Sat, May 20, 2017 at 4:49 PM
ਫੌਰਟਿਸ ਹਸਪਤਾਲ ਵਿੱਚ ਸਫ਼ਲ ਅਪਰੇਸ਼ਨ ਹੋਣ ’ਤੇ ਖੁਸ਼ੀ ਦਾ ਇਜ਼ਹਾਰ
ਜਲੰਧਰ: 20 ਮਈ 2017: (ਪੰਜਾਬ ਸਕਰੀਨ ਬਿਊਰੋ)::
ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਿੱਚ ਸਾਰੀ ਉਮਰ ਲਾਉਣ ਵਾਲੇ ਪ੍ਰੋਫੈਸਰ ਅਜਮੇਰ ਸਿੰਘ ਔਲਖ ਪ੍ਰਤੀ ਲੋਕਾਂ ਦੇ ਦਿਲਾਂ ਵਿੱਚ ਵੀ ਅਥਾਹ ਪਿਆਰ ਅਤੇ ਸਤਿਕਾਰ ਹੈ। ਉਹਨਾਂ ਦੇ ਹਸਪਤਾਲ ਦਾਖਿਲ ਹੋਣ ਦੀ ਖਬਰ ਆਉਂਦਿਆਂ ਹੀ ਸਾਰੇ ਲੋਕ ਪੱਖੀ ਹਲਕਿਆਂ ਵਿੱਚ ਚਿੰਤਾ ਦੀ ਇੱਕ ਲਹਿਰ ਦੌੜ ਗਈ। ਜਦੋਂ ਪ੍ਰੋ. ਅਜਮੇਰ ਸਿੰਘ ਔਲਖ ਦਾ ਫੌਰਟਿਸ ਹਸਪਤਾਲ ਮੋਹਾਲੀ ਵਿਖੇ ਸਫ਼ਲ ਅਪਰੇਸ਼ਨ ਹੋਣ ਅਤੇ ਸਿਹਤਯਾਬੀ ਦੀ ਖਬਰ ਆਈ ਤਾਂ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
ਪਰ ਇਸ ਸਾਰੇ ਘਟਨਾਕ੍ਰਮ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਪੂਰੀ ਤਰ੍ਹਾਂ ਸੁਚੇਤ ਰਹੀ ਕਿ ਅਜੇ ਹੋਰ ਵੱਡੇ ਖਰਚੇ ਆਉਣ ਵਾਲੇ ਹਨ। ਅਜਿਹੀ ਸਥਿਤੀ ਵਿੱਚ ਪ੍ਰੋਫੈਸਰ ਔਲਖ ਦਾ ਪਰਿਵਾਰ ਖੁਦ ਨੂੰ ਇੱਕਲਿਆਂ ਮਹਿਸੂਸ ਨਾ ਕਰੇ ਇਸ ਲਈ ਕਮੇਟੀ ਨੇ ਅਹਿਮ ਐਲਾਨ ਕੀਤਾ ਕਿ ਅਸੀਂ ਇਸ ਮੌਕੇ ਔਲਖ ਪਰਿਵਾਰ ਦੇ ਨਾਲ ਹਾਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ, ਮੰਨੇ ਪ੍ਰਮੰਨੇ ਪ੍ਰਤੀਬੱਧਤ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਜਲਦੀ ਸਿਹਤਯਾਬੀ ਲਈ ਸ਼ੁੱਭ ਕਾਮਨਾਵਾਂ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਪ੍ਰੋ. ਅਜਮੇਰ ਸਿੰਘ ਔਲਖ ਦੇ ਵਡੇਰੇ ਪਰਿਵਾਰ ਦਾ ਅੰਗ ਹੁੰਦਿਆਂ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦਾ ਅਹਿਦ ਲਿਆ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਕਾਮਰੇਡ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਕੈਂਸਰ ਤੋਂ ਪੀੜਿਤ ਅਤੇ ਅਸਹਿ ਪੀੜਾ ਝਲਦੇ ਆ ਰਹੇ ਪ੍ਰੋ. ਅਜਮੇਰ ਸਿੰਘ ਔਲਖ ਦਾ ਫੌਰਟਿਸ ਹਸਪਤਾਲ ਮੋਹਾਲੀ ਵਿਖੇ ਸਫ਼ਲ ਅਪਰੇਸ਼ਨ ਹੋਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਪਰਿਵਾਰ ਵੱਲੋਂ ਪਹਿਲ ਦੇ ਆਧਾਰ ’ਤੇ ਅਜੇ ਆਪ ਸਾਰਾ ਖਰਚਾ ਕਰਦੇ ਆਉਣ ਦੀ ਦਿਖਾਈ ਸੂਝ ਬੂਝ ਅਤੇ ਸਮਰਪਨ ’ਤੇ ਮਾਣ ਮਹਿਸੂਸ ਕਰਦਿਆਂ ਪਰਿਵਾਰ ਨੂੰ ਵਿਸ਼ਵਾਸ਼ ਦੁਆਇਆ ਹੈ ਕਿ ਕਮੇਟੀ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਾ ਆਪਣਾ ਫਰਜ਼ ਸਮਝੇਗੀ।
ਉਨ੍ਹਾਂ ਦੱਸਿਆ ਕਿ ਪ੍ਰੋ. ਅਜਮੇਰ ਸਿੰਘ ਔਲਖ ’ਤੇ ਆ ਰਹੇ ਵੱਡੇ ਖ਼ਰਚਿਆਂ ਦੇ ਮੱਦੇਨਜ਼ਰ ਜਦੋਂ ਵੀ ਉਨ੍ਹਾਂ ਦਾ ਜੱਦੀ ਪਰਿਵਾਰ ਵਿਸ਼ੇਸ਼ ਆਰਥਿਕ ਮਦਦ ਲਈ ਲੋੜ ਮਹਿਸੂਸ ਕਰੇਗਾ ਤਾਂ ਦੇਸ਼ ਭਗਤ ਯਾਦਗਾਰ ਕਮੇਟੀ ਹੋਰਨਾਂ ਲੋਕ-ਪੱਖੀ ਸੰਸਥਾਵਾਂ ਸਮੇਤ ਡਟਵੀਂ ਮਦਦ ਕਰਨ ਦਾ ਆਪਣਾ ਫਰਜ਼ ਅਦਾ ਕਰੇਗੀ। ਦੇਸ਼ ਭਗਤ ਯਾਦਗਾਰ ਕਮੇਟੀ ਦਾ ਇਹ ਐਲਾਨ ਜਿੱਥੇ ਲੋਕ ਪੱਖੀ ਕਲਾਕਾਰਾਂ ਦੇ ਮਨੋਬਲ ਨੂੰ ਵਧਾਵੇਗਾ ਉੱਥੇ ਇਸ ਗੱਲ ਦੀ ਪ੍ਰੇਰਨਾ ਵੀ ਦੇਵੇਗਾ ਕਿ ਅਸੀਂ ਲੋਕ ਪੱਖੀ ਸ਼ਖਸੀਅਤਾਂ ਦੀ ਸਾਂਭ ਸੰਭਾਲ ਦੇ ਕਾਰਜਾਂ ਵਾਲੇ ਫ਼ੰਡ ਵਿੱਚ ਕੋਈ ਕਮੀ ਨਾ ਆਉਣ ਦੇਈਏ।
No comments:
Post a Comment