Wednesday, August 17, 2016

ਕਾਂਗਰਸ ਨੇ ਸੰਤ ਲੌਂਗੋਵਾਲ ਦੀ ਪਿੱਠ 'ਚ ਛੁਰਾ ਮਾਰਿਆ

2016-08-17 17:56 GMT+05:30
ਮੁੱਖ ਮੰਤਰੀ ਵੱਲੋਂ ਖੰਨਾ ਵਿਧਾਨ ਸਭਾ ਹਲਕੇ 'ਚ ਸੰਗਤ ਦਰਸ਼ਨ

ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਇਕ ਤਰਫਾ ਜਿੱਤ ਹੋਵੇਗੀ-ਬਾਦਲ
ਪੰਜਾਬ ਵਿਰੋਧੀ ਕਾਂਗਰਸ ਤੇ "ਆਪ" ਨੂੰ ਲੋਕ ਸਬਕ ਸਿਖਾਉਣਗੇ
ਹਰਿਉਂ (ਖੰਨਾ), 17 ਅਗਸਤ 2016: (ਪੰਜਾਬ ਸਕਰੀਨ ਬਿਊਰੋ):


ਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਬਿਨਾ ਮੁਕਾਬਲਾ ਜਿੱਤ ਹੋਣ ਦਾ ਦਾਅਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਸੂਬੇ ਦੇ ਲੋਕ ਕਾਂਗਰਸ ਅਤੇ ਨਵੀਂ ਪੈਦਾ ਹੋਈ ਆਮ ਆਦਮੀ ਪਾਰਟੀ ਨੂੰ ਧੂੜ ਚਟਾ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਪੰਜਾਬ ਵਿਰੋਧੀ ਪਹੁੰਚ ਦਾ ਲੋਕਾਂ ਨੂੰ ਪਹਿਲਾਂ ਹੀ ਤਜ਼ਰਬਾ ਹੋ ਚੁੱਕਾ ਹੈ ਅਤੇ ਹੁਣ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਖਿਲਾਫ਼ ਭੁਗਤਣ ਨਾਲ ਇਸ ਪਾਰਟੀ ਦਾ ਅਸਲੀ ਚਿਹਰਾ ਵੀ ਬੇਨਕਾਬ ਹੋ ਗਿਆ ਹੈ।
ਅੱਜ ਖੰਨਾ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨਾਂ ਦੇ ਦੂਜੇ ਦਿਨ ਪੱਤਰਕਾਰਾਂ ਵੱਲੋਂ ਅਗਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਦਾ ਮੁੱਖ ਮੁਕਾਬਲਾ ਕਿਸ ਪਾਰਟੀ ਨਾਲ ਹੋਣ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਗਠਜੋੜ ਦਾ ਕਿਸੇ ਵੀ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਹੈ ਅਤੇ ਇਸ ਨੂੰ ਇੱਕ ਪਾਸੜ ਹੀ ਹੂੰਝਾ ਫੇਰ ਜਿੱਤ ਹਾਸਲ ਹੋਵੇਗੀ ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਹਿੱਤਾਂ ਨਾਲ ਧਰੋਹ ਕਮਾਉਣ ਕਰਕੇ ਇਹ ਪਹਿਲਾਂ ਹੀ ਪੂਰੀ ਤਰਾਂ ਨੰਗੀਆਂ ਹੋ ਗਈਆਂ ਹਨ ਅਤੇ ਲੋਕਾਂ ਨੇ ਇਨ੍ਹਾਂ ਤੋਂ ਪੂਰੀ ਤਰਾਂ ਮੂੰਹ ਮੋੜ ਲਿਆ ਹੈ।
ਅਗਲੀਆਂ ਚੋਣਾਂ ਵਿੱਚ ਨੌਜਵਾਨਾਂ ਨੂੰ ਟਿਕਟਾਂ ਦੇਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਅਨੇਕਾਂ ਹੀ ਨੌਜਵਾਨਾਂ ਨੂੰ ਅੱਗੇ ਲਿਆਂਦਾ ਹੈ ਅਤੇ ਭਵਿੱਖੀ ਚੋਣਾਂ ਵਿੱਚ ਵੀ ਉਮੀਦਵਾਰਾਂ ਦੀ ਜਿੱਤ ਦੀ ਸੰਭਾਵਨਾਵਾਂ ਦੇ ਮੱਦੇਨਜ਼ਰ ਹੀ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਕਾਂਗਰਸ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਬੰਧੀ ਕੀਤੇ ਗਏ ਐਲਾਨ ਬਾਰੇ ਪੁੱਛੇ ਸਵਾਲ ਦੇ ਸਬੰਧ ਵਿੱਚ ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੇ ਆਪਣੇ 50 ਸਾਲ ਤੋਂ ਵੱਧ ਦੇ ਰਾਜ ਦੌਰਾਨ ਤਾਂ ਕਿਸਾਨਾਂ ਲਈ ਕੁਝ ਵੀ ਨਹੀਂ ਕੀਤਾ ਜਿਸ ਕਰਕੇ ਹੁਣ ਉਨ੍ਹਾਂ ਦੇ ਮੂੰਹੋਂ ਅਜਿਹੀਆਂ ਗੱਲਾਂ ਸ਼ੋਭਦੀਆਂ ਨਹੀਂ। ਕਾਂਗਰਸ ਦੇ ਵਾਅਦਿਆਂ ਨੂੰ ਝੂਠ ਦਾ ਪੁਲੰਦਾ ਦੱਸਦੇ ਹੋਏ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਵੱਲੋਂ ਕਿਸਾਨਾਂ ਨੂੰ ਟਿਊਬਵੈਲਾਂ ਲਈ ਦਿੱਤੀ ਮੁਫ਼ਤ ਬਿਜਲੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਂਦੇ ਸਾਰ ਹੀ ਖੋਹ ਲਈ ਸੀ ਅਤੇ ਟਿਊਬਵੈਲਾਂ ਦੇ ਬਿੱਲ ਮੁੜ ਲਾ ਦਿੱਤੇ ਸਨ। ਕਿਸਾਨਾਂ ਦੇ ਹਿੱਤਾਂ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਉਨ•ਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਵੇਲੇ ਕਿਸਾਨਾਂ ਦੇ ਟਿਊਬਵੈਲਾਂ ਲਈ ਸਲਾਨਾ 5000 ਕਰੋੜ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਹੁਣ ਸਰਕਾਰ ਨੇ ਕਿਸਾਨਾਂ ਲਈ ਬਿਨਾ ਵਿਆਜ ਤੋਂ 50,000 ਰੁਪਏ ਦੀ ਕਰਜ਼ੇ ਮੁਹੱਈਆ ਕਰਾਉਣ ਤੋਂ ਇਲਾਵਾ 50,000 ਰੁਪਏ ਤੱਕ ਦੇ ਮੁਫਤ ਇਲਾਜ ਦੀ ਵਿਵਸਥਾ ਕੀਤੀ ਗਈ ਹੈ। ਪਰਿਵਾਰ ਦੇ ਮੁਖੀ ਦੀ ਹਾਦਸੇ ਵਿੱਚ ਮੌਤ ਹੋ ਜਾਣ ਜਾਂ ਪੂਰੀ ਤਰਾਂ ਨਾਕਾਰਾ ਹੋ ਜਾਣ ਲਈ ਵੀ ਪੰਜ ਲੱਖ ਦੇ ਬੀਮੇ ਦੀ ਵਿਵਸਥਾ ਕੀਤੀ ਹੈ।
ਇਸ ਤੋਂ ਪਹਿਲਾਂ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਲੋਕਾਂ ਨੂੰ ਸਿਆਸੀ ਫੈਸਲਾ ਸੋਚ ਸਮਝ ਕੇ ਲੈਣ ਦੀ ਅਪੀਲ ਕੀਤੀ। ਔਖੀਆਂ ਘੜੀਆਂ ਵਿੱਚ ਅਜ਼ਮਾਈਆਂ ਹੋਈਆਂ ਪਾਰਟੀਆਂ ਦਾ ਹੀ ਚੋਣਾਂ ਦੌਰਾਨ ਸਾਥ ਦੇਣ ਦੀ ਅਪੀਲ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਸਿਆਸੀ ਤੌਰ 'ਤੇ ਲਿਆ ਗਿਆ ਗਲਤ ਫੈਸਲਾ ਸਭ ਕੁਝ ਹੀ ਤਹਿਸ-ਨਹਿਸ ਕਰ ਦਿੰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਧਾਰਮਿਕ, ਸਿਆਸੀ ਅਤੇ ਆਰਥਿਕ ਤੌਰ 'ਤੇ ਸੂਬੇ ਦਾ ਭਾਰੀ ਨੁਕਸਾਨ ਕੀਤਾ ਹੈ। ਪਹਿਲਾਂ ਇਸ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਫੌਜੀ ਹਮਲਾ ਕਰ ਕੇ ਇਸ ਨੇ ਸਿੱਖਾਂ ਦਾ ਮਾਨਸਿਕਤਾ ਨੂੰ ਵਲੂੰਧਰਿਆ ਅਤੇ ਫਿਰ ਦਿੱਲੀ ਵਿੱਚ ਹਜ਼ਾਰਾਂ ਹੀ ਬੇਗੁਨਾਹਾਂ ਸਿੱਖਾਂ ਦੇ ਕਤਲ ਕਰਵਾਏ। ਇਸ ਨੇ ਤਾਂ ਅਕਾਲੀ ਦਲ ਦੇ ਸਿਰਮੌਰ ਆਗੂ ਸੰਤ ਹਰਚੰਦ ਸਿੰਘ ਦੀ ਪਿੱਠ ਵੀ ਛੁਰਾ ਮਾਰਿਆ। ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਰਾਜੀਵ-ਲੌਂਗੋਵਾਲ ਸਮਝੌਤਾ ਕਰਵਾਇਆ ਅਤੇ ਫਿਰ ਇਸ ਦੀ ਇਕ ਵੀ ਮੱਦ ਨੂੰ ਲਾਗੂ ਨਹੀਂ ਕੀਤਾ। ਹੁਣ ਤੱਕ ਕਾਂਗਰਸ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਤੋਂ ਟਾਲਾ ਵੱਟਦੀ ਆ ਰਹੀ ਹੈ। ਆਮ ਆਦਮੀ ਪਾਰਟੀ 'ਤੇ ਤਿੱਖੇ ਹਮਲੇ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਸ ਵੱਲੋਂ ਸਮਾਜ ਵਿੱਚ ਵੰਡੀਆਂ ਪਾਉਣ ਦਾ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ ਪਰ ਸੂਬੇ ਦੇ ਲੋਕ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ। ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਵੀ ਗਿਣਾਈਆਂ।
ਸੰਗਤ ਦਰਸ਼ਨ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਸ. ਬਾਦਲ ਨੇ ਕਿਹਾ ਇਨ੍ਹਾਂ ਦਾ ਉਦੇਸ਼ ਸਮੇਂ ਅਤੇ ਊਰਜਾ ਦੀ ਬੱਚਤ ਕਰਨ ਤੋਂ ਇਲਾਵਾ ਵਿਕਾਸ ਕਾਰਜਾਂ ਵਿਚ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸੰਗਤ ਦਰਸ਼ਨ ਕਰਨ ਦੀ ਪ੍ਰਕਿਰਿਆ ਸਿਰਫ਼ ਪੰਜਾਬ ਵਿਚ ਹੀ ਹੈ ਅਤੇ ਇਹ ਵੀ ਸਿਰਫ਼ ਉਦੋਂ ਹੁੰਦੇ ਹਨ ਜਦੋਂ ਸੂਬੇ ਦੇ ਲੋਕਾਂ ਵਲੋਂ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਕ ਜਮਹੂਰੀ ਦੇਸ਼ 'ਚ ਲੋਕਾਂ ਦੀ ਵਿਕਾਸ ਕਾਰਜਾਂ ਵਿਚ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਵਾਸਤੇ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ ਕਿਉਂਕਿ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਲੋੜਾਂ ਮੁਤਾਬਿਕ ਹੀ ਸਮੱਸਿਆਵਾਂ ਦਾ ਨਿਪਟਾਰਾ ਉਹਨਾਂ ਦੀ ਪਹਿਲ ਦੇ ਅਧਾਰ 'ਤੇ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਂਦਾ ਹੈ।
ਮੁੱਖ ਮੰਤਰੀ ਨੇ ਅੱਜ ਅਲੀਪੁਰ, ਗੋਹ, ਹਰੀਓਂ ਕਾਲਾਂ, ਖੱਟੜਾ ਅਤੇ ਮਾਜਰੀ ਵਿਖੇ ਸੰਗਤ ਦਰਸ਼ਨ ਕਰਕੇ ਦੋ ਦਰਜਨ ਤੋਂ ਵੱਧ ਪੰਚਾਇਤਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ. ਐਸ. ਕਰੁਣਾ ਰਾਜੂ, ਇਲਾਕੇ ਦੇ ਸੀਨੀਅਰ ਅਕਾਲੀ ਆਗੂ ਸ. ਰਣਜੀਤ ਸਿੰਘ ਤਲਵੰਡੀ, ਡੀ. ਆਈ. ਜੀ. ਸ੍ਰੀ ਐੱਸ. ਕੇ. ਕਾਲੀਆ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਖੰਨਾ ਦੇ ਐਸ.ਐਸ.ਪੀ. ਸ੍ਰ. ਸਤਿੰਦਰ ਸਿੰਘ, ਸੀਨੀਅਰ ਅਕਾਲੀ ਆਗੂ ਸ੍ਰ. ਇਕਬਾਲ ਸਿੰਘ ਚੰਨੀ, ਸ੍ਰ. ਇੰਦਰਪਾਲ ਸਿੰਘ ਹਾਜ਼ਰ ਸਨ।

No comments: