ਡਾ. ਅਰੁਣ ਮਿੱਤਰਾ ਨੇ ਸਾਂਝੀਆਂ ਕੀਤੀਆਂ ਵਿਛੜੇ ਸਾਥੀ ਅਮਰੀਕ ਦੀਆਂ ਯਾਦਾਂ
ਲੁਧਿਆਣਾ ਦੇ ਪਾਰਟੀ ਮੈਂਬਰਾਂ ਅਤੇ ਇਲਾਕਾ ਰਾਹੋਂ ਰੋਡ ਦੇ ਲੋਕਾਂ ਵਿੱਚ ਉਸ ਵੇਲੇ ਦੁਖ ਦੀ ਲਹਿਰ ਦੋੜ ਗਈ ਜਦੋਂ 3 ਜੁਲਾਈ ਨੂੰ ਕਾਮਰੇਡ ਅਮਰੀਕ ਦੇ ਸਦੀਵੀਂ ਚਲਾਣੇ ਦੀ ਖਬਰ ਸੁਣੀ। ਉਸ ਦੀ ਯਾਦ ਵਿੱਚ ਅਤੇ ਕੁਰਬਾਨੀਆਂ ਬਾਰੇ ਬਹੁਤ ਕੁਝ ਕਿਹਾ ਤੇ ਲਿਖਿਆ ਜਾ ਸਕਦਾ ਹੈ। ਰਾਹੋਂ ਰੋਡ ਦੇ ਇਲਾਕਾ ਅਟੱਲ ਨਗਰ ਦੇ ਰਹਿਣ ਵਾਲੇ ਅਮਰੀਕ ਛੋਟੀ ਉਮਰ ਤੋਂ ਹੀ ਪਾਰਟੀ ਨਾਲ ਜੁੜ ਗਿਆ ਤੇ ਵੱਡੇ ਹੋਣ ਤੇ ੳੇੁਸ ਨੇ ਲੋਕ ਹਿੱਤਾਂ ਲਈ ਅਨੇਕਾਂ ਸੰਘਰਸ਼ ਕੀਤੇ। ਸ਼ਹਿਰ ਦਾ ਘੱਟ ਵਿਕਸਿਤ ਇਲਾਕਾ ਹੋਣ ਕਰਕੇ ਵਿਕਾਸ ਨਾਲ ਜੁੜੇ ਅਨੇਕਾਂ ਹੀ ਮਸਲੇ ਦਰਪੇਸ਼ ਸਨ, ਜਿਨ੍ਹਾਂ ਦੇ ਹੱਲ ਦੇ ਲਈ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਝੰਡੇ ਥੱਲੇ ਉਸ ਨੇ ਕਈ ਵਾਰ ਪ੍ਰਦਰਸ਼ਨ ਕੀਤੇ ਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ। ਇਸ ਤਰ੍ਹਾਂ ਦੇ ਇਲਾਕਿਆਂ ਵਿੱਚ ਆਮ ਤੌਰ ਤੇ ਪੁਲਿਸ ਵੱਲੋਂ ਜਿਆਦਤੀਆਂ ਕੀਤੀਆਂ ਜਾਂਦੀਆਂ ਹਨ। ਐਸੀ ਕਿਸੇ ਘਟਨਾ ਦੀ ਸੂਚਨਾ ਮਿਲਣ ਤੇ ਉਹ ਕਾਮਰੇਡ ਚਟਾਣ ਵਾਂਗ ਲੋਕਾਂ ਨਾਲ ਖੜਾ ਹੋ ਜਾਂਦਾ ਸੀ ਅਤੇ ਜਿਆਦਤੀ ਨਹੀਂ ਸੀ ਹੋਣ ਦਿੰਦਾ। ਇਸੇ ਕਰਕੇ ਇਲਾਕੇ ਦੇ ਸਾਰੇ ਲੋਕ ਆਪਣੇ ਮਸਲਿਆਂ ਨੂੰ ਲੈ ਕੇ ਉਸ ਕੋਲ ਆਉਂਦੇ ਸਨ ਜਿਸ ਦੇ ਹਲ ਲਈ ਉਹ ਆਪਣਾ ਕੰਮ ਕਾਰ ਛੱਡ ਕੇ ਤੁਰ ਪੈਂਦਾ ਸੀ। ਰਾਜਨੀਤਕ ਤੌਰ ਤੇ ਉਹ ਬਹੁਤ ਸੂਝਵਾਨ ਸੀ। ਪੰਜਾਬ ਵਿੱਚ ਅੱਤਵਾਦ ਦਾ ਦੌਰ ਅਤੀ ਕਠਿਨ ਸਮਾਂ ਸੀ, ਪਰ ਉਹ ਲਗਾਤਾਰ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਲਈ ਡੱਟਿਆ ਰਿਹਾ। ਸੰਨ 1987 ਵਿੱਚ ਪਾਰਟੀ ਨੇ ਜਨ ਸੰਪਰਕ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। ਇਸ ਮੌਕੇ ਕਾਮਰੇਡ ਅਮਰੀਕ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਉਸ ਦੇ ਇਲਾਕੇ ਰਾਹੋਂ ਰੋਡ ਤੋਂ ਸ਼ੁਰੂ ਕੀਤੀ ਜਾਵੇ। ਬਿਨਾਂ ਕਿਸੇ ਡਰ ਭੈਅ ਦੇ ਉਸ ਨੇ ਸੈਂਕੜੇ ਲੋਕ ਇਕੱਠੇ ਕਰਕੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਜਨ ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹ ਲੁਧਿਆਣਾ ਦੀ ਸ਼ਹਿਰੀ ਕਮੇਟੀ ਦਾ ਮੈਂਬਰ ਰਿਹਾ। ਕੁਝ ਸਮੇਂ ਬਾਅਦ ਪਾਰਟੀ ਨੇ ਕੌਮੀ ਪੱਧਰ ਤੇ ਦੇਸ਼ ਦੇ ਮਸਲਿਆਂ ਨੂੰ ਲੈ ਕੇ ਇੱਕ ਜੱਥਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੋਰਿਆ। ਲੁਧਿਆਣਾ ਪਹੁੰਚਣ ਤੇ ਇਸ ਜੱਥੇ ਦਾ ਬਹੁਤ ਹੀ ਨਿੱਘਾ ਸਵਾਗਤ ਕਰਨ ਲਈ ਬਹੁਤ ਵੱਡੀ ਰੈਲੀ ਕੀਤੀ ਜਿਸ ਵਿੱਚ ਉਸ ਦਾ, ਉਸ ਦੇ ਛੋਟੇ ਭਰਾ ਕੁਲਦੀਪ ਸਿੰਘ ਬਿੰਦਰ, ਸਮੂਹ ਪਰਿਵਾਰ ਅਤੇ ਇਲਾਕੇ ਦੇ ਸਾਰੇ ਲੋਕਾਂ ਦਾ ਵੱਡਾ ਯੋਗਦਾਨ ਸੀ। ਉਸ ਨੇ ਮਾਲੀ ਤੌਰ ਤੇ ਵੀ ਜੱਥੇ ਦੀ ਬਹੁਤ ਸਹਾਇਤਾ ਕੀਤੀ। ਪਾਰਟੀ ਵੱਲ ਕਾਫੀ ਸਮਾਂ ਦੇਣ ਦੇ ਕਾਰਨ ਉਸ ਦੇ ਕੰਮ ਕਾਰ ਤੇ ਮਾੜਾ ਅਸਰ ਪਿਆ। ਉਸ ਨੂੰ ਕਈ ਵਾਰ ਕੰਮ ਦੀ ਜਗ੍ਹਾ ਵੀ ਬਦਲਣੀ ਪਈ, ਪਰ ਔਖਿਆਈਆਂ ਦੀ ਪਰਵਾਹ ਕੀਤੇ ਬਿਨਾਂ ਉਹ ਅੱਗੇ ਵੱਧਦਾ ਗਿਆ। ਪਿਛਲੇ ਕੁਝ ਸਮੇਂ ਤੋਂ ਉਸ ਦੀ ਸਿਹਤ ਕਮਜ਼ੋਰ ਹੋ ਗਈ ਸੀ, ਪਰ ਇਸ ਗਲ ਦਾ ਕਿਸੇ ਨੂੰ ਵੀ ਅਹਿਸਾਸ ਨਹੀਂ ਸੀ ਕਿ ਉਹ ਸਿਰਫ 66 ਸਾਲ ਦੀ ਉਮਰ ਵਿੱਚ ਹੀ ਸਾਨੂੰ ਛੱਡ ਜਾਵੇਗਾ। ਉਹ ਆਪਣੇ ਪਿੱਛੇ ਪਤਨੀ, ਤਿੰਨ ਲੜਕੀਆਂ ਅਤੇ ਦੋ ਲੜਕੇ ਛੱਡ ਗਏ ਹਨ। ਉਨ੍ਹਾਂ ਦੇ ਕੁਰਬਾਨੀਆਂ ਭਰੇ ਜੀਵਨ ਦੀ ਯਾਦ ਸਾਡੇ ਮਨਾਂ ਵਿੱਚ ਹਮੇਸ਼ਾਂ ਹੀ ਤਾਜਾ ਰਹੇਗੀ। ਉਨ੍ਹਾਂ ਦੀ ਯਾਦ ਵਿੱਚ ਅੰਤਮ ਅਰਦਾਸ ਸ੍ਰੀ ਗੁਰੂ ਰਵਿਦਾਸ ਮੰਦਰ, ਬਸਤੀ ਜੋਧੇਵਾਲ, ਲੁਧਿਆਣਾ ਵਿਖੇ 15 ਜੁਲਾਈ ਐਤਵਾਰ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ ।
ਡਾ. ਅਰੁਣ ਮਿੱਤਰਾ
ਮੋਬਾ: 94170-00360
No comments:
Post a Comment