Thursday, September 08, 2016

ਕਾਮਰੇਡ ਸਵਪਨ ਮੁਖਰਜੀ ਦੀ ਮੌਤ ’ਤੇ ਇਕ ਸ਼ੋਕ ਸਭਾ

Thu, Sep 8, 2016 at 4:37 PM
ਕਾਮਰੇਡ ਸਵਪਨ ਮੁਖਰਜੀ ਦੀ ਮੌਤ ਇੱਕ ਨਾ ਪੂਰਾ ਹੋਣ ਵਾਲਾ ਘਾਟਾ 
ਜਲੰਧਰ: 8 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਕਾਮਰੇਡ ਸਵਪਨ ਮੁਖਰਜੀ ਦੀ ਮੌਤ ’ਤੇ ਇਕ ਸ਼ੋਕ ਸਭਾ ਕੀਤੀ ਗਈ। ਜਿਸ ਵਿੱਚ ਕਮੇਟੀ ਦੇ ਸਮੂਹ ਅਹੁਦੇਦਾਰ, ਟਰੱਸਟੀ ਤੇ ਕਮੇਟੀ ਮੈਂਬਰ ਸ਼ਾਮਿਲ ਹੋਏ।
ਇਹ ਜਾਣਕਾਰੀ ਪ੍ਰੈਸ ਨੂੰ ਦਿੰਦਿਆਂ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਕਮੇਟੀ ਸਵਪਨ ਮੁਖਰਜੀ ਦੀ ਮੌਤ ’ਤੇ ਉਨ੍ਹਾਂ ਦੀ ਪਾਰਟੀ ਸੀ.ਪੀ.ਆਈ.ਐਮ.ਐਲ (ਲਿਬਰੇਸ਼ਨ) ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ। ਉਨ੍ਹਾਂ ਕਾਮਰੇਡ ਦੀ ਮੌਤ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ ਹੈ। 
ਉਨ੍ਹਾਂ ਕਿਹਾ ਕਿ ਕਾਮਰੇਡ ਸਵਪਨ ਮੁਖਰਜੀ ਬੇਸ਼ੱਕ ਪੰਜਾਬ ਤੋਂ ਬਾਹਰ ਦੇ ਬਸ਼ਿੰਦੇ ਸਨ ਪ੍ਰੰਤੂ ਉਨ੍ਹਾਂ ਨੇ ਪੰਜਾਬ ਵਿੱਚ ਰਹਿ ਕੇ ਸੀ.ਪੀ.ਆਈ.ਐਮ.ਐਲ (ਲਿਬਰੇਸ਼ਨ) ਦੀ ਅਗਵਾਈ ਹੇਠ ਕਿਰਤੀ ਲੋਕਾਂ ਦੀ ਲਾਮਬੰਦੀ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ।
ਸੀ ਪੀ ਆਈ-ਐਮ ਐਲ (ਲਿਬਰੇਸ਼ਨ) ਦੇ ਸੀਨੀਅਰ ਆਗੂ ਸਵਪਨ ਮੁਖਰਜੀ ਦਾ ਮੰਗਲਵਾਰ 6 ਸਤੰਬਰ ਨੂੰ ਦਿਲ ਦੇ ਦੌਰੇ ਨਾਲ ਚੰਡੀਗੜ੍ਹ 'ਚ ਦਿਹਾਂਤ ਹੋ ਗਿਆ ਸੀ। ਉਨ੍ਹਾ ਨੇ ਪਾਰਟੀ ਸੰਗਠਨ ਅਤੇ ਪਾਰਟੀ ਮੁਹਿੰਮਾਂ 'ਚ ਅਹਿਮ ਭੂਮਿਕਾ ਨਿਭਾਈ। ਪਾਰਟੀ ਵੱਲੋਂ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਕਿ ਪਾਰਟੀ ਦੀ ਪੋਲਿਟ ਬਿਊਰੋ ਦੇ ਮੈਂਬਰ 63 ਸਾਲਾ ਸਵਪਨ ਮੁਖਰਜੀ ਦਾ ਸਵੇਰੇ ਸਵਾ 4 ਵਜੇ ਚੰਡੀਗੜ੍ਹ 'ਚ ਪਾਰਟੀ ਦੇ ਇੱਕ ਸਾਥੀ ਦੀ ਰਿਹਾਇਸ਼ 'ਤੇ ਦਿਹਾਂਤ ਹੋ ਗਿਆ। ਉਹ ਇੱਕ ਮੀਟਿੰਗ ਦੇ ਸੰਬੰਧ 'ਚ ਚੰਡੀਗੜ੍ਹ ਆਏ ਹੋਏ ਸਨ। ਕਾਮਰੇਡ ਮੁਖਰਜੀ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਕਾਮਰੇਡ ਮੁਖਰਜੀ ਦਿੱਲੀ, ਪੰਜਾਬ, ਚੰਡੀਗੜ੍ਹ, ਮਹਾਰਾਸ਼ਟਰ ਅਤੇ ਉੜੀਸਾ 'ਚ ਪਾਰਟੀ ਮਾਮਲਿਆਂ ਦੇ ਇੰਚਾਰਜ ਸਨ। ਉਨ੍ਹਾਂ ਦੀਆਂ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਪਾਰਟੀ ਨੇ ਉਨ੍ਹਾ ਨੂੰ ਇੱਕ ਸ਼ਾਨਦਾਰ ਪਾਰਟੀ ਉਸਰੱਈਆ ਕਿਹਾ ਹੈ। 
ਕਾਮਰੇਡ ਸਵਪਨ ਮੁਖਰਜੀ ਨੇ ਇਹ ਰਚਨਾ ਪਹਿਲੀ ਸਤੰਬਰ ਨੂੰ ਸ਼ੇਅਰ ਕੀਤੀ  
17 ਨਵੰਬਰ 1953 ਨੂੰ ਪੈਦਾ ਹੋਏ ਮੁਖਰਜੀ ਨੇ 1970ਵੇਂ ਦੇ ਸ਼ੁਰੂ 'ਚ ਦਿੱਲੀ ਯੂਨੀਵਰਸਿਟੀ ਦੇ ਕਿਰੋੜੀ ਮੱਲ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਨਕਸਲਬਾੜੀ ਅੰਦੋਲਨ ਤੋਂ ਪ੍ਰਭਾਵਤ ਹੋ ਕੇ ਉਹ ਸੀ ਪੀ ਆਈ ਐਮ ਐਲ (ਲਿਬਰੇਸ਼ਨ) 'ਚ ਸ਼ਾਮਲ ਹੋ ਗਏ। 
ਉਹ 1976 'ਚ ਦੂਜੀ ਪਾਰਟੀ ਕਾਂਗਰਸ ਵੇਲੇ ਤੋਂ ਦਿੱਲੀ 'ਚ ਪਾਰਟੀ ਦੇ ਕੰਮ 'ਚ ਸਰਗਰਮ ਰਹੇ ਅਤੇ ਐਮਰਜੈਂਸੀ ਵੇਲੇ 1976 ਤੋਂ 1978 ਵਿਚਕਾਰ ਉਨ੍ਹਾ ਦਿੱਲੀ ਛੱਡ ਦਿੱਤੀ। ਉਨ੍ਹਾ ਨੇ 1987 'ਚ ਪਾਰਟੀ ਦੇ ਦਿੱਲੀ ਯੂਨਿਟ ਦਾ ਅੰਡਰ ਗਰਾਉਡ ਮੈਂਬਰ ਹੁੰਦਿਆਂ ਦਿੱਲੀ 'ਚ ਇੱਕ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ 'ਚ ਵੀ ਕੰਮ ਕੀਤਾ, ਪਰ ਪਾਰਟੀ ਨੂੰ ਪੂਰਾ ਸਮਾਂ ਦੇਣ ਲਈ ਮਗਰੋਂ ਉਨ੍ਹਾਂ ਇਹ ਕੰਮ ਛੱਡ ਦਿੱਤਾ। ਉਹ 1993 'ਚ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਅਤੇ ਮਗਰੋਂ ਪੋਲਿਟ ਬਿਊਰੋ ਮੈਂਬਰ ਬਣੇ। ਉਨ੍ਹਾ ਦਾ ਅੰਤਮ ਸੰਸਕਾਰ ਬੁੱਧਵਾਰ ਨੂੰ ਕੀਤਾ ਜਾਵੇਗਾ।
ਮਾਨਸਾ ਤੋਂ ਮਿਲੀ ਰਿਪੋਰਟ ਅਨੁਸਾਰ ਉੱਥੇ ਵੀ ਉਹਨਾਂ ਦੀ ਮੌਤ ਤੇ ਢੋਂਗ਼ੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਸਕੱਤਰੇਤ ਮੈਂਬਰ ਸੁਖਦਰਸ਼ਨ ਨੱਤ ਨੇ ਕਾਮਰੇਡ ਮੁਖਰਜੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਦਿੱਲੀ ਦੇ ਇੱਕ ਮੱਧ ਵਰਗੀ ਬੰਗਾਲੀ ਮੂਲ ਦੇ ਪਰਵਾਰ ਵਿੱਚ ਪੈਦਾ ਹੋਏ। ਚੰਗੇ ਕਾਲਜਾਂ ਵਿੱਚ ਪੜ੍ਹੇ ਅਤੇ ਵਿਦਿਆਰਥੀ ਜੀਵਨ ਦੌਰਾਨ ਹੀ ਉਹ ਨਕਸਲਬਾੜੀ ਲਹਿਰ ਨਾਲ ਜੁੜ ਕੇ ਸਰਗਰਮ ਹੋ ਗਏ। ਪੜ੍ਹਾਈ ਖਤਮ ਕਰਕੇ ਉਨ੍ਹਾ ਕੁਝ ਸਮਾਂ ਅੰਗਰੇਜ਼ੀ ਅਖਬਾਰਾਂ ਲਈ ਕੰਮ ਕੀਤਾ। 
ਫੇਰ ਜਲਦੀ ਹੀ ਉਹ ਕੁਲਵਕਤੀ ਇਨਕਲਾਬੀ ਵਜੋਂ ਲਹਿਰ ਵਿੱਚ ਕੁੱਦ ਪਏ। ਉਹ ਇੰਡੀਅਨ ਪੀਪਲਜ਼ ਕੌਂਸਲ ਆਫ ਟਰੇਡ ਯੂਨੀਅਨਜ਼ (ਏਕਟੂ) ਦੇ ਕੌਮੀ ਜਨਰਲ ਸਕੱਤਰ ਅਤੇ 'ਸ਼ਰਮਿਕ ਸੌਲੀਡੈਰਟੀ' ਪਰਚੇ ਦੇ ਸੰਪਾਦਕ ਰਹੇ। ਉਹ ਪੰਜਾਬ ਵਿੱਚ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਨੂੰ ਸੰਗਠਤ ਕਰਨ ਵਾਲੀ ਪ੍ਰਮੁੱਖ ਸ਼ਖਸੀਅਤ ਸਨ। ਗੈਰ-ਪੰਜਾਬੀ ਹੁੰਦੇ ਹੋਏ ਉਨ੍ਹਾ ਇੱਕ ਸੱਚੇ ਕਮਿਊਨਿਸਟ ਅਤੇ ਜਮਹੂਰੀਅਤ ਪਸੰਦ ਵਜੋਂ ਉਨ੍ਹਾ ਖਾਲਿਸਤਾਨੀ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਸਿਖਰਲੇ ਦੌਰ ਵਿੱਚ 1983-84 ਤੋਂ ਆਰੰਭ ਕਰਕੇ ਜਿੱਥੇ ਪੰਜਾਬ ਦੇ ਕੋਨੇ-ਕੋਨੇ ਦਾ ਦੌਰਾ ਕੀਤਾ, ਉਥੇ ਪੰਜਾਬ ਅਤੇ ਸਿੱਖ ਧਾਰਮਕ ਘੱਟ ਗਿਣਤੀ ਦੀਆਂ ਸਾਰੀਆਂ ਹੱਕੀ ਅਤੇ ਜਮਹੂਰੀ ਮੰਗਾਂ ਦੇ ਪੱਖ ਵਿੱਚ ਸਦਾ ਡਟਵਾਂ ਸਟੈਂਡ ਲਿਆ, ਜਿਸ 'ਤੇ ਲਿਬਰੇਸ਼ਨ ਦੀ ਸੂਬੇ ਵਿੱਚ ਇੱਕ ਨਿਵੇਕਲੀ ਤੇ ਜੁਝਾਰੂ ਪਛਾਣ ਸਥਾਪਤ ਹੋਈ। 
ਮਈ 2009 ਵਿੱਚ ਮਜ਼ਦੂਰਾਂ ਦੇ ਜ਼ਮੀਨ ਕਬਜ਼ਾ ਅੰਦੋਲਨ ਦੌਰਾਨ ਉਹ ਕੁਝ ਦਿਨ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਵੀ ਬੰਦ ਰਹੇ। ਮਾਲਵਾ ਵਿਚ ਲੋਕ ਉਨ੍ਹਾ ਨੂੰ ਸੰਘਰਸ਼ਸ਼ੀਲ ਮਜ਼ਦੂਰ, ਕਿਸਾਨ, ਦਲਿਤ ਅਤੇ ਔਰਤਾਂ ਆਪਣੇ ਪਰਵਾਰਾਂ ਦੇ ਮੈਂਬਰਾਂ ਵਾਂਗ ਜਾਣਦੇ ਅਤੇ ਪਿਆਰਦੇ ਸਨ। ਪੰਜਾਬ ਵਿੱਚ ਚਾਰ ਖੱਬੇ-ਪੱਖੀ ਪਾਰਟੀਆਂ ਨੂੰ ਇਕ ਮੰਚ 'ਤੇ ਲਿਆਉਣ ਵਿੱਚ ਉਨ੍ਹਾ ਦੀ ਕੁੰਜੀਵਤ ਭੂਮਿਕਾ ਰਹੀ।
ਮਾਨਸਾ ਵਿਖੇ ਉਨ੍ਹਾ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਭਗਵੰਤ ਸਿੰਘ ਸਮਾਓਂ, ਸਕੱਤਰੇਤ ਮੈਂਬਰ ਗੁਰਪ੍ਰੀਤ ਸਿੰਘ ਰੂੜੇਕੇ, ਸੀ ਪੀ ਐੱਮ (ਪੰਜਾਬ) ਵੱਲੋਂ ਸੂਬਾ ਸਕੱਤਰੇਤ ਮੈਂਬਰ ਮਹੀਪਾਲ, ਛੱਜੂ ਰਾਮ ਰਿਸ਼ੀ, ਸੀ ਪੀ ਆਈ ਆਗੂ ਕ੍ਰਿਸ਼ਨ ਚੌਹਾਨ, ਹਰਭਗਵਾਨ ਭੀਖੀ ਸੀ ਪੀ ਆਈ (ਐੱਮ ਐੱਲ) ਰੈੱਡ ਸਟਾਰ, ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਇਕਬਾਲ ਕੌਰ ਉਦਾਸੀ, ਜਸਬੀਰ ਕੌਰ ਨੱਤ, ਹਰਬੰਸ ਕੌਰ ਅੱਚਰਵਾਲ, ਨਛੱਤਰ ਸਿੰਘ ਖੀਵਾ, ਬਜ਼ੁਰਗ ਆਗੂ ਕਿਰਪਾਲ ਬੀਰ, ਰਣਜੀਤ ਸਿੰਘ ਤਾਮਕੋਟ, ਬਲਵਿੰਦਰ ਸਿੰਘ ਚਹਿਲ, ਅਜੈਬ ਸਿੰਘ ਭੈਣੀ, ਆਪ ਆਗੂ ਨਾਜ਼ਰ ਸਿੰਘ ਮਾਨਸ਼ਾਹੀਆ, ਵਪਾਰ ਮੰਡਲ ਤੇ ਸ਼ਹਿਰ ਦੀਆਂ ਜਥੇਬੰਦੀਆਂ ਵੱਲੋਂ ਰਾਜੀਵ ਸ਼ਰਮਾ, ਨਰੇਸ਼ ਕੁਮਾਰ, ਭੋਲਾ ਸਿੰਘ ਸਮਾਉਂ, ਗੁਰਨਾਮ ਭੀਖੀ, ਪ੍ਰਸ਼ੋਤਮ, ਸ਼ਾਇਰ ਰਾਜਵਿੰਦਰ ਮੀਰ, ਰਜਿੰਦਰ ਜਾਫ਼ਰੀ ਭੀਖੀ, ਏਕਟੂ ਆਗੂ ਅਮਰੀਕ ਸਿੰਘ ਸਮਾਉਂ, ਇਨਕਲਾਬੀ ਨੌਜਵਾਨ ਸਭਾ ਦੇ ਗੁਰਪਿਆਰ, ਆਇਸਾ ਦੇ ਪ੍ਰਦੀਪ ਗੁਰੂ, ਮਜ਼ਦੂਰ ਮੋਰਚਾ ਵੱਲੋਂ ਗੁਰਮੀਤ ਨੰਦਗੜ੍ਹ ਤੇ ਨਿੱਕਾ ਸਿੰਘ ਬਹਾਦਰਪੁਰ, ਬਲਵਿੰਦਰ ਕੌਰ, ਨਰਿੰਦਰ ਕੌਰ ਬੁਰਜ ਹਮੀਰਾ ਤੇ ਐਡਵੋਕੇਟ ਬਲਕਰਨ ਬੱਲੀ ਸ਼ਾਮਲ ਸਨ।
ਆਖ਼ਿਰੀ ਸਾਹਾਂ ਤੀਕ ਸਰਗਰਮ ਰਹੇ। ਦੋ ਸਤੰਬਰ ਦੀ ਹੜਤਾਲ ਨੂੰ ਕਾਮਯਾਬ ਬਣਾਉਣ ਲਈ ਵੀ ਉਹਨਾਂ ਸਰਗਰਮ ਹਿੱਸਾ ਪਾਇਆ। ਉਹ ਅਕਸਰ ਚੰਗੇ ਸਾਹਿਤ ਅਤੇ ਕਿਤਾਬਾਂ ਦੇ ਕਵਰ ਵੀ ਆਪਣੇ ਪ੍ਰੋਫ਼ਾਈਲ ਤੇ ਸ਼ੇਅਰ ਕਰਦੇ। ਇਸ  ਖਬਰ ਨਾਲ ਦਿੱਤੀ ਜਾ ਰਹੀ ਰਚਨਾ ਇਸਦੀ ਇੱਕ ਤਾਜ਼ਾ ਮਿਸਾਲ ਹੈ। 

No comments: