ਸਮਾਗਮ ਵਿੱਚ ਮੌਜੂਦ ਸੀ ਕਿਤਾਬ ਦਾ ਮੁੱਖ ਪਾਤਰ ਸੁਰਿੰਦਰ ਛਿੰਦਾ
ਲੁਧਿਆਣਾ: 10 ਮਾਰਚ 2015: (ਪੰਜਾਬ ਸਕਰੀਨ ਬਿਊਰੋ):
ਅੱਜ ਏਥੋਂ ਦੇ ਪੰਜਾਬੀ ਭਵਨ ਵਿੱਚ
ਜਦੋਂ ਡਾਕਟਰ ਰਮੇਸ਼ ਦੀ ਪਹਿਲੀ ਪੰਜਾਬੀ ਪੁਸਤਕ "ਅਣਥੱਕ ਨਾਇਕ-ਸੁਰਿੰਦਰ ਛਿੰਦਾ" ਰਲੀਜ਼
ਕੀਤੀ ਗਈ ਤਾਂ ਇਹ ਇੱਕ ਯਾਦਗਾਰੀ ਸਮਾਂ ਸੀ।। ਮ੍ਰਿਤਕ ਲੋਕਾਂ ਦੀਆਂ ਅੱਖਾਂ ਲੈ ਕੇ ਜਿਊਂਦੇ ਜਾਗਦੇ ਲੋਕਾਂ ਦੀ ਹਨੇਰੀ ਜ਼ਿੰਦਗੀ ਨੂੰ ਰੁਸ਼ਨਾਉਣ ਵਾਲੇ ਡਾਕਟਰ ਰਮੇਸ਼ ਬਾਰੇ ਕਈ ਬੁਲਾਰਿਆਂ ਨੇ ਕਈ ਗੱਲਾਂ ਯਾਦ ਕਰਾਈਆਂ। ਇਹ ਆਰੰਭ ਇਸ ਲਈ ਵੀ ਬਹੁਤ ਵੱਡਾ ਸੀ ਕਿਓਂਕਿ ਕਿਸੇ ਸਮੇਂ ਲੋਕ ਇਸ ਗੱਲ ਲਈ ਬਿਲਕੁਲ ਹੀ ਤਿਆਰ ਨਹੀਂ ਸਨ ਹੁੰਦੇ। ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸਾਂ ਵਿੱਚ ਗ੍ਰਸੇ ਲੋਕਾਂ ਨੂੰ ਇਹ ਸਮਝਾਉਣਾ ਕੋਈ ਆਸਾਨ ਸੀ ਕਿ ਇਸ ਭਲੇ ਦੇ ਕੰਮ ਨਾਲ ਮ੍ਰਿਤਕ ਵਿਅਕਤੀ ਦੀ ਆਤਮਾ ਨੂੰ ਸ਼ਾਂਤੀ ਹੀ ਮਿਲਦੀ ਹੈ। ਇਸ ਮੌਕੇ ਤੇ ਅਣੂ ਦੇ ਸੰਪਾਦਕ ਸੁਰਿੰਦਰ ਕੈਲੇ ਹੁਰਾਂ ਨੇ ਡਾਕਟਰ ਰਮੇਸ਼ ਦੀ ਜਿੰਦਗੀ ਨਾਲ ਜੁੜੀਆਂ ਕਈ ਨਿੱਕੀਆਂ ਨਿੱਕੀਆਂ ਗੱਲਾ ਚੇਤੇ ਕਰਾਈਆਂ। ਇਸ ਸਮਾਗਮ ਵਿੱਚ ਕਿਤਾਬ ਦਾ ਨਾਇਕ ਸੁਰਿੰਦਰ ਛਿੰਦਾ ਖੁਦ ਵੀ ਮੌਜੂਦ ਸੀ।
ਆਪਣੇ ਪਿੰਡ ਪੰਧੇਰ ਖੇੜੀ ਵਿੱਚ ਹਰ ਸਾਲ ਅੱਖਾਂ ਦੇ ਕੈਂਪ ਲਗਵਾ ਕੇ ਲੋਕਾਂ ਦੀ ਚੇਤਨਾ ਵਿੱਚ ਲਿਆਂਦੇ ਜਾ ਰਹੇ ਇਨਕ਼ਲਾਬ ਵਿੱਚ ਸਰਗਰਮ ਸ਼ਮੂਲੀਅਤ ਕਰਨ ਵਾਲੇ ਉਘੇ ਕਲਮਕਾਰ ਅਤੇ ਲੋਕ ਪੱਖੀ ਸਮਾਜ ਸੇਵੀ ਡਾਕਟਰ ਗੁਲਜ਼ਾਰ ਪੰਧੇਰ ਨੇ ਸਟੇਜ ਤੋਂ ਮੰਚ ਸੰਚਾਲਨ ਕਰਦਿਆ ਕਈ ਗੱਲਾਂ ਯਾਦ ਕਰਾਈਆਂ ਜਿਹੜੀਆਂ ਦੱਸਦਿਆਂ ਸਨ ਕਿ ਕਿਵੇਂ ਡਾਕਟਰ ਰਮੇਸ਼ ਨੇ ਇਕੱਲਿਆਂ ਇਹ ਬਿਖੜੇ ਪੈਂਡੇ ਵਾਲਾ ਸਫਰ ਸ਼ੁਰੂ ਕੀਤਾ ਪਰ ਹੁਣ ਇਹ ਇੱਕ ਵਿਸ਼ਾਲ ਕਾਫ਼ਿਲਾ ਬਣ ਗਿਆ ਹੈ। ਪ੍ਰੋਫੈਸਰ ਐਸ ਸੇਵਕ ਨੇ ਕਿਤਾਬ ਅਤੇ ਇਸਦੇ ਟਾਈਟਲ ਦੀ ਚਰਚਾ ਕਰਦਿਆਂ ਇਸ ਦੇ ਮੁੱਖ ਪਾਤਰ ਸੁਰਿੰਦਰ ਛਿੰਦਾ ਬਾਰੇ ਬਹੁਤ ਹੀ ਦਿਲਚਸਪ ਅੰਦਾਜ਼ ਨਾਲ ਗੱਲ ਕਰਾਈ। ਗੁਰਭਜਨ ਗਿੱਲ ਹੁਰਾਂ ਨੇ ਇਸ ਮੌਕੇ ਤੇ ਕਿਤਾਬ ਬਾਰੇ, ਡਾਕਟਰ ਰਮੇਸ਼ ਬਾਰੇ, ਸਾਹਿਤਿਕ ਮਾਹੌਲ ਬਾਰੇ, ਜਾਗ੍ਰਤੀ ਦੀ ਲੋੜ ਬਾਰੇ ਅਤੇ ਸਰੋਤਿਆਂ ਬਾਰੇ ਕਈ ਗੱਲਾਂ ਕੀਤੀਆਂ। ਸੁਰਜੀਤ ਪਾਤਰ ਹੁਰਾਂ ਨੇ ਆਪਣੇ ਸ਼ਾਇਰਾਨਾ ਅਤੇ ਸੁਰੀਲੇ ਅੰਦਾਜ਼ ਵਿੱਚ ਇਸ ਕਿਤਾਬ ਨੂੰ ਜੀ ਆਇਆਂ ਆਖਿਆ।
No comments:
Post a Comment