07 ਨਵੰਬਰ 2014 ਨੂੰ ਭੋਗ 'ਤੇ ਵਿਸ਼ੇਸ਼ -ਚਰਨ ਸਿੰਘ ਸਰਾਭਾ
ਹੱਕ ਸੱਚ ਇਨਸਾਫ਼ ਦੀ ਜੰਗ ਦਾ ਯੋਧਾ ਸੀ ਸੰਗਰਾਮੀ ਸਾਥੀ ਗੋਰੀਆ
ਲੁਧਿਆਣਾ : 04 ਨਵੰਬਰ 2014: (ਪੰਜਾਬ ਸਕਰੀਨ):
27 ਅਕਤੂਬਰ 2014 ਦੀ ਦੁੱਖਦਾਈ ਸ਼ਾਮ ਨੂੰ ਸਾਡੇ ਸੰਗਰਾਮੀ ਸਾਥੀ ਸ਼ਿੰਗਾਰਾ ਸਿੰਘ ਇਸ ਫਾਨੀ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ। ਸ਼ਿੰਗਾਰਾ ਸਿੰਘ ਜੀ ਦਾ ਜਨਮ 15 ਮਾਰਚ 1953 ਨੂੰ ਜ਼ਿਲਾ ਲੁਧਿਆਣਾ ਦੇ ਪਿੰਡ ਪੰਧੇਰ ਖੇੜੀ ਵਿਖੇ ਸ. ਸ਼ਿਆਮ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖ ਤੋਂ ਹੋਇਆ। ਆਪਣੇ ਬਚਪਨ ਤੋਂ ਜਵਾਨੀ ਤੱਕ ਪੁੱਜਦਿਆਂ ਸਾਥੀ ਸ਼ਿੰਗਾਰਾ ਸਿੰਘ ਨੂੰ ਪਿੰਡ ਪੰਧੇਰ ਖੇੜੀ ਦੇ ਹੀ ਉੱਘੇ ਸੁਤੰਤਰਤਾ ਸੰਗਰਾਮੀ ਕਾਮਰੇਡ ਚੰਨਣ ਸਿੰਘ ਬਰੋਲਾ ਦਾ ਸਾਥ ਮਿਲਿਆ। ਸ਼ਿੰਗਾਰਾ ਸਿੰਘ ਆਪਣੀ ਹੀ ਉਮਰ ਦੇ ਕਾਮਰੇਡ ਬਰੋਲਾ ਜੀ ਦੇ ਇਨਕਲਾਬੀ ਸਪੁੱਤਰ ਸ਼ਹੀਦ ਗੁਰਮੇਲ ਸਿੰਘ ਹੂੰਝਣ ਨਾਲ ਨੇੜਿਉਂ ਵਿਚਰਦੇ ਹੋਏ ਸੰਗਰਾਮੀ-ਅਗਾਂਹਵਧੂ ਵਿਚਾਰਾਂ ਦੇ ਦ੍ਰਿੜ ਧਾਰਨੀ ਬਣ ਗਏ।
ਦਸਵੀਂ ਦੀ ਪ੍ਰੀਖਿਆ ਸਰਕਾਰੀ ਹਾਈ ਸਕੂਲ ਸਿਆੜ ਤੋਂ ਪਾਸ ਕਰਨ ਉਪਰੰਤ ਪੰਜਾਬ ਸਿੱਖਿਆ ਵਿਭਾਗ ਵਿਚ ਬਤੌਰ ਕਲਰਕ ਸਰਕਾਰੀ ਨੌਕਰੀ ਵਿਚ ਆਏ। ਸਰਕਾਰੀ ਨੌਕਰੀ ਵਿਚ ਪੂਰੀ ਲਗਨ ਨਾਲ ਜਿੱਥੇ ਆਪਣੀ ਵਿਭਾਗੀ ਡਿਊਟੀ ਦੇ ਫਰਜ਼ ਪੂਰੇ ਕਰਦੇ ਰਹੇ ਉਥੇ ਪੰਜਾਬ ਦੀ ਸਮੁੱਚੀ ਮੁਲਾਜ਼ਮ ਲਹਿਰ ਵਿਚ ਸ਼ਾਮਲ ਹੋ ਕੇ ਪੰਜਾਬ ਮਨਿਸਟਰੀਅਲ ਸਟਾਫ਼ ਸਰਵਿਸਿਸ ਯੂਨੀਅਨ ਅਤੇ ਪੰਜਾਬ ਸੋਬਾਰਡੀਨੇਟ ਸਰਵਿਸਿਸ ਯੂਨੀਅਨ ਵਿਚ ਆਗੂ ਯੋਗਦਾਨ ਪਾਉਂਦਿਆਂ ਸਿਰਕੱਢ ਮੁਲਾਜ਼ਮ ਆਗੂ ਬਣ ਗਏ। ਉਹ ਹਰ ਮੁਲਾਜ਼ਮ ਸੰਘਰਸ਼ ਵਿਚ ਅਗਾਂਵਧੂ ਭੂਮਿਕਾ ਨਿਭਾਉਂਦੇ ਰਹੇ। ਮਨਿਸਟਰੀਅਲ ਯੂਨੀਅਨ ਦੇ ਸੰਘਰਸ਼ ਵਿਚ ਜੇਲ ਯਾਤਰਾ ਵੀ ਕੀਤੀ।
ਸਾਥੀ ਸ਼ਿੰਗਾਰਾ ਸਿੰਘ ਜੀ ਦੇ ਜੀਵਨ ਦੇ ਉਦੇਸ਼ਾਂ ਪ੍ਰਤੀ ਸੋਚ ਅਗਾਂਹਵਧੂ ਅਤੇ ਪੂਰੀ ਤਰਾਂ ਪਰਪੱਕ ਸੀ। ਉਹ ਸਾਡੇ ਸਮਾਜ ਵਿਚ ਹਰ ਪ੍ਰਕਾਰ ਦੇ ਵਿਤਕਰੇ ਬੇਇਨਸਾਫੀ, ਜਾਤ ਪਾਤ ਦੇ ਪਾੜਿਆਂ ਦੇ ਖਾਤਮੇ ਦੇ ਪੱਕੇ ਧਾਰਨੀ ਸਨ ਅਤੇ ਸਮਾਜਵਾਦ ਦੀ ਸਥਾਪਨਾ ਨੂੰ ਹੀ ਸਮਾਜਿਕ ਵਿਕਾਸ ਦੀ ਅਸਲ ਮੰਜ਼ਿਲ ਮੰਨਦੇ ਸਨ। ਇਸ ਸਬੰਧੀ ਚੇਤੰਨ ਮਨੁੱਖੀ ਵਿਕਾਸ ਨੂੰ ਵਿਸ਼ਾਲ ਬਣਾਉਣ ਲਈ ਬੱਚਿਆਂ, ਵਿਦਿਆਰਥੀਆਂ ਦੀ ਗੁਣਾਤਮਕ ਸਿੱਖਿਆ ਦੇ ਮੁਦੱਈ ਸਨ। ਜਿਸ ਸਕੂਲ ਵਿਚ ਵੀ ਉਨ੍ਹਾਂ ਨੌਕਰੀ ਕੀਤੀ ਉਥੇ ਪੜ੍ਹਦੇ ਗਰੀਬ ਮੁੰਡੇ ਕੁੜੀਆਂ ਨੂੰ ਆਰਥਿਕ ਸਹਾਇਤਾ ਕਰਕੇ ਜਾਂ ਕਰਵਾ ਕੇ ਉਤਸ਼ਾਹਿਤ ਕਰਦੇ ਰਹਿੰਦੇ ਸਨ।
ਸਾਥੀ ਸ਼ਿੰਗਾਰਾ ਸਿੰਘ 31 ਮਾਰਚ 2011 ਨੂੰ ਜ਼ਿਲਾ ਸਿੱਖਿਆ ਅਫ਼ਸਰ ਲੁਧਿਆਣਾ ਦੇ ਦਫ਼ਤਰੋਂ ਸੀਨੀਅਰ ਅਸਿਸਟੈਂਟ ਵਜੋਂ ਸੇਵਾ ਮੁਕਤ ਹੋਏ। ਸੇਵਾ ਮੁਕਤੀ ਉਪਰੰਤ ਮੁਲਾਜ਼ਮ ਲਹਿਰ ਦੇ ਸੰਘਰਸ਼ ਵਿਚ ਹੋਰ ਵਧੇਰੇ ਸਰਗਰਮੀ ਨਾਲ ਯੋਗਦਾਨ ਪਾਉਣ ਲੱਗੇ ਅਤੇ ਅੰਤਿਮ ਸਮੇਂ ਤੱਕ ਜ਼ਿਲਾ ਲੁਧਿਆਣਾ ਦੀ ਪੰਜਾਬ ਸਟੇਟ ਸੁਬਾਰਡੀਨੇਟ ਸਰਵਿਸਿਸ ਫੈਡਰੇਸ਼ਨ ਦੀ ਟੀਮ ਦੇ ਪ੍ਰਮੁੱਖ ਆਗੂ ਰਹੇ।
