ਬੜੇ ਉਤਸ਼ਾਹ ਨਾਲ ਮਨਾਇਆ ਸ਼ਿਵ ਕੁਮਾਰ ਬਟਾਲਵੀ ਦਾ 82ਵਾਂ ਜਨਮ ਦਿਵਸ
ਬਟਾਲਾ: 23 ਜੁਲਾਈ 2018: (ਪਰੋਫ਼ੈਸਰ ਗੁਰਭਜਨ ਸਿੰਘ ਗਿੱਲ//ਪੰਜਾਬ ਸਕਰੀਨ)::
ਇਥੇ ਕਲਿੱਕ ਕਰਕੇ ਪੀਪਲਜ਼ ਮੀਡੀਆ ਲਿੰਕ ਨਾਲ ਜੁੜੋ |
ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਅੱਜ ਉਸਦੇ 82ਵੇਂ ਜਨਮ ਦਿਨ ਮੌਕੇ ਬਟਾਲਾ ਵਾਸੀਆਂ ਨੇ ਯਾਦ ਕਰਦੇ ਹੋਏ ਉਸਦੇ ਗੀਤ ਗਾ ਕੇ ਉਸਨੂੰ ਸ਼ਰਧਾਂਜਲੀ ਦਿੱਤੀ। ਸੀਨੀਅਰ ਸਿਟੀਜ਼ਨ ਫ਼ੋਰਮ ਵਲੋਂ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ਨੂੰ ਸਪਰਪਿਤ ਬਟਾਲਾ ਦੀ ਧਰਮਪੁਰਾ ਕਲੋਨੀ ਵਿਖੇ ਮਨਮੋਹਨ ਕਪੂਰ ਦੇ ਨਿਵਾਸ ਵਿਖੇ ਇੱਕ ਸਾਹਿਤਕ ਸਮਾਗਮ ਕਰਾਇਆ ਗਿਆ।
ਇਸ ਸਮਾਗਮ ਵਿੱਚ ਸਾਬਕਾ ਰਾਜ ਸਭਾ ਮੈਂਬਰ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਸਹਿਪਾਠੀ ਤੇ ਦੋਸਤ ਭੁਪਿੰਦਰ ਸਿੰਘ ਮਾਨ, ਸ਼ਿਵ ਕੁਮਾਰ ਬਟਾਲਵੀ ਦੇ ਭਤੀਜੇ ਰਾਜੀਵ ਬਟਾਲਵੀ, ਫ਼ੋਰਮ ਦੇ ਪ੍ਰਧਾਨ ਪ੍ਰੋ. ਸੁਖਵੰਤ ਸਿੰਘ ਗਿੱਲ, ਦੇਵਿੰਦਰ ਦੀਦਾਰ, ਸੁਲੱਖਣ ਸਿੰਘ ਗੋਰਾਇਆ, ਸ਼ਰਨਜੀਤ ਸਿੰਘ ਫ਼ਿਦਾ ਬਟਾਲਵੀ, ਕਮਾਂਡਰ ਪ੍ਰਸ਼ੋਤਮ ਸਿੰਘ ਲੱਲੀ, ਮਾਸਟਰ ਰਤਨ ਲਾਲ, ਰਮੇਸ਼ ਸ਼ਰਮਾਂ, ਭਜਨ ਸਿੰਘ ਮਲਕਪੁਰੀ, ਕੁਲਬੀਰ ਸੱਗੂ, ਜਸਵੰਤ ਹਾਂਸ, ਰੇਖਾ ਕਾਂਸਰਾ, ਮੁਨੀਸ਼ ਕਪੂਰ, ਸ਼ੰਮੀ ਕਪੂਰ ਅਤੇ ਵਿਨੋਦ ਸ਼ਾਇਰ ਸ਼ਾਮਿਲ ਹੋਏ।
ਸਮਾਗਮ ਦੇ ਸ਼ੁਰੂ ਵਿੱਚ ਹਾਜ਼ਰੀਨ ਨੇ ਸ਼ਿਵ ਬਟਾਲਵੀ ਦੀ ਤਸਵੀਰ ਉੱਪਰ ਫੁੱਲ ਪੱਤੀਆਂ ਚੜ੍ਹਾ ਕੇ ਉਸਨੂੰ ਆਪਣੀ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਸ਼ਿਵ ਬਟਾਲਵੀ ਨਾਲ ਆਪਣੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਉਨਾਂ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਉਹ ਬੇਸ਼ਕੀਮਤੀ ਹੀਰਾ ਸੀ ਜਿਸਦੀ ਬਟਾਲਾ ਵਾਸੀ ਉਸਦੇ ਜਿਊਂਦੇ ਜੀਅ ਕਦਰ ਨਹੀਂ ਕਰ ਸਕੇ। ਉਨਾਂ ਕਿਹਾ ਕਿ ਸ਼ਿਵ ਬਟਾਲਵੀ ਨੇ ਆਪਣੀ ਲੇਖਣੀ ਨਾਲ ਪੂਰੀ ਦੁਨੀਆ ਵਿੱਚ ਆਪਣੀ ਖਾਸ ਥਾਂ ਬਣਾਈ, ਇਹੀ ਕਾਰਨ ਹੈ ਕਿ ਅੱਜ ਕੁਲ ਆਲਮ ਵਿੱਚ ਉਸਨੂੰ ਚਾਹੁਣ ਵਾਲੇ ਮੌਜੂਦ ਹਨ। ਉਨਾਂ ਕਿਹਾ ਕਿ ਸ਼ਿਵ ਬਟਾਲਵੀ ਪੰਜਾਬੀ ਸਾਹਿਤ ਦੇ ਅੰਬਰ ਦਾ ਉਹ ਧਰੂ ਤਾਰਾ ਹੈ ਜੋ ਰਹਿੰਦੀ ਦੁਨੀਆਂ ਤੱਕ ਚਮਕਦਾ ਰਹੇਗਾ।
ਇਸ ਮੌਕੇ ਪ੍ਰੋ. ਸੁਖਵੰਤ ਸਿੰਘ ਗਿੱਲ ਨੇ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਨੇ ਬਟਾਲੇ ਸ਼ਹਿਰ ਨੂੰ ਪੂਰੀ ਦੁਨੀਆ ਵਿੱਚ ਮਾਣ ਦਿਵਾਇਆ ਹੈ। ਉਨਾਂ ਕਿਹਾ ਕਿ ਸਭ ਤੋਂ ਛੋਟੀ ਉਮਰੇ ਸਾਹਿਤ ਅਕਾਦਮੀ ਦਾ ਐਵਾਰਡ ਹਾਸਲ ਕਰਨ ਵਾਲਾ ਸ਼ਿਵ ਅੱਜ ਵੀ ਸਾਹਿਤ ਪ੍ਰੇਮੀਆਂ ਦੇ ਦਿਲਾਂ ਵਿੱਚ ਰਾਜ ਕਰਦਾ ਹੈ। ਉਨਾਂ ਕਿਹਾ ਕਿ ਸਿਟੀਜ਼ਨ ਫ਼ੋਰਮ ਦੇ ਸਮੂਹ ਮੈਂਬਰ ਅੱਜ ਸ਼ਿਵ ਦੇ ਜਨਮ ਦਿਨ ਮੌਕੇ ਉਸਨੂੰ ਦਿਲੀ ਸ਼ਰਧਾਂਜਲੀ ਭੇਟ ਕਰਦੇ ਹਨ। ਇਸ ਮੌਕੇ ਸ਼ਿਵ ਬਟਾਲਵੀ ਦੇ ਭਤੀਜੇ ਰਾਜੀਵ ਬਟਾਲਵੀ ਨੇ ਆਪਣੇ ਚਾਚਾ ਸ਼ਿਵ ਕੁਮਾਰ ਬਟਾਲਵੀ ਦੇ ਬਾਰੇ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ।
ਇਸ ਦੌਰਾਨ ਉੱਘੇ ਲੋਕ ਗਾਇਕ ਭਜਨ ਮਲਕਪੁਰੀ ਨੇ ਸ਼ਿਵ ਦੇ ਗੀਤਾਂ ਨੂੰ ਗਾ ਕੇ ਉਸਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਦੇਵਿੰਦਰ ਦੀਦਾਰ, ਜਸਵੰਤ ਹਾਂਸ, ਮਾਸਟਰ ਰਤਨ ਲਾਲ, ਕਮਾਂਡਰ ਪ੍ਰੋਸ਼ਤਮ ਲੱਲੀ, ਵਿਨੋਦ ਸ਼ਾਇਰ ਨੇ ਵੀ ਆਪਣੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ।
No comments:
Post a Comment