Saturday, April 01, 2017

ਮੇਰੇ ਹਿੱਸੇ ਦੇ ਬਾਬਾ ਬਿਲਗਾ ਜੀ--*ਗੁਰਮੀਤ

ਉਨ੍ਹਾਂ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਵਿਰੁੱਧ ਡਟ ਕੇ ਆਵਾਜ਼ ਉਠਾਈ
ਬਾਬਾ ਬਿਲਗਾ ਜੀ ਨੂੰ ਅਸੀਂ ਕੁਝ ਮਿੱਤਰ 1970-71 ਲਾਇਲਪੁਰ ਖ਼ਾਲਸਾ ਕਾਲਜ ਪੜ੍ਹਨ ਸਮੇਂ ਕਦੇ-ਕਦੇ ਦੇਸ਼ ਭਗਤ ਯਾਦਗਾਰ ਹਾਲ ’ਚ ਸਟੂਡੈਂਟਸ ਫੈਡਰੇਸ਼ਨ ਦੀਆਂ ਮੀਟਿੰਗਾਂ ਸਮੇਂ ਹਾਲ ’ਚ ਵੇਖਦੇ ਪਰ ਉਨ੍ਹਾਂ ਨਾਲ ਗੱਲਬਾਤ ਕਰਨ ਤੇ ਮਿਲਣ ਦਾ ਮੌਕਾ 1972-73 ’ਚ ਮਿਲਿਆ ਜਦੋਂ ਮੈਂ ਰੋਜ਼ਾਨਾ ਨਵਾਂ ਜ਼ਮਾਨਾ ਪਰਿਵਾਰ ਵਿਚ ਕੁਲਵਕਤੀ ਦੇ ਤੌਰ ਤੇ ਕੰਮ ਕਰਨ ਲੱਗ ਪਿਆ। ਪਰ ਬਾਬਾ ਜੀ ਨਾਲ ਇਹ ਮਿਲਣ ਦੇ ਮੌਕੇ ਬਹੁਤ ਸੰਖੇਪ ਹੁੰਦੇ। ਕਿਸੇ ਖ਼ਬਰ ਜਾਂ ਕੋਈ ਉਥੇ ਹੋ ਰਹੀ ਮੀਟਿੰਗ ਦੀ ਜਾਣਕਾਰੀ ਲੈਣ ਤੱਕ ਸੀਮਤ ਹੁੰਦੇ। ਪਰ ਮੈਨੂੰ ਯਾਦ ਹੈ ਕਿ 29 ਜੁਲਾਈ 1982 ਦਾ ਦਿਨ ਸੀ ਜਦੋਂ ਸਾਨੂੰ ‘ਨਵਾਂ ਜ਼ਮਾਨਾ’ ’ਚ ਕਾਮਰੇਡ ਸੋਹਨ ਸਿੰਘ ਜੋਸ਼ ਜੀ ਦੇ ਦੇਹਾਂਤ ਦੀ ਖ਼ਬਰ ਮਿਲੀ। ਉਸ ਵੇਲੇ ਮੇਰੀ ਡਿਊਟੀ ਦੇਸ਼ ਭਗਤ ਯਾਦਗਾਰ ਹਾਲ ਜਾ ਕੇ ਬਾਬਾ ਬਿਲਗਾ ਨੂੰ ਇਹ ਇਤਲਾਹ ਦੇਣ ਦੀ ਲੱਗੀ। ਜਦੋਂ ਮੈਂ ਦੇਸ਼ ਭਗਤ ਯਾਦਗਾਰ ਬਾਬਾ ਜੀ ਨੂੰ ਮਿਲਿਆ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਖ਼ਬਰ ਮਿਲ ਚੁੱਕੀ ਸੀ। ਉਹ ਬਹੁਤ ਗੰਭੀਰ ਮੁਦਰਾ ’ਚ ਬੈਠੇ ਸਨ। ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਨ੍ਹਾਂ ਦੁਨੀ ਚੰਦ (ਦੇਸ਼ ਭਗਤ ਹਾਲ ਦਾ ਕੇਅਰ ਟੇਕਰ) ਨੂੰ ਆਵਾਜ਼ ਮਾਰੀ ਤੇ ਨਾਲ ਹੀ ਮੇਰਾ ਹੱਥ ਫੜ ਕੇ ਹਾਲ ਦੇ ਨਾਲ ਪੁਰਾਣੀ ਕੋਠੀ ਵੱਲ (ਜਿੱਥੇ ਹੁਣ ਵੱਡੀ ਸਟੇਜ ਤੇ ਖੁੱਲ੍ਹਾ ਸਟੇਡੀਅਮ ਹੈ) ਚਲ ਪਏ। ਉਨ੍ਹਾਂ ਦੱਸਿਆ ਕਿ ਜੋਸ਼ ਹੁਣਾਂ ਦੇ ਕਮਰੇ ’ਚ ਉਨ੍ਹਾਂ ਦਾ ਟਰੰਕ ਪਿਆ ਹੈ ਇਸ ’ਚ ਉਨ੍ਹਾਂ ਦਾ ਸਾਮਾਨ ਹੈ। ਕਮਰੇ ਦੀ ਚਾਬੀ ਨਾ ਮਿਲਣ ਤੇ ਦੁਨੀ ਚੰਦ ਨੇ ਹਥੋੜੇ ਨਾਲ ਤਾਲਾ ਤੋੜਿਆ ਤੇ ਫਿਰ ਅੰਦਰ ਪਏ ਟਰੰਕ ਦਾ ਤਾਲਾ ਤੋੜਿਆ ਤੇ ਉਸ ਦੇ ਅੰਦਰ ਤਹਿ ਕਰਕੇ ਰੱਖੇ ਇਕ ਕੁੜਤੇ ਪਜਾਮੇ ਦੇ ਉੱਪਰ ਜੋਸ਼ ਹੁਣਾਂ ਦੇ ਹੱਥ ਦੀ ਲਿਖੀ ਵਸੀਅਤ ਵਾਲਾ ਬਿਨਾ ਤਹਿ ਕੀਤਾ ਕਾਗਜ਼ ਪਿਆ ਸੀ। ਬਾਬਾ ਜੀ ਨੇ ਵਸੀਅਤ ਚੁੱਕੀ ਤੇ ਮੇਰੇ ਹੱਥ ਫੜਾਉਂਦਿਆ ਕਿਹਾ ਕਿ ਇਸ ਨੂੰ ਨਵਾਂ ਜ਼ਮਾਨਾ ’ਚ ਜ਼ਰੂਰ ਛਾਪ ਦੇਣਾ (ਮੈਨੂੰ ਮਹਿਸੂਸ ਹੋਇਆ ਕਿ ਬਾਬਾ ਜੀ ਨੂੰ ਵਸੀਅਤ ਬਾਰੇ ਪਹਿਲਾਂ ਹੀ ਪਤਾ ਸੀ) ਨਾਲ ਉਨ੍ਹਾਂ ਦੇ ਕੱਪੜੇ ਫੜਾਉਂਦਿਆ ਕਿਹਾ ਕਿ ਇਹ ਉਨ੍ਹਾਂ ਦੇ ਪਿੰਡ ਅੱਜ ਹੀ ਭੇਜ ਦਿਓ...!
ਜਨਵਰੀ 1991 ਨੂੰ ‘ਨਵਾਂ ਜ਼ਮਾਨਾ’ ਛੱਡ ਦਿੱਤਾ ਤੇ ਉਸ ਵੇਲੇ ਸਾਡੀ ਮਿੱਤਰ ਮੰਡਲੀ ਦਾ ਡੇਰਾ ਦੇਸ਼ ਭਗਤ ਹਾਲ ਦੇ ਬਾਹਰਲੇ ਗੇਟ ਦੇ ਨਾਲ ਹਰਮੀਤ ਔਜਲਾ ਦੇ ਦਫ਼ਤਰ ’ਚ ਹੁੰਦਾ... ਤੇ ਫਿਰ ਉਥੋਂ ਹੀ ਸ਼ੁਰੂ ਹੋਇਆ ‘ਮੇਲਾ ਗ਼ਦਰੀ ਬਾਬਿਆਂ ਦਾ’। ਕਾਮਰੇਡ ਨੌਨਿਹਾਲ ਤੇ ਬਾਬਾ ਜੀ ਦੀ ਅਗਵਾਈ ’ਚ ਪਹਿਲਾ ਮੇਲਾ 23-24 ਸਤੰਬਰ 1992 ਨੂੰ ਸ਼ੁਰੂ ਹੋਇਆ। ਮੇਲੇ ਦੀ ਸ਼ੁਰੂਆਤ ਦਾ ਬਾਬਾ ਜੀ ਦੇ ਚਿਹਰੇ ’ਤੇ ਅਲੌਕਿਕ ਨੂਰ ਸੀ ਜਿਵੇਂ ਉਨ੍ਹਾਂ ਦੇ ਮਨ ਦੀ ਕੋਈ ਚਿਰਾਂ ਤੋਂ ਪਈ ਖਾਹਿਸ਼ ਪੂਰੀ ਹੋਈ ਹੋਵੇ... ਉਦੋਂ ਤੋਂ ਹੀ ਦੇਸ਼ ਭਗਤ ਹਾਲ ਮੇਰਾ ਘਰ ਬਣ ਗਿਆ... 2009 ਤੱਕ... ਬਾਬਾ ਜੀ ਦਾ ਦਿਨ-ਰਾਤ ਸਾਥ ਮਾਣਿਆ। ਬਹੁਤ ਕੁਝ ਉਨ੍ਹਾਂ ਤੋਂ ਸਿਖਿਆ। ਮੈਂ ਤੇ ਹਰਮੀਤ ਉਨ੍ਹਾਂ ਦੇ ਸਭ ਤੋਂ ਵੱਧ ਲਾਡਲੇ ਪੁੱਤ ਸੀ... ਸਾਡੀ ਸ਼ਾਮ ਵੇਲੇ ਦੀ ਮਹਿਫ਼ਲ ਤੋਂ ਵੀ ਕਈ ਵਾਰ ਸਾਨੂੰ ਮਿੱਠਾ ਜਿਹਾ ਝਿੜਕਦੇ ਵੀ ਸੀ... ਤੇ ਕਦੇ-ਕਦੇ ਮੈਂ ਤੇ ਹਰਮੀਤ ਬਾਬਾ ਜੀ ਨਾਲ ਅੰਦਰ ਵੜ ਕੇ ਦੋ ਘੁੱਟ ਲਾ ਕੇ ਪਾਲੂ ਤੋਂ ਮੱਠੀ ਲਿਆ ਕੇ ਮੂੰਹ ਸਲੂਣਾ ਵੀ ਕਰ ਲੈਂਦੇ ਸੀ। ਅਸੀਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਹਿੱਸੇ ਸਾਂ। ਉਹ ਸਾਡੇ ਨਾਲ ਆਪਣੀ ਘਰੇਲੂ ਜ਼ਿੰਦਗੀ ਦੀਆਂ ਸਭ ਗੱਲਾਂ ਸਾਂਝੀਆਂ ਕਰ ਲੈਂਦੇ ਸਨ। ਹਾਲ ’ਚ ਕੋਈ ਅਖ਼ਬਾਰ ਵਾਲਾ, ਕੋਈ ਟੀ.ਵੀ. ਚੈਨਲ ਵਾਲਾ ਇੰਟਰਵਿਊ ਕਰਨ ਆਉਂਦਾ ਤਾਂ ਇਹ ਸਭ ਦਾ ਪ੍ਰਬੰਧ ਮੇਰੇ ਜ਼ਿੰਮੇ ਹੀ ਹੁੰਦਾ। ਦੇਸ਼ ਭਗਤ ਹਾਲ ਵਿਚਲਾ ‘‘ਮਿਊਜ਼ੀਅਮ’’ ਬਾਬਾ ਜੀ ਦੀ ਹੀ ਸੋਚ ਦਾ ਨਤੀਜਾ ਸੀ। ਮੇਲੇ ਤੋਂ ਪਹਿਲਾਂ ਗ਼ਦਰੀ ਸ਼ਹੀਦਾਂ ਦੀਆਂ ਫੋਟੋਆਂ ਹਾਲ ਦੇ ਅੰਦਰ ਲਾਬੀ ਦੀ ਪੜਛੱਤੀ ਨਾਲ ਹੀ ਟੰਗੀਆਂ ਹੁੰਦੀਆਂ ਸਨ। ਪਰ ਪਹਿਲੇ ਮੇਲੇ ਦੇ ਨਾਲ ਹੀ ਬਕਾਇਦਾ ਮਿਊਜ਼ੀਅਮ ਬਨਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਕੰਮ ’ਚ ਕਾਮਰੇਡ ਗੰਧਰਵ ਸੈਨ ਜੀ ਨੇ ਵੀ ਬਹੁਤ ਮੱਦਦ ਕੀਤੀ। 
ਉਮਰ ਦੇ ਇੱਕ ਸੌ ਦੋ ਵਰ੍ਹੇ ਤੱਕ ਵੀ ਬਾਬਾ ਜੀ ਦੀ ਯਾਦਾਸ਼ਤ ਪੂਰੀ ਤਰ੍ਹਾਂ ਕਾਇਮ ਸੀ। ਭਾਵੇਂ ਅਖੀਰਲੇ ਸਮੇਂ ਉਹ ਇੰਗਲੈਂਡ ਵਿੱਚ ਆਪਣੇ ਪੁੱਤਰਾਂ ਪਾਸ ਸਨ, ਪਰ ਦੇਸ਼ ਭਗਤ ਯਾਦਗਾਰ ਹਾਲ ਨਾਲ ਉਨ੍ਹਾਂ ਦਾ ਰੋਜ਼ਾਨਾ ਸੰਪਰਕ ਸੀ। ਅਖੀਰਲੇ ਵੇਲੇ ਵੀ ਉਹ ਕਾਮਰੇਡ ਚਰੰਜੀ ਲਾਲ ਵੱਲੋਂ ਲਿਖੀ ਗ਼ਦਰੀ ਸ਼ਹੀਦ ਮਾਸਟਰ ਊਧਮ ਸਿੰਘ ਕਸੇਲ ਜੀ ਦੀ ਜੀਵਨੀ ਸੁਣ ਰਹੇ ਸਨ, ਜਿਹੜੀ ਬਾਬਾ ਜੀ ਦੇ ਹੀ ਉੱਦਮ ਸਦਕਾ ਦੇਸ਼ ਭਗਤ ਯਾਦਗਾਰ ਕਮੇਟੀ ਨੇ ਪ੍ਰਕਾਸ਼ਤ ਕੀਤੀ ਸੀ। 
ਬਾਬਾ ਜੀ ਨਾਲ ਮੇਰਾ ਇਹ ਲੰਮਾ ਸਬੰਧ ਉਨ੍ਹਾਂ ਦੀ ਦੇਹ ਨੂੰ ਅੰਮਿ੍ਰਤਸਰ ਏਅਰਪੋਰਟ ’ਤੇ ਰਸੀਵ ਕਰਨ, ਉਸਨੂੰ ਮਾਤਮੀ ਜਲੂਸ ਦੀ ਸ਼ਕਲ ਵਿਚ ਦੇਸ਼ ਭਗਤ ਯਾਦਗਾਰ ਹਾਲ ਵਿਖੇ ਲੋਕਾਂ ਦੇ ਦਰਸ਼ਨਾਂ ਲਈ ਰੱਖਣ ਅਤੇ ਇਸ ਤੋਂ ਉਪਰੰਤ ਇਸ ਵਡੇਰੇ ਮਾਤਮੀ ਜਲੂਸ ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਸਨ। ਦੇਸ਼ ਭਗਤ ਹਾਲ ਤੋਂ ਪਿੰਡ ਬਿਲਗਾ ਵਿਚਲੇ ਬਾਬਾ ਜੀ ਦੇ ਨਿੱਜੀ ਘਰ ਵਿਚ ਕੁਝ ਸਮਾਂ ਰੱਖਣ ਉਪਰੰਤ ਸਿਵਿਆਂ ’ਚ ਅਗਨ ਭੇਟ ਕਰਨ ਅਤੇ ਫਿਰ ਉਨ੍ਹਾਂ ਦੀਆਂ ਅਸਥੀਆਂ ਨੂੰ ਹੁਸੈਨੀਵਾਲਾ ਵਿਖੇ ਦਰਿਆ ਸਤਲੁਜ ਵਿੱਚ ਜਲ ਪ੍ਰਵਾਹ ਕਰਨ ਤੱਕ ਨਿਭਿਆ ਹੈ। ਮੈਨੂੰ ਇਸ ਸੋਗ ਭਰੇ ਮਾਹੌਲ ਵਿਚ ਵੀ ਇਹ ਦੇਖ ਕੇ ਸਕੂਨ ਮਿਲਦਾ ਰਿਹਾ ਸੀ ਕਿ ਏਅਰਪੋਰਟ ਤੋਂ ਦੇਸ਼ ਭਗਤ ਹਾਲ ਜਲੰਧਰ ਤੱਕ ਅਤੇ ਜਲੰਧਰ ਤੋਂ ਬਿਲਗੇ ਤੱਕ ਅਨੇਕਾਂ ਥਾਵਾਂ ’ਤੇ ਲੋਕ ਬਾਬਾ ਜੀ ਦੇ ਦਰਸ਼ਨਾਂ ਲਈ ਵਡੇਰੀ ਗਿਣਤੀ ਵਿਚ ਜੁੜਦੇ ਰਹੇ ਅਤੇ ਕਾਫ਼ਲਾ ਵਧਦਾ ਗਿਆ। ਇਸੇ ਤਰ੍ਹਾਂ ਉਨ੍ਹਾਂ ਦੀਆਂ ਅਸਥੀਆਂ ਦਾ ਕਾਫਲਾ ਵੀ ਅਨੇਕ ਥਾਵਾਂ ਤੇ ਵਡੇਰੀ ਗਿਣਤੀ ਵਿੱਚ ਜੁੜੇ ਲੋਕਾਂ ਨੇ ਸਤਿਕਾਰ ਨਾਲ ਰੋਕਿਆ ਤੇ ਹੁਸੈਨੀਵਾਲੇ ਤੱਕ ਨਾਲ ਚੱਲਦੇ ਰਹੇ। 
... ਬਾਬਾ ਜੀ ਇੱਕ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਨੂੰ ਗ਼ਦਰ ਪਾਰਟੀ ਦਾ ਆਖਰੀ ਚਿਰਾਗ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਜਿੱਥੇ ਸਾਰੀ ਉਮਰ ਦੇਸ਼ ਦੀ ਆਜ਼ਾਦੀ, ਕਿਰਤੀਆਂ ਦੇ ਹੱਕਾਂ ਅਤੇ ਜਬਰ-ਜ਼ੁਲਮ ਵਿਰੁੱਧ ਚੱਲੀਆਂ ਲਹਿਰਾਂ ਵਿਚ ਸਰਗਰਮੀ ਨਾਲ ਹਿੱਸਾ ਲਿਆ, ਜੇਲ੍ਹਾਂ ਵੀ ਕੱਟੀਆਂ, ਉੱਥੇ ਉਹ ਦੇਸ਼ ਨੂੰ ਸਾਮਰਾਜੀ ਜੂਲ਼ੇ ਤੋਂ ਮੁਕਤ ਕਰਾਉਣ ਲਈ ਗ਼ਦਰ ਪਾਰਟੀ ਦੇ ਮਹਾਨ ਸੂਰਬੀਰਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਲਿਖਣ, ਸਾਂਭਣ ਅਤੇ ਇਸ ਨੂੰ ਅਗਲੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ-ਸਰੋਤ ਬਣਾਉਣ ਲਈ ਲਗਾਤਾਰ ਯਤਨ ਕਰਦੇ ਰਹੇ। ਗ਼ਦਰੀ ਸ਼ਹੀਦਾਂ ਦੀ ਸੂਹੀ ਲਾਟ ਦੇਸ਼ ਭਗਤ ਯਾਦਗਾਰ ਹਾਲ ਵੀ ਬਾਬਾ ਗੁਰਮੁੱਖ ਸਿੰਘ ਲਲਤੋਂ ਦੇ ਨਾਲ ਬਾਬਾ ਭਗਤ ਸਿੰਘ ਬਿਲਗਾ ਜੀ ਦੇ ਯਤਨਾਂ ਦੀ ਹੀ ਦੇਣ ਹੈ, ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਅੱਜ ਇਹ ਯਾਦਗਾਰ ਉਸ ਸੂਹੇ ਸੰਗਰਾਮ ਦਾ ਇਤਿਹਾਸ ਸਮੋਈ ਖੜ੍ਹੀ ਹੈ। 
ਬਾਬਾ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਵੱਲੋਂ ਕੀਤੇ ਸੰਘਰਸ਼ਾਂ ਬਾਰੇ ਕਿਤਾਬੀ ਰੂਪ ਅਤੇ ਲੇਖਾਂ ’ਚ ਬਹੁਤ ਕੁਝ ਲਿਖਿਆ ਜਾ ਰਿਹਾ ਹੈ। ਅੱਜ ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹੋਏ ਬਾਬਾ ਜੀ ਵੱਲੋਂ ਆਪਣੀ ਸਮਝ ਅਤੇ ਸੋਚ ਬਾਰੇ ਉਨ੍ਹਾਂ ਵੱਲੋਂ 2002 ’ਚ ਆਪ ਲਿਖਿਆ ਸੁਨੇਹਾ ਸਾਂਝਾ ਕਰ ਰਹੇ ਹਾਂ:
‘‘ਪਿਛਲੇ 72 ਸਾਲ ਤੋਂ ਮੈਂ ਰਾਜਨੀਤਕ ਪਿੜ ਵਿੱਚ ਆਪਣਾ ਹਿੱਸਾ ਪਾਉਂਦਾ ਆਇਆ ਹਾਂ। 1930 ਤੋਂ ਅੱਜ ਤੱਕ ਨਿਰੰਤਰ ਮੇਰੀ ਰਾਜਸੀ ਜ਼ਿੰਦਗੀ ਦੀ ਨਿਰਭਰਤਾ ਗ਼ਦਰ ਪਾਰਟੀ ਦੀ ਦੇਣ ਹੈ। ਭਾਵੇਂ ਮੇਰੇ ਪਿੰਡ ਬਿਲਗੇ ਦੇ ਸਿਆਸੀ ਜੀਵਨ ਤੇ ਅੰਗਰੇਜ਼ੀ ਹਕੂਮਤ ਦੇ ਖਿਲਾਫ਼ ਘੋਲਾਂ ਦਾ ਮੇਰੇ ’ਤੇ ਪਹਿਲੋਂ ਹੀ ਅਸਰ ਸੀ। ਕਰਜ਼ੇ ਹੇਠ ਦੱਬੇ ਆਮ ਨੌਜਵਾਨ, ਕਰਜ਼ੇ ਦੀ ਸੱਟ ਹੇਠੋਂ ਨਿਕਲਣ ਲਈ ਵਿਦੇਸ਼ਾਂ ਨੂੰ ਜਾਂਦੇ ਸਨ। ਮੈਂ ਵੀ ਇਸੇ ਕਾਰਨ ਵਿਦੇਸ਼ ਨੂੰ ਗਿਆ ਸਾਂ। ਪਰ ਗ਼ਦਰ ਪਾਰਟੀ ਦੀ ਸਿੱਖਿਆ ਲੈਣ ਮਗਰੋਂ ਕਰਜ਼ਾ ਲਾਹੁਣ ਦੀ ਬਜਾਏ ਇਨਕਲਾਬ ਲੈ ਕੇ ਦੇਸ਼ ਨੂੰ ਪਰਤ ਆਇਆ ਸਾਂ। ਅੰਡਰ ਗਰਾਊਂਡ ਜ਼ਿੰਦਗੀ ਬਤੀਤ ਕੀਤੀ। ਖੁੱਲ੍ਹੇ ਮੈਦਾਨ ਵਿੱਚ ਬੁਲਾਰੇ ਦੇ ਤੌਰ ’ਤੇ ਵੀ ਕੰਮ ਕੀਤਾ। ‘ਲਾਲ ਢੰਡੋਰਾ’ ਗੁਪਤ ਅਖ਼ਬਾਰ ਦਾ ਐਡੀਟਰ ਵੀ ਰਿਹਾ। ਜੇਲ੍ਹਾਂ ਤੇ ਨਜ਼ਰਬੰਦੀਆਂ ਵੀ ਕੱਟੀਆਂ, ਪਰ ਸਭ ਤੋਂ ਅਹਿਮ ਮੇਰੇ ਅਖ਼ੀਰਲੇ ਦੋ ਦਹਾਕਿਆਂ ਦੇ ਸਾਲ ਹਨ, ਜਿਸ ਵਿਚ ਮੈਨੂੰ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਧੰਨਵਾਦੀ ਹਾਂ ਦੇਸ਼ ਭਗਤਾਂ ਦਾ, ਜਿਨ੍ਹਾਂ ਮੈਨੂੰ ਹਰ ਮੌਕੇ ਸਫ਼ਲ ਹੋਣ ’ਚ ਸਹਾਇਤਾ ਦਿੱਤੀ। ਇਸ ਮੌਕੇ ਅਨੇਕਾਂ ਵਿਅਕਤੀਆਂ ਨਾਲ ਵਾਹ ਪਿਆ ਅਤੇ ਜੋ ਮੇਰੀ ਜ਼ਿੰਦਗੀ ਦੇ ਸਾਂਝੀਵਾਲ ਬਣੇ, ਉਨ੍ਹਾਂ ਨੂੰ ਮੈਂ ਭੁਲਾ ਨਹੀਂ ਸਕਦਾ। ਤਕਰੀਬਨ 70 ਸਾਲ ਦੀ ਉਮਰ ਵਿੱਚ ਬਹੁਤ ਉਤਰਾਅ ਚੜ੍ਹਾਅ ਦੇਖੇ। ਕੁਝ ਕੀਤਾ, ਕੁਝ ਨਾ ਕਰ ਸਕਿਆ। ਮੇਰੀ ਜ਼ਿੰਦਗੀ ਮੇਰੇ ਲੋਕਾਂ ਦੇ ਸਾਹਮਣੇ ਇੱਕ ਖੁੱਲ੍ਹੀ ਕਿਤਾਬ ਵਾਂਗ ਹੈ। ਜੋ ਨਾ ਕਰ ਸਕਿਆ ਉਸ ’ਤੇ ਮੈਨੂੰ ਮੁਆਫ਼ ਕਰ ਦੇਣਾ ਤੇ ਜੋ ਕਰ ਸਕਿਆ, ਉਸ ਨੂੰ ਘੋਖ ਕੇ ਸਹੀ-ਗ਼ਲਤ ਹੋਣ ਦਾ ਅਧਿਕਾਰ ਤੁਹਾਨੂੰ ਦਿੰਦਾ ਹਾਂ...!’’
ਜਿੱਥੇ ਬਾਬਾ ਜੀ ਕਿਰਤੀਆਂ ਦੇ ਹੱਕਾਂ ਲਈ ਚੱਲੇ ਸੰਘਰਸ਼ਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਓਥੇ ਉਨ੍ਹਾਂ ਹਰ ਤਰ੍ਹਾਂ ਫਿਰਕਾਪ੍ਰਸਤੀ ਵਿਰੁੱਧ ਡਟ ਕੇ ਆਵਾਜ਼ ਉਠਾਈ, ਭਾਵੇਂ ਉਹ ਸ਼ਿਵ ਸੈਨਿਕਾਂ ਦੀ ਗੁੰਡਾਗਰਦੀ ਸੀ ਜਾਂ ਉਹ ਖ਼ਾਲਿਸਤਾਨੀ ਦਹਿਸ਼ਤਗਰਦੀ ਦਾ ਦੌਰ ਸੀ, ਉਨ੍ਹਾਂ ਦਲੇਰੀ ਨਾਲ ਉਨ੍ਹਾਂ ਵਿਰੁੱਧ ਸੰਘਰਸ਼ ਕੀਤਾ ਅਤੇ ਉਹ ਇਨ੍ਹਾਂ ਵੱਖਵਾਦੀ ਤਾਕਤਾਂ ਵਿਰੁੱਧ ਗ਼ਦਰ ਲਹਿਰ ਦੀ ਵਿਚਾਰਧਾਰਾ ਲੈ ਕੇ ਮੈਦਾਨ ਵਿਚ ਨਿੱਤਰੇ। ਅੱਜ ਇੱਕ ਅਪ੍ਰੈਲ 2017 ਨੂੰ ਉਨ੍ਹਾਂ ਦੇ ਜਨਮਦਿਨ ਨਾਲ ਸਬੰਧਿਤ ਸਮਾਗਮ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕਰਕੇ ਦੇਸ਼ ਭਗਤ ਯਾਦਗਾਰ ਕਮੇਟੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੇਗੀ।
*ਸਾਥੀ ਗੁਰਮੀਤ, ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਜਨਰਲ ਸਕੱਤਰ ਹਨ। 

No comments: