Thursday, March 10, 2016

ਪ੍ਰੋਗਰਾਮ ਦਾ ਵਿਰੋਧ ਕਰਨ ਵਾਲਿਆਂ ਨੂੰ ਜਲਦ ਹੀ ਸਮਝ ਆ ਜਾਵੇਗੀ

ਰਵੀ ਸ਼ੰਕਰ ਨੂੰ ਜੁਰਮਾਨਾ ਭਰਨ ਲਈ ਇੱਕ ਦਿਨ ਦਾ ਵਕਤ ਮਿਲਿਆ
ਨਵੀਂ ਦਿੱਲੀ: 10 ਮਾਰਚ 2016: (ਪੰਜਾਬ ਸਕਰੀਨ ਬਿਊਰੋ); 
ਲੋਕਾਂ ਨੂੰ ਸੰਤੁਲਿਤ ਜਿੰਦਗੀ ਜਿਊਣ ਦੇ ਨਾਲ ਨਾਲ ਕਲਾ ਅਤੇ ਸ਼ਾਂਤੀ ਵਾਲੇ ਪਾਸੇ ਜੋੜਣ ਦੀ ਮੁਹਿੰਮ ਚਲਾਉਣ ਵਾਲੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਹੁਣ ਖੁਦ ਕਾਨੂੰਨੀ ਪੇਚਿਦੀਗੀਆਂ ਦੇ ਜਲ ਵਿੱਚ ਹਨ। ਉਹਨਾਂ ਦੀ ਸੰਸਥਾ ਆਰਟ ਆਫ਼ ਲਿਵਿੰਗ ਨੂੰ ਪੰਜ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਤਾਜ਼ਾ ਖਬਰਾਂ ਮੁਤਾਬਿਕ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਆਰਟ ਆਫ਼ ਲਿਵਿੰਗ ਨੂੰ ਕਿਹਾ ਹੈ ਕਿ ਉਸ ਨੂੰ 5 ਕਰੋੜ ਦਾ ਜੁਰਮਾਨਾ ਭਰਨ ਲਈ ਸ਼ੁਕਰਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਪਹਿਲਾਂ ਆਰਟ ਆਫ਼ ਲਿਵਿੰਗ ਨੂੰ ਵੀਰਵਾਰ ਨੂੰ ਸ਼ਾਮੀ 4 ਵਜੇ ਤੱਕ ਜੁਰਮਾਨੇ ਦਾ ਭੁਗਤਾਨ ਕਰਨ ਲਈ ਆਖਿਆ ਗਿਆ ਸੀ ਪਰ ਸ਼੍ਰੀ ਸ਼੍ਰੀ ਰਵੀਸ਼ੰਕਰ ਵੱਲੋਂ ਦਿੱਤੇ ਸਮੇਂ 'ਚ ਜੁਰਮਾਨਾ ਨਹੀਂ ਭਰਿਆ ਜਾ ਸਕਿਆ। 
ਵਿਵਾਦਾਂ 'ਚ ਘਿਰੇ ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਪ੍ਰੋਗਰਾਮ 'ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵੀ ਸ਼ਿਰਕਤ ਕਰਨੀ ਸੀ, ਪਰ ਪ੍ਰੋਗਰਾਮ ਬਾਰੇ ਵਿਵਾਦ ਖੜਾ ਹੋਣ ਤੋਂ ਬਾਅਦ ਪ੍ਰਣਬ ਮੁਖਰਜੀ ਨੇ ਆਪਣਾ ਫ਼ੈਸਲਾ ਬਦਲ ਲਿਆ ਸੀ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ 'ਚ ਕਿਹਾ ਸੀ ਕਿ ਸੰਸਥਾ ਦੇ ਬਾਨੀ ਸ੍ਰੀ ਸ੍ਰੀ ਰਵੀ ਸ਼ੰਕਰ ਨੇ ਜੁਰਮਾਨਾ ਭਰਨ ਤੋਂ ਇਨਕਾਰ ਕਰ ਦਿੱਤਾ ਸੀ, ਪਰ ਆਰਟ ਆਫ਼ ਲਿਵਿੰਗ ਦੇ ਬਾਨੀ ਸ੍ਰੀ ਸ੍ਰੀ ਰਵੀਸ਼ੰਕਰ 4 ਘੰਟਿਆਂ ਅੰਦਰ ਹੀ ਆਪਣੇ ਇਸ ਬਿਆਨ ਤੋਂ ਮੁਕਰ ਗਏ ਹਨ ਕਿ ਉਹ ਜੇਲ੍ਹ ਜਾਣ ਲਈ ਤਿਆਰ ਹਨ। ਟੀਵੀ ਚੈਨਲਾਂ ਉੱਪਰ ਦਿਨ ਭਰ ਉਹਨਾਂ ਦੀਆਂ ਮੁਲਾਕਾਤਾਂ ਚਲਦਿਆਂ ਰਹੀਆਂ। 
ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਪਹਿਲਾਂ ਇੱਕ ਟੀ ਵੀ ਚੈਨਲ 'ਤੇ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਜੇਲ੍ਹ ਜਾਣ ਨੂੰ ਤਿਆਰ ਹਨ, ਪਰ ਜੁਰਮਾਨਾ ਇੱਕ ਰੁਪਈਆ ਵੀ ਨਹੀਂ ਭਰਨਗੇ। ਕੁਝ ਘੰਟਿਆਂ ਮਗਰੋਂ ਹੀ ਰਵੀਸ਼ੰਕਰ ਨੇ ਕਿਹਾ ਕਿ ਉਨ੍ਹਾ ਨੇ ਜੇਲ੍ਹ ਜਾਣ ਦੀ ਕਦੇ ਗੱਲ ਨਹੀਂ ਕੀਤੀ। ਰਵੀ ਸ਼ਕਰ ਨੇ ਕਿਹਾ ਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ, ਉਹ ਨਿਰਦੋਸ਼ ਹਨ, ਜੇਲ੍ਹ ਚਲਿਆ ਜਵਾਂਗਾ ਪਰ ਜੁਰਮਾਨਾ ਨਹੀਂ ਭਰਾਂਗਾ। ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਪ੍ਰੋਗਰਾਮ ਵਾਲੀ ਥਾਂ ਤੋਂ ਕੋਈ ਦਰੱਖਤ ਵੱਢਿਆ ਗਿਆ ਹੈ। ਉਨ੍ਹਾ ਦਸਿਆ ਕਿ ਕੇਵਲ ਦਰੱਖਤਾਂ ਦੀ ਛੰਗਾਈ ਕੀਤੀ ਗਈ ਹੈ ਅਤੇ ਜ਼ਮੀਨ ਨੂੰ ਪੱਧਰਾ ਕੀਤਾ ਗਿਆ ਹੈ। ਅਜਿਹਾ ਸਭ ਕੁਝ ਪ੍ਰੋਗਰਾਮ ਜਰੂਰੀ ਵੀ ਸੀ। 
ਇਸ ਸਬੰਧੀ ਉਨ੍ਹਾ ਦਸਿਆ ਕਿ ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਕਤ ਕਰਨਗੇ। ਉਨ੍ਹਾ ਕਿਹਾ ਕਿ ਪ੍ਰੋਗਰਾਮ ਦਾ ਵਿਰੋਧ ਕਰਨ ਵਾਲਿਆਂ ਨੂੰ ਜਲਦ ਹੀ ਸਮਝ ਆ ਜਾਵੇਗੀ। ਉਨ੍ਹਾ ਕਿਹਾ ਕਿ ਇਹ ਸੱਭਿਆਚਾਰਕ ਪ੍ਰੋਗਰਾਮ ਉਲੰਪਿਕ ਵਰਗਾ ਹੁੰਦਾ ਹੈ। ਉਨ੍ਹਾ ਦੱਸਿਆ ਕਿ ਕੋਈ 37000 ਕਲਾਕਾਰ ਵਿਸ਼ਵ ਭਰ ਤੋਂ ਇੱਕ ਮੰਚ ਉਪਰ ਇਕੱਠੇ ਹੋਣਗੇ। ਉਨ੍ਹਾ ਕਿਹਾ ਕਿ ਇਹ ਪ੍ਰੋਗਰਾਮ ਲੋਕਾਂ ਨੂੰ ਇੱਕ ਦੂਜੇ ਦੇ ਕਰੀਬ ਲਿਆਵੇਗਾ।  ਲੰਮੇ ਸਮੇਂ  ਤੋਂ ਉਡੀਕਿਆ ਜਾ ਰਿਹਾ ਇਹ ਆਯੋਜਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਿਆ। 
ਇਸ ਤੋਂ ਪਹਿਲਾਂ ਅਧਿਆਤਮਕ ਗੁਰੂ ਸ੍ਰੀ ਸ੍ਰੀ ਰਵੀਸ਼ੰਕਰ ਨੇ ਕਿਹਾ ਸੀ ਕਿ ਉਹ ਜੇਲ੍ਹ ਚਲੇ ਜਾਣਗੇ, ਪਰ ਜੁਰਮਾਨਾ ਨਹੀਂ ਭਰਨਗੇ। ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਯਮੁਨਾ ਕੰਢੇ ਆਰਟ ਆਫ਼ ਲਿਵਿੰਗ ਦਾ ਪ੍ਰੋਗਰਾਮ ਬਿਨਾਂ ਆਗਿਆ ਦੇ ਰੱਖੇ ਜਾਣ ਕਾਰਨ ਰਵੀਸ਼ੰਕਰ ਨੂੰ 5 ਕਰੋੜ ਦਾ ਜੁਰਮਾਨਾ ਕੀਤਾ ਹੈ। ਰਵੀਸ਼ੰਕਰ ਨੇ ਕਿਹਾ ਹੈ ਕਿ ਵਿਸ਼ਵ ਸੱਭਿਆਚਾਰਕ ਪ੍ਰੋਗਰਾਮ ਵਿਰੁੱਧ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਲਈ ਸੰਬੰਧਤ ਵਿਭਾਗਾਂ ਤੋਂ ਪ੍ਰਵਾਨਗੀ ਲਈ ਗਈ ਸੀ। ਉਨ੍ਹਾ ਕਿਹਾ ਕਿ ਨਿਯਮਾਂ ਮੁਤਾਬਕ ਕੰਮ ਕਰਨ ਵਾਲਿਆਂ ਨੂੰ ਜੁਰਮਾਨਾ ਲਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਯਮੁਨਾ ਕੰਢੇ ਹੋ ਰਹੇ ਪ੍ਰੋਗਰਾਮ ਦੀ ਤਿਆਰੀ ਦੀ ਹਰ ਗੇੜ ਦੀ ਤਸਵੀਰ ਲਈ ਜਾ ਰਹੀ ਹੈ। ਉਨ੍ਹਾ ਕਿਹਾ ਕਿ ਇਹ ਤਸਵੀਰਾਂ ਅਦਾਲਤ 'ਚ ਪੇਸ਼ ਕੀਤੀਆਂ ਜਾਣਗੀਆਂ। ਰਵੀਸ਼ੰਕਰ ਨੇ ਕਿਹਾ ਕਿ ਉਹ ਇਸ ਪ੍ਰੋਗਰਾਮ ਰਾਹੀਂ ਯਮੁਨਾ ਬਾਰੇ ਲੋਕਾਂ 'ਚ ਜਾਗਰੂਕਤਾ ਫੈਲਾਉਣਾ ਚਾਹੁੰਦੇ ਹਨ। ਰਵੀਸ਼ੰਕਰ ਨੇ ਕਿਹਾ ਕਿ ਰਾਸ਼ਟਰਪਤੀ ਦੇ ਪ੍ਰੋਗਰਾਮ 'ਚ ਨਾ ਆਉਣ ਕਾਰਨ ਉਨ੍ਹਾ ਨੂੰ ਨਿਰਾਸ਼ਾ ਹੋਈ ਹੈ। ਉਨ੍ਹਾ ਕਿਹਾ ਕਿ ਕੁਝ ਕਾਂਗਰਸੀ ਆਗੂਆਂ ਨੂੰ ਵੀ ਪ੍ਰੋਗਰਾਮ ਲਈ ਸੱਦਾ ਦਿੱਤਾ ਗਿਆ ਸੀ, ਪਰ ਰੁਝੇਵਿਆਂ ਕਾਰਨ ਉਹ ਨਹੀਂ ਪਹੁੰਚ ਰਹੇ ਹਨ। ਆਰਟ ਆਫ਼ ਲਿਵਿੰਗ ਵੱਲੋਂ 11 ਮਾਰਚ ਤੋਂ 13 ਮਾਰਚ ਤੱਕ ਯਮੁਨਾ ਕੰਢੇ ਵਿਸ਼ਵ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਤਿੰਨ ਦਿਨਾ ਇਸ ਪ੍ਰੋਗਰਾਮ 'ਚ 35 ਲੱਖ ਲੋਕਾਂ ਦੇ ਹਿੱਸਾ ਲੈਣ ਦੇ ਆਸਾਰ ਹਨ।

No comments: