ਖਰੜ ਅਦਾਲਤ ਵਲੋਂ ਦਿੱਤੇ ਗਏ ਹੁਕਮ
ਚੰਡੀਗੜ੍ਹ: 2 ਅਗਸਤ 2017: (ਪੰਜਾਬ ਸਕਰੀਨ ਬਿਊਰੋ)::
ਸਿਆਸੀ ਸਿੱਖ ਬੰਦੀਆਂ ਵੱਲੋਂ ਕਾਨੂੰਨੀ ਜੰਗ ਜਾਰੀ ਹੈ। ਬਹੁਤ ਸਾਰੀਆਂ ਔਕੜਾਂ ਦੇ ਬਾਵਜੂਦ ਇਸ ਜੰਗ ਨੂੰ ਬੜੇ ਠਰੰਮੇ ਅਤੇ ਸਿਦਕ ਨਾਲ ਲੜਿਆ ਜਾ ਰਿਹਾ ਹੈ। ਸਿਆਸੀ ਸਿੱਖ ਬੰਦੀ ਭਾਈ ਜਗਤਾਰ ਸਿੰਘ ਹਵਾਰਾ ਨੇ ਆਪਣੇ ਪੈਂਡਿੰਗ (ਬਚੇ ਹੋਏ) ਕੇਸਾਂ ਦੀ ਸਥਿਤੀ ਜਾਣਨ ਲਈ ਖਰੜ ਅਦਾਲਤ ‘ਚ ਪਹੁੰਚ ਕੀਤੀ ਸੀ।
ਇਸ ਸਬੰਧ ਵਿੱਚ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਮੀਡੀਆ ਨੂੰ ਦੱਸਿਆ ਕਿ ਖਰੜ ਪੁਲਿਸ ਨੇ ਭਾਈ ਹਵਾਰਾ ‘ਤੇ 15/6/2005 ਨੂੰ ਐਫ.ਆਈ.ਆਰ. ਨੰ: 144 ਤਹਿਤ ਇਕ ਕੇਸ ਦਰਜ ਕੀਤਾ ਸੀ। ਇਸ ਕੇਸ ਵਿਚ ਅਸਲਾ ਐਕਟ ਦੀ ਧਾਰਾ 25, ਧਮਾਕਾਖੇਜ਼ ਸਮੱਗਰੀ (ਬਰੂਦ) ਦੀ ਧਾਰਾ 4/5 ਲਾਈ ਗਈ ਸੀ। ਪਰ ਕੇਸ ਦਰਜ ਹੋਣ ਤੋਂ ਬਾਅਦ ਨਾ ਭਾਈ ਹਵਾਰਾ ਨੂੰ ਇਸ ਕੇਸ ਵਿਚ ਕਦੇ ਗ੍ਰਿਫਤਾਰ ਕੀਤਾ ਗਿਆ ਨਾ ਹੀ ਕਦੇ ਇਸ ਕੇਸ ‘ਚ ਭਾਈ ਹਵਾਰਾ ਦੀ ਕੋਈ ਅਦਾਲਤੀ ਕਾਰਵਾਈ ਹੋਈ। ਇਸ ਕੇਸ ਵਿਚ 4 ਹੋਰ ਸਿੱਖਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿਚ ਭਾਈ ਜਗਤਾਰ ਸਿੰਘ ਹਵਾਰਾ ਤੋਂ ਇਲਾਵਾ ਰਮਿੰਦਰ ਸਿੰਘ, ਸਵਰਨ ਸਿੰਘ, ਗੁਰਦੀਪ ਸਿੰਘ ਰਾਣਾ ਅਤੇ ਪਰਮਜੀਤ ਸਿੰਘ ਦੇ ਨਾਂ ਹਨ। ਮਿਤੀ 5/8/2005 ਨੂੰ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਕਰਵਾਉਣ ਲਈ ਪ੍ਰੋਡਕਸ਼ਨ ਵਾਰੰਟ ਸਬੰਧਤ ਅਦਾਲਤ ਵਲੋਂ ਲਏ ਗਏ ਸਨ ਪਰ ਭਾਈ ਹਵਾਰਾ ਨੂੰ ਇਸ ਕੇਸ ਵਿਚ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਕੇਸ ਦੀ ਸਥਿਤੀ ਰਿਪੋਰਟ ਲਈ ਜੱਜ ਏਕਤਾ ਉੱਪਲ (ਜੁਡੀਸ਼ੀਅਲ ਮਜਿਸਟ੍ਰੇਟ ਪਹਿਲਾ ਦਰਜਾ) ਦੀ ਅਦਾਲਤ ਵਿਚ ਅਰਜ਼ੀ ਦਾਖਲ ਕੀਤੀ ਗਈ ਸੀ। ਜੱਜ ਮਿਸ ਏਕਤਾ ਉੱਪਲ ਨੇ ਇਸ ਲਈ ਮੁਕੱਦਮੇ ਦੀ ਕਾਰਵਾਈ ਅੱਗੇ ਚਲਾਉਣ ਲਈ ਭਾਈ ਜਗਤਾਰ ਸਿੰਘ ਹਵਾਰਾ ਨੂੰ 19 ਅਗਸਤ ਨੂੰ ਖਰੜ ਅਦਾਲਤ ‘ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ 1 ਮਾਰਚ, 2017 ਨੂੰ ਇਸ ਕੇਸ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੀ ਲੋੜ ਹੈ ਜਾਂ ਨਹੀਂ ਜਾਣਨ ਲਈ ਅਦਾਲਤ ਵਿਚ ਅਰਜ਼ੀ ਲਾਈ ਸੀ। ਅਦਾਲਤ ਵਲੋਂ ਥਾਣਾ ਖਰੜ ਦੀ ਪੁਲਿਸ ਨੂੰ ਇਸ ਕੇਸ ਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦੇਣ ‘ਤੇ 1 ਅਪ੍ਰੈਲ, 2017 ਨੂੰ ਐਸ.ਐਚ.ਓ. ਖਰੜ ਵਲੋਂ ਰਿਪੋਰਟ ਕੀਤੀ ਗਈ ਕਿ ਉਕਤ ਮੁਕੱਦਮਾ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੀ ਲੋੜ ਹੈ ਅਤੇ ਰਿਪੋਰਟ ਮੁਤਾਬਕ ਪੁਲਿਸ ਵਲੋਂ ਸਬ ਡਵੀਜ਼ਨ ਜੁਡੀਸ਼ਲ ਮੈਜਿਸਟ੍ਰੇਟ ਖਰੜ ਏਕਤਾ ਉੱਪਲ ਨੂੰ ਭਾਈ ਹਵਾਰਾ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਕੇ ਉਕਤ ਕੇਸ ਨੂੰ ਚਾਲੂ ਕਰਨ ਦੀ ਮੰਗ ਕੀਤੀ ਗਈ ਸੀ।
No comments:
Post a Comment