ਲਾਹੌਰ ਤੋਂ ਉੱਠੀ ਵਾਰਸਾਂ ਨੂੰ ਬਲੱਡ ਮਨੀ ਦੇਣ ਦੀ ਵੀ ਮੰਗ
Courtesy Photo |
ਜਦੋਂ ਬਹੁਤ ਸਾਰੇ ਲੋਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਪੱਗ ਅਤੇ ਟੋਪੀ ਨੂੰ ਬਾਹਾਂ ਬਣਾ ਕੇ ਅੰਗਰੇਜ਼ਾਂ ਵਾਲੀ ਵੰਡ ਅਤੇ ਫੁੱਟ ਨੂੰ ਅੱਗੇ ਵਧਾਉਣ ਵਿੱਚ ਲੱਗੇ ਹੋਏ ਹਨ ਉਦੋਂ ਇੱਕ ਚੰਗੀ ਖਬਰ ਆਈ ਹੈ ਲਾਹੌਰ ਤੋਂ ਜਿੱਥੇ ਇਹਨਾਂ ਗੱਲਾਂ ਤੋਂ ਕਿਤੇ ਉੱਪਰ ਉਠ ਕੇ ਜਤਨ ਉਪਰਾਲੇ ਕੀਤੇ ਜਾ ਰਹੇ ਹਨ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੀ 85ਵੀਂ ਬਰਸੀ ਮੌਕੇ ਇਹ ਮੰਗ ਕੀਤੀ ਹੈ ਕਿ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਵੱਲੋਂ ਭਗਤ ਸਿੰਘ ਨੂੰ ਫ਼ਾਂਸੀ ਦੇਣ 'ਤੇ ਮਾਫ਼ੀ ਮੰਗੀ ਜਾਣੀ ਚਾਹੀਦੀ ਹੈ। ਇਸਦੇ ਨਾਲ ਹੀ ਉਨ੍ਹਾਂ ਦੇ ਵਾਰਸਾਂ ਨੂੰ ਬਲੱਡ ਮਨੀ ਦੇਣ ਦੀ ਵੀ ਮੰਗ ਕੀਤੀ ਗਈ ਹੈ। ਪਾਕਿਸਤਾਨ ਦੇ ਪੰਜਾਬ ਸੂਬੇ 'ਚ ਬੁੱਧਵਾਰ ਨੂੰ ਸ਼ਹੀਦ-ਏ-ਆਜ਼ਮ ਦਾ ਸ਼ਹੀਦੀ ਦਿਵਸ ਦੋ ਥਾਵਾਂ 'ਤੇ ਮਨਾਇਆ ਗਿਆ। ਪਹਿਲਾ ਪ੍ਰੋਗਰਾਮ ਭਗਤ ਸਿੰਘ ਦੇ ਜਨਮ ਅਸਥਾਨ 'ਤੇ ਹੋਇਆ, ਜੋ ਕਿ ਫ਼ੈਸਲਾਬਾਦ ਜ਼ਿਲ੍ਹੇ 'ਚ ਹੈ। ਇਸ ਪ੍ਰੋਗਰਾਮ 'ਚ ਹਰ ਉਮਰ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਦੂਸਰਾ ਪ੍ਰੋਗਰਾਮ ਸ਼ਾਦਮਾਨ ਚੌਕ 'ਤੇ ਹੋਇਆ, ਜਿੱਥੇ ਭਗਤ ਸਿੰਘ ਨੂੰ ਉਨ੍ਹਾਂ ਦੇ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਸਮੇਤ 23 ਮਾਰਚ 1931 ਨੂੰ ਫ਼ਾਂਸੀ ਦਿੱਤੀ ਗਈ ਸੀ।
ਇਸ ਪ੍ਰੋਗਰਾਮ 'ਚ ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਬਰਤਾਨਵੀ ਮਹਾਰਾਣੀ ਐਲਿਜ਼ਾਬੈੱਥ-2 ਨੂੰ ਇਸ ਮਹਾਨ ਆਜ਼ਾਦੀ ਘੁਲਾਟੀਏ ਨੂੰ ਫ਼ਾਂਸੀ ਦੇਣ ਲਈ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਬਲੱਡ ਮਨੀ (ਕਤਲ ਦੇ ਬਦਲੇ 'ਚ ਦਿੱਤੀ ਜਾਣ ਵਾਲੀ ਰਕਮ) ਵੀ ਦੇਣੀ ਚਾਹੀਦੀ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਕਿਹਾ ਕਿ ਪਹਿਲਾਂ ਭਗਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਬਾਅਦ ਵਿੱਚ ਦੂਸਰੇ ਫ਼ਰਜ਼ੀ ਕੇਸ ਵਿੱਚ ਉਨ੍ਹਾਂ ਨੂੰ ਫ਼ਾਂਸੀ ਦੀ ਸਜ਼ਾ ਦੇ ਦਿੱਤੀ ਗਈ। ਇਸ ਪ੍ਰੋਗਰਾਮ 'ਚ ਪਾਕਿਸਤਾਨ 'ਚ ਭਾਰਤ ਦੇ ਹਾਈ ਕਮਿਸ਼ਨਰ ਗੌਤਮ ਬੰਬਵਾਲੇ ਨੇ ਵੀ ਇੱਕ ਲਿਖਤੀ ਸੰਦੇਸ਼ ਪੜ੍ਹਿਆ। ਉਨ੍ਹਾ ਇਹ ਪ੍ਰੋਗਰਾਮ ਕਰਨ ਲਈ ਭਗਤ ਸਿੰਘ ਫ਼ਾਊਂਡੇਸ਼ਨ ਦੀ ਤਾਰੀਫ਼ ਕੀਤੀ। ਮਨੁੱਖੀ ਅਧਿਕਾਰ ਕਾਰਕੁਨ ਅਬਦੁੱਲਾ ਮਲਿਕ ਨੇ ਕਿਹਾ, ''ਅਸੀਂ ਇਹ ਮਤਾ ਇਸਲਾਮਾਬਾਦ 'ਚ ਬਰਤਾਨਵੀ ਹਾਈ ਕਮਿਸ਼ਨਰ ਨੂੰ ਦੇਵਾਂਗੇ, ਜਿਹੜਾ ਸਦਾ ਇਹ ਮਤਾ ਬਰਤਾਨਵੀ ਮਹਾਰਾਣੀ ਨੂੰ ਭੇਜੇਗਾ। ਅਸੀਂ ਬ੍ਰਿਟਿਸ਼ ਸਰਕਾਰ ਤੋਂ ਭਗਤ ਸਿੰਘ ਨੂੰ ਫ਼ਾਂਸੀ ਦੇਣ ਦੇ ਮਾਮਲੇ ਵਿੱਚ ਮਾਫ਼ੀ ਮੰਗਣ ਦੀ ਸਖ਼ਤ ਮੰਗ ਕਰਾਂਗੇ।
ਮੀਡੀਆ ਵਿੱਚ ਪਹਿਲਾਂ ਵੀ ਖਬਰਾਂ ਆ ਚੁਕੀਆਂ ਹਨ ਕਿ ਵਾਇਸਰਾਇ ਲਾਰਡ ਇਰਵਿਨ ਨੇ ਫਾਂਸੀ ਦੀ ਸਜ਼ਾ ਨੂੰ ਕਾਲੇ ਪਾਣੀ ਦੀ ਸਜ਼ਾ ਵਿੱਚ ਬਦਲ ਦਿੱਤਾ ਸੀ ਪਰ ਬ੍ਰਿਟਿਸ਼ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਪੋਸਟ ਮਾਸਟਰ ਜਨਰਲ ਨੂੰ ਇਹ ਹੁਕਮ ਦੇਰ ਨਾਲ ਪਹੁੰਚਾਉਣ ਲਈ ਕਿਹਾ। ਫਾਂਸੀ ਨਾ ਦੇਣ ਦਾ ਸੁਨੇਹਾ ਤਾਰ ਦੀ ਬਜਾਏ ਡਾਕ ਰਾਹੀਂ ਭੇਜਿਆ ਗਿਆ। ਇਸੇ ਸਾਜਿਸ਼ ਅਧੀਨ ਫਾਂਸੀ 24 ਮਾਰਚ ਸਵੇਰੇ ਦੀ ਬਜਾਏ 23 ਮਾਰਚ ਸ਼ਾਮ ਨੂੰ ਹੀ ਲਾ ਦਿੱਤੀ ਗਈ। ਇਹ ਖੁਲਾਸਾ ਸਰਦਾਰ ਭਗਤ ਸਿੰਘ ਦੇ ਦੋਸਤ ਜਿਤੇੰਦਰ ਨਾਥ ਸਾਨਿਆਲ ਨੇ ਆਪਣੀ ਕਿਤਾਬ "ਭਗਤ ਸਿੰਘ" ਵਿੱਚ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਲਾਰਡ ਇਰਵਿਨ ਨੇ ਕਈ ਦਹਾਕਿਆਂ ਬਾਅਦ ਲਿਖੀ ਆਪਣੀ ਜੀਵਨੀ ਵਿੱਚ ਵੀ ਕੀਤੀ ਹੈ। ਸਾਨਿਆਲ ਨੇ ਵੀ ਦੱਸਿਆ ਕਿ ਮਹਾਤਮਾ ਗਾਂਧੀ ਨੇ 18 ਫਰਵਰੀ ਅਤੇ 19 ਮਾਰਚ ਨੂੰ ਇਸ ਬਾਰੇ ਸਰਕਾਰ ਨਾਲ ਗੱਲਬਾਤ ਵੀ ਕੀਤੀ। ਲਾਰਡ ਇਰਵਿਨ ਨੇ ਆਪਣੇ ਰੋਜ਼ਨਾਮਚੇ ਵਿੱਚ ਦੱਸਿਆ ਕਿ ਉਹ ਗੱਲਬਾਤ ਦਿੱਲੀ ਵਿੱਚ ਹੋਏ ਸਮਝੌਤੇ ਦੀ ਉਲਟ ਸੀ ਜਿਸ ਦੇ ਅੰਤ ਵਿੱਚ ਭਗਤ ਸਿੰਘ ਦਾ ਜ਼ਿਕਰ ਕੀਤਾ ਗਿਆ। ਇਸ ਨਾਲ ਸਬੰਧਤ ਕਾਗਜ਼ ਦਿੱਲੀ ਦੇ ਕੌਮੀ ਅਜਾਇਬਘਰ ਵਿੱਚ ਮੌਜੂਦ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਇਤਿਹਾਸਿਕ ਗਲਤੀਆਂ ਦੇ ਸੁਧਾਰ ਵਿੱਚ ਇਹ ਕਦਮ ਸਫਲਤਾ ਹਾਸਿਲ ਕਰੇਗਾ ਅਤੇ ਸ਼ਹੀਦਾਂ ਨਾਲ ਸਬੰਧਤ ਦਸਤਾਵੇਜਾਂ ਨੂੰ ਜਨਤਕ ਕਰਨ ਦੇ ਮਾਮਲੇ ਵਿੱਚ ਇੱਕ ਨਵੀਂ ਪਹਿਲਕਦਮੀ ਸ਼ੁਰੂ ਹੋਵੇਗੀ।
No comments:
Post a Comment