Monday, October 24, 2016

ਡਾ. ਭੀਮ ਰਾਓ ਅੰਬੇਦਕਰ ਦੀ 125ਵੀ ਵਰ੍ਹੇਗੰਢ ਉਪੱਰ ਵਿਸ਼ੇਸ਼ ਸੈਮੀਨਾਰ

2016-10-24 18:25 GMT+05:30
*ਪੰਜਾਬ ਵਿਧਾਨ ਸਭਾ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਮੁੱਖ ਮਹਿਮਾਨ ਵੱਲੋਂ ਕੀਤੀ ਸ਼ਿਰਕਤ 

*ਰਾਜੇਸ਼ ਬਾਘਾ ਨੇ ਵਿਸ਼ੇਸ਼ ਮਹਿਮਾਨ ਵਜੋਂ ਕੀਤਾ ਵਿਦਿਆਰਥੀਆਂ ਨੂੰ ਸੰਬੋਧਨ

* ਰਾਜੇਸ਼ ਬਾਘਾ ਹਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ 

ਲੁਧਿਆਣਾ: ਅਕਤੂਬਰ 24 2016: (ਪੰਜਾਬ ਸਕਰੀਨ ਬਿਊਰੋ):

ਸਥਾਨਕ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ (ਲੜਕੇ) ਲੁਧਿਆਣਾ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤਾਂ ਦੇ ਮਸੀਹਾਂ ਡਾ. ਭੀਮ ਰਾਓ ਅੰਬੇਦਕਰ ਦੀ 125ਵੀ ਵਰ੍ਹੇਗੰਢ ਉਪੱਰ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਰਚਾਇਆ ਗਿਆ ਜਿਸ ਦਾ ਸ਼ੁਭ ਆਰੰਭ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ, ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾ. ਧਰਮ ਸਿੰਘ ਸੰਧੂ ਜੀ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ। ਸਮਾਗਮ ਦੇ ਮੁੱਖ ਮਹਿਮਾਨ ਡਾ. ਚਰਨਜੀਤ ਸਿੰਘ ਅਟਵਾਲ ਸਪੀਕਰ, ਪੰਜਾਬ ਵਿਧਾਨ ਸਭਾ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਤੋ ਇਲਾਵਾ ਸ੍ਰੀ ਰਾਜੇਸ਼ ਬਾਘਾ ਚੇਅਰਮੈਨ, ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਪਹੁੰਚੇ।

ਡਾ. ਧਰਮ ਸਿੰਘ ਸੰਧੂ ਜੀ ਨੇ ਸਵਾਗਤੀ ਭਾਸ਼ਣ ਦੌਰਾਨ ਡਾ. ਭੀਮ ਰਾਓ ਅੰਬੇਦਕਰ ਜੀ ਦੀ ਬੇਜੋੜ ਮਿਹਨਤ ਦਾ ਹਵਾਲਾ ਦਿੰਦਿਆ ਕਿਹਾ ਕਿ ਸਾਡਾ ਦੇਸ਼ ਅਜਿਹੇ ਯੁੱਗ ਪੁਰਸ਼ਾਂ ਦਾ ਦੇਸ਼ ਹੈ ਜਿਹਨਾਂ ਨੇ ਸਮੁੱਚੀ ਮਾਨਵ ਜਾਤੀ ਲਈ ਕਾਰਜ ਕੀਤੇ। ਉਨਾਂ ਦੀ 125ਵੀ  ਜਨਮ ਸ਼ਤਾਬਦੀ ਤੇ ਸਭ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਦੇ ਉਪਦੇਸ਼ਾਂ ਉਪੱਰ ਚਲਣਾ ਚਾਹੀਦਾ ਹੈ।
ਸਮਾਗਮ ਤੇ ਪਹੁੰਚੇ ਵਕਤਾ ਡਾ. ਅਸ਼ਵਨੀ ਭੱਲਾ ਨੇ ਬਾਬਾ ਸਾਹਿਬ ਜੀ ਨੂੰ ਨਮਸਕਾਰ ਕਰਦਿਆ ਕਿਹਾ ਕਿ ਬਾਬਾ ਸਾਹਿਬ ਦੇ ਲਈ ਵਿਸ਼ੇਸ਼ ਕਰਕੇ ਅਛੂਤ ਵਰਗ ਲਈ ਕੀਤੇ ਕੰਮਾਂ ਦੀ ਵਿਸ਼ੇਸ਼ ਸਰਾਹਣਾ ਕੀਤੀ ਅਤੇ ਕਿਹਾ ਕਿ ਉਹਨਾਂ ਨੇ ਸਮੁੱਚੀ ਮਾਨਵ ਜਾਤੀ ਨੂੰ ਸਮਾਨ ਅਧਿਕਾਰ ਦੇ ਕੇ ਮਾਨਵਤਾ ਨੂੰ ਏਕਤਾ ਦੇ ਸੂਤਰ ਵਿੱਚ ਬੰਨਿਆ ਹੈ। ਇਸ ਲਈ ਉਹ ਸਾਡੇ ਸਮੁੱਚੀ ਮਾਨਵਤਾ ਦੇ ਪੱਥ ਪ੍ਰਦਰਸ਼ਕ ਹਨ।
ਸਾਬਕਾ ਵਿਧਾਇਕ ਸ੍ਰੀ ਇੰਦਰ ਇਕਬਾਲ ਸਿੰਘ ਅਟਵਾਲ ਨੇ ਆਪਣੇ ਭਾਸ਼ਣ ਦੋਰਾਨ ਬਾਬਾ ਸਾਹਿਬ ਬਾਰੇ ਕੀਤੀ ਗੋਸ਼ਟੀ ਲਈ ਕਾਲਜ ਪ੍ਰਬੰਧਨ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਆਪਣੀ ਗੱਲ ਰੱਖਦਿਆ ਕਿਹਾ ਕਿ ਅੱਜ ਸਾਨੂੰ ਆਪਣੇ ਆਪ ਉਪੱਰ ਗੋਰਵ ਮਹਿਸੂਸ ਹੁੰਦਾ ਹੈ ਕਿ ਅਸੀਂ ਬਾਬਾ ਸਾਹਿਬ ਜਿਹੇ ਯੁੱਗ ਪੁਰਸ਼ ਦੇ ਦੇਸ਼ ਵਿੱਚ ਪੈਦਾ ਹੋਏ। ਧੰਨ ਹੈ ਉਹ ਮਾਤਾ ਜਿਸ ਨੇ ਅਜਿਹੇ ਯੁੱਗ ਪੁਰਸ਼ ਨੂੰ ਜਨਮ ਦਿੱਤਾ, ਅੱਜ ਅਸੀਂ ਉਹਨਾਂ ਦਾ ਸਿਰਫ ਜਨਮ ਦਿਨ ਹੀ ਨਹੀ ਮਨਾ ਰਹੇ ਸਗੋ ਸਮੁੱਚੀ ਮਾਨਵ ਜਾਤੀ ਦਾ ਜਨਮ ਦਿਨ ਮਨਾ ਰਹੇ ਮਹਿਸੂਸ ਕਰਦੇ ਹਾਂ ਜਿਸ ਦੇ ਬਲ ਉਪੱਰ ਸਾਰਾ ਦੇਸ਼ ਏਕਤਾ ਦੇ ਸੂਤਰ ਵਿੱਚ ਬੰਨਿਆ ਹੋਇਆ ਹੈ।
