Monday, December 12, 2016

ਫਿਰਕੂ ਤਾਕਤਾਂ ਵਲੋਂ ਇਸਲਾਮ ਧਰਮ ਨੂੰ ਅੱਤਵਾਦ ਨਾਲ ਜੋੜਨਾ ਗਲਤ


  ਇਸਲਾਮ ਧਰਮ ਆਪਸੀ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ
ਪੈਗੰਬਰੇ ਇਸਲਾਮ ਹਜਰਤ ਮੁਹੰਮਦ ਨੇ ਭੇਦ-ਭਾਵ ਖ਼ਤਮ ਕਰ ਇਨਸਾਨੀਅਤ ਨੂੰ ਬਰਾਬਰੀ ਦਿੱਤੀ
ਸੱਚਾ ਮੁਸਲਮਾਨ ਉਹੀ, ਜਿਹੜਾ ਹਜ਼ਰਤ ਮੁਹੱਮਦ (ਸ.) ਸਾਹਿਬ ਦੇ ਦੱਸੇ ਰੱਸਤੇ ’ਤੇ ਚਲੇ-ਸ਼ਾਹੀ ਇਮਾਮ
ਲੁਧਿਆਣਾ:12 ਦਸੰਬਰ 2016: (ਪੰਜਾਬ ਸਕਰੀਨ ਬਿਊਰੋ):
ਦਿਲਾਂ ਦੀ ਨਫ਼ਰਤ ਨੂੰ ਕੱਢ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰੋ, ਸੱਚਾ ਮੁਸਲਮਾਨ ਉਹੀ ਹੈ, ਜਿਹੜਾ ਹਜ਼ਰਤ ਮੁਹੰਮਦ (ਸ.) ਸਾਹਿਬ ਦੇ ਦੱਸੇ ਹੋਏ ਰੱਸਤੇ ’ਤੇ ਚਲਦਾ ਰਹੇ। ਇਹ ਵਿਚਾਰ ਅੱਜ ਇੱਥੇ ਜਾਮਾ ਮਸਜਿਦ ਵਿਖੇ 12 ਵਫਾਤ ਦੇ ਇਤਿਹਾਸਕ ਦਿਹਾੜੇ ਮੌਕੇ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਨਵੀ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ 12 ਰਬੀ-ਉਲ-ਅੱਵਲ ਦੇ ਦਿਨ ਹੀ 63 ਸਾਲ ਤੱਕ ਸੰਸਾਰ ਵਿਚ ਇੰਸਾਨੀਅਤ ਨੂੰ ਪਿਆਰ-ਮੁਹੱਬਤ, ਆਪਸੀ ਭਾਈਚਾਰੇ ਦਾ ਪਾਠ ਪੜ੍ਹਾ ਕੇ ਅੱਲ੍ਹਾ ਤਆਲਾ ਦੇ ਕੋਲ ਵਾਪਸ ਚਲੇ ਗਏ ਅਤੇ ਇਸ ਲਈ ਅੱਜ ਦੇ ਦਿੱਨ ਨੂੰ 12 ਵਫਾਤ ਕਿਹਾ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਅੱਜ ਦੇ ਦਿਨ ਮੁਸਲਮਾਨ ਆਪਣੇ ਪਿਆਰੇ ਨਬੀ ਹਜ਼ਰਤ ਮੁਹੱਮਦ (ਸ.) ਸਾਹਿਬ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਦਿੱਤੀਆਂ ਸਿੱਖਿਆਵਾਂ ਦੇ ਅਨੁਸਾਰ ਆਪਣਾ ਜੀਵਨ ਵਤੀਤ ਕਰਨ ਦਾ ਸਕੰਲਪ ਦੁਹਰਾਉਦੇ ਹਨ।
ਸ਼ਾਹੀ ਇਮਾਮ ਨੇ ਕਿਹਾ ਕਿ 14 ਸੌ ਸਾਲ ਬੀਤ ਜਾਣ ਤੋਂ ਬਾਅਦ ਵੀ ਆਪ ਦੀਆਂ ਸਿੱਖਿਆਵਾਂ ਕਿਸੇ ਤਬਦੀਲੀ ਤੋਂ ਬਿਨਾਂ ਵਿਸ਼ੇਸ਼ ਤੌਰ ’ਤੇ ਮੌਜੂਦ ਹਨ ਅਤੇ ਮਨੁੱਖ ਜਾਤੀ ਦੇ ਮਾਰਗ ਦਰਸ਼ਨ ਲਈ ਆਸ਼ਾ ਦੀ ਕਿਰਨ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਅਲ੍ਹਾਹ ਤਾਆਲਾ ਨੇ ਕੁਰਾਨ ਸ਼ਰੀਫ ਵਿਚ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਹਜ਼ਰਤ ਮੁਹੰਮਦ (ਸ.) ਸਾਹਿਬ ਆਖਰੀ ਨਬੀ ਹਨ, ਹੁਣ ਕੋਈ ਹੋਰ ਵਿਅਕਤੀ ਕਿਆਮਤ ਤੱਕ ਨਬੀ ਬਣ ਕੇ ਨਹੀਂ ਆ ਸਕਦਾ। ਉਨ੍ਹਾ ਕਿਹਾ ਕਿ ਹਜ਼ਰਤ ਮੁਹੱਮਦ (ਸ.) ਦੇ ਦੁਨੀਆਂ ’ਚ ਆਉਣ ਤੋਂ ਪਹਿਲਾਂ ਲੋਕ ਧੀਆਂ ਨੂੰ ਜਿੰਦਾ ਦਫ਼ਨ ਕਰ ਦਿੰਦੇ ਸੀ। ਆਪ (ਸ.) ਨੇ ਦੁਨੀਆਂ ’ਚ ਆ ਕੇ ਇਸ ਜੁਲਮ ਨੂੰ ਰੋਕਿਆ ਅਤੇ ਧੀ ਨੂੰ ਅਲ੍ਹਾ ਦੀ ਰਹਿਮਤ ਦੱਸਿਆ।
ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਧਰਮ ਆਪਸੀ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ, ਫਿਰਕੂ ਤਾਕਤਾਂ ਵਲੋਂ ਇਸਲਾਮ ਧਰਮ ਨੂੰ ਅੱਤਵਾਦ ਨਾਲ ਜੋੜਨਾ ਗਲਤ ਹੈ, ਬਲਕਿ ਨਿੰਦਾਂ ਯੋਗ ਹੈ। ਇਸ ਮੌਕੇ ’ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ, ਕਾਰੀ ਮੋਹਤਰਮ, ਮੌਲਾਨਾ ਮਹਿਬੂਬ ਆਲਮ ਗੋਰਖਪੁਰੀ, ਅੰਜੂਮ ਅਸਗਰ, ਮੁਹੰਮਦ ਸਰਫਰਾਜ, ਗੁਲਾਮ ਹੱਸਨ ਕੈਸਰ ਅਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਸਤਕੀਮ ਅਹਿਰਾਰੀ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਫੋਟੋ ਕੈਪਸ਼ਨ : 12 ਵਫਾਤ ਦੇ ਮੌਕੇ ’ਤੇ ਮੁਸਲਮਾਨਾਂ ਨੰੂ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ।

No comments: