Fri, Jan 5, 2018 at 7:11 PM
ਇਸ ਪੁਸਤਕ ਵਿੱਚ ਹੈ ਖਟਕੜ ਦੀ ਸ਼ਾਇਰੀ ਵਿੱਚਲੀ ਵੰਗਾਰਮਈ ਸੁਰ
ਦੇਵਿੰਦਰ ਨੌਰਾ ਦੀ ਸੰਪਾਦਕ ਪੁਸਤਕ ਦਰਸ਼ਨ ਖਟਕੜ (ਵਲੈਤ ਨੂੰ 93 ਚਿੱਠੀਆਂ ਅਤੇ ਯਾਦਾਂ) ਨੂੰ ਇਨਕਲਾਬੀ ਆਗੂ ਦੀ ਜ਼ਿੰਦਗੀ ਤੇ ਇਨਕਲਾਬੀ ਲਹਿਰ ਦਾ ਦਸਤਾਵੇਜ਼ ਕਿਹਾ ਜਾ ਸਕਦਾ ਹੈ। ਇਹ ਪੁਸਤਕ ਖਟਕੜ ਦੀ ਜ਼ਿੰਦਗੀ ਨੂੰ ਚਿਤਰਦੀ ਹੋਈ ਇਨਕਲਾਬੀ (ਨਕਸਲਬਾੜੀ) ਲਹਿਰ ਦੇ ਬਹੁ-ਪਸਾਰਾਂ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਪੁਸਤਕ ਰਾਹੀ ਸੰਸਾਰ-ਪੱਧਰੀ ਪ੍ਰਸਥਿਤੀ ਨੂੰ ਜਿੱਥੇ ਸਾਹਮਣੇ ਲਿਆਂਦਾ ਗਿਆ ਹੈ ਉੱਥੇ ਰਾਜਸੀ ਜਥੇਬੰਦਕ ਸੰਘਰਸ਼ਾਂ ਦੀ ਅਹਿਮੀਅਤ ਨੂੰ ਵੀ ਉਭਾਰਿਆ ਗਿਆ ਹੈ। ਸਮਾਜ ਦੇ ਆਰਥਿਕ ਸਮਾਜਿਕ ਪ੍ਰਬੰਧ ਦੀਆਂ ਬਰੀਕੀਆਂ ਨੂੰ ਉਲੀਕਦੀ ਇਹ ਪੁਸਤਕ ਕੌਮੀ/ਕੌਮਾਂਤਰੀ ਪੱਧਰ ਤੇ ਹੋਏ ਲੋਕ-ਘੋਲਾਂ ਦੀ ਸਾਰਥਕਤਾ ਦਾ ਬਿਆਨ ਵੀ ਕਰਦੀ ਹੈ। ਦੇਵਿੰਦਰ ਨੌਰਾ ਨੇ ਦਰਸ਼ਨ ਖਟਕੜ ਦੀ ਜ਼ਿੰਦਗੀ 'ਚ ਦਰਪੇਸ਼ ਮੁਸ਼ਕਿਲਾਂ ਨੂੰ ਅਭਿਵਿਅਕਤ ਕਰਨ ਦੀ ਸਫ਼ਲ ਕੌਸਿ਼ਸ ਕੀਤੀ ਹੈ ਉਥੇ ਦੂਜੇ ਪਾਸੇ ਇਸ ਵਿਚਲੀ ਸੁਰ ਇਕ ਇਨਕਲਾਬੀ ਵਿਅਕਤੀ ਦੇ ਜਜ਼ਬੇ, ਅਕੀਦੇ ਤੇ ਹੌਸਲੇ ਨੂੰ ਪ੍ਰੇਰਨਾਮਈ ਤੌਰ ਤੇ ਉਭਾਰਦੀ ਨਜ਼ਰ ਆਉਂਦੀ ਹੈ। ਇਸ ਪੁਸਤਕ ਦੀ ਪਿੱਠ ਭੂਮੀ ਬਾਰੇ ਦੇਵਿੰਦਰ ਨੌਰਾ ਦਾ ਕਹਿਣਾ ਹੈ ਕਿ ਇਸ ਵਿੱਚਲਾ ਮੰਤਵ ਇਨਕਲਾਬੀ ਪਾਰਟੀ ਦੇ ਕਾਡਰ ਤੇ ਅਗਾਂਹਵਧੂ ਲੇਖਿਕਾਂ ਨੂੰ ਗਿਆਨ ਪ੍ਰਦਾਨ ਕਰਨਾ ਹੈ। ਇੱਕ ਕੁਲਵਕਤੀ ਕਾਮਰੇਡ ਆਪ ਤਾਂ ਪ੍ਰਬੰਧ ਦੀਆਂ ਵਧੀਕੀਆਂ ਸਹਿਣ ਕਰਦਾ ਹੈ ਉਹ ਉਥੇ ਉਸ ਦੇ ਪਰਿਵਾਰ ਨੂੰ ਬਹੁਤ ਕੁੱਝ ਤਿਆਗ ਕਰਨਾ ਪੈਂਦਾ ਹੈ ਕਿਵੇਂ ਉਨਾਂ ਦਾ ਪੁਲੀਸ ਦੀਆਂ ਗਾਲਾਂ, ਗਲੋਚਾਂ ਤੇ ਵਧੀਕੀਆਂ ਨਾਲ ਜ਼ਿਆਦਾ ਮਾਨਸਿਕ ਸੋਸ਼ਣ ਹੁੰਦਾ ਹੈ। "ਮੈਂ ਤੇ ਮੇਰਾ ਮਿੱਤਰ" ਨਿਬੰਧ ਵਿੱਚ ਦੇਵਿੰਦਰ ਨੌਰਾ ਦਰਸ਼ਨ ਖਟਕੜ ਨਾਲ ਹੋਈ ਪਹਿਲੀ ਮੁਲਾਕਾਤ ਨੂੰ ਬਿਆਨਦਾ ਹੋਇਆ ਕਾਮਰੇਡ ਨਾਲ ਜੁੜੀ ਸਦੀਵੀ ਸਾਂਝ ਦੇ ਬਹੁਤ ਸਾਰੇ ਪੱਖਾਂ ਨੂੰ ਦ੍ਰਿਸ਼ਟਮਾਨ ਕਰਦਾ ਹੈ। ਇਸ ਤਹਿਤ ਇੱਕ ਵਿਦਿਆਰਥੀ, ਇੱਕ ਖਿਡਾਰੀ, ਇੱਕ ਅਧਿਆਪਕ, ਸਾਹਿਤਕ ਨੇਤਾ ਤੇ ਇਨਕਲਾਬੀ ਬਣਨ ਤੱਕ ਪਹੁੰਚਾਉਣ ਲਈ ਦਰਸ਼ਨ ਖਟਕੜ ਦੀ ਲਗਨ, ਮਿਹਨਤ, ਤਿਆਗੀ ਬਿਰਤੀ ਆਦਿ ਕਈ ਪਹਿਲੂਆਂ ਨੂੰ ਪਾਠਕਾਂ ਸਾਹਮਣੇ ਲਿਆਂਦਾ ਗਿਆ ਹੈ। ਇਸ ਵਿੱਚ ਕਾਮਰੇਡ ਦੇ ਜੀਵਨ ਵਿਕਾਸ ਦੇ ਨਾਲ ਨਾਲ ਬੌਧਿਕ ਵਿਕਾਸ ਤੇ ਵਿਚਾਰਧਾਰਕ ਵਿਕਾਸ ਪਿੱਛੇ ਪਏ ਹੋਏ ਵਿਸ਼ਵ ਇਨਕਲਾਬੀ ਸਾਹਿਤ, ਪ੍ਰਗਤੀਵਾਦੀ ਸਾਹਿਤ ਪ੍ਰਗਤੀਵਾਦੀ ਤੇ ਜੁਝਾਰੂ ਵਿਅਕਤੀਆਂ ਦੇ ਸੰਗ ਨੂੰ ਬਾਖੂਬੀ ਨਾਲ ਪ੍ਰਗਟਾਇਆ ਗਿਆ ਹੈ। ਇਸ ਵਿਚਲੇ ਪਹਿਲੇ ਨਿਬੰਧ ਦੀ ਖ਼ਾਸੀਅਤ ਇਸ ਪੱਖੋਂ ਵੀ ਝਲਕਦੀ ਹੈ ਇਸ ਵਿੱਚ ਨਕਸਲਵਾੜੀ ਲਹਿਰ ਪਿਛੇ ਪਏ ਕਾਰਨ, ਉਸ ਸਮੇਂ ਦੀ ਸਥਿਤੀ, ਲਹਿਰ ਦੇ ਕਾਰਕੁਨਾਂ ਦੀਆਂ ਗਤੀਵਿਧੀਆਂ, ਪੁਲਿਸ ਦੀ ਕੁੱਟ ਮਾਰ, ਝੂਠੇ ਮੁਕਾਬਲੇ ਆਦਿ ਦਾ ਜ਼ਿਕਰ ਵੀ ਮਿਲਦਾ ਹੈ। ਬਹੁਤ ਸਾਰੀਆਂ ਘਟਨਾਵਾਂ ਦਾ ਇਸ ਵਿੱਚ ਜਿ਼ਕਰ ਹੈ ਜਿਵੇਂ ਦਰਸ਼ਨ ਖਟਕੜ ਨੇ ਆਪਣੇ ਕਾਲਜ ਵਿੱਚ ਪੰਜਾਬ ਸਟੂਡੈਂਟ ਯੂਨੀਅਨ, ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਰਨ ਲਈ ਕਿਸ ਤਰ੍ਹਾਂ ਵਿਚਾਰਧਾਰਕ ਤੇ ਸਿਆਣਪ ਨਾਲ ਇਨਕਲਾਬ ਦਾ ਰਾਹ ਉਲੀਕਿਆ। ਉਥੇ ਕਾਮਰੇਡ ਨੇ ਅੰਡਰ ਗਰਾਂਉੂਂਡ ਹੋਣ ਦੇ ਬਾਵਜੂਦ ਵੀ ਆਪਣੇ ਵਕਤ ਨੂੰ ਇਨਕਲਾਬ ਦੇ ਲੇਖੇ ਲਾਇਆ ਬਹੁਤ ਸਾਰੀਆਂ ਮੀਟਿੰਗਾਂ ਕਰਵਾ ਕੇ ਨੌਜਵਾਨਾਂ/ਵਿਦਿਆਰਥੀਆਂ ਨੂੰ ਸਮਾਜ ਦੀ ਮੌਜੁਦਾ ਸਥਿਤੀ ਬਾਰੇ ਜਾਣੂ ਕਰਵਾਉਂਦਿਆਂ ਇਸ ਕਰੂਰ ਪ੍ਰਬੰਧ ਨੂੰ ਬਦਲਣ ਦੀ ਦਿਸ਼ਾ ਵੀ ਦੱਸੀ। ਦਰਸ਼ਨ ਖਟਕੜ ਦੀ ਭੂਮਿਕਾ ਜਥੇਬੰਦਕ ਸੰਘਰਸ਼ਾਂ ਵਿੱਚ ਮੂਹਰਲੀ ਕਤਾਰ ਭੂਮਿਕਾ ਵੀ ਨਜ਼ਰ ਆਉਂਦੀ ਹੈ। ਉਸ ਦੀ ਸ਼ਖਸੀਅਤ ਵਿੱਚੋਂ ਝਲਕਦੇ ਹੌਸਲੇ, ਦ੍ਰਿੜ ਇਰਾਦੇ ਤੇ ਵਿਚਾਰਧਾਰਿਕ ਪਰਿਪੱਕਤਾ ਦੇ ਬਹੁਤ ਸਾਰੇ ਅੰਸ਼ ਜਿਥੇ ਉਨਾਂ ਦੀਆਂ ਗਤੀਵਿਧੀਆਂ ਵਿੱਚੋਂ ਉਘੜਦੇ ਹਨ ਉਥੇ ਉਸ ਦੀ ਸ਼ਾਇਰੀ ਵਿਚਲੇ ਦ੍ਰਿੜ ਸੰਕਲਪ ਇਸ ਪੁਸਤਕ ਦੇ ਕੈਨਵਸ 'ਚ ਇੱਕ ਜੁਝਾਰਵਾਦੀ ਰਾਹਾਂ ਦੀ ਮੂੰਹ ਬੋਲਵੀਂ ਤਸਵੀਰ ਵੀ ਬਣਾਉਂਦੇ ਹਨ ਜਿਵੇਂ ਪ੍ਰਤੀਰੋਧੀ ਸੁਰ ਜੇਲ੍ਹ ਦੀ ਸ਼ੀਖਾਂ ਅੰਦਰ ਕੈਦ ਹੋਣ ਤੋਂ ਮੁਕਤ ਰਹੀ। ਕਾਮਰੇਡ ਇੰਟਰੋਗੇਸ਼ਨ ਸੈਂਟਰ ਅੰਮ੍ਰਿਤਸਰ ਵਿੱਚ ਤਰ੍ਹਾਂ ਤਰ੍ਹਾਂ ਦੇ ਤਸ਼ੱਦਦ ਸਹਿੰਦਿਆਂ ਵੀ ਆਪਣੇ ਹੌਂਸਲੇ ਤੇ ਅਟੱਲ ਰਿਹਾ। ਇਸ ਪੁਸਤਕ ਵਿੱਚ ਖਟਕੜ ਦੀ ਸ਼ਾਇਰੀ ਵਿੱਚਲੀ ਵੰਗਾਰਮਈ ਸੁਰ ਜਿਥੇ ਰਾਜਸੀ ਪ੍ਰਬੰਧ ਸਾਹਵੇਂ ਅੜਦੀ ਹੈ ਉਥੇ ਜੇਲ੍ਹਾਂ ਵਿੱਚ ਹੰਢਾਈ ਜ਼ਿੰਦਗੀ ਦੇ ਅਨੁਭਵਾਂ ਨੂੰ ਵੀ ਇੱਕ ਖਾਸ ਸਪੇਸ ਪ੍ਰਦਾਨ ਕਰਦੀ ਹੈ।
ਇੰਟੈਰੋਗੇਸ਼ਨ ਸੈਂਟਰ ਦਾ ਜੁਲਮ
ਬਹੁਤ ਸੰਭਾਲ ਹੇਠਾਂ ਜਾ ਰਹੇ ਨੇ ਏਥੇ ਹੈਜੇ਼ ਦੇ ਜੁਰਮ
ਸਾਨੂੰ ਖੁਆਏ ਜਾਣਗੇ
ਤਾਂ ਜੋ ਸਾਨੂੰ ਆਣ ਕੈਂਆ
ਆਪਣੇ ਮਲ ਵਿੱਚ ਅਸੀ ਭਰਸ਼ਟ ਹੋ ਜਾਈਏ
ਕੋਹਜ ਦੀ ਪ੍ਰਦਰਸ਼ਨੀ ਸਾਡਾ ਤਨ ਹੋ ਨਿਬੜੇ।
ਇਸ ਪੁਸਤਕ ਵਿਚਲੀ ਲੋਕ-ਪੱਖੀ ਧੁਨੀ ਜਿਥੇ ਲੁੱਟ ਦੇ ਸਮਾਜ ਨੂੰ ਬਦਲਣ ਲਈ ਮਨੁੱਖ ਨੂੰ ਪ੍ਰੇਰਦੀ ਹੈ ਇਸ ਵਿਚਲੀਆਂ 93 ਚਿੱਠੀਆਂ ਵਿੱਚੋਂ ਉਭਰਦੀ ਸੁਰ ਸਿਰਫ ਸਾਥੀਆਂ ਦੀਆਂ ਇੱਕ ਦੂਜੇ ਨਾਲ ਆਮ ਗੱਲਾਂ ਉੱਤੇ ਕੇਂਦਰਿਤ ਨਹੀ ਬਲਕਿ ਇਸ ਵਿੱਚੋਂ ਵਿਚਾਰਾਂ ਦਾ ਅਦਾਨ ਪ੍ਰਦਾਨ, ਸਮਾਜਿਕ ਸਮੱਸਿਆਵਾਂ, ਲੋਕ ਮੰਗਾਂ, ਪਾਰਟੀ ਦੇ ਅੰਦਰੂਨੀ ਤੇ ਬਾਹਰੀ ਕਈ ਮਸਲੇ ਝਲਕਦੇ ਹਨ। ਇਨਾਂ ਚਿੱਠੀਆਂ ਵਿੱਚੋਂ ਜੇਕਰ ਉੱਤਮ ਪੁਰਖ, ਮੱਧਮ ਪੁਰਖ ਜਾਂ ਅਨਯ ਪੁਰਖ ਵਿਚਲੀ ਕੋਈ ਵਾਰਤਾਲਾਪ/ ਜਾਂ ਜੁੜੀ ਹੋਈ ਘਟਨਾ ਸਾਹਮਣੇ ਆਉਂਦੀ ਵੀ ਹੈ ਤਾਂ ਉਸ ਦਾ ਪਰਿਪੇਖ ਵੀ ਆਰਥਿਕ-ਸਮਾਜਿਕ ਵਰਤਾਰਾ ਹੀ ਹੁੰਦਾ ਹੈ। ਇਹ ਚਿੱਠੀਆਂ ਦੇਵਿੰਦਰ ਨੌਰਾ, ਦਰਸ਼ਨ ਖਟਕੜ ਜਾਂ ਹੋਰ ਸਾਕ ਸਬੰਧੀਆਂ ਨਾਲ ਸਬੰਧਿਤ ਹਨ। ਜਿਨਾਂ ਵਿਚਲੇ ਪਰਿਵਾਰਕ ਰਿਸ਼ਤੇ ਨਾਤੇ ਜਾਂ ਮਾਨਸਿਕਤਾ ਦੀ ਪਰਤ ਕਿਧਰੇ ਵੀ ਸਮਾਜਕ, ਵਿਚਾਰਧਾਰਕ ਪੱਖ ਵਿਚਲੇ ਸੰਤੁਲਨ ਨੂੰ ਡਾਵਾਂਡੋਲ ਨਹੀ ਹੋਣ ਦਿੰਦੀ। ਇਸ ਪੁਸਤਕ ਵਿਚਲੀ ਵਿਲੱਖਣਤਾ ਇਹ ਵੀ ਝਲਕਦੀ ਹੈ ਕਿ ਇਸ ਵਿਚਲੀ ਚਿੰਤਨ ਮੁਖੀ ਧੁਨੀ ਪੂਰਵ ਪੂੰਜੀਵਾਦੀ ਮੁਲਕ ਵਿਚਲੇ ਆਰਥਿਕ, ਸਮਾਜਕ, ਧਾਰਮਿਕ, ਸਿਆਸੀ ਕਈ ਪੱਖਾਂ ਨੂੰ ਸਾਹਮਣੇ ਲਿਆਉਂਦੀ ਹੋਈ ਪਾਠਕਾਂ ਨੂੰ ਹਲੂਣਨ ਦੀ ਸ਼ਕਤੀ ਰੱਖਦੀ ਹੈ। ਸਮਾਜਕ ਰਿਸ਼ਤਿਆਂ ਨਾਲੋ ਵਿਚਾਰਧਾਰਕ ਰਿਸ਼ਤਿਆਂ ਵਿਚਲੀ ਸੰਵੇਦਨਸ਼ੀਲਤਾ, ਗਹਿਰ ਗੰਭੀਰਤਾ ਤੇ ਪਕਿਆਈ ਇਸ ਪੁਸਤਕ ਵਿੱਚੋਂ ਵਾਰ ਵਾਰ ਉਘੜਦੀ ਹੈ। ਇਸ ਰਚਨਾ ਦੇ ਦੂਜੇ ਭਾਗ ਵਿੱਚ ੋਯਾਦਾਂ ਦਰਸ਼ਨ ਖਟਕੜ ਦੀਆਂ 10 ਪਰਤਾਂ ਵਿੱਚ ਲਿਖੀਆਂ ਹੋਈਆਂ ਹਨ ਜਿਸ ਵਿੱਚ ਪਰਿਵਾਰਕ ਸਮੱਸਿਆਵਾਂ ਤਹਿਤ ਇਨਕਲਾਬੀ ਜੀਵਨ ਵਿੱਚ ਹੋਈ ਹਲਚਲ, ਇੱਕ ਸੰਵੇਦਨਸ਼ੀਲ ਕਵੀ ਦੀ ਮਨੋਦਸ਼ਾ ਤੇ ਇੱਕ ਸੰਘਰਸ਼ਸੀਲ ਯੋਧੇ ਦੇ ਹੋਸਲੇ ਦੀ ਬੁਲੰਦੀ ਇਸ ਪੁਸਤਕ ਵਿੱਚ ਨਿਵੇਕਲੀ ਥਾਂ ਪ੍ਰਾਪਤ ਕਰਦੀ ਹੈ ਇਹ ਸਾਰੀਆਂ ਮਿੱਠੀਆਂ, ਕੌੜੀਆਂ ਯਾਦਾਂ ਕਾਮਰੇਡ ਖਟਕੜ ਦੀ ਆਪਣੀ ਅਨੁਭਵੀ ਸਿਰਜਣਾ ਹੈ। ਉਨਾਂ ਨੇ ਜਿ਼ੰਦਗੀ ਦੀਆਂ ਇਹਨਾਂ ਤਲਖ਼ ਹਕੀਕਤਾਂ ਦੇ ਸਨਮੁੱਖ ਹੁੰਦਿਆਂ ਜੋ ਕੁਝ ਪਿੰਡੇ ਤੇ ਹੰਢਾਇਆ ਉਸ ਹਕੀਕਤ ਨੂੰ ਵਾਰਤਕ ਸ਼ੈਲੀ ਰਾਹੀਂ ਪਾਠਕਾਂ ਦੇ ਸਨਮੁੱਖ ਕੀਤਾ ਹੈ। ਕ੍ਰਾਂਤੀ ਦੇ ਬੀਜ/ਖ਼ਤਰੇ ਉਲਝਣਾਂ, ਉਮੀਦਾਂ ਦੇ ਦਿਨੋ ਨਿਬੰਧ ਛੋਟੀ ਕਿਰਸਾਨੀ ਦੇ ਦੁਖਾਂਤ ਨੂੰ ਉਲਕਦਾ ਹੈ ਕਿ ਜਦੋਂ ਮਨੁੱਖ ਦੇ ਸੁਪਨਿਆਂ ਦਾ ਘਾਣ ਹੁੰਦਾ ਹੈ ਜਾਂ ਤਾਂ ਉਸ ਸਾਹਵੇਂ ਨਿਰਾਸ਼ਾ ਪ੍ਰਗਟਦੀ ਹੈ ਤੇ ਜਾਂ ਗੁੱਸਾ। ਕੁਝ ਲੋਕ ਅਜਿਹੇ ਹਾਲਾਤ ਨਾਲ ਸਿੰਝਣਾ ਜਾਣਦੇ ਹਨ ਜੋ ਬੇਵਸੀ ਦੀ ਪੀੜ ਨੂੰ ਲਿਤਾੜਦੇ ਹੋਏ ਨਵੇਂ ਰਾਹਾਂ ਦੀ ਤਲਾਸ਼ ਕਰਦਿਆਂ ਆਪਣੇ ਅੰਦਰਲੇ ਰੋਸੇ ਨੂੰ ਵਿਸਫ਼ੋਟਕ ਸਮੱਗਰੀ ਚ ਬਦਲ ਦਿੰਦੇ ਹਨ। ਇਹ ਵਿਸਫ਼ੋਟਕ ਜੇਕਰ ਠੀਕ ਨਿਰਧਾਰਤ ਕਰੇ ਤਾਂ ਸਮਾਜ ਵਿੱਚ ਲੋਕ ਸੰਘਰਸ਼ਾਂ ਦਾ ਰਾਹ ਪੱਧਰਾ ਹੁੰਦਾ ਹੈ। ਦਰਸ਼ਨ ਖਟਕੜ ਨੂੰ ਸਰਕਾਰੀ ਦਮਨ, ਲੁੱਟ, ਅਮੀਰੀ ਦੀ ਚੜ੍ਹਤ, ਅਫ਼ਸਰਸ਼ਾਹੀ ਦੇ ਡੰਡੇ ਦਾ ਰੋਹਬ ਤੇ ਦੂਜੇ ਪਾਸੇ ਅੱਤ ਦੀ ਮਿਹਨਤ ਦੇ ਬਾਵਜੂਦ ਘਰ ਦੀ ਆਰਥਿਕਤਾ ਦਾ ਨਾਂ ਸੁਧਰਨਾ ਬਹੁਤ ਬੇਚੈਨ ਕਰਦਾ ਸੀ। ਇਸੇ ਲਈ ਉਸ ਨੇ ਇਨਕਲਾਬ ਦਾ ਰਾਹ ਚੁੱਣਿਆ। ਵਿਦਿਆਰਥੀ ਲਹਿਰ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਬੁੱਧ ਅਤੇ ਪਰਪੱਕ ਵਿਦਿਆਰਥੀ ਆਗੂ ਦਰਸ਼ਨ ਸਿੰਘ ਬਾਗ਼ੀ ਅਤੇ ਉਨਾਂ ਦੇ ਸਾਥੀਆਂ ਦੀਆਂ ਮੁਲਾਕਾਤਾਂ ਨੇ ਖਟਕੜ ਦੀ ਸੋਚ ਨੂੰ ਬਹੁਤ ਪ੍ਰਭਾਵਿਤ ਕੀਤਾ। ਜੋ ਇਸ ਨਿਬੰਧ ਦੇ ਜ਼ਰੀਏ ਵੇਖਿਆ ਜਾ ਸਕਦਾ ਹੈ। ਅਜਾਰੇਦਾਰ ਸਰਮਾਏਦਾਰੀ, ਜਗੀਰਦਾਰ ਤੇ ਸਾਮਰਾਜਵਾਦ ਦੇ ਗਠਜੋੜ ਦਾ ਅਸਲ ਮੁਹਾਂਦਰਾ ਭਾਰਤ ਦੇ ਰਾਜਸੀ ਪ੍ਰਬੰਧ ਵਿੱਚੋਂ ਕਿਵੇਂ ਝਲਕਦਾ ਹੈ ਦੇਸ਼ ਅਰਧ ਬਸਤੀ ਅਤੇ ਅਰਧ ਜਗੀਰੂ ਕਿਵੇਂ ਹੈ? ਦੇਸ਼ ਵਿਚਲੀ ਲੁੱਟ-ਖਸੁੱਟ, ਗੁਰਬ਼ਤ, ਬੇਕਾਰੀ, ਪਿਛੜੇਵੇਂ, ਜਾਤ ਪਾਤ ਅਤੇ ਫਿ਼ਰਕਾਪ੍ਰਸਤੀ ਦਾ ਕੀ ਅਧਾਰ ਹੈ? ਇਹਨਾਂ ਸੁਆਲਾਂ ਨੂੰ ਹੱਲ ਕਰਨ ਦਾ ਰਾਹ ਕੀ ਹੈ? ਅਜਿਹੇ ਬਹੁਤ ਸਾਰੇ ਪ੍ਰਸ਼ਨਾਂ ਦਾ ਉੱਤਰ ਇਸ ਪੁਸਤਕ ਵਿੱਚੋਂ ਮਿਲਦਾ ਹੈ। ਪੰਜਾਬ ਵਿੱਚ ਨਕਸਲਬਾੜੀ ਲਹਿਰ ਕਿਵੇਂ ਪੈਦਾ ਹੋਈ? ਇਸ ਲਹਿਰ ਵਿੱਚ ਸ਼ਾਮਲ ਹੋਣ ਨਾਲ ਕਿਸ ਕਿਸ ਤਰਾਂ ਦੇ ਜ਼ੁਲਮ ਦਾ ਸਿ਼ਕਾਰ ਹੋਣਾ ਪਿਆ। ਕਿਸ ਤਰ੍ਹਾਂ ਇਨਕਲਾਬੀ ਸਾਥੀ ਜੇਲ੍ਹਾਂ ਵਿੱਚ ਕੈਦ ਹੋਏ? ਜ਼ਿੰਦਗੀ ਦੇ ਨਾਲ ਨਾਲ ਮੌਤ ਵੀ ਕਿਵੇਂ ਤੁਰਦੀ ਰਹੀ? ਜੇਲ੍ਹ ਦੇ ਅੰਦਰੂਨੀ ਪ੍ਰਬੰਧ ਦਾ ਯਥਾਰਥਮੁੱਖੀ ਚਿਤਰਨ ਇਸ ਵਿੱਚ ਮਿਲਦਾ ਹੈ। ਇਹ ਸਮੁੱਚਾ ਘੱਟਨਾਕਰਮ ਇਸ ਪੁਸਤਕ ਦੇ ਚੌਖਟੇ ਵਿੱਚੋ ਨਜ਼ਰ ਆਉਂਦਾ ਹੈ। ਕਾਮਰੇਡ ਖਟਕੜ ਨੇ ਆਪਣੇ ਜਵਾਨ ਪੁੱਤ ਦੇ ਚਲੇ ਜਾਣ ਦਾ ਦੁੱਖ ਤੇ ਜੀਵਨ ਵਿੱਚ ਸਾਥ ਬਣ ਕੇ ਤੁਰੀ ਉਨਾਂ ਦੀ ਪਤਨੀ ਅਰੁਣੇਸ਼ਵਰ ਕੌਰ ਦੀ ਭਿਅੰਕਰ ਬੀਮਾਰੀ ਸੰਗ ਕੀਤੀ ਲੜਾਈ ਦਾ ਜਿ਼ਕਰ ਵੀ ਇਸ ਪੁਸਤਕ ਵਿੱਚੋਂ ਮਿਲਦਾ ਹੈ। ਇਹ ਪੁਸਤਕ ਨਿਰੋਲ ਜੀਵਨੀ ਜਾਂ ਸਵੈ ਜੀਵਨੀ ਨਹੀ ਬਲਕਿ ਸਮਾਜ ਦੇ ਬਹੁਪੱਖੀ ਮਸਲਿਆਂ ਨੂੰ ਲੈ ਕੇ ਮਨੁੱਖੀ ਮਾਨਸਿਕਤਾ ਦੇ ਝੰਜੋੜੇ ਜਾਣ ਦੇ ਕਈ ਦ੍ਰਿਸ਼ਾਂ ਦਾ ਪ੍ਰਗਟਾਵਾ ਕਰਦੀ ਹੈ ਨਾਲੋ ਨਾਲ ਸਿਰੜੀ ਇਨਕਲਾਬੀ ਉਸ ਵਿੱਚੋਂ ਨਿਕਲਣ ਦਾ ਰਾਹ ਕਿਵੇਂ ਅਖਤਿਆਰ ਕਰਦਾ ਹੈ, ਉਸ ਬਾਰੇ ਇਸ ਪੁਸਤਕ ਵਿੱਚੋਂ ਅਹਿਮ ਜਾਣਕਾਰੀ ਮਿਲਦੀ ਹੈ ਜੋ ਇਸ ਪੁਸਤਕ ਦਾ ਹਾਸਲ ਹੈ। ਇਸ ਸਾਰਥਕ ਉਪਰਾਲੇ ਲਈ ਦੇਵਿੰਦਰ ਨੌਰਾ ਮੁਬਾਰਕ ਦਾ ਹੱਕਦਾਰ ਹੈ। ਇਹ ਪੁਸਤਕ ਲੋਕ ਪੱਖੀ ਰਾਹਾਂ ਤੇ ਤੁਰਨ ਵਾਲਿਆਂ ਲਈ ਇਕ ਚਿਣਗ ਪੈਦਾ ਕਰਦੀ ਹੈ। --ਅਰਵਿੰਦਰ ਕੌਰ ਕਾਕੜਾ
No comments:
Post a Comment