27 ਅਕਤੂਬਰ 2014 ਦੇ ਅਭਾਗੇ ਦਿਨ ਆਪਣੀ ਸਿਹਤ ਦੀ ਸਧਾਰਨ ਚੈੱਕਅਪ ਕਰਵਾਉਣ ਲਈ ਲੁਧਿਆਣਾ ਦੇ ਡੀ. ਐਮ.ਸੀ.ਹਸਪਤਾਲ ਗਏ ਤਾਂ ਉਥੇ ਹੀ ਅਚਾਨਕ ਹਿਰਦੇ ਦੀ ਧੜਕਨ ਬੰਦ ਹੋ ਜਾਣ ਕਾਰਨ ਦੇਹਾਂਤ ਹੋ ਗਿਆ। ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਥੀ ਸ਼ਿੰਗਾਰਾ ਸਿੰਘ ਪੂਰੀ ਤਰਾਂ ਰਿਸ਼ਟ-ਪੁਸ਼ਟ ਸਨ। ਇਕ ਮਹੀਨਾ ਪਹਿਲਾਂ ਹੀ ਆਪਣੀ ਸ੍ਰੀਮਤੀ ਹਰਬੰਸ ਕੌਰ ਨਾਲ ਆਪਣੇ ਵੱਡੇ ਸਪੁੱਤਰ ਕੋਲ ਦੋ ਮਹੀਨੇ ਲਈ ਅਮਰੀਕਾ ਜਾ ਕੇ ਆਏ ਸਨ।
ਸਾਥੀ ਸ਼ਿੰਗਾਰਾ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਸ੍ਰੀਮਤੀ ਹਰਬੰਸ ਕੌਰ, ਦੋ ਇੰਜੀਨੀਅਰ ਸਪੁੱਤਰ ਜਿਨ੍ਹਾਂ ਵਿਚੋਂ ਇਕ ਅਮਰੀਕਾ ਵਿਚ ਇੰਜੀਨੀਅਰ ਹੈ ਅਤੇ ਇਕ ਬੇਟੀ ਜੋ ਬੀ.ਏ., ਬੀ.ਐਡ ਹੈ ਛੱਡ ਗਏ ਹਨ। ਉਨ੍ਹਾਂ ਦੇ ਛੋਟੇ ਭਰਾ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਖੇਤ ਮਜਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਹਨ। ਦੋ ਛੋਟੇ ਭਰਾ ਸ. ਹਰਮੇਲ ਸਿੰਘ ਅਤੇ ਰਜਿੰਦਰ ਸਿੰਘ ਹਨ। ਸ਼ਿੰਗਾਰਾ ਸਿੰਘ ਦੇ ਮਾਮੇ ਦਾ ਸਪੁੱਤਰ ਭਰਾ ਸਾਥੀ ਰਣਜੀਤ ਸਿੰਘ ਰਾਣਵਾਂ ਪ.ਸ.ਸ.ਫੈੱਡਰੇਸ਼ਨ ਦਾ ਸੂਬਾਈ ਆਗੂ ਹੈ। ਇਉਂ ਸਮੁੱਚਾ ਪਰਿਵਾਰ ਅਗਾਂਹਵਧੂ ਲਹਿਰ ਪ੍ਰਤੀ ਸਮਰਪਿਤ ਹੈ।
ਮੁਲਾਜ਼ਮ, ਅਧਿਆਪਕ ਅਤੇ ਹੋਰ ਆਲੇ ਦੁਆਲੇ ਦੀਆਂ ਜਨਤਕ ਸਫਾਂ ਵਿਚ ਸਾਥੀ ਸ਼ਿੰਗਾਰਾ ਸਿੰਘ ਦਾ ਵਿਸ਼ਾਲ ਆਧਾਰ/ਰਸੂਖ ਸੀ। ਉਹ ਹਰ ਇਕ ਸਾਥੀ ਦੇ ਦੁੱਖ ਸੁੱਖ ਵਿਚ ਸਹਾਈ ਹੁੰਦੇ ਸਨ। ਇਹੀ ਕਾਰਨ ਹੈ ਕਿ ਅੱਜ ਜਦੋਂ ਸ਼ਿੰਗਾਰਾ ਸਿੰਘ ਦੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਉਥੇ ਸ਼ਿੰਗਾਰਾ ਸਿੰਘ ਨਾਲ ਵਿਚਰਿਆ ਹਰ ਸਾਥੀ ਉਸ ਦੇ ਵਿਛੋੜੇ ਨੂੰ ਨਿੱਜੀ ਘਾਟ ਮਹਿਸੂਸ ਕਰਦਾ ਹੋਇਆ ਗ਼ਮਗੀਨ ਹੈ।
ਪੰਜਾਬ ਦੀ ਮੁਲਾਜ਼ਮ ਲਹਿਰ ਆਪਣੇ ਇਸ ਮਹਾਨ ਆਗੂ ਨੂੰ ਅੱਜ 07.11.2014 ਨੂੰ ਭਰੇ ਮਨ ਨਾਲ ਸ਼ਰਧਾਂਜਲੀ ਭੇਟ ਕਰਦੀ ਹੈ ਉਥੇ ਇਹ ਪ੍ਰਣ ਵੀ ਦੁਹਰਾਉਂਦੀ ਹੈ ਕਿ ਸਾਥੀ ਵਲੋਂ ਆਰੰਭੇ ਸੰਘਰਸ਼ ਵਿਚ ਮਨੁੱਖਤਾ ਦੇ ਪੱਖ ਦਾ, ਹੱਕ ਸੱਚ ਇਨਸਾਫ਼ ਦੀ ਪ੍ਰਾਪਤੀ ਦੀ ਮੰਜ਼ਿਲ ਦਾ ਸੰਘਰਸ਼ ਨਿਰੰਤਰ ਜਾਰੀ ਰੱਖਿਆ ਜਾਵੇਗਾ।
ਉਨ੍ਹਾਂ ਦੇ ਭਰਾ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਦਸਿਆ ਕਿ ਕਾਮਰੇਡ ਸ਼ਿੰਗਾਰਾ ਸਿੰਘ ਗੋਰੀਆ ਨਮਿਤ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਦੇ ਈਸ਼ਰ ਨਗਰ (ਗੁਰੂ ਨਾਨਕ ਇੰਜਨੀਅਰਿੰਗ ਕਾਲਜ ਦੇ ਪਿੱਛੇ) ਵਿਖੇ 07 ਨਵੰਬਰ, 2014, ਦਿਨ ਸ਼ੁੱਕਰਵਾਰ ਨੂੰ 12.30 ਵਜੇ ਹੋਵੇਗੀ।
No comments:
Post a Comment