Mon, May 16, 2016 at 4:46 PM
ਜੇ 4 ਜੂਨ 2016 ਨੂੰ ਵਰਜੀਨੀਆ ਤੋਂ ਆ ਕੇ ਪੇਸ਼ ਨਾ ਹੋਏ ਤਾਂ ਕਾਰਵਾਈ
ਅੰਮ੍ਰਿਤਸਰ: 16 ਮਈ 2016: (ਪੰਜਾਬ ਸਕਰੀਨ ਬਿਊਰੋ):
ਅੱਜ ਮਿਤੀ 3 ਜੇਠ ਸੰਮਤ ਨਾਨਕਸ਼ਾਹੀ 548 ਮੁਤਾਬਿਕ 16 ਮਈ 2016 ਨੂੰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤਾਂ ਦੇ ਜਥੇਦਾਰ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਪਿਛਲੇ ਦਿਨੀ 15 ਅਪ੍ਰੈਲ 2016 ਵਰਜੀਨੀਆ (ਅਮਰੀਕਾ) ਵਿਖੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ-ਸੰਚਾਰ ਕਰਨ ਦੀ ਬਣਾਈ ਮਰਿਯਾਦਾ ਨੂੰ ਗੁਰੂ ਦੋਖੀ, ਪੰਥ ਦੋਖੀਆਂ ਨੇ ਆਪਣੀ ਮਨ ਮਰਜੀ ਅਨੁਸਾਰ ਪੰਥਕ ਮਰਿਯਾਦਾ ਦੇ ਉਲਟ ਜਾ ਕੇ ਅੰਮ੍ਰਿਤ-ਸੰਚਾਰ ਦੇ ਨਾਮ ‘ਤੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਕੇ ਵੱਡੀ ਸ਼ਰਾਰਤ ਕੀਤੀ ਹੈ ਜੋ ਗੁਰੂ ਖ਼ਾਲਸਾ ਪੰਥ ਲਈ ਨਾ-ਸਹਿਣਯੋਗ ਹੈ। ਜਿਸ ਦਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਕਰੜਾ ਵਿਰੋਧ ਕੀਤਾ ਹੈ। ਐਸੇ ਪੰਥ ਦੋਖੀਆਂ ਨੂੰ ਗੁਰਬਾਣੀ ਰਾਹੀਂ ਦਿੱਤੇ ਉਪਦੇਸ਼ ਅਨੁਸਾਰ ਉਮੂਰਖ ਗੰਢੁ ਪਵੈ ਮੁਹਿ ਮਾਰ ॥” ਹੀ ਬਣਦਾ ਹੈ। ਪੰਥ ਦੋਖੀ ਪਹਿਲਾਂ ਵੀ ਹੋਏ ਹਨ। ਬਾਬੂ ਤੇਜਾ ਸਿੰਘ ਭਸੋੜੀਆ ਨੇ ਦਸਮ ਪਾਤਸ਼ਾਹ ਦੀਆਂ ਪਾਵਨ ਅੰਮ੍ਰਿਤ-ਸੰਚਾਰ ਦੀਆਂ ਪੰਜ ਬਾਣੀਆਂ ਨਾਲ ਛੇੜਛਾੜ ਕੀਤੀ ਜਿਸ ਕਰਕੇ ਉਸਨੂੰ ਪੰਥ ਵਿਚੋਂ ਛੇਕਿਆ ਗਿਆ। ਉਸਦੇ ਵਾਰਸਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਉਸਦੀ ਕਰਤੂਤ ਲਈ ਖਿਮਾ-ਯਾਚਨਾ ਕੀਤੀ। ਇਸ ਤੋਂ ਬਾਅਦ ਤਾਂ ਲਗਾਤਾਰ ਇੱਕ ਲੜੀ ਹੀ ਸ਼ੁਰੂ ਹੋ ਗਈ। ਗੁਰੂ ਕਲਗੀਧਰ ਪਿਤਾ ਦੀ ਬਾਣੀ ਅਤੇ ਉਹਨਾਂ ਦੇ ਪਾਵਨ ਸਿਧਾਂਤਾਂ ‘ਤੇ ਨਿੰਦਣਯੋਗ ਹਮਲਿਆਂ ਦੀ ਹੁਣ ਤਾਂ ਹੱਦ ਹੋ ਗਈ ਹੈ ਕਿ ਵਰਜੀਨੀਆਂ ਦੇ ਕੁਲਦੀਪ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਰਜਿੰਦਰ ਸਿੰਘ, ਨਰੂਲਾ ਅਤੇ ਉਸਦੇ ਸਾਥੀਆਂ ਦਾ ਕਾਰਾ ਨਾ-ਸਹਿਣਯੋਗ ਇਸ ਕਰਕੇ ਹੈ ਕਿਉਂਕਿ ਇਹ ਆਪਣੇ ਆਪ ਨੂੰ ਗ੍ਰੰਥੀ ਜਾਂ ਪ੍ਰਚਾਰਕ ਅਖਵਾਉਂਦੇ ਹਨ। ਇਸ ਦੇ ਨਾਲ ਹੀ ਮੁੱਖ ਮੁੱਦਾ ਇਹ ਹੈ ਕਿ ਇਹਨਾਂ ਪੰਥ ਦੋਖੀਆਂ ਦਾ ਅਸਲ ਹਮਲਾ ਅਤੇ ਨਿਸ਼ਾਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ 'ਤੇ ਹੈ। ਇਸ ਲਈ ਇਹ ਲਿਖਤੀ ਤੌਰ ਤੇ ਵੀ ਬਾਰ-ਬਾਰ ਅੰਮ੍ਰਿਤ-ਸੰਚਾਰ ਦੀਆਂ ਬਾਣੀਆਂ ਬਾਰੇ ਵੀ ਊਟ-ਪਟਾਂਗ ਲਿਖਦੇ ਰਹਿੰਦੇ ਹਨ। ਇਹ ਮਸਲਾ ਅਤਿ ਗੰਭੀਰ ਹੈ ਜਿਸਦਾ ਸਾਰੀਆਂ ਧਾਰਮਿਕ ਪੰਥਕ ਜਥੇਬੰਦੀਆਂ ਦੀ ਰਾਇ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਪੰਥ ਦੋਖੀਆਂ ਨੂੰ ਪੰਜ ਤਖ਼ਤਾਂ ਦੇ ਜਥੇਦਾਰ ਸਿੰਘ ਸਾਹਿਬਾਨ ਦੀ ਮਿਤੀ 4 ਜੂਨ 2016 ਨੂੰ ਹੋ ਰਹੀ ਇਕੱਤਰਤਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਂਦਾ ਹੈ। ਅੱਗੇ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ। ਇਹ ਪਹਿਲਾ ਤੇ ਆਖਰੀ ਸਮਾਂ ਹੈ। ਨਹੀਂ ਅਉਣਗੇ ਤਾਂ ਪੰਥ ਦੀ ਰਾਏ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
No comments:
Post a Comment