Thu, Mar 30, 2017 at 3:24 PM
ਵਿਸ਼ੇਸ਼ ਆਯੋਜਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ
ਲੁਧਿਆਣਾ: 30 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬੀ ਸਾਹਿਤ ਦੀਆਂ ਰਚਨਾਵਾਂ ਬਹੁਤ ਅਰਥਪੂਰਨ ਵੀ ਹਨ ਅਤੇ ਸੁਰੀਲੀਆਂ ਵੀ। ਇਹਨਾਂ ਵਿੱਚ ਵੀ ਪੂਰਾ ਸੰਗੀਤ ਹੁੰਦਾ ਹੈ। ਪੰਜਾਬ ਦੇ ਕਾਲੇ ਦਿਨਾਂ ਦੌਰਾਨ ਇਸ ਤਰਾਂ ਦਾ ਬਹੁਤ ਕੁਝ ਭੁੱਲ ਭੁਲਾ ਗਿਆ ਸੀ। ਕਲਾ, ਸਾਹਿਤ ਅਤੇ ਥਿਏਟਰ ਦੀ ਉਹ ਗੱਡੀ ਉਹਨਾਂ ਦਿਨਾਂ ਵਿੱਚ ਪੱਟੜੀ ਤੋਂ ਅਜਿਹੀ ਉੱਤਰੀ ਕਿ ਮੁੜ ਕੇ ਦੁਬਾਰਾ ਉਹ ਗੱਲ ਨਾ ਬਣ ਸਕੀ। ਉਹਨਾਂ ਕਾਲੇ ਦਿਨਾਂ ਨੇ ਇੱਕ ਖੜੋਤ ਜਿਹੀ ਲੈ ਆਂਦੀ ਸੀ। ਜਦੋਂ ਉਹ ਖੜੋਤ ਟੁੱਟੀ ਤਾਂ ਇਹਨਾਂ ਸੰਸਥਾਵਾਂ ਦੀ ਇੱਕਜੁੱਟਤਾ ਟੁੱਟ ਚੁੱਕੀ ਸੀ। ਬਹੁਤ ਸਾਰੇ ਨਾਮਵਰ ਕਲਮਕਾਰ ਸ਼ਹੀਦ ਕਰ ਦਿੱਤੇ ਗਏ। ਬਹੁਤ ਸਾਰੇ ਪੁਲਿਸ ਜਬਰ ਦਾ ਸ਼ਿਕਾਰ ਬਣੇ। ਬਹੁਤ ਸਾਰੇ ਆਰਥਿਕ ਕਮਜ਼ੋਰੀਆਂ ਨੇ ਨਿਗਲ ਲਏ। ਕਾਲੇ ਦਿਨਾਂ ਦਾ ਇਹ ਇਹ ਨੁਕਸਾਨ ਕਦੇ ਨਾ ਪੂਰਾ ਕੀਤਾ ਜਾ ਸਕਣ ਵਾਲਾ ਘਾਟਾ ਸੀ ਪਰ ਪੰਜਾਬੀ ਸਾਹਿਤ ਅਕਾਦਮੀ ਵਰਗੀਆਂ ਕਈ ਸੰਸਥਾਵਾਂ ਨੇ ਇਸ ਚੁਣੌਤੀ ਨੂੰ ਕਬੂਲ ਕੀਤਾ। ਪੰਜਾਬੀ ਸਾਹਿਤ ਦੇ ਸੁਰੀਲੇਪਨ ਦੇ ਉਸ ਅਹਿਸਾਸ ਨੂੰ ਪੰਜਾਬੀ ਭਵਨ ਦੇ ਮੰਚ 'ਤੇ ਸਰੋਤਿਆਂ ਸਾਹਮਣੇ ਲਿਆਉਣ ਦਾ ਉਪਰਾਲਾ ਕਾਫੀ ਦੇਰ ਤੋਂ ਜਾਰੀ ਹੈ।
ਇਸ ਮਕਸਦ ਨੂੰ ਸਾਹਮਣੇ ਰੱਖ ਕੇ ਹੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਸੁਰਮਈ ਸ਼ਾਮ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਾਰ 1 ਅਪ੍ਰੈਲ ਨੂੰ ਸ਼ਾਮ 6.30 ਵਜੇ 5 ਲਾਈਨਜ਼ (ਪੀ.ਏ.ਯੂ. ਅਤੇ ਗ.ਅ.ਦ.ਵ.ਅ.ਸ.ਯੂ. ਦੇ ਵਿਦਿਆਰਥੀਆਂ ਦਾ ਰੌਕ ਬੈਂਡ) ਦੇ ਨਾਲ ਪੰਜਾਬੀ ਭਵਨ ਵਿਖੇ ਸੁਰਮਈ ਸ਼ਾਮ ਮਨਾਈ ਜਾਵੇਗੀ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਅਕਾਡਮੀ ਵੱਲੋਂ ਸਰੋਤਿਆਂ ਨੂੰ ਸਾਥ ਸੁਥਰੀ ਗਾਇਕੀ ਪੇਸ਼ ਕਰਨ ਦੇ ਮਕਸਦ ਨਾਲ ਸੁਰਮਈ ਸ਼ਾਮ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਸੁਰਮਈ ਸ਼ਾਮ ਮੌਕੇ ਪਹੁੰਚਣ ਦੀ ਅਪੀਲ ਕੀਤੀ ਹੈ।
ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜਿੰਦਰ ਸਿੰਘ ਧਨੋਆ, ਭੁਪਿੰਦਰ ਸਿੰਘ ਸੰਧੂ ਅਤੇ ਇਸ ਸੁਰਮਈ ਸ਼ਾਮ ਦੇ ਕਨਵੀਨਰ ਡਾ. ਦੇਵਿੰਦਰ ਦਿਲਰੂਪ ਨੇ ਸਮੂਹ ਸੰਗੀਤ ਪ੍ਰੇਮੀਆਂ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸੁਰਮਈ ਸ਼ਾਮ ਮੌਕੇ ਪਹੁੰਚਣ ਦਾ ਹਾਰਦਿਕ ਖੁੱਲ੍ਹਾ ਸੱਦਾ ਹੈ। ਸੁਖਵਿੰਦਰ ਅੰਮ੍ਰਿਤ ਅਤੇ ਉਹਨਾਂ ਦੀ ਟੀਮ ਵੀ ਇਸਦੀ ਸਫਲਤਾ ਲਈ ਉਚੇਚੇ ਤੌਰ ਤੇ ਸਰਗਰਮ ਹੈ।
No comments:
Post a Comment