ਸਮਾਗਮ ਵਿੱਚ ਬੋਲਦਿਆਂ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਕਿਹਾ ਕਿ ਕਿਸੇ ਨੂੰ ਦਲਿਤ ਕਹਿ ਕੇ ਜਾਂ ਅਛੂਤ ਕਹਿ ਕੇ ਬੁਲਾਉਣਾ ਸਮੁੱਚੀ ਮਾਨਵ ਜਾਤੀ ਦਾ ਤਿਰਸਕਾਰ ਕਰਨਾ ਹੈ। ਅਜਿਹੇ ਵਿੱਚ ਬਾਬਾ ਸਾਹਿਬ ਨੇ ਉਹਨਾਂ ਲੋਕਾਂ ਦਾ ਪੱਖ ਲੈ ਕੇ ਸਾਹਮਣੇ ਆਏ ਜਿਹਨਾਂ ਨੂੰ ਸਮਾਜ ਨੇ ਸਭ ਤੋ ਹੇਠਲੀ ਪੌੜੀ ਉਪੱਰ ਰੱਖਿਆ ਹੋਇਆ ਸੀ ਬਾਬਾ ਸਾਹਿਬ ਨੇ ਉਹਨਾਂ ਨੂੰ ਸਨਮਾਨ ਪੂਰਵਕ ਅਧਿਕਾਰ ਦਿਵਾਏ ਅਤੇ ਉਹਨਾਂ ਨੂੰ ਸਮਾਜ ਦੇ ਪ੍ਰਮੁੱਖ ਅੰਗ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।
ਸਮਾਗਮ ਦੇ ਮੁੱਖ ਮਹਿਮਾਨ ਡਾ. ਚਰਨਜੀਤ ਸਿੰਘ ਅਟਵਾਲ ਜੀ ਨੇ ਬਾਬਾ ਭੀਮ ਰਾਓ ਜੀ ਦੀ 125ਵੀ ਜਨਮ ਸ਼ਤਾਬਦੀ ਉਪੱਰ ਨਮਸਕਾਰ ਕੀਤੀ ਅਤੇ ਉਹਨਾਂ ਨੇ ਬਾਬਾ ਸਾਹਿਬ ਦੀਆ ਨੀਤੀਆ, ਆਦਰਸ਼ਾਂ ਦਾ ਹਵਾਲਾ ਦਿੰਦਿਆ ਕਿਹਾ ਕਿ ਸਾਨੂੰ ਵੀ ਉਹਨਾਂ ਦੀਆਂ ਨੀਤੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਾਨੂੰ ਅਜਿਹੇ ਵਿਅਕਤੀ ਬਣਨ ਦੀ ਜਰੂਰਤ ਹੈ ਜਿਸ ਦੇ ਅੰਦਰ ਨਸਲਵਾਦ ਸੰਪਰਦਾਇਕਤਾ ਦਾ ਨਾਮੋ ਨਿਸ਼ਾਨ ਨਾ ਹੋਵੇ। ਉਹਨਾਂ ਨੇ ਡਾ. ਭੀਮ ਰਾਓ ਜੀ ਦੀ ਭਾਰਤ ਨੂੰ ਦਿੱਤੀ ਦੇਣ ਬਾਰੇ ਵਿਸ਼ੇਸ਼ ਜ਼ਿਕਰ ਕੀਤਾ ਜਿਹਨਾਂ ਵਿੱਚੋ ਸੰਵਿਧਾਨ ਦੀ ਰਚਨਾ ਪ੍ਰਮੁੱਖ ਹੈ।
ਸਮਾਗਮ ਦੇ ਅਖੀਰ ਵਿੱਚ ਡਾ. ਉਜੱਲਬੀਰ ਸਿੰਘ ਵਾਈਸ ਪ੍ਰਿੰਸੀਪਲ ਜੀ ਨੇ ਸਾਰੇ ਮਹਿਮਾਨਾਂ ਦਾ ਸਮਾਗਮ ਵਿੱਚ ਪਹੁੰਚਣ ਤੇ ਸਮਾਗਮ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ।ਸਮਾਗਮ ਦੀ ਸਮਾਪਤੀ ਵਿਦਿਆਰਥੀਆਂ ਦੁਆਰਾ ਕੌਮੀ ਗੀਤ ਗਾ ਕੇ ਕੀਤੀ ਗਈ। ਡਾ. ਹਰਬਲਾਸ ਹੀਰਾ ਜੀ ਨੇ ਮੰਚ ਸੰਚਾਲਣ ਦੀ ਭੂਮਿਕਾ ਬਖੂਬੀ ਨਿਭਾਈ। 

No comments: