰਿਹਾ ਸੀ।
ਇਹ ਵਾਰਦਾਤ ਭੀੜ ਭੜੱਕੇ ਵਾਲੇ ਇਲਾਕੇ ਸਥਾਨਕ ਜਿਓਤੀ ਚੌਕ ਨੇੜੇ ਵਾਪਰੀ। ਇਸ ਚੋਂਕ ਦੇ ਨੇੜੇ ਹੀ ਸਥਿਤ ਸੂਰੀ ਗੰਨ ਹਾਊਸ ਦੇ ਅੰਦਰ ਬਾਅਦ ਦੁਪਿਹਰ ਗੋਲੀ ਚੱਲਣ ਦੀ ਘਟਨਾ ਵਾਪਰੀ। ਇਸ ਗੋਲੀ ਨਾਲ ਹੀ ਸੀਨੀਅਰ ਕਾਂਗਰਸੀ ਆਗੂ ਦੀ ਮੌਤ ਹੋ ਗਈ। ਮੌਤ ਦਾ ਸ਼ਿਕਾਰ ਹੋਇਆ ਕਾਂਗਰਸੀ ਆਗੂ ਮੁਹੱਲਾ ਸੰਤੋਖਪੁਰਾ ਦਾ ਰਹਿਣ ਵਾਲਾ ਬਲਵੰਤ ਸਿੰਘ ਸ਼ੇਰਗਿੱਲ ਸੀ, ਜੋ ਕਿ ਵਿਦੇਸ਼ ਜਾਣ ਕਰਕੇ ਆਪਣਾ 32 ਬੋਰ ਦਾ ਰਿਵਾਲਵਰ ਸੂਰੀ ਗੰਨ ਹਾਊਸ ਵਿਖੇ ਵੇਚਣ ਲਈ ਆਇਆ ਸੀ। ਦੁਕਾਨ ਦਾ ਮਾਲਕ ਰਿਵਾਲਵਰ ਗੋਲੀਆਂ ਨਾਲ ਭਰ ਕੇ ਦੇਖ ਰਿਹਾ ਸੀ ਤਾਂ ਉਸ ਤੋਂ ਅਚਾਨਕ ਗੋਲੀ ਚੱਲ ਗਈ। ਗੋਲੀ ਸਿੱਧੀ ਅੱਖ ਵਿੱਚ ਹੁੰਦੀ ਹੋਈ ਸ਼ੇਰਗਿੱਲ ਦੀ ਮੌਤ ਦਾ ਕਾਰਨ ਬਣੀ। ਆਸਪਾਸ ਮੌਜੂਦ ਲੋਕਾਂ ਨੇ ਸ਼ੇਰਗਿੱਲ ਨੂੰ ਹਸਪਤਾਲ ਪਹੁੰਚਾਇਆ। ਗੰਨ ਹਾਊਸ ਵਾਲੇ ਵੀ ਅਸਲੇ ਦੇ ਮਾਮਲੇ ਵਿੱਚ ਐਕਸਪਰਟ ਹੁੰਦੇ ਹਨ ਅਤੇ ਅਸਲ ਰੱਖਣ ਵਾਲੇ ਇਸ ਗੱਲ ਦੇ ਮਾਹਰ ਕਿ ਜਦੋਂ ਅਸਲ ਚੈਕ ਕੀਤਾ ਜਾਈ ਤਾਂ ਕਿਥੇ ਖੜੇ ਹੋਣਾ ਹੈ ਅਤੇ ਨਾਲਿ ਦਾ ਮੂੰਹ ਕਿਸ ਪਾਸੇ ਕਰਨਾ ਹੈ। ਫਿਰ ਵੀ ਇਹ ਹਾਦਸਾ ਹੋਣਾ ਬਹੁਤ ਅਜੀਬ ਲੱਗਦਾ ਹੈ। ਆਲੇ ਦੁਆਲੇ ਰੌਲਾ ਪੈਂਦੇ ਹੀ ਲੋਕ ਇਕੱਠੇ ਹੋ ਗਏ। ਬਲਵੰਤ ਸਿੰਘ ਸ਼ੇਰਗਿੱਲ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪਰ ਸ਼ਾਇਦ ਇਹ ਮੌਤ ਮੌਕੇ ਤੇ ਹੀ ਹੋ ਚੁਕੀ ਸੀ। ਡਾਕਟਰੀ ਮਾਹਰਾਂ ਨੇ ਵੀ ਕਿਹਾ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਇਸ ਸਾਰੀ ਭਗਦੜ ਵਿੱਚ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਡਵੀਜ਼ਨ ਨੰਬਰ 4 ਦੀ ਪੁਲਸ ਨੇ ਧਾਰਾ 302 ਅਧੀਨ ਪਰਚਾ ਦਰਜ ਕਰ ਲਿਆ ਹੈ। ਹੁਣ ਦੇਖਣਾ ਹੈ ਕਿ ਪੁਲਿਸ ਦੀ ਜਾਂਚ ਕਿ ਦੱਸਦੀ ਹੈ।
ਗੋਲੀ ਦਾ ਸ਼ਿਕਾਰ ਹੋਇਆ ਇਹ ਕਾਂਗਰਸੀ ਆਗੂ ਕਿਸੇ ਵੇਲੇ ਅਕਾਲੀਦਲ ਵਿੱਚ ਹੁੰਦਾ ਸੀ ਫਿਰ ਅਵਤਾਰ ਹੈਨਰੀ ਦੇ ਨਾਲ ਕਾਂਗਰਸ ਪਾਰਟੀ ਵਿੱਚ ਆ ਗਿਆ ਅਤੇ ਇਸਤੋਂ ਬਾਅਦ ਉਸਦਾ ਲਗਾਓ ਮਨਪਰੀਤ ਸਿੰਘ ਬਾਦਲ ਨਾਲ ਹੋ ਗਿਆ। ਜਦੋਂ ਮਨਪਰੀਤ ਸਿੰਘ ਬਾਦਲ ਨੇ ਆਪਣੀ ਪਾਰਟੀ ਪੀਪਲਜ਼ ਪਾਰਟੀ ਆਫ਼ ਪੰਜਾਬ ਬਣਾਈ ਤਾਂ ਇਹ ਉਸ ਵਿੱਚ ਚਲਾ ਗਿਆ। ਜਦੋਂ ਮਨਪਰੀਤ ਸਿੰਘ ਬਾਦਲ ਕਾਂਗਰਸ ਵਿੱਚ ਗਏ ਤਾਂ ਬਲਵੰਤ ਸਿੰਘ ਸ਼ੇਰਗਿੱਲ ਵੀ ਵਾਪਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਤਰਾਂ ਮਿਰਤਕ ਦਾ ਜ਼ਿਆਦਾ ਝੁਕਾਅ ਮਨਪਰੀਤ ਸਿੰਘ ਬਾਦਲ ਵੱਲ ਸੀ। ਜ਼ਿਕਰਯੋਗ ਹੈ ਕਿ ਲੋਕਾਂ ਦੀ ਚਰਚਾ ਮੁਤਾਬਿਕ ਘਟਨਾ ਵੇਲੇ ਗੰਨ ਹਾਊਸ ਵਿੱਚ ਅਸਲਾ ਦੁਕਾਨ ਦੇ ਮਾਲਕ ਪਰਵਿੰਦਰ ਸਿਗ ਸੂਰੀ ਦੇ ਨਾਲ ਇੱਕ ਹੋਰ ਅਣਪਛਾਤਾ ਵਿਅਕਤੀ ਵੀ ਮੌਜੂਦ ਸਨ। ਘਟਨਾ ਵੇਲੇ ਤਿੰਨੋ ਇਕੱਠੇ ਬੈਠੇ ਸਨ।
ਗੋਲੀ ਦਾ ਨਿਸ਼ਾਨਾ ਬਣੇ ਬਲਵੰਤ ਸਿੰਘ ਦੇ ਪਿਤਾ ਨਛੱਤਰ ਸਿੰਘ ਦੇ ਮੁਤਾਬਿਕ ਉਹ ਘਰੋਂ ਦੁਪਹਿਰ 12 ਵਜੇ ਆਪਣਾ ਰਿਵਾਲਵਰ ਵੇਚਣ ਲਈ ਕਹਿ ਕੇ ਗਿਆ ਸੀ। ਉਸ ਨੇ ਵਿਦੇਸ਼ ਜਾਣਾ ਸੀ ਅਤੇ ਉਸਦੇ ਰਿਵਾਲਵਰ ਦਾ ਲਾਇਸੈਂਸ ਵੀ ਖਤਮ ਹੋਣ ਵਾਲਾ ਸੀ। ਨਛੱਤਰ ਸਿੰਘ ਨੇ ਦੱਸਿਆ ਕਿ ਬਲਵੰਤ ਨੇ ਕਦੇ ਵੀ ਘਰ ਵਿੱਚ ਰਿਵਾਲਵਰ ਲੋਡ ਕਰ ਕੇ ਨਹੀਂ ਸੀ ਰੱਖਿਆ ਤੇ ਅੱਜ ਵੀ ਘਰੋਂ ਜਾਣ ਲੱਗਿਆਂ ਉਹ ਰਿਵਾਲਵਰ ਵੱਖ ਤੇ ਗੋਲੀਆਂ ਵੱਖਰੀਆਂ ਲੈ ਕੇ ਗਿਆ ਸੀ। ਉਨ੍ਹਾਂ ਆਪਣੇ ਪੁੱਤਰ ਦੀ ਮੌਤ ਨੂੰ ਇਕ ਸਾਜ਼ਿਸ਼ ਦੱਸਿਆ।
ਇਸੇ ਦੌਰਾਨ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲੀਸ ਨੇ ਸੂਰੀ ਗੰਨ ਹਾਊਸ ਦੇ ਮਾਲਕ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਆਰੰਭ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਵਾਪਰਨ ਤੋਂ ਬਾਅਦ ਗੰਨ ਹਾਊਸ ਦਾ ਮਾਲਕ ਉਥੋਂ ਫਰਾਰ ਹੋ ਗਿਆ ਸੀ। ਬਾਅਦ ਵਿੱਚ ਪੁਲੀਸ ਨੇ ਉਸ ਨੂੰ ਕਾਬੂ ਕਰ ਕੇ ਦੁਕਾਨ ਅੰਦਰੋਂ ਸੀਸੀਟੀਵੀ ਫੁਟੇਜ ਹਾਸਲ ਕੀਤੀ। ਫੁਟੇਜ ਵਿੱਚ ਸਾਫ ਤੌਰ ’ਤੇ ਨਜ਼ਰ ਆਉਂਦਾ ਹੈ ਕਿ ਇਹ ਗੋਲੀ ਗੰਨ ਹਾਊਸ ਦੇ ਮਾਲਕ ਕੋਲੋਂ ਚੱਲੀ ਸੀ। ਇਹ ਗੋਲੀ ਬਲਵੰਤ ਦੀ ਖੱਬੀ ਅੱਖ ਵਿਚ ਲੱਗੀ ਤੇ ਉਹ ਲਹੂ ਲੁਹਾਣ ਹੋ ਕੇ ਉਥੇ ਡਿੱਗ ਪਿਆ। ਉਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮਿਰਤਕ ਐਲਾਨ ਦਿੱਤਾ। ਥਾਣਾ ਡਿਵੀਜ਼ਨ ਨੰਬਰ ਚਾਰ ਦੇ ਐਸਐਚਓ ਸੁਖਦੇਵ ਸਿੰਘ ਨੇ ਵੀ ਇਸ ਦੀ ਪੁਸ਼ਟੀ ਕੀਤੀ ਕਿ ਗੋਲੀ ਗੰਨ ਹਾਊਸ ਦੇ ਮਾਲਕ ਕੋਲੋਂ ਹੀ ਚੱਲੀ ਸੀ। ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਸ਼ੇਰਗਿੱਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਸ ਦਾ ਆਪਣਾ ਇਕ ਬੇਟਾ ਹੈ ਜੋ ਤੀਜੀ ਜਮਾਤ ਵਿੱਚ ਪੜਦਾ ਹੈ। ਅਸਲੀਅਤ ਕਿ ਹੈ ਇਹ ਤਾਂ ਪੁਲਿਸ ਜਾਂਚ ਦੌਰਾਨ ਹੀ ਪਤਾ ਲੱਗ ਸਕੇਗਾ ਪਰ ਜੇ ਇਹ ਗੋਲੀ ਰੰਜਿਸ਼ਨ ਜਾਨ ਸਾਜ਼ਿਸ਼ਨ ਚੱਲੀ ਹੈ ਤਾਂ ਫਿਰ ਚਿੰਤਾ ਵਾਲੀ ਗੱਲ ਹੈ ਪੰਜਾਬ ਵਿੱਚ ਵਿਰੋਧੀਆਂ ਨੂੰ ਮਾਰ ਮੁਕਾਉਣ ਦਾ ਇੱਕ ਹੋਰ ਤਰੀਕਾ ਇਜਾਦ ਹੋ ਚੁੱਕਿਆ ਹੈ।

No comments:
Post a Comment